ਮੋਦੀ ਦੀ ਥਾਂ ਕੌਣ ਲਵੇਗਾ? ਸੰਘ ਦੇ ਬਿਆਨ ਮਗਰੋਂ ਜਾਨਸ਼ੀਨੀ ਦੀਆਂ ਅਟਕਲਾਂ ਤੇਜ਼

In ਖਾਸ ਰਿਪੋਰਟ
July 14, 2025

ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਦੇ ਇੱਕ ਬਿਆਨ ਨੇ ਭਾਰਤੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਹੈ। ਉਨ੍ਹਾਂ ਨੇ 75 ਸਾਲ ਦੀ ਉਮਰ ਤੋਂ ਬਾਅਦ ਸੇਵਾਮੁਕਤੀ ਦੀ ਗੱਲ ਕਹੀ, ਜਿਸ ਨੂੰ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੋੜ ਕੇ ਹੰਗਾਮਾ ਖੜ੍ਹਾ ਕਰ ਦਿੱਤਾ। ਮੋਦੀ ਜੀ, ਜੋ ਇਸ ਸਾਲ 17 ਸਤੰਬਰ 2025 ਨੂੰ 75 ਸਾਲ ਦੇ ਹੋ ਜਾਣਗੇ, ਨੂੰ ਵਿਰੋਧੀ ਪਾਰਟੀਆਂ ਨੇ ਸੰਘ ਦੇ ਇਸ ਬਿਆਨ ਦੇ ਬਹਾਨੇ ਘੇਰਨਾ ਸ਼ੁਰੂ ਕਰ ਦਿੱਤਾ ਹੈ। ਵਿਰੋਧੀ ਇਸ ਨੂੰ ਮੋਦੀ ਲਈ ਅਸਿੱਧਾ ਸੁਨੇਹਾ ਮੰਨ ਰਹੇ ਹਨ, ਜਦਕਿ ਭਾਜਪਾ ਨੇ ਸਪੱਸ਼ਟ ਕੀਤਾ ਹੈ ਕਿ ਮੋਦੀ ਜੀ ਦੀ ਸੇਵਾਮੁਕਤੀ ਦੀ ਕੋਈ ਯੋਜਨਾ ਨਹੀਂ। 

ਇਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨਾਗਪੁਰ ਵਿੱਚ ਇੱਕ ਪੁਸਤਕ ਰਿਲੀਜ਼ ਸਮਾਗਮ ਦੌਰਾਨ ਮੋਹਨ ਭਾਗਵਤ ਨੇ ਕਿਹਾ, “ਜਦੋਂ ਤੁਸੀਂ 75 ਸਾਲ ਦੇ ਹੋ ਜਾਂਦੇ ਹੋ, ਤਾਂ ਇਸ ਦਾ ਮਤਲਬ ਹੈ ਕਿ ਹੁਣ ਤੁਹਾਨੂੰ ਰੁਕ ਜਾਣਾ ਚਾਹੀਦਾ। ਦੂਜਿਆਂ ਨੂੰ ਮੌਕਾ ਦੇਣਾ ਚਾਹੀਦਾ।” ਉਨ੍ਹਾਂ ਨੇ ਮਰਹੂਮ ਸੰਘ ਵਿਚਾਰਕ ਮੋਰੋਪੰਤ ਪਿੰਗਲੇ ਦੇ ਸ਼ਬਦਾਂ ਨੂੰ ਯਾਦ ਕਰਦਿਆਂ ਕਿਹਾ, “ਜੇ 75 ਸਾਲ ਦੀ ਉਮਰ ਮਗਰੋਂ ਤੁਹਾਨੂੰ ਸ਼ਾਲ ਪਹਿਨਾਈ ਜਾਂਦੀ ਹੈ, ਤਾਂ ਸਮਝੋ ਕਿ ਹੁਣ ਤੁਸੀਂ ਬੁੱਢੇ ਹੋ ਗਏ ਹੋ। ਇੱਕ ਪਾਸੇ ਹਟੋ ਤੇ ਨਵੀਂ ਪੀੜ੍ਹੀ ਨੂੰ ਅੱਗੇ ਆਉਣ ਦਿਓ।” 

