ਯੂਨੀਵਰਸਿਟੀਆਂ ਅੰਦਰ ਸਿੱਖਿਆ ਦੇ ਭਗਵੇਂਕਰਨ ਦਾ ਅਰਥ ਕੀ ਹੈ?

In ਮੁੱਖ ਲੇਖ
November 24, 2025

ਡਾ. ਪਰਮਿੰਦਰ ਸਿੰਘ ਸ਼ੌਂਕੀ
ਪਿਛਲੇ ਕੁਝ ਦਹਾਕਿਆਂ ਤੋਂ ਭਾਰਤ ਦੇ ਸਮਕਾਲੀ ਬੌਧਿਕ ਤੇ ਰਾਜਨੀਤਿਕ ਖੇਤਰਾਂ ਅੰਦਰ “ਸਿੱਖਿਆ ਦਾ ਭਗਵਾਂਕਰਨ” ਸ਼ਬਦ ਕਾਫ਼ੀ ਪ੍ਰਚਲਿਤ ਹੋਇਆ ਹੈ, ਪਰ ਇਹ ਸਿਰਫ ਇੱਕ ਰਾਜਨੀਤਿਕ ਨਾਅਰਾ ਨਹੀਂ, ਸਗੋਂ ਸਿੱਖਿਆ ਸੰਸਥਾਵਾਂ ਵਿੱਚ ਵਿਚਾਰਧਾਰਕ ਪ੍ਰਭਾਵਾਂ ਦੇ ਸੰਘਰਸ਼ ਨੂੰ ਦਰਸਾਉਂਦਾ ਹੈ। ਪਿਛਲੇ ਦਿਨਾਂ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਸੰਦਰਭ ਵਿੱਚ ਇਹ ਚਰਚਾ ਮੁੜ ਉੱਭਰੀ ਹੈ. ਹੈਰਾਨੀ ਦੀ ਗੱਲ ਇਹ ਹੈ ਕਿ “ਭਗਵੇਂਕਰਨ” ਦੇ ਵਿਰੋਧ ਵਿੱਚ ਆਵਾਜ਼ ਉਠਾਉਣ ਵਾਲੇ ਕਈ ਖੱਬੇਪੱਖੀ ਅਤੇ ਸਿੱਖ ਵਿਦਵਾਨ, ਆਪਣੇ-ਆਪ ਵਿੱਚ ਉਸ ਇਤਿਹਾਸਕ ਪ੍ਰਕਿਰਿਆ ਤੋਂ ਅਣਜਾਣ ਦਿੱਸਦੇ ਹਨ ਜਿਸ ਨੇ ਪਿਛਲੇ ਕਈ ਦਹਾਕਿਆਂ ਤਕ ਭਾਰਤ ਦੀ ਸਿੱਖਿਅਕ ਨੀਤੀ ਅਤੇ ਪਾਠਕ੍ਰਮਾਂ ਨੂੰ ਮਾਰਕਸੀ ਦਰਸ਼ਨ ਨਾਲ ਪ੍ਰਭਾਵਿਤ ਕੀਤਾ।
ਭਾਰਤ ਅੰਦਰ ਸਿੱਖਿਆ ਦਾ ਮਾਰਕਸੀਕਰਨ ਕਿਸੇ ਕੁਦਰਤੀ ਅਕਾਦਮਿਕ ਵਿਕਾਸ ਦਾ ਨਤੀਜਾ ਨਹੀਂ ਸੀ, ਸਗੋਂ ਇੱਕ ਸੁਚੇਤ ਰਾਜਨੀਤਿਕ ਪ੍ਰਯੋਗ ਸੀ. ਜਿਸ ਨੂੰ “ਵਿਗਿਆਨਿਕਤਾ” ਅਤੇ “ਆਧੁਨਿਕਤਾ” ਦੇ ਨਕਾਬ ਹੇਠ ਪੇਸ਼ ਕਰਕੇ, ਖੱਬੇਪੱਖੀ ਵਿਦਵਾਨਾਂ ਨੇ ਆਪਣੀਆਂ ਰਾਜਨੀਤਿਕ ਲੋੜਾਂ ਦੀ ਪੂਰਤੀ ਲਈ ਸਿੱਖਿਆ ਅੰਦਰ ਇਕ ਮਾਧਿਅਮ ਵਜੋਂ ਵਰਤਿਆ।
