
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਵੱਲੋੋਂ ਅਗਾਮੀ ਏਸ਼ੀਆ ਕੱਪ ਟੀ 20 ਟੂਰਨਾਮੈਂਟ ਦੀ ਮੇਜ਼ਬਾਨੀ ਯੂ.ਏ.ਈ. ਵਿੱਚ ਕੀਤੀ ਜਾਵੇਗੀ। ਇਹ ਦਾਅਵਾ ਏਸ਼ੀਅਨ ਕ੍ਰਿਕਟ ਕੌਂਸਲ ਵਿਚਲੇ ਸੂਤਰਾਂ ਨੇ ਕੀਤਾ ਹੈ। ਸਤੰਬਰ ਵਿੱਚ ਹੋਣ ਵਾਲੇ ਇਸ ਟੂਰਨਾਮੈਂਟ ਦੌਰਾਨ ਦੋ ਰਵਾਇਤੀ ਵਿਰੋਧੀ ਟੀਮਾਂ ਭਾਰਤ ਤੇ ਪਾਕਿਸਤਾਨ ਵਿੱਚ ਮਹਾਮੁਕਾਬਲਾ ਦੇਖਣ ਨੂੰ ਮਿਲੇਗਾ। ਟੂਰਨਾਮੈਂਟ ਯੂ.ਏ.ਈ. ਵਿੱਚ ਕਰਵਾਉਣ ਸਬੰਧੀ ਫ਼ੈਸਲਾ ਏ.ਸੀ.ਸੀ. ਦੀ ਬੈਠਕ ਵਿੱਚ ਲਿਆ ਗਿਆ, ਜਿਸ ਵਿੱਚ ਸਾਰੇ 25 ਮੈਂਬਰ ਸ਼ਾਮਲ ਹੋਏ।
ਬੀ.ਸੀ.ਸੀ.ਆਈ. ਦੀ ਨੁਮਾਇੰਦਗੀ ਬੋਰਡ ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਵੱਲੋਂ ਕੀਤੀ ਗਈ, ਜੋ ਬੈਠਕ ਵਿੱਚ ਵਰਚੁਅਲੀ ਸ਼ਾਮਲ ਹੋਏ। ਏ.ਸੀ.ਸੀ. ਦੇ ਇੱਕ ਸੂਤਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਪੱਤਰਕਾਰਾਂ ਨੂੰ ਦੱਸਿਆ, ‘‘ਬੀ.ਸੀ.ਸੀ.ਆਈ. ਏਸ਼ੀਆ ਕੱਪ ਦੀ ਮੇਜ਼ਬਾਨੀ ਯ.ੂਏ.ਈ. ਵਿੱਚ ਕਰੇਗਾ। ਭਾਰਤ ਦੇ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡਣ ਦੀ ਸੰਭਾਵਨਾ ਹੈ। ਸ਼ਡਿਊਲ ’ਤੇ ਅਜੇ ਵੀ ਵਿਚਾਰ-ਵਟਾਂਦਰਾ ਚੱਲ ਰਿਹਾ ਹੈ।’’
ਇਹ ਟੂਰਨਾਮੈਂਟ ਯੂ.ਏ.ਈ. ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਕਿਉਂਕਿ ਭਾਰਤ ਅਤੇ ਪਾਕਿਸਤਾਨ ਨੇ ਆਪਸੀ ਸਹਿਮਤੀ ਨਾਲ 2027 ਤੱਕ ਸਾਰੇ ਬਹੁ-ਰਾਸ਼ਟਰੀ ਸਮਾਗਮਾਂ ਵਿੱਚ ਆਪਣੇ ਸਾਰੇ ਮੈਚ ਨਿਰਪੱਖ ਥਾਵਾਂ ’ਤੇ ਖੇਡਣ ਲਈ ਸਹਿਮਤੀ ਦਿੱਤੀ ਹੈ। ਏਸ਼ੀਆ ਕੱਪ ਦਾ ਇਹ ਐਡੀਸ਼ਨ ਟੀ-20 ਫ਼ਾਰਮੈਟ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਕਿਉਂਕਿ ਅਗਲਾ ਆਈ.ਸੀ.ਸੀ. ਵਿਸ਼ਵ ਕੱਪ ਫ਼ਰਵਰੀ 2026 ਵਿੱਚ ਭਾਰਤ ਅਤੇ ਸ੍ਰੀਲੰਕਾ ਵਿੱਚ ਸਭ ਤੋਂ ਛੋਟੇ ਫ਼ਾਰਮੈਟ ਵਿੱਚ ਹੋਵੇਗਾ।