ਇਸ ਬਿਆਨ ਨੂੰ ਸੁਣਦਿਆਂ ਹੀ ਸਿਆਸੀ ਗਲਿਆਰਿਆਂ ਵਿੱਚ ਹਲਚਲ ਮਚ ਗਈ। ਕਾਰਨ ਸਾਫ ਸੀ – ਮੋਹਨ ਭਾਗਵਤ ਖੁਦ 11 ਸਤੰਬਰ 2025 ਨੂੰ 75 ਸਾਲ ਦੇ ਹੋਣਗੇ, ਅਤੇ ਪ੍ਰਧਾਨ ਮੰਤਰੀ ਮੋਦੀ ਵੀ 17 ਸਤੰਬਰ ਨੂੰ 75 ਸਾਲ ਦੇ ਹੋ ਜਾਣਗੇ।

ਵਿਰੋਧੀ ਪਾਰਟੀਆਂ ਨੇ ਇਸ ਬਿਆਨ ਨੂੰ ਮੋਦੀ ਜੀ ਦੇ ਖਿਲਾਫ ਹਥਿਆਰ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ‘ਤੇ ਤਨਜ਼ ਕਸਦਿਆਂ ਲਿਖਿਆ, “ਵਿਚਾਰਾ ਐਵਾਰਡ-ਜੀਵੀ ਪ੍ਰਧਾਨ ਮੰਤਰੀ! ਵਿਦੇਸ਼ ਤੋਂ ਮੁੜਦੇ ਹੀ ਸੰਘ ਸੰਚਾਲਕ ਨੇ ਯਾਦ ਦਿਵਾ ਦਿੱਤਾ ਕਿ 17 ਸਤੰਬਰ 2025 ਨੂੰ ਉਹ 75 ਸਾਲ ਦੇ ਹੋ ਜਾਣਗੇ। ਪਰ ਮੋਦੀ ਜੀ ਵੀ ਭਾਗਵਤ ਨੂੰ ਕਹਿ ਸਕਦੇ ਹਨ ਕਿ ਤੁਸੀਂ ਵੀ ਤਾਂ 11 ਸਤੰਬਰ ਨੂੰ 75 ਦੇ ਹੋ ਜਾਓਗੇ!” 

ਸ਼ਿਵ ਸੈਨਾ (ਯੂਬੀਟੀ) ਦੇ ਆਗੂ ਸੰਜੈ ਰਾਊਤ ਨੇ  ਕਿਹਾ, “ਮੋਦੀ ਜੀ ਨੇ 75 ਸਾਲ ਦੀ ਉਮਰ ਪੂਰੀ ਹੋਣ ‘ਤੇ ਐੱਲਕੇ ਅਡਵਾਨੀ, ਮੁਰਲੀ ਮਨੋਹਰ ਜੋਸ਼ੀ ਤੇ ਜਸਵੰਤ ਸਿੰਘ ਵਰਗੇ ਵੱਡੇ ਆਗੂਆਂ ਨੂੰ ਸਿਆਸਤ ਤੋਂ ਬਾਹਰ ਕਰ ਦਿੱਤਾ ਸੀ। ਹੁਣ ਦੇਖੀਏ, ਕੀ ਉਹ ਇਹ ਨਿਯਮ ਆਪਣੇ ‘ਤੇ ਵੀ ਲਾਗੂ ਕਰਦੇ ਹਨ?” 

