ਮੱਧ-ਪੂਰਬ ਵਿਚ ਅੱਗ ਦੀ ਲਪਟਾਂ: ਇਜ਼ਰਾਈਲ-ਈਰਾਨ ਜੰਗ ਨੇ ਮਚਾਈ ਤਬਾਹੀ

In ਮੁੱਖ ਖ਼ਬਰਾਂ
June 17, 2025

ਮੱਧ-ਪੂਰਬ ਇੱਕ ਵਾਰ ਫਿਰ ਜੰਗ ਦੀ ਅੱਗ ਵਿੱਚ ਸੜ ਰਿਹਾ ਹੈ। ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੀ ਇਸ ਲੜਾਈ ਨੇ ਦੋਵਾਂ ਦੇਸ਼ਾਂ ਨੂੰ ਤਬਾਹੀ ਦੇ ਮੂੰਹ ਵਿੱਚ ਧੱਕ ਦਿੱਤਾ ਹੈ ਅਤੇ ਵਿਸ਼ਵ ਨੂੰ ਇੱਕ ਵੱਡੇ ਸੰਕਟ ਵੱਲ ਲਿਜਾ ਰਿਹਾ ਹੈ। ਤੇਲ ਅਵੀਵ ਅਤੇ ਹਾਈਫਾ ਵਿੱਚ ਈਰਾਨੀ ਮਿਜ਼ਾਈਲਾਂ ਨੇ ਇਮਾਰਤਾਂ ਨੂੰ ਮਲੀਆਮੇਟ ਕਰ ਦਿੱਤਾ, ਜਦਕਿ ਤਹਿਰਾਨ ਵਿੱਚ ਸੈਂਕੜੇ ਮੌਤਾਂ ਹੋਈਆਂ ਹਨ।

 ਇਜ਼ਰਾਈਲ ਦੀ ਹਵਾਈ ਫੌਜ ਨੇ ਈਰਾਨ ਦੇ ਸੈਨਿਕ ਅਤੇ ਪ੍ਰਮਾਣੂ ਠਿਕਾਣਿਆਂ ’ਤੇ ਹਮਲੇ ਕੀਤੇ, ਪਰ ਈਰਾਨ ਦਾ ਫੋਰਡੋ ਪ੍ਰਮਾਣੂ ਸੈਂਟਰ, ਜੋ ਪਹਾੜੀ ਗੁਫਾਵਾਂ ਵਿੱਚ ਛੁਪਿਆ ਹੈ, ਅਜੇ ਵੀ ਅਣਛੋਹਿਆ ਰਿਹਾ। ਇਹ ਜੰਗ, ਜੋ ਸਥਾਨਕ ਪੱਧਰ ’ਤੇ ਸ਼ੁਰੂ ਹੋਈ, ਹੁਣ ਵਿਸ਼ਵ ਜੰਗ ਦਾ ਰੂਪ ਲੈ ਸਕਦੀ ਹੈ। 

ਇਜ਼ਰਾਈਲ, ਮੱਧ-ਪੂਰਬ ਦਾ ਇਕੱਲਾ ਅਣਐਲਾਨਿਆ ਪ੍ਰਮਾਣੂ ਸ਼ਕਤੀਸ਼ਾਲੀ ਦੇਸ਼, ਨੇ ਬੀਤੇ ਦਿਨੀਂ ਈਰਾਨ ’ਤੇ ਹਮਲਾ ਕਰਕੇ ਆਪਣੇ ਲਈ ਇੱਕ ਵੱਡਾ ਖਤਰਾ ਸਹੇੜਿਆ ਹੈ। ਇਸ ਦਾ ਮੁੱਖ ਉਦੇਸ਼ ਸੀ ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਠੱਪ ਕਰਨਾ, ਜੋ ਇਜ਼ਰਾਈਲ ਦੀ ਸੁਰੱਖਿਆ ਲਈ ਖਤਰਾ ਮੰਨਿਆ ਜਾਂਦਾ ਹੈ। ਖਾਸ ਕਰਕੇ, ਕੋਮ ਸ਼ਹਿਰ ਵਿੱਚ ਸਥਿਤ ਫੋਰਡੋ ਪ੍ਰਮਾਣੂ ਸੈਂਟਰ, ਜੋ 90 ਮੀਟਰ ਡੂੰਘੀਆਂ ਪਹਾੜੀ ਗੁਫਾਵਾਂ ਵਿੱਚ ਬਣਿਆ ਹੈ, ਇਜ਼ਰਾਈਲ ਦਾ ਮੁੱਖ ਨਿਸ਼ਾਨਾ ਸੀ। ਇਜ਼ਰਾਈਲ ਨੇ ਈਰਾਨ ਦੇ ਰੱਖਿਆ ਮੰਤਰਾਲੇ, ਮਿਜ਼ਾਈਲ ਲਾਂਚ ਸਾਈਟਾਂ, ਹਵਾਈ ਸੁਰੱਖਿਆ ਪ੍ਰਣਾਲੀਆਂ ਅਤੇ ਹਥਿਆਰ ਨਿਰਮਾਣ ਫੈਕਟਰੀਆਂ ’ਤੇ ਨਿਸ਼ਾਨਾ ਸਾਧਿਆ।ਹਮਲਿਆਂ ਵਿੱਚ 9 ਸੀਨੀਅਰ ਪ੍ਰਮਾਣੂ ਵਿਗਿਆਨੀਆਂ ਅਤੇ ਇੰਜੀਨੀਅਰਾਂ ਦੀ ਮੌਤ ਦੀ ਪੁਸ਼ਟੀ ਹੋਈ , ਜਿਨ੍ਹਾਂ ਵਿੱਚ ਫਰੀਦੂਨ ਅੱਬਾਸੀ (ਸਾਬਕਾ ਮੁਖੀ, ਈਰਾਨ ਦੀ ਐਟੋਮਿਕ ਐਨਰਜੀ ਆਰਗੇਨਾਈਜ਼ੇਸ਼ਨ), ਮੁਹੰਮਦ ਮਹਿਦੀ ਤਹਿਰਾਨਚੀ, ਅਤੇ ਅਬਦੁਲ ਹਮੀਦ ਮਿਨੂਚੇਹਰ ਸ਼ਾਮਲ ਹਸਨ ਸਨ। ਇਸ ਤੋਂ ਇਲਾਵਾ, 20 ਸੀਨੀਅਰ ਫੌਜੀ ਅਧਿਕਾਰੀ ਮਾਰੇ ਗਏ, ਜਿਨ੍ਹਾਂ ਵਿੱਚ ਮੁਹੰਮਦ ਬਾਘੇਰੀ (ਈਰਾਨੀ ਸੈਨਿਕ ਬਲਾਂ ਦੇ ਚੀਫ ਆਫ ਸਟਾਫ) ਅਤੇ ਹੁਸੈਨ ਸਲਾਮੀ (ਆਈਆਰਜੀਸੀ ਦੇ ਕਮਾਂਡਰ-ਇਨ-ਚੀਫ) ਪ੍ਰਮੁੱਖ ਸਨ।

 ਈਰਾਨ ਦੇ ਸਿਹਤ ਮੰਤਰਾਲੇ ਅਨੁਸਾਰ, 224 ਲੋਕ ਮਾਰੇ ਗਏ, ਜਿਨ੍ਹਾਂ ਵਿੱਚ 90% ਸਿਵਿਲੀਅਨ ਸਨ, ਅਤੇ 1,481 ਜ਼ਖਮੀ ਹੋਏ। ਇਨ੍ਹਾਂ ਵਿੱਚ 70 ਔਰਤਾਂ ਅਤੇ ਬੱਚੇ ਸ਼ਾਮਲ ਸਨ, ਜਦਕਿ 10 ਬੱਚੇ ਮਲਬੇ ਹੇਠ ਲਾਪਤਾ ਸਨ।ਇਜ਼ਰਾਈਲ ਦੀ ਇਸ ਕਾਰਵਾਈ ਦਾ ਮਕਸਦ ਈਰਾਨ ਦੀ ਸੈਨਿਕ ਅਤੇ ਵਿਗਿਆਨਕ ਸਮਰੱਥਾ ਨੂੰ ਕਮਜ਼ੋਰ ਕਰਨਾ ਸੀ। ਪਰ, ਫੋਰਡੋ ਸੈਂਟਰ, ਜੋ ਐਸ-300 ਹਵਾਈ ਸੁਰੱਖਿਆ ਪ੍ਰਣਾਲੀਆਂ, ਇਲੈਕਟ੍ਰੋਨਿਕ ਜੈਮਿੰਗ, ਅਤੇ ਮਲਟੀ-ਲੇਅਰ ਸ਼ੀਲਡ ਨਾਲ ਸੁਰੱਖਿਅਤ ਹੈ, ਨੁਕਸਾਨ ਤੋਂ ਬਚ ਗਿਆ। ਇਜ਼ਰਾਈਲ ਦੇ ਜੀਬੀਯੂ-28 ਅਤੇ ਜੀਬੀਯੂ-31 ਬੰਕਰ ਬਸਟਰ ਬੰਬ, ਜੋ 6-10 ਮੀਟਰ ਕੰਕਰੀਟ ਨੂੰ ਭੇਦ ਸਕਦੇ ਹਨ, ਫੋਰਡੋ ਦੀਆਂ ਮਜ਼ਬੂਤ ਕੰਧਾਂ ਅੱਗੇ ਅਸਫਲ ਰਹੇ। ਸਿਰਫ ਅਮਰੀਕਾ ਦਾ ਜੀਬੀਯੂ-57 ਮੈਸਿਵ ਆਰਡਨੈਂਸ ਪੈਨੀਟ੍ਰੇਟਰ, ਜੋ 61 ਮੀਟਰ ਕੰਕਰੀਟ ਨੂੰ ਤੋੜ ਸਕਦਾ ਹੈ, ਇਸ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਪਰ ਅਮਰੀਕਾ ਨੇ ਸਿੱਧੀ ਜੰਗ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ।

ਈਰਾਨ ਦੀ ਜਵਾਬੀ ਕਾਰਵਾਈ:

