ਯੂਕ੍ਰੇਨ ’ਚੋਂ ਰੂਸੀ ਫ਼ੌਜ ਹਟਾਉਣ ਦੀ ਮੰਗ ਵਾਲਾ ਮਤਾ ਸੰਯੁਕਤ ਰਾਸ਼ਟਰ ’ਚ ਪਾਸ

In ਮੁੱਖ ਖ਼ਬਰਾਂ
February 25, 2025
ਸੰਯੁਕਤ ਰਾਸ਼ਟਰ/ਏ.ਟੀ.ਨਿਊਜ਼: ਸੰਯੁਕਤ ਰਾਸ਼ਟਰ ਮਹਾਸਭਾ ’ਚ ਯੂਕ੍ਰੇਨ ਦੇ ਉਸ ਮਤੇ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਜਿਸ ’ਚ ਮੰਗ ਕੀਤੀ ਗਈ ਹੈ ਕਿ ਜੰਗ ਦੇ ਤੀਜੇ ਸਾਲ ’ਚ ਦਾਖ਼ਲ ਹੋਣ ’ਤੇ ਰੂਸੀ ਫੌਜ ਯੂਕ੍ਰੇਨ ’ਚੋਂ ਤੁਰੰਤ ਹਟਾਈ ਜਾਵੇ। ਮਤੇ ਦੇ ਪੱਖ ’ਚ 93 ਜਦਕਿ ਵਿਰੋਧ ’ਚ 18 ਵੋਟਾਂ ਪਈਆਂ। ਭਾਰਤ ਸਮੇਤ 65 ਮੁਲਕਾਂ ਨੇ ਵੋਟਿੰਗ ’ਚ ਹਿੱਸਾ ਨਹੀਂ ਲਿਆ। ਭਾਰਤ ਨੇ ਕਿਹਾ ਹੈ ਕਿ ਜੰਗ ਦਾ ਵਾਰਤਾ ਰਾਹੀਂ ਸ਼ਾਂਤਮਈ ਹੱਲ ਕੱਢਿਆ ਜਾਵੇ। ਪਿਛਲੇ ਮਤਿਆਂ ’ਚ 140 ਤੋਂ ਵੱਧ ਮੁਲਕਾਂ ਨੇ ਰੂਸ ਦੇ ਹਮਲੇ ਦੀ ਨਿੰਦਾ ਕੀਤੀ ਸੀ ਅਤੇ ਚਾਰ ਯੂਕ੍ਰੇਨੀ ਖ਼ਿੱਤਿਆਂ ’ਤੇ ਉਸ ਵੱਲੋਂ ਕੀਤੇ ਗਏ ਕਬਜ਼ੇ ਨੂੰ ਹਟਾਉਣ ਦੀ ਮੰਗ ਕੀਤੀ ਸੀ। ਸੰਯੁਕਤ ਰਾਸ਼ਟਰ ਮਹਾਸਭਾ ਦਾ ਮਤਾ ਕਾਨੂੰਨੀ ਤੌਰ ’ਤੇ ਲਾਗੂ ਹੋਣਾ ਮੁਸ਼ਕਿਲ ਹੈ ਪਰ ਇਸ ਨਾਲ ਆਲਮੀ ਪੱਧਰ ’ਤੇ ਰੂਸ ਖ਼ਿਲਾਫ਼ ਵਧ ਰਹੇ ਵਿਰੋਧ ਦਾ ਪਤਾ ਲਗਦਾ ਹੈ। ਯੂਕ੍ਰੇਨ ਦੀ ਉਪ ਵਿਦੇਸ਼ ਮੰਤਰੀ ਮਾਰੀਆਨਾ ਬੇਟਸਾ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਨੂੰ ਰੂਸ ਤੋਂ ਆਪਣੀ ਰੱਖਿਆ ਦਾ ਅਧਿਕਾਰ ਹੈ ਜਿਸ ਨੇ ਸੰਯੁਕਤ ਰਾਸ਼ਟਰ ਚਾਰਟਰ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਮੁਲਕਾਂ ਨੂੰ ਯੂਕਰੇਨ ਨਾਲ ਮਾਨਵਤਾ ਅਤੇ ਸ਼ਾਂਤੀ ਪ੍ਰਤੀ ਡਟ ਕੇ ਖੜ੍ਹਾ ਹੋਣਾ ਚਾਹੀਦਾ ਹੈ। ਅਮਰੀਕੀ ਉਪ ਸਫ਼ੀਰ ਡੋਰੋਥੀ ਸ਼ੀਅ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਪਹਿਲਾਂ ਦੇ ਮਤਿਆਂ ਨਾਲ ਵੀ ਜੰਗ ਰੁਕਣ ’ਚ ਨਾਕਾਮ ਰਹੀ ਸੀ ਅਤੇ ਜੰਗ ਨੂੰ ਪੱਕੇ ਤੌਰ ’ਤੇ ਖ਼ਤਮ ਕਰਨ ਲਈ ਸੰਯੁਕਤ ਰਾਸ਼ਟਰ ਦੇ ਸਾਰੇ ਮੈਂਬਰ ਮੁਲਕਾਂ ਦੀ ਵਚਨਬੱਧਤਾ ਦਿਖਾਉਣ ਵਾਲੇ ਮਤੇ ਦੀ ਲੋੜ ਹੈ।

Loading