ਰੋਮਿਲਾ ਥਾਪਰ, ਬਿਪਨ ਚੰਦਰ, ਸੁਮਿਤ ਸਰਕਾਰ ਅਤੇ ਇਰਫਾਨ ਹਬੀਬ ਵਰਗੇ ਇਤਿਹਾਸਕਾਰਾਂ ਨੇ ਭਾਰਤੀ ਇਤਿਹਾਸ ਦੇ ਅਧਿਐਨ ਵਿੱਚ ਉਹ ਦ੍ਰਿਸ਼ਟੀ ਪ੍ਰਚਲਿਤ ਕੀਤੀ ਜਿਸ ਦਾ ਕੇਂਦਰ ਵਰਗ ਸੰਘਰਸ਼, ਆਰਥਿਕ ਭੌਤਿਕਵਾਦ ਅਤੇ ਕੌਲੋਨਿਅਲ ਸ਼ੋਸ਼ਣ ਸੀ. ਓਪਰੀ ਤੌਰ ’ਤੇ ਇਹ ਦ੍ਰਿਸ਼ਟੀ ਵਿਗਿਆਨਿਕ ਤਰਕਸ਼ੀਲਤਾ ਦਾ ਰੂਪ ਲੈਂਦੀ ਦਿੱਸੀ, ਪਰ ਇਸ ਦੀ ਬੁਨਿਆਦ ਮਾਰਕਸੀ ਫ਼ਲਸਫ਼ੇ ਅਤੇ ਪੱਛਮੀ ਬੌਧਿਕ ਪਰੰਪਰਾਵਾਂ ਵਿਚ ਜੰਮੀ ਹੋਈ ਸੀ।
ਇਸ ਤਰ੍ਹਾਂ ਭਾਰਤ ਅੰਦਰ ਸਿੱਖਿਅਕ ਪਾਠਕ੍ਰਮਾਂ ਅਤੇ ਇਤਿਹਾਸ ਦੀ ਪੇਸ਼ਕਾਰੀ ਰਾਜਨੀਤਿਕ ਰੁਝਾਨਾਂ ਨਾਲ ਗੁੰਨ੍ਹੀ ਹੋਈ ਦਿੱਸੀ। ਐਨ.ਸੀ.ਈ.ਆਰ.ਟੀ.,ਯੂ.ਜੀ.ਸੀ. ,ਆਈ.ਸੀ.ਐਚ.ਆਰ., ਆਈ.ਸੀ.ਐਸ.ਐਸ.ਆਰ. ਵਰਗੀਆਂ ਸੰਸਥਾਵਾਂ ਮਾਰਕਸੀ ਪ੍ਰਭਾਵ ਦੇ ਕੇਂਦਰ ਬਣ ਗਈਆਂ. ਇਨ੍ਹਾਂ ਰਾਹੀਂ ਇਤਿਹਾਸਕ ਤੱਥਾਂ ਦੀ ਪੁਨਰ-ਵਿਆਖਿਆ ਕੀਤੀ ਗਈ, ਜਿਸ ਨੇ ਭਾਰਤੀ ਸੱਭਿਆਚਾਰਕ ਵਿਸ਼ਵ-ਦ੍ਰਿਸ਼ਟੀ ਤੋਂ ਵੱਖ ਇਕ ਨਵਾਂ ਕਥਿਤ “ਵਿਗਿਆਨਿਕ” ਪਰ ਮਾਰਕਸੀ ਢਾਂਚਾ ਸਿਰਜਿਆ।