ਕਾਂਗਰਸ ਦੇ ਸੀਨੀਅਰ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਵੀ ਤੰਜ ਕਸਦਿਆਂ ਕਿਹਾ, “ਬਿਨਾਂ ਅਮਲ ਕੀਤੇ ਉਪਦੇਸ਼ ਦੇਣਾ ਹਮੇਸ਼ਾ ਖਤਰਨਾਕ ਹੁੰਦਾ ਹੈ। ਮਾਰਗਦਰਸ਼ਕ ਮੰਡਲ ਦੀ 75 ਸਾਲ ਦੀ ਉਮਰ ਹੱਦ ਮੋਦੀ ਜੀ ‘ਤੇ ਨਹੀਂ ਲੱਗੇਗੀ। ਸੰਘ ਦਾ ਸੰਕੇਤ ਸਪੱਸ਼ਟ ਹੈ, ਪਰ ਮੌਜੂਦਾ ਪ੍ਰਬੰਧ ਨੂੰ ਛੋਟ ਦਿੱਤੀ ਜਾਵੇਗੀ।

ਆਮ ਆਦਮੀ ਪਾਰਟੀ (ਆਪ) ਦੇ ਆਗੂ ਸੌਰਭ ਭਾਰਦਵਾਜ ਨੇ  ਕਿਹਾ, “ਹੁਣ ਤਾਂ ਸੰਘ ਵੀ ਸੰਕੇਤ ਦੇ ਰਿਹਾ ਹੈ ਕਿ ਮੋਦੀ ਜੀ ਨੂੰ 75 ਸਾਲ ਦੀ ਉਮਰ ਮਗਰੋਂ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਚਾਹੀਦਾ।”

ਦੂਜੇ ਪਾਸੇ ਭਾਜਪਾ  ਦਾ ਕਹਿਣਾ ਹੈ ਕਿ ਮੋਦੀ ਜੀ ਦੀ ਸੇਵਾਮੁਕਤੀ ਦੀ ਕੋਈ ਯੋਜਨਾ ਨਹੀਂ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮਈ 2023 ਵਿੱਚ ਹੀ ਸਾਫ ਕਰ ਦਿੱਤਾ ਸੀ, “ਮੋਦੀ ਜੀ 2029 ਤੱਕ ਸਰਕਾਰ ਦੀ ਅਗਵਾਈ ਕਰਦੇ ਰਹਿਣਗੇ। ਸੇਵਾਮੁਕਤੀ ਦੀਆਂ ਅਫਵਾਹਾਂ ਵਿੱਚ ਕੋਈ ਸੱਚਾਈ ਨਹੀਂ।” ਭਾਜਪਾ ਦਾ ਕਹਿਣਾ ਹੈ ਕਿ ਮੋਹਨ ਭਾਗਵਤ ਦਾ ਬਿਆਨ ਸਿਰਫ ਮੋਰੋਪੰਤ ਪਿੰਗਲੇ ਦੇ ਵਿਚਾਰਾਂ ਦਾ ਹਵਾਲਾ ਸੀ, ਨਾ ਕਿ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਿਸ਼ਾਨਾ ਬਣਾਉਣ ਵਾਲਾ।

 ਕੁਝ ਸਿਆਸੀ ਮਾਹਿਰ ਮੰਨਦੇ ਹਨ ਕਿ ਇਹ ਸਿਰਫ ਸੰਘ ਦੀ ਪੁਰਾਣੀ ਸੋਚ ਦਾ ਹਿੱਸਾ ਹੈ, ਜਿਸ ਵਿੱਚ ਨਵੀਂ ਪੀੜ੍ਹੀ ਨੂੰ ਮੌਕੇ ਦੇਣ ਦੀ ਗੱਲ ਕੀਤੀ ਜਾਂਦੀ ਹੈ। ਪਰ ਵਿਰੋਧੀ ਧਿਰ ਇਸ ਨੂੰ ਮੋਦੀ ਜੀ ਲਈ ਸੁਨੇਹੇ ਵਜੋਂ ਵੇਖ ਰਹੀ ਹੈ। ਦਿਲਚਸਪ ਗੱਲ ਇਹ ਹੈ ਕਿ ਸੰਘ ਮੁਖੀ ਭਾਗਵਤ ਖੁਦ ਵੀ 75 ਸਾਲ ਦੇ ਹੋਣ ਜਾ ਰਹੇ ਹਨ। ਇਸ ਲਈ ਸਵਾਲ ਉੱਠਦਾ ਹੈ ਕਿ ਕੀ ਉਹ ਆਪਣੇ ‘ਤੇ ਵੀ ਇਹ ਨਿਯਮ ਲਾਗੂ ਕਰਨਗੇ?

