
ਯੂ.ਏ.ਈ./ਏ.ਟੀ.ਨਿਊਜ਼ : ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਖੇ ਰਸ ਅਲ ਖੇਮਾ ਗੁਰੂਘਰ ਦੇ ਨਿਸ਼ਾਨ ਸਾਹਿਬ ਦੇ ਚੋਲੇ ਬਦਲੇ ਗਏ ਹਨ। ਇਹ ਸੇਵਾ ਸਿੱਖ ਸ਼ਰਧਾਲੂਆਂ ਨੇ ਨਿਭਾਈ। ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਵੱਧ ਚੜ੍ਹ ਕੇ ਇਹ ਸੇਵਾ ਨਿਭਾਈ। ਇਸ ਸਬੰਧੀ ਤਸਵੀਰਾਂ ਅਤੇ ਵੀਡੀਉ ਜਨਤਕ ਹੋ ਰਹੇ ਹਨ।
ਜ਼ਿਕਰਯੋਗ ਹੈ ਕਿ 2 ਸਾਲ ਪਹਿਲਾਂ ਯੂ.ਏ.ਈ ਦੇ ਓਮਾਨ ਨਾਲ ਲਗਦੇ ਆਖ਼ਰੀ ਸ਼ਹਿਰ ਰਸ ਅਲ ਖੇਹਮਾ ਵਿਖੇ ਗੁਰੂਘਰ ਗੁਰੂ ਨਾਨਕ ਦਰਬਾਰ ਦੀ ਇਮਾਰਤ ਮੁਕੰਮਲ ਹੋਈ ਸੀ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰਖਦਿਆਂ ਇਸ ਗੁਰੂਘਰ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ। ਇਸ ਗੁਰੂਘਰ ਨੂੰ ਤਿਆਰ ਕਰਨ ’ਚ 4 ਸਾਲ ਲੱਗੇ। ਤਕਰੀਬਨ ਡੇਢ ਏਕੜ ’ਚ ਇਹ ਗੁਰੂਘਰ ਸੁਸ਼ੋਭਿਤ ਹੈ। ਦੁਬਈ ’ਚ ਇਹ ਦੂਸਰਾ ਵੱਡਾ ਗੁਰੂਘਰ ਹੈ, ਜਿਸ ਕੋਲ ਵੱਡਾ ਹਾਲ ਤੇ ਖੁਲ੍ਹੀ ਜਗ੍ਹਾ ਹੈ।
ਲੋਕਲ ਸ਼ੇਖ ਸਾਊਦ ਬਿਨ ਸਾਕਰ ਅਲ ਕਸ਼ਮੀਰ ਵਲੋਂ 24 ਨਵੰਬਰ ਨੂੰ ਰਸਮੀ ਤੌਰ ’ਤੇ ਉਦਘਾਟਨ ’ਚ ਸ਼ਮੂਲੀਅਤ ਕੀਤੀ ਗਈ। ਦੱਸ ਦੇਈਏ ਕਿ ਸ਼ੇਖ ਵੱਲੋਂ ਹੀ ਗੁਰੂਘਰ ਲਈ ਜ਼ਮੀਨ ਦਾਨ ਕੀਤੀ ਗਈ ਹੈ। 70 ਫ਼ੁਟ ਉਚੇ ਨਿਸ਼ਾਨ ਸਾਹਿਬ ਦੀ ਸੇਵਾ ਵੀ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਵਲੋਂ ਪੂਰੀ ਕੀਤੀ ਗਈ। ਦਸਣਾ ਬਣਦਾ ਹੈ ਕਿ ਲੋਕਲ ਸੰਗਤ ਨੇ ਅਪਣੀ ਸੇਵਾ ਨਾਲ ਹੀ ਗੁਰੂਘਰ ਤਿਆਰ ਕੀਤਾ ਹੈ। ਫ਼ਿਲਹਾਲ ਸੰਗਤ ਹੀ ਸੇਵਾ ਦੇ ਤੌਰ ’ਤੇ ਸਾਰਾ ਪ੍ਰਬੰਧ ਚਲਾ ਰਹੀ ਹੈ।