 ਈਰਾਨ ਨੇ ਇਜ਼ਰਾਈਲੀ ਹਮਲਿਆਂ ਦਾ ਜਵਾਬ “ਆਪਰੇਸ਼ਨ ਟਰੂ ਪ੍ਰੌਮਿਸ III” ਨਾਲ ਦਿੱਤਾ। ਇਸ ਨੇ ਤੇਲ ਅਵੀਵ, ਹਾਈਫਾ, ਅਤੇ ਪੇਟਾ ਟਿਕਵਾ ’ਤੇ ਸੈਂਕੜੇ ਬੈਲਿਸਟਿਕ ਅਤੇ ਹਾਈਪਰਸੋਨਿਕ ਮਿਜ਼ਾਈਲਾਂ ਦਾਗੀਆਂ। ਤੇਲ ਅਵੀਵ, ਇਜ਼ਰਾਈਲ ਦੀ ਆਰਥਿਕ ਰਾਜਧਾਨੀ, ਅੱਗ ਦੇ ਗੋਲਿਆਂ ਵਿੱਚ ਘਿਰ ਗਈ। ਰੱਖਿਆ ਮੰਤਰਾਲੇ ਦੇ ਮੁੱਖ ਦਫਤਰ ਨੇੜੇ ਅੱਗ ਲੱਗੀ, ਨਵਤਿਮ ਹਵਾਈ ਅੱਡੇ ’ਤੇ ਮਿਜ਼ਾਈਲਾਂ ਡਿੱਗੀਆਂ, ਅਤੇ ਹਾਈਫਾ ਦੀ ਬਜ਼ਾਨ ਤੇਲ ਰਿਫਾਈਨਰੀ ਪੂਰੀ ਤਰ੍ਹਾਂ ਤਬਾਹ ਹੋ ਗਈ। ਹਾਈਫਾ, ਜੋ ਇਜ਼ਰਾਈਲ ਦਾ ਸਮੁੰਦਰੀ ਅਤੇ ਵਪਾਰਕ ਕੇਂਦਰ ਹੈ, ਖੰਡਰਾਂ ਵਿੱਚ ਬਦਲ ਗਿਆ। ਲੱਖਾਂ ਲੋਕ ਸ਼ਹਿਰ ਖਾਲੀ ਕਰਨ ਦੀ ਤਿਆਰੀ ਵਿੱਚ ਹਨ।ਇਜ਼ਰਾਈਲੀ ਸਰਕਾਰ ਮੁਤਾਬਕ, ਈਰਾਨ ਨੇ 300-400 ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ਵਿੱਚੋਂ ਕੁਝ ਆਇਰਨ ਡੋਮ, ਡੇਵਿਡ ਸਲਿੰਗ, ਅਤੇ ਐਰੋ ਸਿਸਟਮ ਨੂੰ ਭੇਦਣ ਵਿੱਚ ਸਫਲ ਰਹੀਆਂ। ਇਜ਼ਰਾਈਲ ਵਿੱਚ 82 ਲੋਕ ਮਾਰੇ ਗਏ ਅਤੇ 1,277 ਜ਼ਖਮੀ ਹੋਏ। ਈਰਾਨ ਦਾ ਦਾਅਵਾ ਹੈ ਕਿ ਉਸ ਨੇ ਦੋ ਐਫ-35 ਜੰਗੀ ਜਹਾਜ਼ ਡੇਗ ਸੁੱਟੇ ਅਤੇ ਇੱਕ ਇਜ਼ਰਾਈਲੀ ਪਾਇਲਟ ਨੂੰ ਕੈਦ ਕੀਤਾ। ਈਰਾਨ ਦੀਆਂ ਹਾਈਪਰਸੋਨਿਕ “ਖੈਬਰ” ਮਿਜ਼ਾਈਲਾਂ, ਜੋ ਆਇਰਨ ਡੋਮ ਨੂੰ ਬੇਅਸਰ ਕਰ ਸਕਦੀਆਂ ਹਨ, ਅਜੇ ਵੀ ਇਜ਼ਰਾਈਲ ਲਈ ਵੱਡਾ ਖਤਰਾ ਹਨ।ਈਰਾਨ ਦੀ ਮਿਜ਼ਾਈਲ ਸ਼ਕਤੀ ਈਰਾਨ ਦੀ ਸੈਨਿਕ ਸਮਰੱਥਾ ਦਾ ਮੁੱਖ ਹਥਿਆਰ ਉਸ ਦੀਆਂ ਬੈਲਿਸਟਿਕ ਅਤੇ ਹਾਈਪਰਸੋਨਿਕ ਮਿਜ਼ਾਈਲਾਂ ਹਨ। ਅਮਰੀਕੀ ਅਤੇ ਇਜ਼ਰਾਈਲੀ ਅਨੁਮਾਨ ਮੁਤਾਬਕ, ਈਰਾਨ ਕੋਲ 1,500 ਤੋਂ 3,000 ਮਿਜ਼ਾਈਲਾਂ ਹਨ, ਜਿਨ੍ਹਾਂ ਵਿੱਚ ਸ਼ਾਰਟ-ਰੇਂਜ (ਫਤਿਹ-110), ਮੀਡੀਅਮ-ਰੇਂਜ (ਸ਼ਹਾਬ-3, ਇਮਾਦ, ਗਦਰ-1), ਅਤੇ ਹਾਈਪਰਸੋਨਿਕ (ਫਤਿਹ-1) ਮਿਜ਼ਾਈਲਾਂ ਸ਼ਾਮਲ ਹਨ। ਇਹ ਮਿਜ਼ਾਈਲਾਂ 1,000 ਤੋਂ 2,000 ਕਿਲੋਮੀਟਰ ਦੀ ਰੇਂਜ ਰੱਖਦੀਆਂ ਹਨ ਅਤੇ ਉੱਚ ਸਟੀਕਤਾ ਨਾਲ ਨਿਸ਼ਾਨਾ ਲਾ ਸਕਦੀਆਂ ਹਨ। ਪਿਛਲੇ 25-30 ਸਾਲਾਂ ਵਿੱਚ, ਈਰਾਨ ਨੇ ਆਪਣੀ ਮਿਜ਼ਾਈਲ ਤਕਨੀਕ ਨੂੰ ਇੰਨਾ ਉੱਨਤ ਕਰ ਲਿਆ ਹੈ ਕਿ ਇਜ਼ਰਾਈਲ ਦਾ ਆਇਰਨ ਡੋਮ ਵੀ ਕਈ ਵਾਰ ਅਸਫਲ ਰਿਹਾ। ਈਰਾਨ ਦਾ ਦਾਅਵਾ ਹੈ ਕਿ ਉਹ ਇੱਕ ਵਾਰ ਵਿੱਚ 1,000 ਮਿਜ਼ਾਈਲਾਂ ਦਾਗ ਸਕਦਾ ਹੈ, ਜੋ ਇਜ਼ਰਾਈਲ ਨੂੰ ਗਾਜ਼ਾ ਵਰਗੀ ਸਥਿਤੀ ਵਿੱਚ ਲਿਆ ਸਕਦੀਆਂ ਹਨ।

