ਮੋਬਾਇਲ ਫੋਨ ਦਾ ਜ਼ਿੰਦਗੀ ’ਤੇ ਪ੍ਰਭਾਵ

In ਮੁੱਖ ਲੇਖ
November 07, 2024
ਦੂਰ ਸੰਚਾਰ ਦੇ ਖੇਤਰ ਵਿਚ ਮੋਬਾਇਲ ਫੋਨ ਮਨੁੱਖੀ ਜ਼ਿੰਦਗੀ ਵਿੱਚ ਇੱਕ ਅਜਿਹਾ ਮੀਲ ਪੱਥਰ ਸਾਬਿਤ ਹੋਇਆ ਹੈ ਜਿਸ ਤੋਂ ਬਿਨਾਂ ਅੱਜ ਕੱਲ੍ਹ ਜ਼ਿੰਦਗੀ ਅਧੂਰੀ ਮਹਿਸੂਸ ਹੁੰਦੀ ਹੈ। ਮੋਬਾਇਲ ਫੋਨ ਅਤੇ ਇੰਟਰਨੈੱਟ ਦੀ ਖੋਜ ਨੇ ਸੰਸਾਰ ਨੂੰ ਇੱਕ ਗਲੋਬਲ ਪਿੰਡ ਦਾ ਰੂਪ ਦੇ ਦਿੱਤਾ ਹੈ। ਇਹ ਮਨੁੱਖ ਦੀ ਜ਼ਿੰਦਗੀ ਨੂੰ ਬਦਲ ਦੇਣ ਵਾਲੀ ਇੱਕ ਅਜਿਹੀ ਲਾਹੇਵੰਦ ਤਕਨੀਕ ਹੈ, ਜਿਸ ਦੀ ਸਹਾਇਤਾ ਨਾਲ ਇੱਕ ਆਦਮੀ ਆਪਣੇ ਘਰ ਬੈਠ ਕੇ ਸਾਰੀ ਦੁਨੀਆ ਦੇ ਹਰੇਕ ਖੇਤਰ ਦੀ ਜਾਣਕਾਰੀ ਹਾਸਿਲ ਕਰ ਸਕਦਾ ਹੈ। ਇਸ ਤਕਨੀਕ ਨੇ ਦੂਰ ਦੁਰਾਡੇ ਰਹਿੰਦੇ ਆਪਣਿਆਂ ਨਾਲ ਇੰਨੀਆਂ ਨੇੜਤਾਵਾਂ ਵਧਾਈਆਂ ਕਿ ਲੱਖਾਂ ਮੀਲਾਂ ’ਤੇ ਰਹਿੰਦੇ ਰਿਸ਼ਤੇਦਾਰਾਂ, ਸੱਜਣਾਂ ਮਿੱਤਰਾਂ ਨੂੰ ਇੱਕ ਦੂਜੇ ਦੇ ਰੂ-ਬ-ਰੂ ਹੋ ਕੇ ਗੱਲਬਾਤ ਕਰਨ ਅਤੇ ਦੁੱਖ-ਸੁੱਖ ਪੁੱਛਣ ਦਾ ਅਵਸਰ ਪ੍ਰਦਾਨ ਕਰ ਦਿੱੱਤਾ। ਮੋਬਾਇਲ ਫੋਨ ਅਤੇ ਇੰਟਰਨੈੱਟ ਦੀ ਖੋਜ ਨੇ ਇਨਸਾਨ ਲਈ ਗਾਗਰ ਵਿੱਚ ਸਾਗਰ ਦਾ ਕੰਮ ਕੀਤਾ ਅਤੇ ਇਨਸਾਨ ਦੀਆਂ ਕਈ ਜ਼ਰੂਰਤਾਂ ਇੱਕ ਛੋਟੇ ਜਿਹੇ ਯੰਤਰ ਨੇ ਪੂਰੀਆਂ ਕਰ ਦਿੱਤੀਆਂ ਜਿਵੇਂ ਘੜੀ, ਟਾਰਚ, ਕੈਮਰਾ, ਕੈਲਕੂਲੇਟਰ, ਕੈਲੰਡਰ, ਰੇਡੀਓ, ਟੈਲੀਵਿਜ਼ਨ ਭਾਵ ਇਲੈਕਟ੍ਰੌਨਿਕ ਅਤੇ ਪ੍ਰਿੰਟ ਮੀਡੀਆ, ਗੀਤ-ਸੰਗੀਤ ਅਤੇ ਹਰ ਤਰ੍ਹਾਂ ਦਾ ਮਨੋਰੰਜਨ ਆਦਿ। ਇੱਥੇ ਹੀ ਬਸ ਨਹੀਂ ਇੰਟਰਨੈੱਟ ਦੀ ਮਦਦ ਨੇ ਤਾਂ ਦੇਸ਼ ਵਿਦੇਸ਼ ਦੀ ਹਰ ਸਮੱਗਰੀ ਅਤੇ ਬੈਂਕਾਂ ਵਿੱਚ ਜਮ੍ਹਾਂ ਉਸਦੇ ਪੈਸੇ ਨੂੰ ਵੀ ਇਨਸਾਨ ਦੀ ਜੇਬ ਵਿੱਚ ਪਾ ਦਿੱਤਾ ਹੈ। ਇਹ ਅਮੀਰ ਲੋਕਾਂ ਤੋਂ ਮਿਡਲ ਕਲਾਸ ਅਤੇ ਫਿਰ ਹੌਲੀ-ਹੌਲੀ ਗ਼ਰੀਬ ਲੋਕਾਂ ਤਕ ਸਫ਼ਰ ਕਰਦਾ ਹੋਇਆ ਅੱਜ ਹਰ ਇਕ ਇਨਸਾਨ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਅਤੇ ਜ਼ਰੂਰਤ ਦਾ ਸਾਧਨ ਬਣ ਗਿਆ ਹੈ। ਅੱਜ ਇਨਸਾਨ ਤਰ੍ਹਾਂ-ਤਰ੍ਹਾਂ ਦੇ ਪਕਵਾਨ, ਘਰੇਲੂ ਵਰਤੋਂ ਦਾ ਸਮਾਨ ਅਤੇ ਸੜਕ ਤੋਂ ਲੈ ਕੇ ਹਵਾਈ ਸਫ਼ਰ ਦੀਆਂ ਟਿਕਟਾਂ ਘਰ ਬੈਠੇ ਖ਼ਰੀਦ ਸਕਦਾ ਹੈ। ਇੱਥੋਂ ਤੱਕ ਕਿ ਰਸਤਾ ਵੀ ਮੋਬਾਇਲ ਪਾਸੋਂ ਪੁੱਛ ਸਫ਼ਰ ਕਰ ਸਕਦਾ ਹੈ। ਸਾਲ 2019 ਤੋਂ ਸ਼ੁਰੂ ਹੋਏ ਕਰੋਨਾ ਕਾਲ ਨੇ ਮੋਬਾਇਲ ਫੋਨ ਅਤੇ ਇੰਟਰਨੈੱਟ ਦੀ ਮਹੱਤਤਾ ਨੂੰ ਹੋਰ ਅਹਿਮੀਅਤ ਦੇ ਦਿੱਤੀ ਜਦੋਂ ਸਕੂਲ ਦੀਆਂ ਕਲਾਸਾਂ ਤੋਂ ਲੈ ਕੇ ਹਰੇਕ ਤਰ੍ਹਾਂ ਦੇ ਦਫਤਰੀ ਕੰਮਾਂ ਨੂੰ ਕਰਨ ਲਈ ਇਹ ਸਾਧਨ ਜ਼ਰੂਰੀ ਹੋ ਗਏ। ਆਪਣੇ ਬੱਚਿਆਂ ਦੇ ਭਵਿੱਖ ਦੀ ਖਾਤਰ ਨਾ ਚਾਹੁੰਦੇ ਹੋਏ ਵੀ ਮਾਪਿਆਂ ਨੇ ਅੱਲੜ ਉਮਰ ਦੇ ਬੱਚਿਆਂ ਦੇ ਹੱਥਾਂ ਵਿੱਚ ਸਮਾਰਟ ਫੋਨ ਫੜਾ ਦਿੱਤੇ। ਇਸ ਤਰ੍ਹਾਂ ਵਧੇ ਹੋਏ ਖਪਤਕਾਰਾਂ ਅਤੇ ਮੋਬਾਇਲ ਫੋਨਾਂ ਦੀ ਮੰਗ ਨੇ ਜਿੱਥੇ ਸਰਮਾਏਦਾਰ ਕੰਪਨੀਆਂ ਨੂੰ ਲੋੜਵੰਦਾਂ ਦਾ ਸ਼ੋਸ਼ਣ ਕਰ ਕੇ ਹੋਰ ਅਮੀਰ ਬਣਨ ਦਾ ਮੌਕਾ ਦਿੱਤਾ ਉੱਥੇ ਬੱਚੇ ਸਦਾ ਲਈ ਇਨ੍ਹਾਂ ਮੋਬਾਇਲ ਫੋਨਾਂ ਅਤੇ ਸੋਸ਼ਲ ਸਾਈਟਾਂ ਦੇ ਆਦੀ ਹੋ ਗਏ। ਅੱਜ ਬੱਚੇ ਹੀ ਨਹੀ ਸਗੋਂ ਹਰ ਉਮਰ ਦੇ ਵਿਅਕਤੀਆਂ ਲਈ ਫੋਨ ਇੱਕ ਨਸ਼ੇ ਵਾਂਗ ਹੋ ਗਿਆ ਅਤੇ ਇਹ ਨਸ਼ਾ ਘਰ ਵਿੱਚ ਦੁੱਧ ਚੁੰਘਦੇ ਬੱਚੇ ਤੋਂ ਸ਼ੁਰੂ ਹੋ ਜਾਂਦਾ ਹੈ ਜਦੋਂ ਮਾਂ ਆਪਣੇ ਰੋਂਦੇ ਬੱਚੇ ਨੂੰ ਚੁੱਪ ਕਰਾਉਣ ਲਈ ਖਿਲੋਣੇ ਦੀ ਜਗ੍ਹਾ ਵੀ ਮੋਬਾਇਲ ਫੋਨ ਉਸ ਦੇ ਹੱਥ ਵਿਚ ਫੜਾ ਦਿੰਦੀ ਹੈ। ਇਸ ਸੰਚਾਰ ਸਾਧਨ ਨੇ ਸਮਾਜ ਦੇ ਹਰ ਬਸ਼ਿੰਦੇ ਨੂੰ ਆਪਣਾ ਗੁਲਾਮ ਬਣਾ ਲਿਆ ਹੈ। ਪਰ ਇਸ ਦੇ ਸਾਰਥਿਕ ਨਤੀਜਿਆਂ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ’ਤੇ ਇਸਦਾ ਮਾਰੂ ਅਸਰ ਵੀ ਹੋਇਆ ਹੈ। ਇਸ ਯੁੱਗ ਪਲਟਾਊ ਖੋਜ ਨਾਲ ਉਹ ਨਸ਼ਿਆਂ ਦੇ ਵਪਾਰ ਤੋਂ ਲੈ ਕੇ ਅਸ਼ਲੀਲਤਾ ਭਰੇ ਪ੍ਰੋਗਰਾਮਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਬੈਠੀ। ਇਸ ਦੇ ਮਾਰੂ ਅਸਰ ਨੇ ਅੱਲ੍ਹੜ ਉਮਰ ਦੇ ਬੱਚਿਆਂ ਨੂੰ ਆਪਣੀ ਲਪੇਟ ਵਿੱਚ ਲੈ ਕੇ ਉਨ੍ਹਾਂ ਦੀ ਜ਼ਿੰਦਗੀ ਬਦ ਤੋ ਬਦਤਰ ਕਰ ਦਿੱਤੀ ਹੈ ਅਤੇ ਅੱਜ ਉਹ ਫਾਲਤੂ ਅਤੇ ਅਸ਼ਲੀਲਤਾ ਭਰਪੂਰ ਸਮੱਗਰੀ ਵੱਲ ਵੱਧ ਧਿਆਨ ਦੇ ਕੇ ਆਪਣਾ ਕੀਮਤੀ ਸਮਾਂ ਨਸ਼ਟ ਕਰ ਰਹੇ ਹਨ। ਜਿਸ ਦੇ ਨਤੀਜੇ ਸਰੀਰਕ ਅਤੇ ਅੱਖਾਂ ਦੀਆਂ ਅਨੇਕਾਂ ਬਿਮਾਰੀਆਂ ਤੋਂ ਇਲਾਵਾ ਸਮਾਜ ਵਿੱਚ ਫੈਲ ਰਹੀ ਅਰਾਜਕਤਾ ਅਤੇ ਵੱਧ ਰਹੇ ਅਪਰਾਧਾਂ ਦੇ ਰੂਪ ਵਿੱਚ ਸਭ ਦੇ ਸਾਹਮਣੇ ਹਨ। ਆਮ ਤੌਰ ’ਤੇ ਸਾਡਾ ਮਨੋਵਿਗਿਆਨ ਵੀ ਇਹ ਮੰਨਦਾ ਹੈ ਕਿ ਇਨਸਾਨ ਜੋ ਵੇਖਦਾ ਅਤੇ ਸੁਣਦਾ ਹੈ ਉਸ ਦੀ ਮਨੋਬਿਰਤੀ ਉਸ ਤਰ੍ਹਾਂ ਦੀ ਹੋ ਜਾਂਦੀ ਹੈ। ਸਮਾਜ ਵਿੱਚ ਕੋਈ ਅਪਰਾਧੀ ਜਨਮ ਤੋਂ ਨਹੀ ਹੁੰਦਾ ਸਗੋਂ ਉਸ ਦੀਆਂ ਮਾਨਸਿਕ ਅਤੇ ਸਮਾਜਿਕ ਪ੍ਰਸਥਿਤੀਆਂ ਜ਼ਿੰਮੇਵਾਰ ਹੁੰਦੀਆਂ ਹਨ। ਅੱਜ ਸਾਡੇ ਸਮਾਜ ਵਿੱਚ ਮੋਬਾਇਲ ਫੋਨ ਦੇ ਨਸ਼ੇ ਨੇ ਇੰਨਾ ਨਿਘਾਰ ਪੈਦਾ ਕਰ ਦਿੱਤਾ ਹੈ ਕਿ ਅੱਲ੍ਹੜ ਉਮਰ ਦੇ ਮੁੰਡੇ ਕੁੜੀਆਂ ਮੋਬਾਇਲ ਫੋਨਾਂ ਦੇ ਸਹਾਰੇ ਇਕ ਦੂਜੇ ਨਾਲ ਲੋੜ ਤੋਂ ਵੱਧ ਨੇੜਤਾ ਪੈਦਾ ਕਰ ਲੈਂਦੇ ਹਨ। ਫਿਰ ਇਹ ਮਾਪਿਆਂ ਦੀ ਇੱਜ਼ਤ ਨੂੰ ਕੱਖੋਂ ਹੌਲਾ ਕਰ ਕੇ ਘਰੋਂ ਭੱਜਦੇ ਸਮੇਂ ਆਪਣੇ ਭਵਿੱਖ ਦਾ ਵੀ ਖ਼ਿਆਲ ਨਹੀਂ ਕਰਦੇ। ਬਹੁਤ ਵਾਰ ਤਾਂ ਇਹ ਵੀ ਵੇਖਣ ਵਿੱਚ ਆਉਂਦਾ ਹੈ ਕਿ ਬੱੱਚਿਆਂ ਦੇ ਨਾਬਾਲਗ ਹੋਣ ਕਾਰਨ ਜਦੋਂ ਉਨ੍ਹਾਂ ਦਾ ਕਾਨੂੰਨੀ ਵਿਆਹ ਨਹੀ ਹੋ ਪਾਉਦਾ ਤਾਂ ਉਹ ਆਤਮ ਹੱਤਿਆ ਕਰਨ ਤੱਕ ਦਾ ਫੈਸਲਾ ਵੀ ਲੈ ਲੈਂਦੇ ਹਨ। ਸੋਸ਼ਲ ਮੀਡੀਆ ਦੀਆਂ ਕੁਝ ਮਹੱਤਵਪੂਰਨ ਸਾਈਟਾਂ ’ਤੇ ਹਰ ਉਮਰ ਦੇ ਮਰਦ, ਔਰਤਾਂ ਅਤੇ ਨੌਜਵਾਨਾਂ ਵੱਲੋਂ ਆਪਣੀ ਲੋਕਪ੍ਰਿਯਤਾ ਵਧਾਉਣ ਅਤੇ ਮਸ਼ਹੂਰੀ ਲਈ ਤਰ੍ਹਾਂ-ਤਰ੍ਹਾਂ ਦੇ ਵੀਡੀਓ ਅਤੇ ਹੋਰ ਪੋਸਟਾਂ ਪਾਈਆਂ ਜਾ ਰਹੀਆਂ ਹਨ। ੳੇੁਨ੍ਹਾਂ ਤੋਂ ਪਾਉਣ ਵਾਲਿਆਂ ਦੀ ਸੋਚ ਅਤੇ ਮਾਨਸਿਕਤਾ ਦਾ ਸਾਫ਼ ਪ੍ਰਗਟਾਵਾ ਹੋ ਰਿਹਾ ਹੈ ਕਿ ਅਸੀਂ ਕਿਸ ਰਸਤੇ ’ਤੇ ਜਾ ਰਹੇ ਹਾਂ। ਪੈਸੇ ਅਤੇ ਸਵਾਰਥ ਤੋਂ ਬਿਨਾਂ ਸਾਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਡੇ ਤੋਂ ਕੀ ਸੇਧ ਲੈਣਗੀਆਂ। ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਝੂਠੀ ਇਸ਼ਤਿਹਾਰਬਾਜ਼ੀ ਕਰ ਕੇ ਲੋਕਾਂ ਨੂੰ ਗੁਮਰਾਹ ਕਰਨਾ, ਜਾਅਲੀ ਆਈ ਡੀ. ਬਣਾ ਕੇ ਇੱਕ ਦੂਜੇ ਧਰਮਾਂ ਦਾ ਮਜ਼ਾਕ ਉਡਾਉਣਾ ਤੇ ਵੱਡੀਆਂ-ਵੱਡੀਆਂ ਗੱਡੀਆਂ, ਟਰੈਕਟਰ ਵਿਖਾ ਕੇ ਡਰਾਅ ਕੱਢਣ ਦੇ ਨਾਂ ’ਤੇ ਲੋਕਾਂ ਨਾਲ ਵੱਡੇ ਪੱਧਰ ’ਤੇ ਧੋਖਾਧੜੀ ਕੀਤੀ ਜਾ ਰਹੀ ਹੈ। ਸ਼ਾਤਰ ਦਿਮਾਗ਼ ਅਤੇ ਸ਼ਰਾਰਤੀ ਅਨਸਰਾਂ ਨੇ ਤਾਂ ਫੇਸਬੁੱਕ ਨੂੰ ਫੇਕਬੁੱਕ, ਠੇਸਬੁੱਕ ਅਤੇ ਹੇਟਬੁੱਕ ਬਣਾ ਦਿੱਤਾ ਹੈ। ਜਦ ਵੀ ਇਸ ਨੂੰ ਖੋਲ੍ਹੋ ਇਸ ’ਤੇ ਝੂਠੀਆਂ ਵੀਡੀਓਜ਼, ਪੋਸਟਾਂ ਅਤੇ ਇੱਥੋਂ ਤਕ ਕਿ ਗੁਰੂਆਂ, ਪੀਰਾਂ, ਭਗਤਾਂ, ਦੇਵੀ ਦੇਵਤਿਆਂ ਅਤੇ ਧਰਮ ਗ੍ਰੰਥਾਂ ਦੀਆਂ ਗ਼ਲਤ ਅਤੇ ਇਤਰਾਜ਼ਯੋਗ ਪੋਸਟਾਂ ਪਾ ਕੇ ਜਿੱਥੇ ਵੱਖ-ਵੱਖ ਧਰਮਾਂ, ਮਜ੍ਹਬਾਂ ਅਤੇ ਫ਼ਿਰਕਿਆਂ ਦੇ ਲੋਕਾਂ ਨੂੰ ਮਾਨਸਿਕ ਠੇਸ ਪਹੁੰਚਾਈ ਜਾਂਦੀ ਹੈ ੳੱੁਥੇ ਇਨ੍ਹਾਂ ਦੇ ਦਿਲਾਂ ਵਿਚ ਇਕ-ਦੂਜੇ ਪ੍ਰਤੀ ਨਫ਼ਰਤ ਪੈਦਾ ਕਰਨ ਅਤੇ ਦੰਗੇ-ਫਸਾਦ ਕਰਵਾਉਣ ਤੋਂ ਵੀ ਗੁਰੇਜ ਨਹੀਂ ਕੀਤਾ ਜਾਂਦਾ। ਅੱਜ ਮਾਂ-ਪਿਉ ਅਤੇ ਸਮਾਜ ਦੀ ਇੱਜ਼ਤ ਬਚਾਉਣ ਖਾਤਰ ਅੱਠਵੀਂ ਜਮਾਤ ਤੋਂ ਉੱਪਰ ਹਰੇਕ ਵਿਦਿਆਰਥੀ ਲਈ ਸੋਸ਼ਲ ਸਾਈਟਾਂ ਦੇ ਸਦਉਪਯੋਗ ਅਤੇ ਦੁਰਉਪਯੋਗ ਦੇ ਫ਼ਾਇਦੇ, ਨੁਕਸਾਨ ਦੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਬੱਚੇ ਦੇਸ਼ ਦਾ ਅਸਲੀ ਭਵਿੱਖ ਬਣ ਸਕਣ। • -ਜਸਪਾਲ ਸਿੰਘ ਰੰਧਾਵਾ

Loading