ਨਵੀਂ ਦਿੱਲੀ/ਏ.ਟੀ.ਨਿਊਜ਼: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਨੂੰ ਲੈ ਕੇ ਸੰਗਤਾਂ ਵਿੱਚ ਬਹੁਤ ਸ਼ਰਧਾ ਅਤੇ ਸਤਿਕਾਰ ਹੈ ਅਤੇ ਇਹ ਸਮਾਗਮ ਹਮੇਸ਼ਾ ਸੰਗਤਾਂ ਨੂੰ ਯਾਦ ਰਹਿਣਗੇ। ਇਹ ਪ੍ਰਗਟਾਵਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਮੁੱਖ ਦਰਬਾਰ ਸਾਹਿਬ ਦਾ ਸੁੰਦਰੀਕਰਨ ਕੀਤੇ ਜਾਣ ਤੋਂ ਬਾਅਦ ਇਸ ਨੂੰ ਸੰਗਤਾਂ ਨੂੰ ਸਮਰਪਿਤ ਕਰਨ ਮੌਕੇ ਹਾਜ਼ਰ ਸੰਗਤ ਨੂੰ ਸੰਬੋਧਨ ਕਰਦਿਆਂ ਹਰਮੀਤ ਸਿੰਘ ਕਾਲਕਾ ਅਤੇ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਮਹਾਂਪੁਰਖ ਸੰਤ ਬਾਬਾ ਹਰਬੰਸ ਸਿੰਘ ਕਾਰ ਸੇਵਾ ਵੱਲੋਂ ਵਰੋਸਾਏ ਸੰਤ ਬਾਬਾ ਬਚਨ ਸਿੰਘ ਜੀ ਤੇ ਉਹਨਾਂ ਦੀ ਟੀਮ ਨੇ ਮੁੱਖ ਹਾਲ ਦੇ ਸੁੰਦਰੀਕਰਨ ਦੀ ਇਹ ਸੇਵਾ ਸੰਪੰਨ ਕੀਤੀ ਹੈ। ਉਹਨਾਂ ਦੱਸਿਆ ਕਿ ਬਾਬਾ ਬਚਨ ਸਿੰਘ ਜੀ ਵੱਲੋਂ ਦਿੱਲੀ ਕਮੇਟੀ ਦੇ ਵੱਖ-ਵੱਖ ਕਾਰਜਾਂ ਵਿੱਚ ਕਾਰ ਸੇਵਾ ਰਾਹੀਂ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ ਜਿਸ ਵਿਚ ਮੁਲਾਜ਼ਮਾਂ ਲਈ ਕੁਆਰਟਰ, ਬਾਲਾ ਸਾਹਿਬ ਹਸਪਤਾਲ ਦੀ ਸੇਵਾ ਸਮੇਤ ਵੱਖ-ਵੱਖ ਕਾਰਜ ਸ਼ਾਮਲ ਹਨ।
ਉਹਨਾਂ ਕਿਹਾ ਕਿ ਸੰਗਤਾਂ ਦੇ ਸਹਿਯੋਗ ਨਾਲ ਇਹ ਕਾਰਜ ਹਮੇਸ਼ਾ ਨੇਪਰੇ ਚੜ੍ਹੇ ਹਨ ਅਤੇ ਭਵਿੱਖ ਵਿੱਚ ਵੀ ਚੜ੍ਹਨਗੇ ਕਿਉਂਕਿ ਸੰਗਤਾਂ ਹਮੇਸ਼ਾ ਦਸਵੰਧ ਦਾ ਯੋਗਦਾਨ ਪਾ ਕੇ ਇਹਨਾਂ ਕਾਰਜਾਂ ਨੂੰ ਨੇਪਰੇ ਚੜ੍ਹਾਉਂਦੀਆਂ ਹਨ।
ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮਾਂ ਦੀ ਗੱਲ ਕਰਦਿਆਂ ਪ੍ਰਧਾਨ ਕਾਲਕਾ ਤੇ ਜਨਰਲ ਸਕੱਤਰ ਕਾਹਲੋਂ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠਾਂ ਦੀ ਲੜੀ ਜੋ ਚਲ ਰਹੀ ਹੈ, ਉਸਦਾ ਭੋਗ ਤਾਂ ਲਾਲ ਕਿਲ੍ਹੇ ’ਤੇ ਪਵੇਗਾ ਹੀ ਬਲਕਿ ਲਾਲ ਕਿਲ੍ਹੇ ’ਤੇ ਲਗਾਤਾਰ ਅਜਿਹੇ ਸਮਾਗਮ ਹੋਣਗੇ ਜੋ ਸੰਗਤਾਂ ਲਈ ਹਮੇਸ਼ਾ ਯਾਦਗਾਰੀ ਰਹਿਣਗੇ। ਉਹਨਾਂ ਕਿਹਾ ਕਿ 24, 25 ਅਤੇ 26 ਨਵੰਬਰ ਨੂੰ ਵਿਸ਼ੇਸ਼ ਸਮਾਗਮ ਰੱਖੇ ਗਏ ਹਨ। ਇਸੇ ਦੇ ਨਾਲ ਹੀ ਸਰਬ ਧਰਮ ਸੰਮੇਲਨ ਵੀ ਰੱਖਿਆ ਗਿਆ ਹੈ ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਆਗੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਬਾਰੇ ਆਪੋ-ਆਪਣੇ ਵਿਚਾਰ ਸੰਗਤਾਂ ਨਾਲ ਸੰਬੋਧਨ ਕਰਨਗੇ। ਉਹਨਾਂ ਦੱਸਿਆ ਕਿ ਇਸੇ ਤਰੀਕੇ ਸ੍ਰੀ ਆਨੰਦਪੁਰ ਸਾਹਿਬ ਤੋਂ ਦਿੱਲੀ ਤੱਕ ਨਗਰ ਕੀਰਤਨ ਸਜਾਇਆ ਹੈ। ਇਸਦੇ ਨਾਲ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਵੀ ਨਗਰ ਕੀਰਤਨ ਦਿੱਲੀ ਤੱਕ ਸਜਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਸਾਰੇ ਸਮਾਗਮਾਂ ਨੂੰ ਲੈ ਕੇ ਸੰਗਤਾਂ ਵਿੱਚ ਬਹੁਤ ਹੀ ਸ਼ਰਧਾ ਤੇ ਸਤਿਕਾਰ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਇਹ ਸਮਾਗਮ ਚਿਰ ਕਾਲੀ ਯਾਦਗਾਰੀ ਰਹਿਣਗੇ। ਕਾਲਕਾ ਤੇ ਕਾਹਲੋਂ ਨੇ ਕਿਹਾ ਕਿ ਇਹ ਬਹੁਤ ਹੀ ਸੰਤੁਸ਼ਟੀ ਵਾਲੀ ਗੱਲ ਹੈ ਕਿ ਕੌਮ ਦੀਆਂ ਵੱਖ-ਵੱਖ ਸੰਸਥਾਵਾਂ ਨੇ ਇਹ ਸਮਾਗਮ ਆਯੋਜਿਤ ਕਰਨ ਵਾਸਤੇ ਕੌਮ ਦੀਆਂ ਵੱਖ-ਵੱਖ ਸੰਸਥਾਵਾਂ ਨੇ ਦਿੱਲੀ ਗੁਰਦੁਆਰਾ ਕਮੇਟੀ ਨੂੰ ਵੱਡਾਮੁੱਲਾ ਸਹਿਯੋਗ ਦੇਣ ਵਾਸਤੇ ਉਚੇਚੇ ਤੌਰ ’ਤੇ ਭਰੋਸਾ ਦੁਆਇਆ ਹੈ ਤੇ ਉਹ ਆਸ ਕਰਦੇ ਹਨ ਕਿ ਇਹ ਸਮਾਗਮ ਯਾਦਗਾਰੀ ਰਹਿਣਗੇ।
![]()
