ਮੈਰਾਥਨ ਦਾ ਮਹਾਂਰਥੀ ਬਾਬਾ ਫ਼ੌਜਾ ਸਿੰਘ

In ਖੇਡ ਖਿਡਾਰੀ
June 20, 2025

ਪਿ੍. ਸਰਵਣ ਸਿੰਘ

ਬਾਬਾ ਫ਼ੌਜਾ ਸਿੰਘ 20ਵੀਂ ਸਦੀ ਦੇ ਆਰੰਭ ’ਚ ਜੰਮਿਆ ਸੀ। 20ਵੀਂ ਸਦੀ ਮੁੱਕਣ ਵੇਲੇ ਦੌੜਨ ਲੱਗਾ ਸੀ ਤੇ 21ਵੀਂ ਸਦੀ ਚੜ੍ਹਦਿਆਂ ਖ਼ਬਰਾਂ ਦਾ ਸ਼ਿੰਗਾਰ ਬਣਿਆ ਸੀ। ਮੈਰਾਥਨ ਦਾ ਮਹਾਂਰਥੀ, ਪਗੜੀਧਾਰੀ ਝੱਖੜ, ਬੁੱਢਿਆਂ ਦਾ ਰੋਲ ਮਾਡਲ, ਬੱਲੇ ਬਾਬਾ ਫ਼ੌਜਾ ਸਿੰਘ ਦੇ… ਤੇ ਨਈਂ ਰੀਸਾਂ ਫ਼ੌਜਾ ਸਿੰਘ ਦੀਆਂ…!
ਉਹ ਰੌਣਕੀ ਬੰਦਾ ਹੈ। ਬੇਫ਼ਿਕਰ, ਬੇਪਰਵਾਹ, ਬੇਬਾਕ, ਦਾਨੀ ਤੇ ਦਇਆਵਾਨ। ਉਸ ਨੇ ਗੁੰਮਨਾਮੀ ’ਚ ਚੱਲ ਵਸਣਾ ਸੀ ਜੇ ਦੌੜਨ ਨਾ ਲੱਗਦਾ। ਬੁੱਢੇ ਵਾਰੇ ਦੌੜਾਂ ਲਾ ਕੇ ਉਹਨੇ ਜੱਗ ਜਹਾਨ ’ਚ ਬੱਲੇ-ਬੱਲੇ ਕਰਵਾਈ। ਉਸ ਨੂੰ 2004, 2008 ਤੇ 2012 ਵਿੱਚ ਉਲੰਪਿਕ ਖੇਡਾਂ ਦੀ ਮਸ਼ਾਲ ਲੈ ਕੇ ਦੌੜਨ ਦਾ ਮਾਣ ਮਿਲਿਆ। ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਨੇ ਉਸ ਨੂੰ ਸੌ ਸਾਲ ਦਾ ਸਿਟੀਜ਼ਨ ਹੋਣ ਦੀ ਵਧਾਈ ਦਿੱਤੀ ਤੇ ਸ਼ਾਹੀ ਮਹਿਲ ’ਚ ਖਾਣੇ ’ਤੇ ਸੱਦਿਆ।
ਸੌ ਸਾਲ ਤੋਂ ਵਡੇਰੀ ਉਮਰ ਦਾ ਉਹ ਪਹਿਲਾ ਮਨੁੱਖ ਹੈ ਜਿਸ ਨੇ 16 ਅਕਤੂਬਰ 2011 ਨੂੰ ਟੋਰਾਂਟੋ ਦੀ ਵਾਟਰ ਫ਼ਰੰਟ ਮੈਰਾਥਨ ਪੂਰੀ ਦੌੜੀ। ਉੱਥੇ ਉਸ ਨੇ 42.2 ਕਿਲੋਮੀਟਰ ਦਾ ਪੰਧ 8 ਘੰਟੇ 11 ਮਿੰਟ 6 ਸਕਿੰਟ ਵਿੱਚ ਮੁਕਾਇਆ। ਉਹਦਾ ਨਾਂ ਗਿੰਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼ ਵਿੱਚ ਦਰਜ ਹੋ ਜਾਣਾ ਸੀ ਜੇ ਉਹਦੀ ਜਨਮ ਤਾਰੀਖ਼ ਦਾ ਅਸਲੀ ਸਰਟੀਫ਼ਿਕੇਟ ਮਿਲ ਜਾਂਦਾ।
ਫ਼ੌਜਾ ਸਿੰਘ ਦੀ ਵਡਿਆਈ ਇਸ ਗੱਲ ’ਚ ਨਹੀਂ ਕਿ ਉਹ ਲੰਮੀਆਂ ਦੌੜਾਂ ਦੌੜਦਾ ਰਿਹਾ ਸਗੋਂ ਇਸ ਵਿੱਚ ਹੈ ਕਿ ਸੌ ਸਾਲਾਂ ਦਾ ਹੋ ਕੇ ਵੀ ਦੌੜੀ ਗਿਆ! 2000 ਵਿੱਚ ਲੰਡਨ ਦੀ ਫ਼ਲੋਰਾ ਮੈਰਾਥਨ ਲਾਉਂਦਿਆਂ ਉਹ 80 ਸਾਲ ਤੋਂ ਵਡੇਰੀ ਉਮਰ ਵਾਲਿਆਂ ਲਈ 6 ਘੰਟੇ 54 ਮਿੰਟ ਦਾ ਨਵਾਂ ਰਿਕਾਰਡ ਰੱਖ ਕੇ ਖ਼ਬਰਾਂ ਵਿੱਚ ਆਇਆ ਸੀ। ਉਦੋਂ ਪੱਗ ’ਤੇ ਖੰਡਾ ਲਾ ਕੇ ਝੂਲਦੀ ਦਾੜ੍ਹੀ ਨਾਲ ਦੌੜਦੇ ਦੀਆਂ ਤਸਵੀਰਾਂ ਲੰਡਨ ਦੀਆਂ ਸੜਕਾਂ ’ਤੇ ਲੱਗ ਗਈਆਂ ਸਨ। ਨਾਲ ਲਿਖਿਆ ਗਿਆ ਸੀ: ਕੁਝ ਵੀ ਅਸੰਭਵ ਨਹੀਂ। 2003 ਵਿੱਚ ਟੋਰਾਂਟੋ ’ਚ ਉਸ ਨੇ 42.2 ਕਿਲੋਮੀਟਰ ਦੀ ਦੌੜ 5 ਘੰਟੇ 40 ਮਿੰਟ 04 ਸਕਿੰਟ ਵਿੱਚ ਪੂਰੀ ਕੀਤੀ। 2004 ’ਚ ਟੋਰਾਂਟੋ ਦੀ ਹਾਫ਼ ਮੈਰਾਥਨ ਦੌੜਦਿਆਂ ਉਸ ਨੇ 2 ਘੰਟੇ 29.59 ਮਿੰਟ ਦਾ ਨਵਾਂ ਵਿਸ਼ਵ ਰਿਕਾਰਡ ਬਣਾਇਆ ਸੀ। 2012 ਵਿੱਚ ਉਹ ਆਖ਼ਰੀ ਮੈਰਾਥਨ ਦੌੜ ਹਾਂਗਕਾਂਗ ’ਚ ਦੌੜਿਆ ਤਾਂ ਚੈਰਿਟੀ ਲਈ 25,800 ਡਾਲਰ ’ਕੱਠੇ ਹੋਏ ਜੋ ਉਸ ਨੇ ਉੱਥੇ ਹੀ ਦਾਨ ਕਰ ਦਿੱਤੇ।
