
ਤਿਆਨਜਿਨ ਵਿੱਚ ਹੋਏ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਸਿਖਰ ਸੰਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਮੁਲਾਕਾਤ ਨੇ ਵਿਸ਼ਵ ਰਾਜਨੀਤੀ ਵਿੱਚ ਹਲਚਲ ਪਾ ਦਿੱਤੀ ਹੈ। ਇਸ ਮੁਲਾਕਾਤ ਦੀਆਂ ਤਸਵੀਰਾਂ, ਜਿਨ੍ਹਾਂ ਵਿੱਚ ਤਿੰਨੇ ਨੇਤਾ ਹੱਸਦੇ-ਮੁਸਕਰਾਉਂਦੇ ਅਤੇ ਦੋਸਤਾਨਾ ਅੰਦਾਜ਼ ਵਿੱਚ ਇੱਕ-ਦੂਜੇ ਨਾਲ ਹੱਥ ਮਿਲਾਉਂਦੇ ਨਜ਼ਰ ਆਏ, ਨੇ ਅਮਰੀਕੀ ਮੀਡੀਆ ਨੂੰ ਹੈਰਾਨ-ਪ੍ਰੇਸ਼ਾਨ ਕਰ ਦਿੱਤਾ। ਅਮਰੀਕੀ ਨਿਊਜ਼ ਚੈਨਲ ਸੀ.ਐਨ.ਐਨ. ਦੇ ਵਿਸ਼ਲੇਸ਼ਕ ਵੈਨ ਜੋਂਸ ਨੇ ਇਸ ਨੂੰ ‘ਹਰ ਅਮਰੀਕੀ ਲਈ ਤਕਲੀਫ਼ਦੇਹ ਪੈਦਾ ਕਰਨ ਵਾਲਾ ਪਲ’ ਕਰਾਰ ਦਿੱਤਾ। ਪਰ ਸਵਾਲ ਇਹ ਹੈ ਕਿ ਕੀ ਇਹ ਤਸਵੀਰ ਸੱਚਮੁੱਚ ਨਵੇਂ ਵਿਸ਼ਵ ਰਾਜ ਦੀ ਸ਼ੁਰੂਆਤ ਦਾ ਸੰਕੇਤ ਹੈ, ਜਾਂ ਚੀਨ ਭਾਰਤ ਲਈ ਨਵੀਂ ਸਿਰਦਰਦੀ ਖੜ੍ਹੀ ਕਰ ਸਕਦਾ ਹੈ? ਇਸ ਤੋਂ ਇਲਾਵਾ, ਚੀਨ-ਪਾਕਿਸਤਾਨ ਦੀ ਵਧਦੀ ਨੇੜਤਾ ਅਤੇ ਭਾਰਤ ਦੀ ਵਿਸ਼ਵ ਰਾਜਨੀਤੀ ਵਿੱਚ ਫ਼ਸਣ ਦੀ ਸਥਿਤੀ ਨੇ ਕਈ ਸਵਾਲ ਖੜ੍ਹੇ ਕੀਤੇ ਹਨ।
ਅਮਰੀਕੀ ਮੀਡੀਆ ਨੇ ਇਸ ਨੂੰ ਨਵੀਂ ਵਿਸ਼ਵ ਵਿਵਸਥਾ ਦੀ ਸ਼ੁਰੂਆਤ ਦੱਸਿਆ। ਨਿਊਯਾਰਕ ਟਾਈਮਜ਼ ਨੇ ਲਿਖਿਆ, ‘ਮੋਦੀ ਨੇ ਇਹ ਸੁਨੇਹਾ ਦਿੱਤਾ ਕਿ ਜੇ ਅਮਰੀਕਾ ਟੈਰਿਫ਼ ਅਤੇ ਦਬਾਅ ਦੀ ਨੀਤੀ ਜਾਰੀ ਰੱਖਦਾ ਹੈ, ਤਾਂ ਭਾਰਤ ਦੇ ਹੋਰ ਵੀ ਮਹੱਤਵਪੂਰਨ ਸਾਥੀ ਹਨ, ਜਿਨ੍ਹਾਂ ਵਿੱਚ ਚੀਨ ਵੀ ਸ਼ਾਮਲ ਹੈ।’ ਸੀ.ਐਨ.ਐਨ. ਨੇ ਇਸ ਨੂੰ ਅਮਰੀਕੀ ਵਿਦੇਸ਼ ਨੀਤੀ ਦੀ ਅਸਫ਼ਲਤਾ ਦੱਸਿਆ, ਜਦਕਿ ਫ਼ੌਕਸ ਨਿਊਜ਼ ਨੇ ਕਿਹਾ ਕਿ ਅਮਰੀਕਾ ਦੀ ਸਖ਼ਤ ਨੀਤੀਆਂ ਨੇ ਇਨ੍ਹਾਂ ਮੁਲਕਾਂ ਨੂੰ ਇਕੱਠੇ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਰਿਫ਼ ਨੀਤੀਆਂ, ਖਾਸਕਰ ਭਾਰਤ ’ਤੇ 50% ਟੈਰਿਫ਼ ਅਤੇ ਰੂਸੀ ਤੇਲ ਦੀ ਖਰੀਦ ’ਤੇ ਆਲੋਚਨਾ, ਨੇ ਇਸ ਮੁਲਾਕਾਤ ਨੂੰ ਹੋਰ ਵੀ ਅਹਿਮ ਬਣਾ ਦਿੱਤਾ।
ਪਰ ਇਹ ਸਿਰਫ਼ ਤਸਵੀਰਾਂ ਦਾ ਮਾਮਲਾ ਨਹੀਂ। ਐਸ.ਸੀ.ਓ. ਮੰਚ ’ਤੇ ਇਨ੍ਹਾਂ ਤਿੰਨ ਮੁਲਕਾਂ ਦੀ ਇਕਜੁੱਟਤਾ ਨੇ ਅਮਰੀਕਾ-ਕੇਂਦਰਿਤ ਵਿਸ਼ਵ ਵਿਵਸਥਾ ਨੂੰ ਚੁਣੌਤੀ ਦਿੱਤੀ। ਸ਼ੀ ਜਿਨਪਿੰਗ ਨੇ ਆਪਣੇ ਸੰਬੋਧਨ ਵਿੱਚ ਅਮਰੀਕੀ ‘ਧੌਂਸ ਅਤੇ ਦਬਾਅ’ ਦੀ ਆਲੋਚਨਾ ਕੀਤੀ ਸੀ, ਜਦਕਿ ਮੋਦੀ ਨੇ ਅੱਤਵਾਦ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਪਾਕਿਸਤਾਨ ਵੱਲ ਇਸ਼ਾਰਾ ਕੀਤਾ ਸੀ। ਪੁਤਿਨ ਨੇ ਵੀ ਯੂਕ੍ਰੇਨ ਮੁੱਦੇ ’ਤੇ ਪੱਛਮੀ ਮੁਲਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇਹ ਸਭ ਸੁਨੇਹਾ ਸੀ ਕਿ ਇਹ ਤਿੰਨੇ ਮੁਲਕ ਇੱਕ ਨਵੀਂ ਵਿਸ਼ਵ ਵਿਵਸਥਾ ਦੀ ਨੀਂਹ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ।