ਮੌਲ ਨੇ ਖਾ ਲਿਆ ਮੇਲਿਆਂ ਦੀ ਰੌਣਕ ਨੂੰ

In ਖਾਸ ਰਿਪੋਰਟ
July 11, 2025

ਮੇਲਾ ਸ਼ਬਦ ਮੇਲ ਤੋਂ ਨਿਕਲਿਆ ਹੈ ਜਿਸ ਦਾ ਅਰਥ ਹੈ ਮਿਲਣਾ। ਪੁਰਾਣੇ ਸਮੇਂ ਵਿੱਚ ਮੇਲਾ ਲੋਕਾਂ ਦੇ ਮਿਲਣ ਗਿਲਣ ਦਾ ਇੱਕ ਜ਼ਰੀਆ ਹੁੰਦਾ ਸੀ। ਮੇਲਿਆਂ ਵਿੱਚ ਪੰਜਾਬੀ ਜੀਵਨ ਅਤੇ ਸੱਭਿਆਚਾਰ ਦੇ ਦਰਸ਼ਨ ਹੁੰਦੇ ਹਨ। ਮੇਲਿਆਂ ਵਿੱਚ ਸਮਾਜ ਦਾ ਜੀਵਨ ਧੜਕਦਾ ਹੈ। ਮੇਲਿਆਂ ਦਾ ਸਬੰਧ ਸਾਡੇ ਇਤਿਹਾਸ ਤੇ ਧਾਰਮਿਕ ਵਿਰਸੇ ਨਾਲ ਹੈ। ਪੰਜਾਬ ਮੇਲਿਆਂ ਦੀ ਧਰਤੀ ਹੈ ਇੱਥੇ ਲਗਪਗ ਹਰ ਮਹੀਨੇ ਵੱਖ-ਵੱਖ ਤਰ੍ਹਾਂ ਦੇ ਮੇਲੇ ਲੱਗਦੇ ਹਨ। ਇੱਕ ਮੇਲੇ ਵਿੱਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਦੇਖੀਆਂ ਜਾ ਸਕਦੀਆਂ ਹਨ ਅਤੇ ਇਥੇ ਕਈ ਤਰ੍ਹਾਂ ਦੀਆਂ ਦੁਕਾਨਾਂ ਅਤੇ ਮਨੋਰੰਜਨ ਦੇ ਸਾਧਨ ਹੁੰਦੇ ਹਨ।
ਪੰਜਾਬ ’ਚ ਹਰ ਥਾਂ ਮੇਲੇ ਲੱਗਦੇ ਹਨ, ਜੋ ਜ਼ਿਆਦਾਤਰ ਧਾਰਮਿਕ ਹੁੰਦੇ ਹਨ ਪਰ ਕੁਝ ਪਸ਼ੂ, ਵਪਾਰ ਅਤੇ ਖੇਤੀਬਾੜੀ ਮੇਲਿਆਂ ਦੇ ਨਾਲ-ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਵੀ ਮੇਲੇ ਲਗਾਏ ਜਾਂਦੇ ਹਨ। ਪੰਜਾਬ ਦੇ ਕੁਝ ਪ੍ਰਮੁੱਖ ਮੇਲੇ ਜਿਨ੍ਹਾਂ ਵਿੱਚ ਵਿਸਾਖੀ ਦਾ ਮੇਲਾ, ਜਰਗ ਦਾ ਮੇਲਾ, ਛਪਾਰ ਦਾ ਮੇਲਾ, ਮਾਘੀ ਦਾ ਮੇਲਾ, ਜਗਰਾਓਂ ਰੌਸ਼ਨੀ ਦਾ ਮੇਲਾ, ਹੈਦਰ ਸ਼ੇਖ ਦਾ ਮੇਲਾ, ਅਨੰਦਪੁਰ ਹੋਲੇ-ਮਹੱਲੇ ਦਾ ਮੇਲਾ, ਬਾਬਾ ਫ਼ਰੀਦ ਦਾ ਮੇਲਾ, ਬਾਬਾ ਸੋਢਲ ਦਾ ਮੇਲਾ ਤੇ ਕੁਝ ਹੋਰ ਮੇਲੇ ਸ਼ਾਮਿਲ ਹਨ।
ਵਿਸਾਖੀ ਦਾ ਮੇਲਾ ਪੰਜਾਬ ਵਿੱਚ 13 ਅਪ੍ਰੈਲ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪੰਜਾਬ ਵਿਚ ਇਸ ਦਿਨ ਕਣਕ ਦੀ ਫ਼ਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਇਸ ਦਿਨ ਤੋਂ ਹੀ ਇਸ ਦੀ ਕਟਾਈ ਸ਼ੁਰੂ ਹੁੰਦੀ ਹੈ। ਵਿਸਾਖੀ ਦੇ ਇਸ ਮੇਲੇ ਬਾਰੇ ਪੰਜਾਬ ਦੇ ਪ੍ਰਸਿੱਧ ਕਵੀ ਸ੍ਰੀ ਧਨੀ ਰਾਮ ਚਾਤ੍ਰਿਕ ਨੇ ਬਹੁਤ ਸੋਹਣੀਆਂ ਸਤਰਾਂ ਲਿਖੀਆਂ ਹਨ-
ਤੂੜੀ ਤੰਦ ਹਾੜੀ ਸਭ ਵੇਚ ਵੱਟ ਕੇ,
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਕੱਛੇ ਮਾਰ ਵੰਝਲੀ ਅਨੰਦ
ਛਾ ਗਿਆ,
ਮਾਰਦਾ ਦਮਾਮੇ ਜੱਟ ਮੇਲੇ
ਆ ਗਿਆ।
ਜਰਗ ਦਾ ਮੇਲਾ ਵੀ ਬਹੁਤ ਪ੍ਰਸਿੱਧ ਮੇਲਾ ਹੈ। ਇਹ ਮੇਲਾ ਜਰਗ ਪਿੰਡ ਵਿੱਚ ਮਾਤਾ ਸ਼ੀਤਲਾ ਦੇ ਮੰਦਿਰ ’ਤੇ ਲੱਗਦਾ ਹੈ। ਚੇਤ ਦੇ ਨਰਾਤਿਆਂ ਵਿੱਚ ਮੰਗਲਵਾਰ ਦੀ ਸਵੇਰ ਨੂੰ ਗੁਲਗੁਲੇ ਪਕਾ ਕੇ ਇੱਕ ਰਾਤ ਰੱਖੇ ਜਾਂਦੇ ਹਨ। ਦੂਜੇ ਦਿਨ ਸਵੇਰੇ ਮਾਤਾ ਰਾਣੀ ਦੀ ਪੂਜਾ ਕਰਨ ਪਿੱਛੋਂ ਇਹ ਪ੍ਰਸ਼ਾਦ ਪਹਿਲਾਂ ਖੋਤੇ ਨੂੰ ਖੁਆਇਆ ਜਾਂਦਾ ਹੈ ਤੇ ਫਿਰ ਬਾਕੀ ਸਭ ਵਿੱਚ ਵੰਡਿਆ ਜਾਂਦਾ ਹੈ। ਮਾਤਾ ਰਾਣੀ ਦੀਆਂ ਭੇਟਾ ਗਾ ਕੇ ਲੋਕ ਅਨੰਦ ਮਾਣਦੇ ਹਨ ਤੇ ਝਿਊਰਾਂ ਨੂੰ ਮਾਤਾ ਰਾਣੀ ਦੇ ਪ੍ਰਸ਼ਾਦ ਦਾ ਹੱਕਦਾਰ ਸਮਝਿਆ ਜਾਂਦਾ ਹੈ। ਇਸ ਮੇਲੇ ਬਾਰੇ ਕਿਸੇ ਕਵੀ ਨੇ ਲਿਖਿਆ ਹੈ:“ਚੱਲ ਚੱਲੀਏ ਜਰਗ ਦੇ ਮੇਲੇ, ਮੁੰਡਾ ਤੇਰਾ ਮੈਂ ਚੁੱਕ ਲਊਂ।”