ਜੁਲਾਈ 1999 ’ਚ ਮੈਂ ਉਸ ਨੂੰ ਪਹਿਲੀ ਵਾਰ ਈਰਥ-ਵੂਲਿਚ ਦੇ ਕਬੱਡੀ ਟੂਰਨਾਮੈਂਟ ਵਿੱਚ ਵੇਖਿਆ ਸੀ। ਉਹ ਕਬੱਡੀ ਦੇ ਦਾਇਰੇ ਦੁਆਲੇ ਦੌੜ ਰਿਹਾ ਸੀ। ਉਹਦੇ ਸਿਰ ’ਤੇ ਪੱਗ ਸੀ ਤੇ ਪੱਗ ਉੱਤੇ ਖੰਡਾ। ਤੇੜ ਟਰੈਕ ਸੂਟ ਤੇ ਪੈਰੀਂ ਦੌੜਨ ਵਾਲੇ ਬੂਟ। 2000 ਵਿੱਚ ਮੈਂ ਉਹਦੀਆਂ ਅੰਗਰੇਜ਼ੀ ਦੇ ਵੱਡੇ ਅਖ਼ਬਾਰਾਂ ’ਚ ਤਸਵੀਰਾਂ ਵੇਖੀਆਂ। ਉਸ ਨੇ ਲੰਡਨ ਦੀ ਮੈਰਾਥਨ ਵਿੱਚ 80 ਸਾਲ ਤੋਂ ਵੱਡੀ ਉਮਰ ਦੇ ਦੌੜਾਕਾਂ ’ਚ ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ ਸੀ।
ਅਠਾਈ ਸਤੰਬਰ 2003 ਨੂੰ ‘ਸਕੋਸ਼ੀਆ ਬੈਂਕ ਟੋਰਾਂਟੋ ਵਾਟਰਫ਼ਰੰਟ ਮੈਰਾਥਨ’ ਹੋਈ। ਮੈਂ ਉਦੋਂ ਟੋਰਾਂਟੋ ਹੀ ਸਾਂ। ਫ਼ੌਜਾ ਸਿੰਘ ਇੰਗਲੈਂਡ ਤੋਂ ਪੁੱਜਾ ਸੀ। ਉਦੋਂ ਉਹਦਾ ਪੱਕਾ ਟਿਕਾਣਾ ਇਲਫ਼ੋਰਡ ਵਿੱਚ ਸੀ। ਟੋਰਾਂਟੋ ਦੇ ਬਿਆਸਪਿੰਡੀਆਂ ਨੇ ਆਪਣੇ ਪੇਂਡੂ ਦੌੜਾਕ ਨੂੰ ਪੂਰੀ ਹੱਲਾਸ਼ੇਰੀ ਦਿੱਤੀ। ਦੌੜ ਮੁੱਕੀ ਤਾਂ ਉਸ ਨੇ ਆਪਣਾ ਹੀ ਰਿਕਾਰਡ ਪਹਿਲਾਂ ਨਾਲੋਂ 31 ਮਿੰਟ ਘੱਟ ਸਮੇਂ ਨਾਲ ਤੋੜ ਦਿੱਤਾ। ਬਿਆਸਪਿੰਡੀਆਂ ਨੇ ਫ਼ੌਜਾ ਸਿੰਘ ਨੂੰ ਮੋਢਿਆਂ ’ਤੇ ਚੁੱਕ ਲਿਆ। ਉਹਦੀ ਵਿਲੱਖਣਤਾ ਇਹ ਸੀ ਕਿ ਉਹ ਝੂਲਦੀ ਦਾੜ੍ਹੀ ਨਾਲ ਕੇਸਰੀ ਦਸਤਾਰ ਬੰਨ੍ਹ ਕੇ ਦੌੜਿਆ ਸੀ। ਉਹਦੇ ਨਿਆਰੇ ਸਰੂਪ ਨੇ ਉਹਦੀ ਮਸ਼ਹੂਰੀ ਹੋਰ ਵੀ ਵੱਧ ਕਰਾਈ।

Loading