ਮਨਦੀਪ ਸਿੰਘ, ਇੱਕ 30 ਸਾਲਾਂ ਦਾ ਕੈਨੇਡੀਅਨ ਸਿੱਖ ਨੌਜਵਾਨ, ਜੋ ਆਮ ਜ਼ਿੰਦਗੀ ਜੀ ਰਿਹਾ ਸੀ, ਅਚਾਨਕ ਯੂਕ੍ਰੇਨ ਦੀ ਅਜ਼ਾਦੀ ਲਈ ਸ਼ਹਾਦਤ ਦੇਕੇ ਵਿਸ਼ਵ ਪੱਧਰੀ ਨਾਇਕ ਬਣ ਗਿਆ। ਉਹ ਮਿਸੀਸਾਗਾ (ਟੋਰਾਂਟੋ ਨੇੜੇ) ਵਿੱਚ ਰਹਿੰਦਾ ਸੀ, ਕੈਨੇਡੀਅਨ ਰੇਲਵੇ ਵਿੱਚ ਨੌਕਰੀ ਕਰਦਾ ਸੀ ਅਤੇ ਆਪਣੇ ਪਰਿਵਾਰ ਨਾਲ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਸੀ। ਪਰ ਉਸ ਦੇ ਅੰਦਰ ਇੱਕ ਅਜਿਹੀ ਭਾਵਨਾ ਸੀ ਜੋ ਉਸ ਨੂੰ ਸਿੱਖ ਧਰਮ ਦੇ ਸਿਧਾਂਤਾਂ ਅਨੁਸਾਰ ਮਨੁੱਖਤਾ ਦੀ ਸੇਵਾ ਅਤੇ ਨਿਆਂ ਲਈ ਲੜਨ ਵੱਲ ਲੈ ਗਈ। ਫਰਵਰੀ 2022 ਵਿੱਚ ਜਦੋਂ ਰੂਸ ਨੇ ਯੂਕ੍ਰੇਨ ਉੱਪਰ ਹਮਲਾ ਕੀਤਾ, ਤਾਂ ਮਨਦੀਪ ਨੇ ਫੈਸਲਾ ਕੀਤਾ ਕਿ ਉਹ ਉੱਥੇ ਜਾ ਕੇ ਯੂਕ੍ਰੇਨੀ ਲੋਕਾਂ ਦੀ ਮਦਦ ਕਰੇਗਾ। ਭਾਵੇਂ ਉਸ ਦਾ ਯੂਕ੍ਰੇਨ ਨਾਲ ਕੋਈ ਨਿੱਜੀ ਜਾਂ ਪਰਿਵਾਰਕ ਸਬੰਧ ਨਹੀਂ ਸੀ।
ਮਨਦੀਪ ਸਿੰਘ ਦਾ ਜਨਮ 1994 ਵਿੱਚ ਹੋਇਆ ਸੀ ਅਤੇ ਉਸ ਦੇ ਮਾਤਾ-ਪਿਤਾ ਜਸਵਿੰਦਰ ਸਿੰਘ ਅਤੇ ਆਸ਼ਾ ਕੌਰ 2004 ਵਿੱਚ ਮੁੰਬਈ ਤੋਂ ਕੈਨੇਡਾ ਆ ਵੱਸੇ ਸਨ। ਮਨਦੀਪ ਬਚਪਨ ਤੋਂ ਹੀ ਅਨੁਸ਼ਾਸਿਤ ਅਤੇ ਮਦਦਗਾਰ ਸੀ। ਉਹ ਨਿਯਮਿਤ ਖੂਨ ਦਾਨ ਕਰਦਾ ਸੀ ਅਤੇ ਹਾਈ ਸਕੂਲ ਤੋਂ ਬਾਅਦ ਡਿਟੈਕਟਿਵ ਕੋਰਸ ਕੀਤਾ ਸੀ। ਉਸ ਨੇ ਕੈਨੇਡੀਅਨ ਆਰਮੀ ਵਿੱਚ ਪਾਰਟ-ਟਾਈਮ ਸੇਵਾ ਵੀ ਨਿਭਾਈ, ਜਿੱਥੇ ਉਸ ਨੂੰ ਯੂਨੀਫਾਰਮ ਅਤੇ ਅਨੁਸ਼ਾਸਨ ਨੇ ਪ੍ਰਭਾਵਿਤ ਕੀਤਾ। ਉਸ ਦੇ ਪਰਿਵਾਰ ਨੇ ਦੱਸਿਆ ਕਿ ਉਹ ਹਮੇਸ਼ਾ ਕਹਿੰਦਾ ਸੀ ਕਿ ਜੇ ਉਸ ਦੀ ਜ਼ਿੰਦਗੀ ਕਿਸੇ ਦੀ ਮੱਦਦ ਕਰ ਸਕੇ ਤਾਂ ਇਹ ਉਸ ਲਈ ਕਾਫ਼ੀ ਹੈ। ਉਸ ਨੇ ਕੈਨੇਡੀਅਨ ਰੇਲਵੇ ਵਿੱਚ ਨੌਕਰੀ ਕੀਤੀ । ਪਰ ਰੂਸੀ ਹਮਲੇ ਨੇ ਉਸ ਨੂੰ ਬਦਲ ਦਿੱਤਾ। ਉਸ ਨੂੰ ਲੱਗਾ ਕਿ ਯੂਕ੍ਰੇਨ ਵਿੱਚ ਬਜ਼ੁਰਗ ਅਤੇ ਬੱਚੇ ਲੜ ਰਹੇ ਹਨ, ਅਤੇ ਉਹ ਉੱਥੇ ਜਾ ਕੇ ਉਹਨਾਂ ਦੀ ਮੱਦਦ ਕਰ ਸਕਦਾ ਹੈ। ਇਹ ਭਾਵਨਾ ਸਿੱਖ ਧਰਮ ਦੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਤੋਂ ਆਈ ਸੀ ਕਿ ਮਨੁੱਖਤਾ ਦੀ ਰਖਿਆ ਤੇ ਨਿਆਂ ਲਈ ਖੜ੍ਹੇ ਹੋਣਾ ਚਾਹੀਦਾ ਹੈ।
ਰੂਸੀ ਹਮਲੇ ਤੋਂ ਬਾਅਦ ਲਗਭਗ 26 ਕੈਨੇਡੀਅਨ ਨਾਗਰਿਕ ਯੂਕ੍ਰੇਨ ਵਿੱਚ ਮਾਰੇ ਗਏ ਸਨ, ਪਰ ਮਨਦੀਪ ਉਨ੍ਹਾਂ ਵਿੱਚੋਂ ਇੱਕਲਾ ਸਿੱਖ ਸੀ। ਮਨਦੀਪ ਨੇ ਆਪਣੇ ਮਾਤਾ ਨੂੰ ਕਿਹਾ ਸੀ ਕਿ ‘ਯੂਕ੍ਰੇਨ ਵਿੱਚ ਮਦਦ ਦੀ ਬਹੁਤ ਜ਼ਰੂਰਤ ਹੈ, ਬਜ਼ੁਰਗ ਲੜ ਰਹੇ ਹਨ ਅਤੇ ਮੈਂ ਜਵਾਨ ਹਾਂ,ਉਥੇ ਲੋਕਾਂ ਦੀ ਅਜ਼ਾਦੀ ਬਚਾਉਣ ਲਈ ਜਾਵਾਂਗਾ।’ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਆਪਣੇ ਫੈਸਲੇ ਤੇ ਅੜਿਆ ਰਿਹਾ।
