
ਅੱਜ ਦੇ ਆਧੁਨਿਕ ਸਮੇਂ ਵਿੱਚ ਦੁਨੀਆਂ ਇੱਕ ਗਲੋਬਲ ਪਿੰਡ ਬਣ ਚੁੱਕੀ ਹੈ ਵੱਖ- ਵੱਖ ਇਲਾਕਿਆਂ ਵਿੱਚ ਵਾਪਰਦੀਆਂ ਘਟਨਾਵਾਂ ਦਾ ਅਸਰ ਅਕਸਰ ਪੂਰੀ ਦੁਨੀਆਂ ਵਿੱਚ ਹੀ ਹੁੰਦਾ ਹੈ। ਅਸਲੀਅਤ ਤਾਂ ਇਹ ਹੈ ਕਿ ਪੂਰੀ ਦੁਨੀਆਂ ਰਾਜਨੀਤੀ ਦਾ ਇੱਕ ਅਖਾੜਾ ਬਣ ਚੁੱਕੀ ਹੈ। ਜਿੰਦਗੀ ਦੇ ਵੱਖ- ਵੱਖ ਖੇਤਰਾਂ ’ਚ ਰਾਜਨੀਤੀ ਦੀ ਖੇਡ ਖੇਡੀ ਜਾ ਰਹੀ ਹੈ। ਪੂਰੇ ਸੰਸਾਰ ਵਿੱਚ ਹੀ ਮਹਾਂ ਸ਼ਕਤੀਆਂ ਅਤੇ ਤਾਕਤਵਰ ਧਿਰਾਂ ਕਈ ਤਰਾਂ ਦੀਆਂ ਸਿਆਸੀ ਖੇਡਾਂ ਅਤੇ ਆਪਣੇ ਮੁਨਾਫ਼ੇ ਵਾਲੀਆਂ ਖੇਡਾਂ ਖੇਡ ਰਹੀਆਂ ਹਨ।
ਗੱਲ ਸ਼ੁਰੂ ਕਰਦੇ ਹਾਂ ਭਾਰਤ ਤੋਂ ਤਾਂ ਇਸ ਸਮੇਂ ਭਾਰਤ ਦੇ ਹਰਿਆਣਾ ਰਾਜ ਅਤੇ ਜੰਮੂ- ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਦੇਸ਼ ਦੇ ਸਿਆਸੀ ਮਾਹੌਲ ਵਿੱਚ ਬਾਕੀ ਸਾਰੀਆਂ ਚਿੰਤਾਵਾਂ ਤੋਂ ੳੁੱਪਰ ਸਭ ਤੋਂ ਵੱਡੀ ਚਿੰਤਾ ਚੋਣਾਂ ਦੀ ਜਾਪਦੀ ਹੈ। ਜਿਹੜੇ ਲੋਕ ਸੱਤਾ ਵਿੱਚ ਹਨ, ਉਹ ਕਿਸੇ ਵੀ ਤਰੀਕੇ ਨਾਲ ਇਸ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਨਹੀਂ ਹਨ, ਉਨ੍ਹਾਂ ਦਾ ਸਾਰਾ ਧਿਆਨ ਕਿਸੇ ਨਾ ਕਿਸੇ ਤਰੀਕੇ ਨਾਲ ਸੱਤਾ ਵਿੱਚ ਵਾਪਸੀ ’ਤੇ ਹੈ।
ਸਾਡੇ ਪੱਤਰਕਾਰ ਭਰਾ ਵੀ ਪਿਛਲੇ ਕਈ ਸਾਲਾਂ ਤੋਂ ਪੱਤਰਕਾਰੀ ਦੀ ਸ਼ਾਨਦਾਰ ਖੇਡ ਖੇਡ ਰਹੇ ਹਨ। ਜਿਹੜੇ ਲੋਕ ਮਨੀਪੁਰ ਜਾ ਕੇ ਜ਼ਮੀਨੀ ਹਕੀਕਤ ਦਾ ਪਤਾ ਨਹੀਂ ਲਗਾ ਸਕੇ, ਉਹ ਦਿਨ ਰਾਤ ਇਜ਼ਰਾਇਲ-ਹਮਾਸ, ਰੂਸ ਯੂਕ੍ਰੇਨ ਦੀ ਰਿਪੋਰਟਿੰਗ ਕਰ ਰਹੇ ਹਨ। ਇਸ ਖੇਡ ਦਾ ਸਭ ਤੋਂ ਵੱਡਾ ਖਿਡਾਰੀ ਅਮਰੀਕਾ ਸ਼ਾਇਦ ਯੁੱਧ ਦੀ ਇਸ ਪਾਰੀ ਨੂੰ ਲੰਮਾ ਕਰਨਾ ਚਾਹੁੰਦਾ ਹੈ ਤਾਂ ਕਿ ਹਥਿਆਰਾਂ ਦੀ ਵਿਕਰੀ ਵਧੇ ਅਤੇ ਉਸ ਦਾ ਮੁਨਾਫ਼ਾ ਵੀ ਵਧੇ। ਅਮਰੀਕਾ ਵੀ ਆਪਣੀ ਖੇਡ ਨੂੰ ਛੁਪਾਉਂਦਾ ਨਹੀਂ ਹੈ। ਜੇਕਰ ਯੂਕ੍ਰੇਨ ਆਪਣੀ ਆਜ਼ਾਦੀ ਲਈ ਲੜਦਾ ਹੈ ਤਾਂ ਉਹ ਉਸ ਦੇ ਨਾਲ ਹੈ ਅਤੇ ਜੇਕਰ ਫ਼ਲਸਤੀਨ ਆਪਣੀ ਆਜ਼ਾਦੀ ਦੀ ਗੱਲ ਕਰਦਾ ਹੈ ਤਾਂ ਉਹ ਅੱਤਵਾਦੀ ਹੈ, ਇਸ ਨੇ ਇਹ ਦੋਹਰਾ ਮਾਪਦੰਡ ਆਸਾਨੀ ਨਾਲ ਅਪਣਾ ਲਿਆ ਹੈ ਅਤੇ ਇਸ ਦੇ ਪੈਰੋਕਾਰ ਵੀ ਅਜਿਹਾ ਹੀ ਕਰ ਰਹੇ ਹਨ। ਬਿਹਤਰ ਹੋਵੇਗਾ ਕਿ ਅਸੀਂ ਅਮਰੀਕਾ ਦੀ ਜੰਗੀ ਰਿਲੇਅ ਦੌੜ ਦਾ ਹਿੱਸਾ ਨਾ ਬਣੀਏ ਪਰ ਇਸ ਦੇ ਲਈ ਸਾਨੂੰ ਸਖ਼ਤੀ ਦਿਖਾਉਣੀ ਪਵੇਗੀ। ਜਿਹੜੇ ਲੋਕ ਹੁਣ ਇਜ਼ਰਾਇਲ ਦੇ ਨਾਲ ਖੜ੍ਹੇ ਹੋਣ ਦਾ ਦਾਅਵਾ ਕਰ ਰਹੇ ਹਨ ਉਹ ਉਹੀ ਸਮੂਹ ਹਨ ਜਿਨ੍ਹਾਂ ਨੂੰ ਹਿਟਲਰ ਦੇ ਸ਼ੁੱਧ ਖੂਨ ਅਤੇ ਨਸਲ ਦੇ ਵਿਚਾਰ ਆਕਰਸ਼ਕ ਲੱਗਦੇ ਹਨ।
ਦੁਨੀਆਂ ਵਿੱਚ ਇੱਕ ਜੰਗੀ ਖੇਡ ਚੱਲ ਰਹੀ ਹੈ, ਜਿਸ ਵਿੱਚ ਮੁਨਾਫ਼ਾ ਕਮਾਇਆ ਜਾ ਰਿਹਾ ਹੈ ਅਤੇ ਆਮ ਵਾਂਗ ਔਰਤਾਂ, ਬੱਚਿਆਂ ਅਤੇ ਬਹੁਤ ਸਾਰੇ ਬੇਕਸੂਰ ਲੋਕਾਂ ਨਾਲ ਸ਼ਰੇਆਮ ਸਲੂਕ ਕੀਤਾ ਜਾ ਰਿਹਾ ਹੈ। ਛੋਟੀਆਂ ਜਾਂ ਵੱਡੀਆਂ ਜੰਗਾਂ ਵਿੱਚ ਹਰ ਥਾਂ ਔਰਤਾਂ ਹੀ ਸਭ ਤੋਂ ਪਹਿਲਾਂ ਨਿਸ਼ਾਨਾ ਬਣ ਜਾਂਦੀਆਂ ਹਨ। ਇਹ ਮਨੀਪੁਰ ਤੋਂ ਲੈ ਕੇ ਇਜ਼ਰਾਇਲ ਅਤੇ ਫ਼ਲਸਤੀਨ ਤੱਕ ਦੇਖਿਆ ਗਿਆ ਹੈ। ਅਜਿਹੀ ਖੂਨੀ ਅਤੇ ਵਿਨਾਸ਼ਕਾਰੀ ਖੇਡ ’ਤੇ ਤਿੱਖੀ ਨਜ਼ਰ ਰੱਖਣੀ ਚਾਹੀਦੀ ਹੈ, ਤਾਂ ਜੋ ਇਹ ਜਿੱਥੇ ਵੀ ਸ਼ੁਰੂ ਹੋਵੇ, ਇਸ ਨੂੰ ਰੋਕਿਆ ਜਾ ਸਕੇ।