ਸਿੱਖਿਆ ਅੰਦਰ ਇਹ ਮਾਰਕਸੀ ਪ੍ਰਬਲਤਾ ਕਾਫ਼ੀ ਸਮੇਂ ਤਕ ਨਿਰੰਕੁਸ਼ ਰਹੀ, ਪਰ ਜਦੋਂ 1990 ਤੋਂ ਬਾਅਦ ਭਾਰਤ ਵਿੱਚ ਹਿੰਦੂਤਵ ਪ੍ਰਬਲ ਸ਼ਕਤੀਆਂ ਉਭਰੀਆਂ, ਤਾਂ ਸਿੱਖਿਆ ਦਾ “ਭਗਵੇਂਕਰਨ” ਇੱਕ ਵਿਰੋਧੀ ਪ੍ਰਤਿਕ੍ਰਿਆ ਵਜੋਂ ਸਾਹਮਣੇ ਆਇਆ. ਸੀਤਾ ਰਾਮ ਗੋਇਲ, ਅਰੁਣ ਸ਼ੌਰੀ, ਸ਼ੰਕਰ ਸ਼ਰਨ ਅਤੇ ਅਨੰਤ ਵਿਜੈ ਵਰਗੇ ਹਿੰਦੂਤਵੀ ਲੇਖਕਾਂ ਨੇ ਮਾਰਕਸੀ ਇਤਿਹਾਸਕਾਰਾਂ ਦੀ ਨਿੰਦਾ ਕੀਤੀ ਅਤੇ ਉਨ੍ਹਾਂ ਉੱਤੇ ਭਾਰਤੀ ਸੱਭਿਆਚਾਰ ਦੀ ਤਸਵੀਰ ਵਿਗਾੜਨ ਦਾ ਦੋਸ਼ ਲਗਾਇਆ. ਇਸ ਤਰ੍ਹਾਂ ਸਿੱਖਿਆ ਦਾ ਖੇਤਰ ਦੋ ਰਾਜਨੀਤਿਕ ਧਿਰਾਂ — ਮਾਰਕਸੀ ਅਤੇ ਹਿੰਦੂਤਵੀ — ਦੇ ਵਿਚਾਰਧਾਰਕ ਸੰਘਰਸ਼ ਦਾ ਅਖਾੜਾ ਬਣ ਗਿਆ।
ਇਸ ਸੰਦਰਭ ਵਿੱਚ ਪੰਜਾਬੀ/ਸਿੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ “ਸਿੱਖਿਆ ਦੇ ਭਗਵੇਂਕਰਨ” ਦੇ ਵਿਰੋਧ ਵਿੱਚ ਦਿੱਤਾ ਗਿਆ ਨਾਅਰਾ ਅਪਣੇ-ਆਪ ਵਿੱਚ ਬੇਸ਼ੱਕ ਜਾਇਜ਼ ਚਿੰਤਾ ਹੈ, ਪਰ ਸਾਡੇ ਲਈ ਇਹ ਸਮਝਣਾ ਬੇਹੱਦ ਲਾਜ਼ਮੀ ਹੈ ਕਿ ਜਿਵੇਂ ਸਿੱਖਿਆ ਦਾ ਭਗਵੇਂਕਰਨ ਪੰਜਾਬ ਦੀ ਸਭਿਆਚਾਰਕ ਮੌਲਿਕਤਾ ਲਈ ਖ਼ਤਰਾ ਹੈ, ਉਸੇ ਤਰ੍ਹਾਂ ਸਿੱਖਿਆ ਦਾ ਮਾਰਕਸੀਕਰਨ ਵੀ ਪੰਜਾਬੀ ਤੇ ਸਿੱਖ ਸੱਭਿਆਚਾਰਕ ਦ੍ਰਿਸ਼ਟੀਕੋਣ ਨੂੰ ਪਿਛੇ ਧੱਕਦਾ ਹੈ, ਕਿਉਂਕਿ ਇਹ ਦੋਵੇਂ ਹੀ ਪ੍ਰਵਿਰਤੀਆਂ ਸਿੱਖਿਆ ਨੂੰ ਰਾਜਨੀਤਿਕ ਉਦੇਸ਼ਾਂ ਦੀ ਪੂਰਤੀ ਦਾ ਸਾਧਨ ਬਣਾਉਂਦੀਆਂ ਹਨ — ਜਦਕਿ ਸਿੱਖ ਧਰਮ ਦੀ ਸਿੱਖਿਅਕ ਪਰੰਪਰਾ ਵਿਅਕਤੀਗਤ ਅਜਾਦੀ, ਆਤਮਿਕ ਤਰਕਸ਼ੀਲਤਾ ਅਤੇ ਸਮਾਜਕ ਨਿਆਂ ’ਤੇ ਆਧਾਰਿਤ ਹੈ ਅਤੇ ਆਪਣੇ ਖ਼ਿੱਤੇ ਦੀ ਮੌਲਿਕ ਰੂਪ ਵਿੱਚ ਤਰਜਮਾਨੀ ਕਰਦੀ ਹੈ. ਇਸ ਲਈ ਸਿੱਖ ਵਿਦਿਆਰਥੀਆਂ ਅਤੇ ਬੌਧਿਕਾਂ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਹ “ਵਿਚਾਰਧਾਰਕ ਰਾਜਨੀਤੀ” ਤੋਂ ਉੱਪਰ ਉੱਠ ਕੇ ਸਿੱਖਿਆ ਦੀ ਆਪਣੀ ਮੌਲਿਕ, ਖ਼ਾਲਸ ਮਨੁੱਖੀ ਤੇ ਗੁਰਮਤਿ-ਕੇਂਦ੍ਰਿਤ ਦ੍ਰਿਸ਼ਟੀ ਤਿਆਰ ਕਰਨ, ਕਿਉਂਕਿ ਜੇ ਸਿੱਖ ਅਕਾਦਮਿਕ ਖੇਤਰ ਵਿੱਚ ਆਪਣੀ ਖ਼ਾਸ ਸੋਚ ਨੂੰ ਵਿਕਸਤ ਨਹੀਂ ਕਰਦੇ, ਤਾਂ ਉਹ ਇਕ ਖੂਹ ਤੋਂ ਨਿਕਲਕੇ ਦੂਜੇ ਵਿੱਚ ਡਿੱਗਣ ਲਈ ਮਜਬੂਰ ਹੋ ਜਾਣਗੇ।
ਕਿਉਂਕਿ ਮੇਰਾ ਮੰਨਣਾ ਹੈ ਕਿ ਸਿੱਖਿਆ ਦਾ ਭਗਵੇਂਕਰਨ ਹੋਵੇ ਜਾਂ ਮਾਰਕਸੀਕਰਨ — ਦੋਵੇਂ ਹੀ ਪ੍ਰਕਿਰਿਆਵਾਂ ਭਾਰਤੀ ਅਕਾਦਮਿਕ ਸੰਸਥਾਵਾਂ ਅੰਦਰ ਵਿਚਾਰਧਾਰਕ ਦਬਦਬੇ ਦੀਆਂ ਪ੍ਰਤੀਕ ਹਨ। ਇਸ ਲਈ ਪੰਜਾਬੀ ਵਿਦਿਆਰਥੀ ਸਮਾਜ ਲਈ ਸਭ ਤੋਂ ਜ਼ਰੂਰੀ ਹੈ ਕਿ ਉਹ ਇਹ ਸਮਝੇ ਕਿ ਸਿੱਖਿਆ ਦਾ ਮੂਲ ਉਦੇਸ਼ ਕਿਸੇ ਰਾਜਨੀਤਿਕ ਸ਼੍ਰੇਣੀ ਦੀ ਸੇਵਾ ਨਹੀਂ, ਸਗੋਂ ਮਨੁੱਖੀ ਚੇਤਨਾ ਦਾ ਵਿਸਤਾਰ ਹੈ। ਜਿਸ ’ਤੇ ਚੱਲਦਿਆਂ ਸਿੱਖਿਆ ਨੂੰ ਰਾਜਨੀਤਿਕ ਪ੍ਰਬੰਧਾਂ ਦੇ ਬਜਾਏ ਸਭਿਆਚਾਰਕ ਸੁਰੱਖਿਆ ਅਤੇ ਵਿਚਾਰਕ ਆਜ਼ਾਦੀ ਦੇ ਸਾਧਨ ਵਜੋਂ ਸੁਰੱਖਿਅਤ ਕਰਨਾ ਹੀ ਭਵਿੱਖ ਦੀ ਸਭ ਤੋਂ ਵੱਡੀ ਲੋੜ ਹੈ।

Loading