ਦਸੰਬਰ 2023 ਵਿੱਚ ਆਪਣੇ ਜਨਮ ਦਿਨ ਤੋਂ ਬਾਅਦ ਉਹ ਪੋਲੈਂਡ ਰਾਹੀਂ ਯੂਕ੍ਰੇਨ ਪਹੁੰਚ ਕੇ ਇੰਟਰਨੈਸ਼ਨਲ ਲੀਜ਼ਨ ਵਿੱਚ ਸ਼ਾਮਲ ਹੋ ਗਿਆ। ਉਹ ਫਰੰਟ ਲਾਈਨ ’ਤੇ ਲੜਾਈ ਵਿੱਚ ਹਿੱਸਾ ਲੈਂਦਾ ਸੀ। ਉਸ ਨੇ ਜਨਵਰੀ 2024 ਤੋਂ ਅਕਤੂਬਰ 2024 ਤੱਕ ਸੇਵਾ ਨਿਭਾਈ। ਉਹ ਅਪ੍ਰੈਲ 2024 ਵਿੱਚ ਥੋੜ੍ਹੇ ਸਮੇਂ ਲਈ ਕੈਨੇਡਾ ਵਾਪਸ ਆਇਆ, ਪਰ ਫਿਰ ਵਾਪਸ ਚਲਾ ਗਿਆ। ਉਸ ਨੇ ਆਪਣੀ ਮਾਂ ਨੂੰ ਆਖਰੀ ਵਾਰ 24 ਅਕਤੂਬਰ 2024 ਨੂੰ ਗੱਲ ਕੀਤੀ ਅਤੇ ਕਿਹਾ ਕਿ ਇਹ ਉਹ ਜਲਦੀ ਵਾਪਸ ਆਵੇਗਾ। ਪਰ 27 ਅਕਤੂਬਰ 2024 ਨੂੰ ਇੱਕ ਮਿਸ਼ਨ ਦੌਰਾਨ ਉਸ ਨੂੰ ਗੋਲੀ ਲੱਗੀ ਅਤੇ ਉਸ ਦੀ ਮੌਤ ਹੋ ਗਈ। ਉਸ ਨੂੰ ਬ੍ਰਾਇੰਸਕ ਓਬਲਾਸਟ ਵਿੱਚ ਮਾਰਿਆ ਗਿਆ, ਜੋ ਰੂਸੀ ਖੇਤਰ ਵਿੱਚ ਹੈ, ਪਰ ਉਹ ਯੂਕ੍ਰੇਨੀ ਫ਼ੌਜ ਵੱਲੋਂ ਲੜ ਰਿਹਾ ਸੀ।
ਮਨਦੀਪ ਦੀ ਸਾਖੀ ਨੂੰ ਯੂਕ੍ਰੇਨ ਵਿੱਚ ਮਸ਼ਹੂਰ ਅੰਗਰੇਜ਼ੀ ਅਖ਼ਬਾਰ ਕੀਵ ਪੋਸਟ ਨੇ ਵਿਸਥਾਰ ਨਾਲ ਕਵਰ ਕੀਤਾ ਹੈ। 17 ਜਨਵਰੀ 2026 ਨੂੰ ਛਪੇ ਆਰਟੀਕਲ ‘ਫ਼੍ਰਾਮ ਕੈਨੇਡਾ ਟੂ ਦ ਫਰੰਟ ਲਾਈਨ: ਵਾਈ ਅ ਕੈਨੇਡੀਅਨ ਸਿੱਖ ਫੌਟ ਫਾਰ ਯੂਕਰੇਨ’ ਵਿੱਚ ਉਸ ਦੇ ਪੂਰੇ ਜੀਵਨ, ਪਰਿਵਾਰ ਅਤੇ ਬਲੀਦਾਨ ਨੂੰ ਵਿਸਥਾਰ ਨਾਲ ਦੱਸਿਆ ਗਿਆ ਹੈ। ਇਸ ਅਖ਼ਬਾਰ ਨੇ ਉਸ ਨੂੰ ਇੱਕ ਨਾਇਕ ਵਜੋਂ ਪੇਸ਼ ਕੀਤਾ ਅਤੇ ਸਿੱਖ ਧਰਮ ਦੇ ਪ੍ਰਭਾਵ ਨੂੰ ਉਜਾਗਰ ਕੀਤਾ।