ਹਰ ਯੁੱਧ ਨਾਲ ਫ਼ਾਇਦਾ ਹੁੰਦਾ ਹੈ ਅਮਰੀਕਾ ਦਾ
ਅਮਰੀਕਾ ਵਿੱਚ ਹਥਿਆਰ ਬਣਾਉਣ ਦੇ ਵੱਡੇ -ਵੱਡੇ ਕਾਰਖ਼ਾਨੇ ਅਤੇ ਫ਼ੈਕਟਰੀਆਂ ਹਨ, ਜਿਨ੍ਹਾਂ ਵਿੱਚ ਹਰ ਸਾਲ ਲੱਖਾਂ ਹਥਿਆਰ ਬਣਦੇ ਹਨ। ਇਹਨਾਂ ਕਾਰਖ਼ਾਨਿਆਂ ਅਤੇ ਫੈਕਟਰੀਆਂ ਨੇ ਆਪਣੇ ਹਥਿਆਰ ਵੀ ਵੇਚਣੇ ਹੁੰਦੇ ਹਨ। ਇਸੇ ਕਾਰਨ ਹੀ ਦੁਨੀਆਂ ਦੇ ਹਰ ਖੇਤਰ ਵਿੱਚ ਪੈਦਾ ਹੋਈ ਅਸ਼ਾਂਤੀ ਵਿੱਚ ਅਮਰੀਕਾ ਆਪਣਾ ਦਖ਼ਲ ਦਿੰਦਾ ਹੈ ਅਤੇ ਫਿਰ ਸ਼ਾਂਤੀ ਵਿਵਸਥਾ ਕਾਇਮ ਕਰਨ ’ਤੇ ਆਪਣੀ ਚਾਲ ਚੱਲਦਾ ਹੈ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਅਫ਼ਗਾਨਿਸਤਾਨ ਦੇ ਤਾਲਿਬਾਨੀਆਂ ਕੋਲ ਵੀ ਅਮਰੀਕੀ ਹਥਿਆਰ ਦਿਖਾਈ ਦੇ ਰਹੇ ਹਨ ਅਤੇ ਹਮਾਸ ਅੱਤਵਾਦੀਆਂ ਕੋਲ ਵੀ ਅਮਰੀਕੀ ਹਥਿਆਰ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਰੂਸ ਅਤੇ ਯੂਕ੍ਰੇਨ ਵਿਚਾਲੇ ਯੁੱਧ ਦੌਰਾਨ ਅਮਰੀਕਾ ਵੱਲੋਂ ਯੂਕ੍ਰੇਨ ਦੀ ਭਰਵੀਂ ਮਦਦ ਕੀਤੀ ਜਾ ਰਹੀ ਹੈ ਅਤੇ ਯੂਕ੍ਰੇਨ ਵੱਲੋਂ ਵੀ ਅਮਰੀਕੀ ਹਥਿਆਰ ਵਰਤੇ ਜਾ ਰਹੇ ਹਨ। ਇਸ ਸਭ ਦਾ ਮਤਲਬ ਤਾਂ ਇਹ ਹੀ ਨਿਕਲਦਾ ਹੈ ਕਿ ਹਰ ਯੁੱਧ ਵਿੱਚ ਅਮਰੀਕਾ ਆਪਣੇ ਹਥਿਆਰ ਵੇਚ ਕੇ ਭਾਰੀ ਮੁਨਾਫ਼ਾ ਕਮਾ ਰਿਹਾ ਹੈ।
ਪੂੰਜੀਵਾਦੀ ਸਿਸਟਮ ਦਾ ਬੋਲਬਾਲਾ :