ਮਾਲਵੇ ਦੇ ਸਾਰੇ ਮੇਲਿਆਂ ਵਿਚੋਂ ਛਪਾਰ ਦਾ ਮੇਲਾ ਬਹੁਤ ਪ੍ਰਸਿੱਧ ਹੈ। ਇਹ ਮੇਲਾ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਛਪਾਰ ਵਿੱਚ ਲੱਗਦਾ ਹੈ। ਕਈ ਸ਼ਰਧਾਲੂ ਉਸ ਸਮੇਂ ਤੱਕ ਕੁਝ ਨਹੀਂ ਖਾਂਦੇ, ਜਿੰਨੀ ਦੇਰ ਉਹ ਗੁੱਗੇ ਦੀ ਮੜ੍ਹੀ ’ਤੇ ਜਾ ਕੇ ਉੱਥੋਂ ਦੀ ਮਿੱਟੀ ਨਾ ਕੱਢ ਲੈਣ।
ਮਾਘੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਲੱਗਦਾ ਹੈ। ਮਾਘੀ ਵਾਲੇ ਦਿਨ ਲੋਕ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ। ਜਗਰਾਓਂ ਵਿਖੇ ਰੌਸ਼ਨੀ ਦਾ ਮੇਲਾ 14,15,16 ਫੱਗਣ ਨੂੰ ਲੱਗਦਾ ਹੈ। ਇਹ ਪੰਜਾਬ ਦਾ ਸਭ ਤੋਂ ਪੁਰਾਣਾ ਤੇ ਇਤਿਹਾਸਿਕ ਮੇਲਾ ਹੈ। ਇਸ ਮੇਲੇ ਵਿੱਚ ਕਬੱਡੀ ਦੇ ਘੋਲ, ਨਚਾਰਾਂ ਦੇ ਮੁਕਾਬਲੇ ਤੇ ਵਿਰਾਸਤੀ ਖੇਡਾਂ ਕਰਵਾਈਆਂ ਜਾਂਦੀਆਂ ਹਨ। ਹੈਦਰ ਸ਼ੇਖ ਦਾ ਮੇਲਾ ਮਲੇਰਕੋਟਲੇ ਵਿੱਚ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਹ ਮੇਲਾ ਇਕਾਦਸ਼ੀ ਤੋਂ ਇੱਕ ਦਿਨ ਪਹਿਲਾਂ ਹੈਦਰ ਸ਼ੇਖ ਦੇ ਮਕਬਰੇ ’ਤੇ ਸ਼ੁਰੂ ਹੁੰਦਾ ਹੈ। ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦਾ ਮੇਲਾ ਪੰਜਾਬ ਵਿੱਚ ਬਹੁਤ ਪ੍ਰਸਿੱਧ ਹੈ। ਇਹ ਮੇਲਾ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਲੱਗਦਾ ਹੈ। ਇਹ ਮੇਲਾ ਦੇਸ਼-ਵਿਦੇਸ਼ ਵਿੱਚ ਰਹਿੰਦੇ ਸਿੱਖਾਂ ਲਈ ਖ਼ਾਸ ਮਹੱਤਵ ਰੱਖਦਾ ਹੈ। ਇਸ ਮੇਲੇ ਵਿੱਚ ਨਿਹੰਗ-ਸਿੰਘ ਬੜੇ ਉਤਸ਼ਾਹ ਨਾਲ ਪਹੁੰਚਦੇ ਹਨ ਅਤੇ ਕੌਤਕ ਵਿਖਾਉਂਦੇ ਹਨ।
ਬਾਬਾ ਫ਼ਰੀਦ ਜੀ ਦੀ ਯਾਦ ਵਿੱਚ ਫ਼ਰੀਦਕੋਟ ਵਿਖੇ ਬਾਬਾ ਫ਼ਰੀਦ ਜੀ ਦਾ ਮੇਲਾ ਲੱਗਦਾ ਹੈ। ਇਹ ਮੇਲਾ 19 ਸਤੰਬਰ ਤੋਂ 23 ਸਤੰਬਰ ਤੱਕ ਲੱਗਦਾ ਹੈ। ਮੇਲੇ ਵਿੱਚ ਸੂਫ਼ੀ ਕਲਾਕਾਰ ਆਪਣੀ ਕਲਾਕਾਰੀ ਪੇਸ਼ ਕਰਦੇ ਹਨ। ਇਸ ਮੇਲੇ ਵਿੱਚ ਵੱਖ-ਵੱਖ ਪ੍ਰਕਾਰ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ। ਮੇਲੇ ਦੇ ਆਖ਼ਰੀ ਦਿਨ ਵਿਸ਼ਾਲ ਨਗਰ ਕੀਰਤਨ ਕੱਢਿਆ ਜਾਂਦਾ ਹੈ। ਬਾਬਾ ਸੋਢਲ ਦਾ ਮੇਲਾ ਜਲੰਧਰ ਵਿਖੇ ਲੱਗਦਾ ਹੈ। ਪੰਜਾਬ ਦੇ ਮੇਲਿਆਂ ਤੋਂ ਇਲਾਵਾ ਕੌਮੀ ਪੱਧਰ ਦੇ ਮੇਲਿਆਂ ਜਿਵੇਂ ਰਾਮਨੌਮੀ ਦਾ ਮੇਲਾ ਜਨਮ ਅਸ਼ਟਮੀ ਦਾ ਮੇਲਾ ਅਤੇ ਦੁਸਹਿਰਾ ਮੇਲਾ ਆਦਿ ਵਿੱਚ ਵੀ ਲੋਕ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।
ਲੋਕਾਂ ਨੂੰ ਆਕਰਸ਼ਿਤ ਕਰਦੇ ਸਨ ਮੇਲੇ
ਪੁਰਾਣੇ ਸਮੇਂ ਵਿੱਚ ਮੇਲਾ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਨੂੰ ਆਕਰਸ਼ਿਤ ਕਰਨ ਵਾਲਾ ਅਤੇ ਬਹੁਤ ਹੀ ਉਡੀਕਿਆ ਜਾਣ ਵਾਲਾ ਸਮਾਗਮ ਹੁੰਦਾ ਸੀ। ਅੱਜ ਦੇ ਤਕਨੀਕੀ ਯੁੱਗ ਵਿੱਚ ਮੇਲਿਆਂ ਦੀ ਥਾਂ ‘ਮੌਲ’ ਨੇ ਲੈ ਲਈ ਹੈ ਜਾਂ ਫਿਰ ਇਹ ਕਹਿ ਲਈਏ ਕਿ ‘ਮੌਲ ਨੇ ਮੇਲਿਆਂ ਨੂੰ ਖਾ ਲਿਆ ਹੈ।’ ਅੱਜ ਮਨੁੱਖ ਆਪਣੀ ਨਵੀਨਤਾਕਾਰੀ ਤੇ ਉਪਯੋਗਤਾ-ਅਧਾਰਿਤ ਜੀਵਨ ਸ਼ੈਲੀ ਵਿੱਚ ਮਾਣ ਮਹਿਸੂਸ ਕਰਦਾ ਹੈ ਅਤੇ ਨਵੀਆਂ ਚੀਜ਼ਾਂ ਬਣਾਉਣ ਲਈ ਤਕਨਾਲੋਜੀ ਦੀ ਵਰਤੋਂ ਕਰ ਰਿਹਾ ਹੈ ਜੋ ਨਾ ਸਿਰਫ਼ ਉਪਯੋਗੀ ਹਨ ਤੇ ਸਾਡੀ ਸਹੂਲਤ ਵਿਚ ਵਾਧਾ ਕਰਨ ਵਾਲੀਆਂ ਹਨ, ਬਲਕਿ ਪ੍ਰਸੰਨ ਵੀ ਹਨ। ਸ਼ਾਇਦ ‘ਮਾਲ-ਕਲਚਰ’ ਆਧੁਨਿਕ ਜੀਵਨ ਸ਼ੈਲੀ ਦੀ ਅਜਿਹੀ ਹੀ ਕਾਢ ਹੈ। ਤੁਹਾਨੂੰ ਇੱਕ ਛੱਤ ਹੇਠ ਸਭ ਕੁਝ ਮਿਲਣ ਦੀ ਉਮੀਦ ਹੈ। ਤੁਹਾਡੀ ਰੋਜ਼ਾਨਾ ਲੋੜਾਂ ਤੁਹਾਡੇ ਬੱਚਿਆਂ ਲਈ ਕਰਿਆਨੇ, ਕਰੌਕਰੀ, ਖਿਡੌਣੇ ਤੇ ਖੇਡਾਂ, ਕਿਤਾਬਾਂ,ਰਸਾਲੇ, ਇਲੈਕਟ੍ਰਿਕ ਅਤੇ ਇਲੈਕਟ੍ਰਾਨਿਕ ਸਮਾਨ ਜਿਵੇਂ ਕਿ ਕੈਮਰੇ, ਮੋਬਾਈਲ ਆਦਿ।
ਵਪਾਰੀਆਂ ਨੂੰ ਨੁਕਸਾਨ
ਮੇਲੇ ਵਿੱਚ ਛੋਟੀ ਤੋਂ ਛੋਟੀ ਦੁਕਾਨ ਜਾਂ ਰੇਹੜ੍ਹੀ ਫੜੀ ਵਾਲਾ ਵੀ ਆਪਣੇ ਗੁਜ਼ਾਰੇ ਲਈ ਪੈਸੇ ਕਮਾ ਲੈਂਦਾ ਸੀ। ਇਹ ਲੋਕ ਮੇਲੇ ਲੱਗਣ ਦਾ ਇੰਤਜ਼ਾਰ ਕਰਦੇ ਸਨ। ਮੌਲ ਦੇ ਆਉਣ ਨਾਲ ਛੋਟੇ-ਛੋਟੇ ਵਪਾਰੀਆਂ ਨੂੰ ਵੀ ਨੁਕਸਾਨ ਹੋਇਆ ਹੈ ਕਿਉਂਕਿ ਮੌਲਾਂ ਦੀਆਂ ਦੁਕਾਨਾਂ ਦੇ ਕਿਰਾਏ ਹੀ ਏਨੇ ਜ਼ਿਆਦਾ ਹਨ ਕਿ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਮੇਲਿਆਂ ਨੇ ਸਾਡੇ ਲੋਕ ਨਾਚਾਂ ਨੂੰ ਵੀ ਜੀਵਤ ਰੱਖਿਆ ਸੀ ਕਿਉਂਕਿ ਮੇਲੇ ’ਚ ਨਾਚਾਰ, ਬਾਜ਼ੀਗਰ ਤੇ ਨਾਟਕੀਏ ਆਪਣੀ ਕਲਾ ਦੇ ਜੌਹਰ ਵਿਖਾ ਕੇ ਆਪਣੀ ਰੋਜ਼ੀ-ਰੋਟੀ ਕਮਾਉਾਂਦੇਸਨ। ਲੋਕਾਂ ਦਾ ਮਨੋਰੰਜਨ ਹੁੰਦਾ ਸੀ।
