ਮੈਨੂੰ ਸੋਨੇ ਡੰਡੀਆਂ ਲਿਆ ਦੇ, ਕੰਨਾਂ ਵਿੱਚ ਪਾ ਦੇ…….

In ਮੁੱਖ ਲੇਖ
March 21, 2025
ਸੋਨਾ ਪੁਰਾਣੇ ਸਮਿਆਂ ਤੋਂ ਹੀ ਲੋਕਾਂ ਲਈ ਖਿੱਚ ਦਾ ਕੇਂਦਰ ਰਿਹਾ ਹੈ। ਔਰਤ ਦੀ ਖੂਬਸੂਰਤੀ ਨੂੰ ਸੋਨਾ ਚਾਰ ਚੰਨ ਲਾ ਦਿੰਦਾ ਹੈ। ਔਰਤ ਨੂੰ ਗਹਿਣਿਆਂ ਦਾ ਬਹੁਤ ਸ਼ੌਕ ਹੁੰਦਾ ਹੈ। ਸੋਨੇ ਦੇ ਗਹਿਣੇ ਬੱਚਿਆਂ, ਆਦਮੀਆਂ ਤੇ ਔਰਤਾਂ ਲਈ ਤਿਆਰ ਹੁੰਦੇ ਹਨ। ਪਰ ਜ਼ਿਆਦਾਤਰ ਗਿਣਤੀ ਔਰਤ ਦੇ ਗਹਿਣਿਆਂ ਦੀ ਹੈ। ਵੱਖ- ਵੱਖ ਸੱਭਿਆਚਾਰਾਂ ਵਿੱਚ ਇਹ ਸਮਾਜ ਦਾ ਕੀਮਤੀ ਹਿੱਸਾ ਬਣਿਆ ਹੋਇਆ ਹੈ। ਕਦੇ ਮਾਂ ਪੁੱਤ ਨੂੰ ਸੋਨੇ ਦੀ ਡਲੀ ਦੱਸਦੀ ਹੈ, ਕਿਤੇ ਆਸ਼ਕ ਨੂੰ ਪ੍ਰੇਮਿਕਾ ਸੋਨੇ ਦੀ ਤਾਰ ਲੱਗਦੀ ਹੈ। ਕੋਈ ਮਿੱਟੀ ਨੂੰ ਵੀ ਸੋਨੇ ਨਾਲ ਜੋੜਦਾ ਹੈ। ਸੋਨੇ ਦੀ ਖੋਜ ਇਜੀਪਟੀਅਨ ਲੋਕਾਂ ਦੁਆਰਾ ਤਿੰਨ ਹਜ਼ਾਰ ਸਾਲ ਪਹਿਲਾਂ ਮੰਨੀ ਜਾਂਦੀ ਹੈ। ਭਾਰਤ ਵਿੱਚ ਇਹ ਕੁਸ਼ਾਨ ਸ਼ਾਸਨ ਦੌਰਾਨ ਹੋਂਦ ਵਿੱਚ ਆਇਆ ਮੰਨਿਆ ਜਾਂਦਾ ਹੈ। ਇਸ ਦਾ ਮੁੱਲ ਹੋਂਦ ਵਿੱਚ ਆਉਣ ਦੇ ਸਮੇਂ ਤੋਂ ਹੀ ਤੁਰਿਆ ਆਉਂਦਾ ਹੈ। ਗਰੀਬ ਦੀ ਪਹੁੰਚ ਤੋਂ ਇਹ ਬਾਹਰ ਹੀ ਰਿਹਾ ਹੈ ਤੇ ਮੱਧਵਰਗੀ ਪਰਿਵਾਰ ਇਸ ਨੂੰ ਹਾਸਲ ਕਰਨ ਲਈ ਵੱਖ- ਵੱਖ ਹਲਾਤਾਂ ਨਾਲ ਦੋ ਚਾਰ ਹੁੰਦੇ ਦੇਖੇ ਜਾ ਸਕਦੇ ਹਨ। ਜੇਕਰ ਇਸ ਦੀ ਵੱਡੀ ਪੱਧਰ ’ਤੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰੀਏ ਤਾਂ ਸੋਨੇ ਦੇ ਵੱਖ- ਵੱਖ ਰੰਗ ਪਾਏ ਜਾਂਦੇ ਹਨ ਪੀਲਾ ਸੋਨਾ ਤਾਂਬਾ, ਜ਼ਿੰਕ ਅਤੇ ਚਾਂਦੀ ਵਰਗੀਆਂ ਹੋਰ ਧਾਤਾਂ ਨਾਲ ਸ਼ੁੱਧ ਸੋਨੇ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਇਸ ਤੋਂ ਬਾਅਦ ਚਿੱਟਾ ਸੋਨਾ ਪੀਲੇ ਸੋਨੇ ਨੂੰ ਨਿੱਕਲ ਜਾਂ ਚਾਂਦੀ ਵਰਗੀਆਂ ਧਾਤਾਂ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ। ਰੋਜ਼ ਗੋਲਡ ਸੋਨੇ ਦੀ ਕਿਸਮ ਜਿਸ ਨੂੰ ਤਾਂਬੇ ਅਤੇ ਚਾਂਦੀ ਦੇ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ ਨੀਲਾ ਸੋਨਾ ਇਰੀਡੀਅਮ, ਗੈਲਿਅਮ, ਜਾਂ ਆਇਰਨ ਵਰਗੀਆਂ ਧਾਤਾਂ ਨਾਲ ਸ਼ੁੱਧ ਸੋਨੇ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ। ਜਾਮਨੀ ਸੋਨੇ ਨੂੰ ਐਲੂਮੀਨੀਅਮ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ। ਜੇਕਰ ਇਸ ਦੀ ਸ਼ੁੱਧਤਾ ਦੀ ਗੱਲ ਕਰੀਏ ਤਾਂ, ਇਸ ਦੀ ਸ਼ੁੱਧਤਾ ਨੂੰ ਕੈਰਟ ਵਿੱਚ ਮਾਪਿਆ ਜਾਂਦਾ ਹੈ। ਸਭ ਤੋਂ ਪਹਿਲਾਂ 24 ਕੈਰੇਟ ਸੋਨਾ ਆਉਂਦਾ ਹੈ । ਇਸ ਨੂੰ ਸਭ ਤੋਂ ਸ਼ੁੱਧ ਸੋਨਾ ਮੰਨਿਆ ਜਾਂਦਾ ਹੈ ਜੋ ਕਿ 100% ਸ਼ੁੱਧ ਹੁੰਦਾ ਹੈ। 18 ਕੈਰੇਟ ਸੋਨੇ ਦੀ ਸ਼ੁੱਧਤਾ 75% ਹੁੰਦੀ ਹੈ ਅਤੇ 14 ਕੈਰੇਟ ਸੋਨਾ 58.3% ਸ਼ੁੱਧ ਹੁੰਦਾ ਹੈ। 10 ਕੈਰੇਟ ਸੋਨਾ 41.7% ਸ਼ੁੱਧ ਹੁੰਦਾ ਹੈ। ਨੰਬਰ ਜਿੰਨਾ ਜ਼ਿਆਦਾ ਹੋਵੇਗਾ, ਸੋਨਾ ਓਨਾ ਹੀ ਸ਼ੁੱਧ ਹੋਵੇਗਾ। ਗਹਿਣਿਆਂ ’ਤੇ ਲੱਗੇ 999 ਜਾਂ 916 ਸੋਨੇ ਦੇ ਕੋਡ ਦੇ ਵੀ ਆਪਣੇ ਆਪਣੇ ਮਤਲਬ ਹੁੰਦੇ ਹਨ। 916 ਸੋਨਾ : 91.6% ਦੀ ਸ਼ੁੱਧਤਾ ਵਾਲੇ ਸੋਨੇ ਨੂੰ ਦਰਸਾਉਂਦਾ ਹੈ, ਭਾਵ ਇਸ ਵਿੱਚ 91.6% ਸ਼ੁੱਧ ਸੋਨਾ ਅਤੇ 8.4% ਹੋਰ ਧਾਤਾਂ ਹਨ। ਇਸ ਦੇ ਉਲਟ, ‘999 ਸੋਨੇ’ ਨੂੰ ਸ਼ੁੱਧ ਸੋਨਾ ਮੰਨਿਆ ਜਾਂਦਾ ਹੈ, ਜਿਸ ਦੀ ਸ਼ੁੱਧਤਾ 99.9% ਹੈ। ਜੇਕਰ ਇਸ ਦੇ ਭੰਡਾਰ ਦੀ ਗੱਲ ਕਰੀਏ ਤਾਂ ਸੰਯੁਕਤ ਰਾਜ ਅਮਰੀਕਾ ਕੋਲ 2024 ਦੀ ਤੱਕ ਲਗਭਗ 8,133.46 ਮੀਟ੍ਰਿਕ ਟਨ ਦੇ ਨਾਲ ਦੁਨੀਆਂ ਵਿੱਚ ਸਭ ਤੋਂ ਵੱਧ ਸੋਨੇ ਦਾ ਭੰਡਾਰ ਹੈ। ਇਹ ਦੇਸ਼ ਦੇ ਵਿਦੇਸ਼ੀ ਭੰਡਾਰ ਦਾ 75% ਤੋਂ ਵੱਧ ਹੈ। ਹੋਰ ਚੋਟੀ ਦੇ ਸੋਨਾ ਰੱਖਣ ਵਾਲੇ ਦੇਸ਼ਾਂ ਵਿੱਚ ਜਰਮਨੀ ਕੋਲ 3,351.53 ਮੀਟ੍ਰਿਕ ਟਨ ਸੋਨਾ ਹੈ, ਜੋ ਕਿ ਇਸ ਦੇ ਵਿਦੇਸ਼ੀ ਭੰਡਾਰ ਦਾ ਦੋ ਤਿਹਾਈ ਹੈ। ਇਟਲੀ ਕੋਲ 2,451.84 ਮੀਟ੍ਰਿਕ ਟਨ ਸੋਨਾ ਹੈ। ਫ਼ਰਾਂਸ ਕੋਲ 2,436.97 ਮੀਟ੍ਰਿਕ ਟਨ ਸੋਨਾ ਹੈ। ਰੂਸ ਕੋਲ 2,335.85 ਮੀਟ੍ਰਿਕ ਟਨ ਸੋਨਾ ਹੈ। ਚੀਨ ਕੋਲ 2,264.32 ਮੀਟ੍ਰਿਕ ਟਨ ਸੋਨਾ ਹੈ। ਸਾਰੇ ਦੇਸ਼ ਸੋਨੇ ਦੇ ਭੰਡਾਰ ਰਿਜ਼ਰਵ ਰੱਖਣ ਦੇ ਵੀ ਕਈ ਕਾਰਨ ਹਨ। ਸੋਨਾ ਮੁੱਲ ਦਾ ਇੱਕ ਭਰੋਸੇਯੋਗ ਭੰਡਾਰ ਹੈ ਅਤੇ ਸੋਨਾ ਕਿਸੇ ਦੇਸ਼ ਦੀ ਮੁਦਰਾ ਨੂੰ ਸਥਿਰ ਕਰਨ ਵਿੱਚ ਮਦਦ ਕਰ ਸਕਦਾ ਹੈ। ਇਸ ਨਾਲ ਸੋਨਾ ਕਿਸੇ ਦੇਸ਼ ਦੇ ਪੋਰਟਫ਼ੋਲੀਓ ਨੂੰ ਵਧੀਆ ਤੇ ਚੰਗਾ ਕਰਨ ਵਿੱਚ ਮਦਦ ਕਰਦਾ ਹੈ। ਸੋਨਾ ਹੋਰ ਸੰਪਤੀਆਂ ਦੇ ਜੋਖਮ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਸੋਨੇ ਦੀਆਂ ਕੀਮਤਾਂ ਵਧਦੀਆਂ ਘਟਦੀਆਂ ਰਹਿੰਦੀਆਂ ਹਨ। ਇਹਨਾਂ ਨੂੰ ਕਈ ਤੱਤ ਪ੍ਰਭਾਵਿਤ ਕਰਦੇ ਹਨ। ਭੂ-ਰਾਜਨੀਤਿਕ ਤਣਾਅ, ਨਿਵੇਸ਼ਕ, ਅਨਿਸ਼ਚਿਤਤਾ ਦੇ ਸਮੇਂ, ਜਿਵੇਂ ਕਿ ਰੂਸ-ਯੂਕ੍ਰੇਨ ਯੁੱਧ ਅਤੇ ਇਜ਼ਰਾਈਲ-ਹਮਾਸ ਸੰਘਰਸ਼ ਦੇ ਦੌਰਾਨ ਇੱਕ ਸੁਰੱਖਿਅਤ ਨਿਵੇਸ਼ ਵਜੋਂ ਸੋਨਾ ਖ਼ਰੀਦਦੇ ਹਨ। ਜਿਸ ਕਾਰਨ ਸੋਨਾ ਮਹਿੰਗਾ ਹੋ ਜਾਂਦਾ ਹੈ। ਮਹਿੰਗਾਈ ਦੀਆਂ ਚਿੰਤਾਵਾਂ ਸੋਨੇ ਦੀਆਂ ਕੀਮਤਾਂ ਨੂੰ ਵਧਾ ਸਕਦੀਆਂ ਹਨ।ਆਰਥਿਕ ਮੰਦੀ ਬਾਰੇ ਚਿੰਤਾਵਾਂ ਸੋਨੇ ਦੀਆਂ ਕੀਮਤਾਂ ਨੂੰ ਵਧਾ ਸਕਦੀਆਂ ਹਨ। ਗਹਿਣਿਆਂ ਅਤੇ ਚਾਂਦੀ ਦੇ ਗਹਿਣਿਆਂ ਤੇ ਭਾਂਡਿਆਂ ਦੇ ਬਾਜ਼ਾਰਾਂ ਵਿੱਚ ਮੰਗ ਅਤੇ ਸਪਲਾਈ ਸੋਨੇ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਪੰਜਾਬੀ ਔਰਤਾਂ, ਮਰਦ ਅਤੇ ਬੱਚੇ ਸਾਰਿਆਂ ਦੇ ਗਹਿਣੇ ਸੋਨੇ ਨਾਲ ਬਣਾਏ ਜਾਂਦੇ ਹਨ। ਵਿਆਹ ਵੇਲੇ ਰਿਸ਼ਤੇਦਾਰਾਂ ਨੂੰ ਛਾਪਾਂ ਪਾਈਆਂ ਜਾਂਦੀਆਂ ਹਨ। ਹਾਰ ,ਟਿੱਕੇ, ਕੜੇ, ਕਾਂਟੇ, ਅੰਗੂਠੀਆਂ ਤੇ ਹੋਰ ਬਹੁਤ ਸਾਰੇ ਗਹਿਣੇ ਤਿਆਰ ਕੀਤੇ ਜਾਂਦੇ ਹਨ। ਬਹੁਤੀ ਵਾਰ ਪਰਾਹੁਣੇ ਰੁੱਸ ਵੀ ਜਾਂਦੇ ਹਨ। ਸੱਸਾਂ ਇਸੇ ਕਾਰਨ ਹੀ ਆਕੜੀਆਂ ਰਹਿੰਦੀਆਂ ਹਨ, ਕਿ ਵਿਆਹ ਵਿੱਚ ਮੇਰਾ ਮਾਣ-ਤਾਣ ਨੀ ਕੀਤਾ। ਸੋਨੇ ਦਾ ਕੰਮ ਸਰਾਫ਼ ਜਾ ਸੁਨਿਆਰ ਕਰਦੇ ਹਨ। ਲੋਕਾਂ ਦਾ ਇਹ ਵਹਿਮ ਹੈ ਜਾਂ ਸੱਚ ਕਿ ਇਹ ਗਹਿਣੇ ਵਿੱਚ ਖੋਟ ਪਾ ਦਿੰਦੇ ਹਨ। ਇਹਨਾਂ ਨੇ ਆਪਣੀ ਮਾਂ ਦੇ ਗਹਿਣੇ ਵਿੱਚ ਵੀ ਖੋਟ ਪਾ ਦਿੱਤਾ ਸੀ। ਜਿਸ ਦਾ ਉਲਾਂਭਾ ਲੋਕ ਹੁਣ ਤੱਕ ਦਿੰਦੇ ਨੇ ਪਰ ਕਾਰੀਗਰੀ ਇਹਨਾਂ ਦੀ ਕਮਾਲ ਹੁੰਦੀ ਹੈ, ਹੌਲ਼ੀ ਹੌਲ਼ੀ ਸੌ ਸੁਨਿਆਰ ਦੀ ਇੱਕ ਲੁਹਾਰ ਕਹਿਣ ਵਾਂਗ ਵਧੀਆ ਗਹਿਣੇ ਬਣਾ ਦਿੰਦੇ ਹਨ। ਜਗਤਾਰ ਸਿੰਘ

Loading