 ਭਾਜਪਾ ਅਤੇ ਸੰਘ ਦੇ ਸਰੋਤਾਂ ਮੁਤਾਬਕ, ਮੋਦੀ ਜੀ ਦੀ ਸੇਵਾਮੁਕਤੀ ਦੀ ਅਜੇ ਕੋਈ ਯੋਜਨਾ ਨਹੀਂ। ਉਹ ਤਿੰਨ ਵਾਰ ਪ੍ਰਧਾਨ ਮੰਤਰੀ ਅਤੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਚਾਰ ਵਾਰ ਸੇਵਾ ਨਿਭਾਅ ਚੁੱਕੇ ਹਨ। ਉਨ੍ਹਾਂ ਦੀ ਅਗਵਾਈ ਵਿੱਚ ਭਾਜਪਾ ਨੇ 2014, 2019 ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕੀਤੀ। ਅਜਿਹੇ ਵਿੱਚ, ਮੋਦੀ ਦੀ ਸਿਆਸੀ ਯਾਤਰਾ ਅਜੇ ਜਾਰੀ ਰਹਿਣ ਦੀ ਸੰਭਾਵਨਾ ਹੈ।

ਮੋਦੀ ਦੀ ਸੇਵਾਮੁਕਤੀ ਦਾ ਸਵਾਲ ਅਜੇ ਅਫਵਾਹਾਂ ਦਾ ਹਿੱਸਾ ਹੈ, ਪਰ ਅਮਿਤ ਸ਼ਾਹ ਮੋਦੀ ਦੀ ਥਾਂ ਸਭ ਤੋਂ ਮਜ਼ਬੂਤ ਦਾਅਵੇਦਾਰ ਵਜੋਂ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਸੰਘ ਅਤੇ ਪਾਰਟੀ ਦਾ ਮਜ਼ਬੂਤ ਸਮਰਥਨ ਹੈ। ਯੋਗੀ ਅਦਿਤਿਆਨਾਥ ਅਤੇ ਨਿਤਿਨ ਗਡਕਰੀ ਵੀ ਮੁਕਾਬਲੇ ਵਿੱਚ ਹਨ, ਪਰ ਉਨ੍ਹਾਂ ਦੀ ਸੰਭਾਵਨਾ ਸ਼ਾਹ ਨਾਲੋਂ ਘੱਟ ਹੈ। ਰਾਜਨਾਥ ਸਿੰਘ, ਸ਼ਿਵਰਾਜ ਸਿੰਘ ਚੌਹਾਨ, ਅਤੇ ਹਿਮੰਤਾ ਬਿਸਵਾ ਸਰਮਾ ਵਰਗੇ ਨੇਤਾ ਵੀ ਸੰਭਾਵੀ ਹਨ, ਪਰ ਉਨ੍ਹਾਂ ਦੀ ਸੰਭਾਵਨਾ ਮੁਕਾਬਲਤਨ ਘੱਟ ਹੈ। ਸੰਘ ਅਤੇ ਭਾਜਪਾ ਦੀ ਸਹਿਮਤੀ ਨਾਲ ਹੀ ਅੰਤਿਮ ਫੈਸਲਾ ਹੋਵੇਗਾ, ਅਤੇ ਅਜੇ ਮੋਦੀ ਦੀ ਅਗਵਾਈ 2029 ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।

Loading