ਹੁਣ ਮੌਲ ਦੀ ਯਾਤਰਾ ਇੱਕ ਮਕਸਦ
ਪਹਿਲਾਂ ਲੋਕ ਮੰਨੋਰੰਜਨ ਲਈ ਮੇਲਿਆਂ ਵਿੱਚ ਜਾਂਦੇ ਸਨ ਪਰ ਹੁਣ ਮੌਲ ਦੀ ਯਾਤਰਾ ਇੱਕ ਮਕਸਦ ਨਾਲ ਹੁੰਦੀ ਹੈ। ਮੌਲ ਦੇ ਆਉਣ ਨਾਲ ਮੇਲੇ ਸਾਡੇ ਸਮਾਜ ਵਿਚੋਂ ਖ਼ਤਮ ਹੁੰਦੇ ਜਾ ਰਹੇ ਹਨ। ਇੱਕ ਸਮਾਂ ਸੀ ਜਦੋਂ ਲੋਕ ਮੇਲੇ ਲੱਗਣ ਦੀ ਉਡੀਕ ਅਤੇ ਚਾਅ ਕਰਿਆ ਕਰਦੇ ਸਨ। ਮੇਲਿਆਂ ਨੇ ਸਾਡੇ ਸੱਭਿਆਚਾਰ ਅਤੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਸੀ ਜਦੋਂਕਿ ਮੌਲ ਆਉਣ ਨਾਲ ਅੱਜ ਦੀ ਪੀੜ੍ਹੀ ਆਪਣੀਆਂ ਜੜ੍ਹਾਂ ਨਾਲੋਂ ਟੁੱਟਦੀ ਜਾ ਰਹੀ ਹੈ। ਮੌਲ ਵਿਚ ਸਾਰੀਆਂ ਸਹੂਲਤਾਂ ਤਾਂ ਮਿਲ ਜਾਂਦੀਆਂ ਹਨ ਪਰ ਮੇਲੇ ਜਿਹਾ ਅਨੰਦ ਅਤੇ ਨਜ਼ਾਰਾ ਨਹੀਂ ਮਿਲਦਾ।
ਮਨੋਰੰਜਨ ਦਾ ਸਾਧਨ
ਮੇਲੇ ਜਿੱਥੇ ਲੋਕਾਂ ਲਈ ਮਨੋਰੰਜਨ ਦਾ ਸਾਧਨ ਸਨ ਉੱਥੇ ਕਰਵਾਈਆਂ ਜਾਣ ਵਾਲੀਆਂ ਖੇਡਾਂ ਕਬੱਡੀ, ਕੁਸ਼ਤੀ ਤੇ ਰੱਸਾ-ਕਸ਼ੀ ਆਦਿ ਲੋਕਾਂ ਦੀ ਤੰਦਰੁਸਤੀ ਦਾ ਸਰੋਤ ਸਨ ਪਰ ਮੌਲ ਵਿੱਚ ਲੱਗੇ ਏਅਰ ਕੰਡੀਸ਼ਨਰ ਅੱਜਕੱਲ੍ਹ ਲੋਕਾਂ ਲਈ ਬਿਮਾਰੀ ਦਾ ਘਰ ਬਣਦੇ ਜਾ ਰਹੇ ਹਨ । ਮੇਲੇ ਲੋਕਾਂ ਦੇ ਭਾਈਚਾਰੇ ਨੂੰ ਵੀ ਕਾਇਮ ਰੱਖਦੇ ਸਨ ਕਿਉਂਕਿ ਮੇਲੇ ਵਿਚ ਪਿੰਡ ਜਾਂ ਸ਼ਹਿਰ ਦਾ ਹਰ ਇੱਕ ਬਸ਼ਿੰਦਾ ਜਾਂਦਾ ਸੀ। ਜਦਕਿ ਮੌਲ ਵਿੱਚ ਹਰ ਕੋਈ ਆਪਣੀ ਸਹੂਲਤ ਅਨੁਸਾਰ ਜਾਂਦਾ ਹੈ। ੍ਹ

-ਐੱਸ. ਕੇ. ਅਗਰਵਾਲ

Loading