ਕਹਿਣ ਨੂੰ ਭਾਂਵੇਂ ਦੁਨੀਆਂ ਦੇ ਵੱਡੀ ਗਿਣਤੀ ਦੇਸ਼ਾਂ ਵਿੱਚ ਲੋਕਤੰਤਰ ਲਾਗੂ ਕੀਤਾ ਹੋਇਆ ਹੈ ਜਦੋਂਕਿ ਅਸਲੀਅਤ ਤਾਂ ਇਹ ਹੈ ਕਿ ਕਰੀਬ ਪੂਰੀ ਦੁਨੀਆਂ ਵਿੱਚ ਹੀ ਪੂੰਜੀਵਾਦੀ ਸਿਸਟਮ ਭਾਰੂ ਹੋ ਗਿਆ ਹੈ। ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਹੁਣ ਪੂੰਜੀਵਾਦੀ ਸਿਸਟਮ ਦੇ ਸਹਾਰੇ ਹੀ ਦੁਨੀਆਂ ਚੱਲ ਰਹੀ ਹੈ। ਪੂੰਜੀਵਾਦੀ ਯੁੱਗ ਵਿੱਚ ਹਰ ਵਸਤੂ ਮੁੱਲ ਮਿਲ ਸਕਦੀ ਹੈ, ਸਿਰਫ਼ ਉਸ ਦੀ ਯੋਗ ਕੀਮਤ ਦੇਣੀ ਪੈਂਦੀ ਹੈ। ਇਸੇ ਕਾਰਨ ਅੱਜ ਵੱਖ- ਵੱਖ ਦੇਸ਼ ਆਪਣਾ ਮਾਲ ਵੇਚਣ ਲਈ ਪੂੰਜੀਵਾਦੀ ਸਿਸਟਮ ਦਾ ਸਹਾਰਾ ਲੈਂਦੇ ਹਨ। ਹਰ ਦੇਸ਼ ਆਪਣੇ ਦੇਸ਼ ਵਿੱਚ ਬਣਦਾ ਅਤੇ ਤਿਆਰ ਹੁੰਦਾ ਮਾਲ ਵੇਚਣ ਲਈ ਰਾਜਨੀਤੀ ਦੀ ਖੇਡ ਖੇਡਦਾ ਹੈ, ਤਾਂ ਕਿ ਉਸ ਦਾ ਵਿੱਤੀ ਲਾਭ ਲੈ ਸਕੇ। ਜਿਵੇਂ ਕੁਝ ਮੁਲਕਾਂ ਵਿੱਚ ਕੀਵੀ ਫਲ ਬਹੁਤ ਹੁੰਦਾ ਹੈ, ਉਹਨਾਂ ਨੇ ਆਪਣਾ ਕੀਵੀ ਫਲ ਪੂਰੀ ਦੁਨੀਆਂ ਵਿੱਚ ਵੇਚਣ ਲਈ ਇਸ ਗੱਲ ਦਾ ਪ੍ਰਚਾਰ ਕੀਤਾ ਕਿ ਬੁਖ਼ਾਰ ਅਤੇ ਹੋਰ ਬਿਮਾਰੀਆਂ ਵਿੱਚ ਕੀਵੀ ਫਲ ਖਾਣਾ ਬਹੁਤ ਲਾਭਦਾਇਕ ਹੁੰਦਾ ਹੈ। ਇਸੇ ਕਾਰਨ ਹੁਣ ਪੂਰੀ ਦੁਨੀਆਂ ਵਿੱਚ ਜੋ ਵੀ ਵਿਅਕਤੀ ਬਿਮਾਰ ਹੁੰਦਾ ਹੈ, ਉਹ ਮਹਿੰਗੇ ਭਾਅ ਖਰੀਦ ਕੇ ਕੀਵੀ ਫਲ ਜ਼ਰੂਰ ਖਾਂਦਾ ਹੈ। ਇਸੇ ਤਰ੍ਹਾਂ ਹਰ ਦੇਸ਼ ਆਪਣੇ ਦੇਸ਼ ਵਿੱਚ ਪੈਦਾ ਹੁੰਦਾ ਹਰ ਤਰ੍ਹਾਂ ਦਾ ਖਾਣ ਪੀਣ ਦਾ ਸਮਾਨ ਦੁਨੀਆਂ ਵਿੱਚ ਵੇਚਣ ਲਈ ਹਰ ਹੀਲਾ ਵਰਤਦਾ ਹੈ, ਜਿਸ ਲਈ ਰਾਜਨੀਤੀ ਦੀ ਖੇਡ ਖੇਡੀ ਜਾਂਦੀ ਹੈ।