ਯੁਗਾਂਡਾ ਤੋਂ ਅਮਰੀਕਾ ਆ ਰਹੇ ਜਹਾਜ਼ ਵਿੱਚ ਇਕ ਵਿਅਕਤੀ ਨੂੰ ਹੋਇਆ ਹਾਰਟ ਅਟੈਕ

In ਅਮਰੀਕਾ
May 21, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਯੁਗਾਂਡਾ ਤੋਂ ਅਮਰੀਕਾ ਆ ਰਹੇ ਜਹਾਜ਼ ਵਿਚ ਇਕ ਵਿਅਕਤੀ ਨੂੰ ਹਾਰਟ ਅਟੈਕ ਹੋ ਜਾਣ ਉਪਰੰਤ ਜਹਾਜ਼ ਵਿਚ ਹੀ ਮੌਜੂਦਾ ਦਿੱਲ ਦੇ ਰੋਗਾਂ ਦੇ ਮਾਹਿਰ ਡਾਕਟਰ ਵੱਲੋਂ ਉਸ ਦੀ ਜਾਨ ਬਚਾ ਲੈਣ ਦੀ ਖਬਰ ਹੈ। ਓਕਲਾਹੋਮਾ ਦੇ ਕਾਰਡੀਆਲੋਜਿਸਟ ਡਾ ਟੀ ਜੇ ਟਰੈਡ ਯੁਗਾਂਡਾ ਵਿਚ ਇਕ ਮੈਡੀਕਲ ਮਿਸ਼ਨ 'ਤੇ ਗਏ ਸਨ। ਉਨਾਂ ਕੋਲ ਦਵਾਈ ਤੇ ਬਹੁਤ ਛੋਟੇ ਆਕਾਰ ਦੀ ਇਲੈਕਟਰੋਕਾਰਡੀਓਗਰਾਮ ਜਾਂ ਈ ਸੀ ਜੀ ਮੌਜੂਦ ਸੀ। ਇਹ ਮਸ਼ੀਨ ਕਰੈਡਿਟ ਕਾਰਡ ਜਿੱਡੀ ਹੈ ਤੇ ਦਿੱਲ ਦੀ ਬਿਮਾਰੀ ਦਾ ਪਤਾ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਉਨਾਂ ਨੂੰ ਖੁਦ ਹਾਰਟ ਅਟੈਕ ਹੋ ਜਾਣ ਕਾਰਨ ਉਹ ਹਮੇਸ਼ਾਂ ਇਹ ਮਸ਼ੀਨ ਆਪਣੇ ਕੋਲ ਰੱਖੇਦੇ ਹਨ। ਵਿਅਕਤੀ ਨੇ ਛਾਤੀ ਵਿਚ ਦਰਦ ਹੋਣ ਦੀ ਸ਼ਿਕਾਇਤ ਕੀਤੀ ਤੇ ਡਾਕਟਰ ਸਮਝ ਗਿਆ ਕਿ ਇਸ ਨੂੰ ਦਿੱਲ ਦੀ ਸਮੱਸਿਆ ਪੈਦਾ ਹੋ ਗਈ ਹੈ। ਪੀੜਤ ਵਿਅਕਤੀ ਨੇ ਡਾਕਟਰ ਨੂੰ ਕਿਹਾ ਕਿ ਕੀ ਉਹ ਮਰ ਰਿਹਾ ਹੈ ਤਾਂ ਟਰੈਡ ਨੇ ਜਵਾਬ ਦਿੱਤਾ ਕਿ ਅੱਜ ਤੂੰ ਨਹੀਂ ਮਰੇਂਗਾ। ਇਸ ਉਪਰੰਤ ਜਹਾਜ਼ ਵਿਚ ਹੀ ਇਲਾਜ਼ ਲਈ ਜਗਾ ਬਣਾਈ ਗਈ ਤੇ ਦਵਾਈ ਦੇਣ ਦੇ ਨਾਲ ਨਾਲ ਉਸ ਦੇ ਦਿੱਲ ਵੱਲ ਨੂੰ ਖੂਨ ਦਾ ਵਹਾਅ ਤੇਜ ਕਰਨ ਲਈ ਲੱਤਾਂ ਉਪਰ ਕਰ ਦਿੱਤੀਆਂ ਗਈਆਂ। ਡਾਕਟਰ ਟਰੈਡ ਅਨੁਸਾਰ ਦਵਾਈ ਤੇ ਹੋਰ ਲੋੜੀਂਦੀ ਡਾਕਟਰੀ ਸਹਾਇਤਾ ਦੇਣ ਉਪਰੰਤ ਤਕਰੀਬਨ 45 ਮਿੰਟ ਬਾਅਦ ਪੀੜਤ ਵਿਅਕਤੀ ਦੀ ਛਾਤੀ ਦਾ ਦਰਦ ਰੁਕ ਗਿਆ ਤੇ ਦਿੱਲ ਦੀ ਧੜਕਣ ਚੰਗੀ ਹਾਲਤ ਵਿਚ ਆ ਗਈ। ਇਸ ਨੂੰ ਕਹਿੰਦੇ ਹਨ ਜਾ ਕੋ ਰਾਖੇ ਸਾਈਆ ਮਾਰ ਸਕੈ ਨਾ ਕੋਇ।

Loading