ਗਲੋਬਲ ਅਫੇਅਰਜ਼ ਕੈਨੇਡਾ ਨੇ ਇੱਕ ਅਧਿਕਾਰੀ ਬਿਆਨ ਵਿੱਚ ਕਿਹਾ ਕਿ ਉਹ ਫਰਵਰੀ 2022 ਤੋਂ ਯੂਕ੍ਰੇਨ ਵਿੱਚ ਮਾਰੇ ਗਏ 26 ਕੈਨੇਡੀਅਨ ਨਾਗਰਿਕਾਂ ਬਾਰੇ ਜਾਣੂ ਹੈ। ਉਹਨਾਂ ਨੇ ਮਨਦੀਪ ਸਿੰਘ ਦੇ ਸਰੀਰ ਨੂੰ ਵਾਪਸ ਲਿਆਉਣ ਵਿੱਚ ਮੱਦਦ ਕੀਤੀ, ਜਿਸ ਵਿੱਚ ਇੰਟਰਨੈਸ਼ਨਲ ਲੀਜ਼ਨ ਅਤੇ ਰੈੱਡ ਕਰਾਸ ਨਾਲ ਮਿਲ ਕੇ ਕੰਮ ਕੀਤਾ ਗਿਆ। ਡਿਪਾਰਟਮੈਂਟ ਆਫ ਨੈਸ਼ਨਲ ਡਿਫੈਂਸ ਨੇ ਉਸ ਦੀ ਆਰਮੀ ਸੇਵਾ ਦੀ ਪੁਸ਼ਟੀ ਨਹੀਂ ਕੀਤੀ, ਪਰ ਉਸ ਨੂੰ ਯੂਕ੍ਰੇਨ ਵਿੱਚ ਵਲੰਟੀਅਰ ਵਜੋਂ ਮਾਨਤਾ ਦਿੱਤੀ। ਯੂਕ੍ਰੇਨੀ ਕੈਨੇਡੀਅਨ ਕਾਂਗਰਸ ਅਤੇ ਯੂਕ੍ਰੇਨੀ ਵਾਰ ਵੈਟਰਨਜ਼ ਐਸੋਸੀਏਸ਼ਨ ਨੇ 4 ਦਸੰਬਰ 2025 ਨੂੰ ਟੋਰਾਂਟੋ ਵਿੱਚ ਯੂਕ੍ਰੇਨੀਅਨ ਕੈਨੇਡੀਅਨ ਸੈਕਰੀਫਾਈਸ ਮੈਡਲ ਨਾਲ ਉਸ ਨੂੰ ਸਨਮਾਨਿਤ ਕੀਤਾ, ਜਿੱਥੇ ਉਸ ਨੂੰ 14 ਨਾਇਕਾਂ ਵਿੱਚ ਸ਼ਾਮਲ ਕੀਤਾ ਗਿਆ। ਉਸ ਦੇ ਮਾਤਾ-ਪਿਤਾ ਨੇ ਆਪਣੇ ਪੁੱਤਰ ਦੀ ਸ਼ਹਾਦਤ ਉੱਪਰ ਮਾਣ ਕੀਤਾ।
ਮਨਦੀਪ ਦੇ ਬਲੀਦਾਨ ਨੇ ਸਿੱਖ ਧਰਮ ਦੇ ਮਨੁੱਖਤਾ ਦੀ ਸੇਵਾ ਤੇ ਨਿਆਂ ਦੇ ਸਿਧਾਂਤ ਨੂੰ ਜੀਵੰਤ ਕੀਤਾ। ਉਸ ਨੇ ਦੂਰ ਦੇਸ਼ ਲਈ, ਬਿਨਾਂ ਕਿਸੇ ਸਵਾਰਥ ਤੋਂ ਆਪਣੀ ਜਾਨ ਵਾਰ ਦਿੱਤੀ। ਉਸ ਦੇ ਮਾਤਾ ਆਸ਼ਾ ਕੌਰ ਨੇ ਕਿਹਾ ਕਿ ਸੈਕਰੀਫਾਈਸ ਮੈਡਲ ਮੇਰੇ ਪੁੱਤਰ ਦੇ ਬਲੀਦਾਨ ਦੀ ਮਾਨਤਾ ਹੈ। ਉਹ ਹਰ ਇੱਕ ਨੂੰ ਬਰਾਬਰ ਮੰਨਦਾ ਸੀ।
![]()
