ਯੂਰਪੀ ਯੂਨੀਅਨ ਤੇ ਅਮਰੀਕਾ ਵਿਚਾਲੇ ਵਪਾਰ ਸਮਝੌਤਾ ਸਿਰੇ ਚੜਿਆ-ਟਰੰਪਵੱਲੋਂ ਐਲਾਨ

In ਅਮਰੀਕਾ
July 29, 2025

ਸੈਕਰਾਮੈਂਟੋ,ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਤੇ ਯੂਰਪੀ ਯੂਨੀਅਨ ਵਿਚਾਲੇ ਵਪਾਰ ਸਮਝੌਤਾ ਸਿਰੇ ਚੜ੍ਹ ਗਿਆ ਹੈ ਜਿਸ ਤਹਿਤ ਯੂਰਪੀ ਵਸਤਾਂ ਉੱਪਰ 15% ਟੈਰਿਫ਼ ਲੱਗੇਗਾ। ਟਰੰਪ ਦੁਆਰਾ ਮਿਥੀ ਸਮਾਂ ਸੀਮਾ ਪਹਿਲੀ ਅਗਸਤ ਤੋਂ ਪਹਿਲਾਂ ਸਮਝੌਤਾ ਹੋ ਜਾਣ ’ਤੇ ਦੋਵਾਂ ਦੇਸ਼ਾਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ।
ਸਕਾਟਲੈਂਡ ਦੇ ਦੌਰੇ ਦੌਰਾਨ ਟਰੰਪ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੂਲਾ ਵਾਨ ਡੇਰ ਲੇਅਨ ਨੂੰ ਮਿਲੇ ਜਿਸ ਦੌਰਾਨ ਦੁਪਾਸੜ ਵਿਚਾਰ ਵਟਾਂਦਰੇ ਉਪਰੰਤ ਸਮਝੌਤੇ ੳੁੱਪਰ ਦਸਤਖ਼ਤ ਕੀਤੇ ਗਏ। ਯੂਰਪ ਵੱਲੋਂ ਅਮਰੀਕਾ ਨੂੰ ਭੇਜੇ ਜਾਂਦੇ ਜ਼ਿਆਦਾਤਰ ਸਮਾਨ ਉੱਪਰ 15% ਟੈਰਿਫ਼ ਲੱਗੇਗਾ ਜੋ ਕਿ ਯੂਰਪੀ ਯੂਨੀਅਨ ਦੀ 10% ਟੈਰਿਫ਼ ਦੀ ਮੰਗ ਨਾਲੋਂ ਜਿਆਦਾ ਹੈ ਪਰੰਤੂ ਫ਼ਿਰ ਵੀ ਟਰੰਪ ਦੇ ਪ੍ਰਸਤਾਵਿਤ 30% ਟੈਰਿਫ਼ ਨਾਲੋਂ ਘੱਟ ਹੈ। ਟਰੰਪ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਯੂਰਪੀ ਯੂਨੀਅਨ ਨਾਲ ਵਪਾਰ ਸਮਝੌਤਾ ਨਾ ਹੋਇਆ ਤਾਂ ਅਮਰੀਕਾ ਇਕਤਰਫ਼ਾ ਯੂਰਪ ਉੱਪਰ ਪਹਿਲੀ ਅਗਸਤ ਤੋਂ 15% ਟੈਰਿਫ਼ ਲਾਗੂ ਕਰ ਦੇਵੇਗਾ। ਸਮਝੌਤੇ ਅਨੁਸਾਰ
ਯੂਰਪੀ ਯੂਨੀਅਨ ਅਮਰੀਕਾ ਵਿੱਚ 600 ਅਰਬ ਡਾਲਰ ਦਾ ਨਿਵੇਸ਼ ਕਰੇਗਾ ਤੇ 750 ਅਰਬ ਡਾਲਰ ਤੋਂ ਵਧ ਮੁੱਲ ਦੀ ਊਰਜਾ ਅਮਰੀਕਾ ਤੋਂ ਖ਼ਰੀਦੇਗਾ। ਟਰੰਪ ਨੇ ਕਿਹਾ ਕਿ ਮੇਰਾ ਵਿਚਾਰ ਹੈ ਕਿ ਦੋਨੋਂ ਧਿਰਾਂ ਸਮਝੌਤਾ ਕਰਨਾ ਚਾਹੁੰਦੀਆਂ ਸਨ ਤੇ ਇਹ ਸਮਝੌਤਾ ਦੋਵਾਂ ਲਈ ਹੀ ਵਧੀਆ ਰਹੇਗਾ। ਕਾਰਾਂ ਸਮੇਤ ਹੋਰ ਵਸਤਾਂ ੳੁੱਪਰ 15% ਟੈਰਿਫ਼ ਲੱਗੇਗਾ ਜਦ ਕਿ ਸਟੀਲ ਤੇ ਅਲਮੀਨੀਅਮ ਉੱਪਰ ਪਹਿਲਾਂ ਵਾਂਗ 50% ਟੈਰਿਫ਼ ਲਾਗੂ ਰਹੇਗਾ। ਵਾਨ ਡੇਰ ਲੇਅਨ ਨੇ ਕਿਹਾ ਹੈ ਕਿ ਵਿਸ਼ਵ ਦੀਆਂ ਦੋ ਵੱਡੀਆਂ ਅਰਥ ਵਿਵਸਥਾਵਾਂ ਵਿਚਾਲੇ ਵਪਾਰ ਸਮਝੌਤਾ ਹੋਇਆ ਹੈ ਜੋ ਇੱਕ ਵੱਡਾ ਸਮਝੌਤਾ ਹੈ। ਇਹ ਬਹੁਤ ਵਿਸ਼ਾਲ ਸਮਝੌਤਾ ਹੈ ਜਿਸ ਨਾਲ ਸਥਿਰਤਾ ਆਵੇਗੀ।

Loading