ਕੀ ਹੈ ਇਸ ਜੰਗ ਬਾਰੇ ਅੰਤਰਰਾਸ਼ਟਰੀ ਦਿ੍ਸ਼ਟੀਕੋਣ

ਇਜ਼ਰਾਈਲ ਨੂੰ ਅਮਰੀਕਾ, ਬ੍ਰਿਟੇਨ, ਫਰਾਂਸ, ਅਤੇ ਖਾੜੀ ਦੇਸ਼ਾਂ (ਸਾਊਦੀ ਅਰਬ, ਯੂਏਈ) ਦਾ ਸਮਰਥਨ ਹੈ। ਅਮਰੀਕਾ ਨੇ ਯੂਐਸਐਸ ਨਿਮਿਜ਼ ਸਮੇਤ ਯੁੱਧਪੋਤ ਫਾਰਸ ਦੀ ਖਾੜੀ ਵਿੱਚ ਤਾਇਨਾਤ ਕੀਤੇ ਹਨ, ਪਰ ਸਿੱਧੀ ਜੰਗ ਵਿੱਚ ਸ਼ਾਮਲ ਹੋਣ ਤੋਂ ਬਚ ਰਿਹਾ ਹੈ। ਈਰਾਨ ਨੂੰ ਰੂਸ ਅਤੇ ਚੀਨ ਦਾ ਸਮਰਥਨ ਹੈ, ਜੋ ਉਸ ਨੂੰ ਹਥਿਆਰ ਅਤੇ ਤਕਨੀਕੀ ਸਹਾਇਤਾ ਦੇ ਸਕਦੇ ਹਨ। ਚੀਨ ਨੇ ਇਜ਼ਰਾਈਲ ਦੇ ਪ੍ਰਮਾਣੂ ਸੈਂਟਰ ’ਤੇ ਹਮਲੇ ਨੂੰ “ਰੈੱਡ ਲਾਈਨ” ਮੰਨਿਆ ਹੈ। ਭਾਰਤ ਨੇ ਨਿਰਪੱਖ ਰੁਖ ਅਪਣਾਇਆ ਹੈ, ਪਰ ਜੰਗ ਦੇ ਵਧਣ ਨਾਲ ਉਸ ਦੇ ਤੇਲ ਆਯਾਤ ਅਤੇ ਆਰਥਿਕਤਾ ’ਤੇ ਅਸਰ ਪਵੇਗਾ।

Loading