ਮੋਦੀ ਦੇ ਏਕਾਧਿਕਾਰ ਮਾਡਲ ਨੇ ਨੌਕਰੀਆਂ ਖੋਹੀਆਂ: ਰਾਹੁਲ

In ਮੁੱਖ ਖ਼ਬਰਾਂ
September 28, 2024
ਨਵੀਂ ਦਿੱਲੀ: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਦੋਸ਼ ਲਗਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਏਕਾਧਿਕਾਰ ਮਾਡਲ’ ਨੇ ਨੌਕਰੀਆਂ ਖੋਹ ਲਈਆਂ ਹਨ ਅਤੇ ਸੂਖਮ, ਲਘੂ ਤੇ ਮੱਧਮ ਉਦਯੋਗ (ਐੱਮਐੱਸਐੱਮਈ) ਇਕਾਈਆਂ ਨੂੰ ਤਬਾਹ ਕਰ ਦਿੱਤਾ ਹੈ। ਇਸ ਦੌਰਾਨ ਸ੍ਰੀ ਗਾਂਧੀ ਨੇ ਵਸਤਾਂ ਤੇ ਸੇਵਾ ਕਰ (ਜੀਐੱਸਟੀ) ਨੂੰ ਸਰਲ ਬਣਾਉਣ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਰੁਝਾਨ ਨੂੰ ਉਤਸ਼ਾਹਿਤ ਕਰਨ ਲਈ ਬੈਂਕਿੰਗ ਪ੍ਰਣਾਲੀ ਨੂੰ ਛੋਟੇ ਕਾਰੋਬਾਰਾਂ ਲਈ ਖੋਲ੍ਹਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਸਾਨੂੰ ਜੀਡੀਪੀ ਦੇ ਮਾਡਲ ਤੋਂ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਮਾਡਲ ਵੱਲ ਵਧਣਾ ਹੋਵੇਗਾ।’’ ਰਾਹੁਲ ਵੱਲੋਂ ਪਿਛਲੇ ਦਿਨੀਂ ਜੰਮੂ ਵਿੱਚ ਸਟਾਰਟਅੱਪ ਉੱਦਮੀਆਂ ਨਾਲ ਮੁਲਾਕਾਤ ਕੀਤੀ ਗਈ ਸੀ। ‘ਡੋਗਰੀ ਧਾਮ ਵਿਦ ਆਰਜੀ’ ਨਾਮ ਦਾ ਇਹ ਪ੍ਰੋਗਰਾਮ ਆਲ ਇੰਡੀਆ ਪ੍ਰੋਫੈਸ਼ਨਲਜ਼ ਕਾਂਗਰਸ (ਏਆਈਪੀਸੀ) ਵੱਲੋਂ ਬੁੱਧਵਾਰ ਨੂੰ ਕਰਵਾਇਆ ਗਿਆ ਸੀ। ਗਾਂਧੀ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ਵਿੱਚ ਕਿਹਾ, ‘ਜੰਮੂ ਕਸ਼ਮੀਰ ਦੇ ਇਕ ਨੌਜਵਾਨ ਸਟਾਰਟਅੱਪ ਮਾਲਕ ਦੀਆਂ ਅੱਖਾਂ ਵਿੱਚ ਨਿਰਾਸ਼ਾ ਭਾਰਤ ਦੇ ਜ਼ਿਆਦਾਤਰ ਉੱਦਮੀਆਂ ਅਤੇ ਛੋਟੇ ਕਾਰੋਬਾਰਾਂ ਦੇ ਮਾਲਕਾਂ ਦੇ ਸੰਘਰਸ਼ ਨੂੰ ਦਰਸਾਉਂਦੀ ਹੈ।’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘ਮੋਦੀ ਜੀ ਦੇ ਏਕਾਧਿਕਾਰ ਮਾਡਲ ਨੇ ਨੌਕਰੀਆਂ ਖੋਹ ਲਈਆਂ ਹਨ, ਐੱਮਐੱਮਐੱਮਈ ਨੂੰ ਤਬਾਹ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਮੌਕਿਆਂ ਤੋਂ ਵਾਂਝਾ ਕਰ ਦਿੱਤਾ ਹੈ।’ ਉਨ੍ਹਾਂ ਦਾਅਵਾ ਕੀਤਾ, ‘ਖ਼ਰਾਬ ਜੀਐੱਸਟੀ ਅਤੇ ਨੋਟਬੰਦ ਵਰਗੀਆਂ ਨੀਤੀਆਂ ਰਾਹੀਂ ਛੋਟੇ ਤੇ ਮੱਧਮ ਉਦਯੋਗਾਂ ’ਤੇ ਵਿਵਸਥਿਤ ਹਮਲੇ ਨੇ ਭਾਰਤ ਨੂੰ ਉਤਪਾਦਕ ਅਰਥਚਾਰੇ ਤੋਂ ਉਪਭੋਗਤਾ ਅਰਥਚਾਰੇ ਵਿੱਚ ਬਦਲ ਦਿੱਤਾ ਹੈ। ਇਸ ਦਰ ’ਤੇ ਅਸੀਂ ਨਾ ਤਾਂ ਚੀਨ ਨਾਲ ਮੁਕਾਬਲਾ ਕਰ ਸਕਦੇ ਹਾਂ ਤੇ ਨਾ ਹੀ ਸਾਰੇ ਭਾਰਤੀਆਂ ਲਈ ਖੁਸ਼ਹਾਲੀ ਯਕੀਨੀ ਬਣਾ ਸਕਦੇ ਹਾਂ।’

Loading