ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੱਡਾ ਵਾਅਦਾ ਕੀਤਾ ਸੀ ਕਿ ਸਵਿਸ ਬੈਂਕਾਂ ਵਿੱਚ ਪਿਆ ਭਾਰਤੀਆਂ ਦਾ ਕਾਲਾ ਧਨ ਵਾਪਸ ਲਿਆਉਣਗੇ ਤੇ ਹਰ ਭਾਰਤੀ ਦੇ ਖਾਤੇ ਵਿੱਚ 15 ਲੱਖ ਰੁਪਏ ਪਾਉਣਗੇ। ਇਹ ਵਾਅਦਾ ਲੋਕਾਂ ਨੂੰ ਬਹੁਤ ਚੰਗਾ ਲੱਗਾ, ਪਰ 11 ਸਾਲ ਬੀਤ ਜਾਣ ’ਤੇ ਵੀ ਇਹ ਪੂਰਾ ਨਹੀਂ ਹੋਇਆ। ਸਵਿਸ ਨੈਸ਼ਨਲ ਬੈਂਕ ਦੀ 2024 ਦੀ ਰਿਪੋਰਟ ਮੁਤਾਬਕ, ਸਵਿਸ ਬੈਂਕਾਂ ਵਿੱਚ ਭਾਰਤੀਆਂ ਦੀ ਜਮ੍ਹਾਂ ਰਕਮ 1.22 ਅਰਬ ਸਵਿਸ ਫਰੈਂਕ (2014) ਤੋਂ ਵਧ ਕੇ 3.53 ਅਰਬ ਸਵਿਸ ਫਰੈਂਕ ਯਾਨੀ ਲਗਪਗ 37,600 ਕਰੋੜ ਰੁਪਏ ਹੋ ਗਈ ਹੈ। ਇਹ ਵਾਧਾ ਸਰਕਾਰ ਦੇ ਵਾਅਦਿਆਂ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਂਦਾ ਹੈ।ਸਰਕਾਰ ਦਾ ਕਹਿਣਾ ਹੈ ਕਿ ਸਵਿਟਜ਼ਰਲੈਂਡ ਨਾਲ ਸੂਚਨਾ ਸਾਂਝੀ ਕਰਨ ਦੇ ਸਮਝੌਤੇ ਕਾਰਨ ਹੁਣ ਜਮ੍ਹਾਂ ਰਕਮਾਂ ਦੀ ਸਹੀ ਜਾਣਕਾਰੀ ਮਿਲਣ ਲੱਗੀ ਹੈ।
ਵਿੱਤ ਮੰਤਰਾਲੇ ਮੁਤਾਬਕ, ਇਹ ਵਾਧਾ ਭਾਰਤੀ ਅਰਥ-ਵਿਵਸਥਾ ਦੇ ਵਿਸ਼ਵੀਕਰਨ ਅਤੇ ਨਿਵੇਸ਼ ਵਧਣ ਕਾਰਨ ਹੋਇਆ, ਨਾ ਕਿ ਕਾਲੇ ਧਨ ਕਾਰਨ। ਪਰ ਸਰਕਾਰ ਨੇ 2021 ਵਿੱਚ ਸੰਸਦ ਵਿੱਚ ਮੰਨਿਆ ਸੀ ਕਿ ਸਵਿਸ ਬੈਂਕਾਂ ਵਿੱਚ ਕਾਲੇ ਧਨ ਦਾ ਕੋਈ ਅਧਿਕਾਰਤ ਅੰਕੜਾ ਨਹੀਂ ਹੈ। ਇਸ ਤੋਂ ਸਾਫ ਹੈ ਕਿ ਕਾਲੇ ਧਨ ਨੂੰ ਵਾਪਸ ਲਿਆਉਣ ਲਈ ਠੋਸ ਕਦਮ ਨਹੀਂ ਚੁੱਕੇ ਗਏ। ਸਵਿਸ ਬੈਂਕਾਂ ਨਾਲ ਸਮਝੌਤੇ ਤਾਂ ਹੋਏ, ਪਰ ਕਾਲੇ ਧਨ ਨੂੰ ਟਰੇਸ ਕਰਨ ਜਾਂ ਵਾਪਸ ਲਿਆਉਣ ਵਿੱਚ ਕੋਈ ਵੱਡੀ ਸਫਲਤਾ ਨਹੀਂ ਮਿਲੀ।
ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਇਸ ਮੁੱਦੇ ’ਤੇ ਸਿਰਫ਼ ਜੁਮਲੇਬਾਜ਼ੀ ਕੀਤੀ, ਜਦਕਿ ਅਮੀਰ ਲੋਕਾਂ ਦਾ ਪੈਸਾ ਸਵਿਸ ਬੈਂਕਾਂ ਵਿੱਚ ਸੁਰੱਖਿਅਤ ਰੱਖਿਆ ਜਾ ਰਿਹਾ ਹੈ।ਕਾਂਗਰਸ ਅਨੁਸਾਰ ਸਵਿਸ ਬੈਂਕਾਂ ਵਿੱਚ ਭਾਰਤੀਆਂ ਦਾ ਪੈਸਾ ਤਿੰਨ ਗੁਣਾ ਵਧਣਾ ਸਰਕਾਰ ਦੀ ਨਾਕਾਮੀ ਦਰਸਾਉਂਦਾ ਹੈ।
ਸਵਿਸ ਨੈਸ਼ਨਲ ਬੈਂਕ ਦੀ 2024 ਦੀ ਰਿਪੋਰਟ ਮੁਤਾਬਕ, ਸਵਿਸ ਬੈਂਕਾਂ ’ਚ ਭਾਰਤੀਆਂ ਦੀ ਜਮ੍ਹਾਂ ਰਕਮ 3.53 ਅਰਬ ਸਵਿਸ ਫਰੈਂਕ (ਕਰੀਬ 37,600 ਕਰੋੜ ਰੁਪਏ) ਹੈ। ਇਹ 2014 ਦੇ 1.22 ਅਰਬ ਸਵਿਸ ਫਰੈਂਕ (ਕਰੀਬ 12,000 ਕਰੋੜ ਰੁਪਏ) ਨਾਲੋਂ ਤਿੰਨ ਗੁਣਾ ਜ਼ਿਆਦਾ ਹੈ। ਇਸ ਵਿੱਚ ਵਿਅਕਤੀਆਂ, ਕੰਪਨੀਆਂ ਅਤੇ ਟਰੱਸਟਾਂ ਦੀਆਂ ਜਮ੍ਹਾਂ ਰਕਮਾਂ ਸਮੇਤ ਸਾਰੇ ਤਰ੍ਹਾਂ ਦੇ ਖਾਤੇ ਸ਼ਾਮਲ ਹਨ। ਪਰ ਸਰਕਾਰ ਇਸ ਨੂੰ ਕਾਲਾ ਧਨ ਮੰਨਣ ਲਈ ਤਿਆਰ ਨਹੀਂ।
ਵਿੱਤ ਮੰਤਰਾਲੇ ਦਾ ਕਹਿਣਾ ਹੈ ਕਿ ਇਹ ਪੈਸਾ ਕਾਨੂੰਨੀ ਨਿਵੇਸ਼ ਅਤੇ ਵਪਾਰਕ ਗਤੀਵਿਧੀਆਂ ਕਾਰਨ ਵਧਿਆ ਹੈ। ਹਾਲਾਂਕਿ, ਵਿਰੋਧੀ ਪਾਰਟੀਆਂ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵਿੱਚ ਵੱਡਾ ਹਿੱਸਾ ਕਾਲੇ ਧਨ ਦਾ ਹੋ ਸਕਦਾ ਹੈ, ਜਿਸ ਨੂੰ ਸਰਕਾਰ ਟਰੇਸ ਨਹੀਂ ਕਰ ਸਕੀ। ਸਵਿਸ ਬੈਂਕਾਂ ਦੀ ਗੁਪਤਤਾ ਨੀਤੀ ਕਾਰਨ ਸਹੀ ਅੰਕੜੇ ਜਾਣਨਾ ਮੁਸ਼ਕਲ ਹੈ, ਪਰ ਸੂਚਨਾ ਸਾਂਝੀ ਕਰਨ ਦੇ ਸਮਝੌਤੇ ਨੇ ਕੁਝ ਪਾਰਦਰਸ਼ਤਾ ਜ਼ਰੂਰ ਵਧਾਈ ਹੈ।
ਦੂਜੇ ਪਾਸੇ, ਸਰਕਾਰ ਅਤੇ ਭਾਜਪਾ ਦਾ ਕਹਿਣਾ ਹੈ ਕਿ ਸਵਿਸ ਬੈਂਕਾਂ ਵਿੱਚ ਵਧਿਆ ਪੈਸਾ ਅਰਥਵਿਵਸਥਾ ਦੀ ਮਜ਼ਬੂਤੀ ਅਤੇ ਵਿਦੇਸ਼ੀ ਨਿਵੇਸ਼ ਦਾ ਨਤੀਜਾ ਹੈ। ਉਹ ਸੂਚਨਾ ਸਾਂਝੀ ਕਰਨ ਦੇ ਸਮਝੌਤਿਆਂ ਨੂੰ ਆਪਣੀ ਸਫਲਤਾ ਦੱਸਦੇ ਹਨ, ਜਿਸ ਨਾਲ ਜਮ੍ਹਾਂ ਰਕਮਾਂ ਦੀ ਜਾਣਕਾਰੀ ਮਿਲਣ ਲੱਗੀ ਹੈ ਪਰ ਕਾਲੇ ਧਨ ਨੂੰ ਵਾਪਸ ਲਿਆਉਣ ਦੇ ਮੁੱਦੇ ’ਤੇ ਉਹ ਚੁੱਪ ਹਨ।