ਯੂਕ੍ਰੇਨ ਜੰਗ ਜਲਦੀ ਸਮਾਪਤ ਕਰਨ ’ਚ ਹੀ ਰੂਸ ਦੀ ਭਲਾਈ : ਟਰੰਪ

In ਅਮਰੀਕਾ
October 14, 2025

ਨਿਊਯਾਰਕ/ਏ.ਟੀ.ਨਿਊਜ਼: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਯੂਕ੍ਰੇਨ ਦੇ ਨਾਲ ਲੰਬੇ ਸਮੇਂ ਤੋਂ ਜਾਰੀ ਜੰਗ ਖ਼ਤਮ ਨਹੀਂ ਕਰਦਾ ਹੈ ਤਾਂ ਅਮਰੀਕਾ, ਯੂਕ੍ਰੇਨ ਨੂੰ ਲੰਬੀ ਦੂਰੀ ਦੀ ਟੌਮਹਾਕ ਮਿਜ਼ਾਈਲ ਦੇ ਸਕਦਾ ਹੈ।
ਟਰੰਪ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ, ‘‘ਟੌਮਹਾਕ ਬਿਹਤਰੀਨ ਤੇ ਬੇਹੱਦ ਘਾਤਕ ਹਥਿਆਰ ਹੈ। ਮੈਂ ਉਨ੍ਹਾਂ ਨੂੰ ਕਹਾਂਗਾ ਕਿ ਜੇਕਰ ਜੰਗ ਖ਼ਤਮ ਨਹੀਂ ਹੁੰਦੀ ਤਾਂ ਅਸੀਂ ਅਜਿਹਾ ਕਰ ਸਕਦੇ ਹਾਂ। ਹੋ ਸਕਦਾ ਹੈ, ਅਸੀਂ ਅਜਿਹਾ ਨਾ ਕਰੀਏ ਪਰ ਇਹ ਵੀ ਹੋ ਸਕਦਾ ਹੈ ਕਿ ਅਸੀਂ ਅਜਿਹਾ ਕਰੀਏ।’’ ਟਰੰਪ ਦੀ ਇਹ ਟਿੱਪਣੀ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਫੋਨ ’ਤੇ ਹੋਈ ਗੱਲਬਾਤ ਤੋਂ ਬਾਅਦ ਆਈ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਉਸ ਗੱਲਬਾਤ ’ਚ ਟੌਮਹਾਕ ਮਿਜ਼ਾਈਲ ਭੇਜਣ ਦੀ ਸੰਭਾਵਨਾ ਦਾ ਜ਼ਿਕਰ ਕੀਤਾ ਸੀ। ਟਰੰਪ ਨੇ ਕਿਹਾ, ‘‘ਜੇਕਰ ਪੂਤਿਨ ਇਸ ਮਾਮਲੇ ਨੂੰ ਸੁਲਝਾ ਲੈਂਦੇ ਹਨ ਤਾਂ ਵਧੀਆ ਹੈ, ਜੇਕਰ ਅਜਿਹਾ ਨਾ ਹੋਇਆ ਤਾਂ ਇਹ ਉਨ੍ਹਾਂ ਵਾਸਤੇ ਹੀ ਠੀਕ ਨਹੀਂ ਹੋਵੇਗਾ।’’

Loading