ਰਾਜਪਾਲ ਦੀ ਨਸ਼ਿਆਂ ਵਿਰੁੱਧ ਪੰਜਾਬ ਵਿੱਚ ਪੈਦਲ ਯਾਤਰਾ ‘ਆਪ’ ਸਰਕਾਰ ਵਿਰੁੱਧ ਚੁਣੌਤੀ

In ਖਾਸ ਰਿਪੋਰਟ
April 07, 2025
ਵਿਰੋਧੀ ਪਾਰਟੀਆਂ ਦੇ ਸ਼ਾਸਨ ਵਾਲੇ ਸੂਬਿਆਂ ਵਿੱਚ ਸਰਕਾਰਾਂ ਨਾਲ ਟਕਰਾਅ ਕਾਰਨ ਰਾਜ ਭਵਨ ਸੱਤਾ ਦੇ ਨਵੇਂ ਕੇਂਦਰਾਂ ਵਜੋਂ ਉੱਭਰੇ ਹਨ। ਉਪ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਜਗਦੀਪ ਧਨਖੜ ਤੇ ਉਨ੍ਹਾਂ ਤੋਂ ਬਾਅਦ ਆਰਿਫ ਮੁਹੰਮਦ ਖ਼ਾਨ, ਆਰ.ਐਨ. ਰਵੀ ਆਦਿ ਨੇ ਕਈ ਮੁੱਦਿਆਂ ’ਤੇ ਸੂਬਾ ਸਰਕਾਰਾਂ ਨਾਲ ਟਕਰਾਅ ਬਣਾਇਆ ਤੇ ਕਈ ਮਾਮਲੇ ਸੁਪਰੀਮ ਕੋਰਟ ਤੱਕ ਵੀ ਪਹੁੰਚੇ। ਹੁਣ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਇੱਕ ਨਵੀਂ ਮਿਸਾਲ ਕਾਇਮ ਕਰਦਿਆਂ 3 ਅਪ੍ਰੈਲ ਤੋਂ 6 ਦਿਨਾਂ ਦੀ ਪੈਦਲ ਯਾਤਰਾ (ਮਾਰਚ) ’ਤੇ ਨਿਕਲੇ ਸਨ। ਉਨ੍ਹਾਂ ਦਾ ਇਹ ਮਾਰਚ ਪੰਜਾਬ ਦੇ ਨੌਜਵਾਨਾਂ ਵਿੱਚ ਵਧ ਰਹੇ ਨਸ਼ਿਆਂ ਦੀ ਲਤ ਅਤੇ ਇਸ ਦੇ ਵਪਾਰ ਵਿਰੁੱਧ ਸੀ। ਇਥੇ ਜ਼ਿਕਰਯੋਗ ਹੈ ਕਿ ਨਸ਼ਿਆਂ ਵਿਰੁੱਧ ਜੰਗ ਦੇ 37ਵੇਂ ਦਿਨ ਪੰਜਾਬ ਪੁਲਿਸ ਨੇ ਪਿਛਲੇ ਦਿਨੀਂ 337 ਥਾਵਾਂ ’ਤੇ ਛਾਪੇਮਾਰੀ ਕੀਤੀ, ਰਾਜ ਭਰ ਵਿੱਚ 37 ਮਾਮਲੇ ਦਰਜ ਕਰਨ ਤੋਂ ਬਾਅਦ 54 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਨਾਲ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੀ ਕੁੱਲ ਗਿਣਤੀ 5169 ਹੋ ਚੁਕੀ ਹੈ। ਪੁਲਿਸ ਟੀਮਾਂ ਨੇ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਦੇ ਕਬਜ਼ੇ ਵਿੱਚੋਂ 411 ਗ੍ਰਾਮ ਹੈਰੋਇਨ, 1617 ਨਸ਼ੀਲੀਆਂ ਗੋਲੀਆਂ ਅਤੇ 34,400 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਸੀ। ਇਹ ਮੁਹਿੰਮ ਰਾਜ ਦੇ ਸਾਰੇ 28 ਪੁਲਿਸ ਜ਼ਿਲ੍ਹਿਆਂ ਵਿੱਚ ਇੱਕੋ ਸਮੇਂ ਚਲਾਈ ਗਈ ਸੀ। ਜ਼ਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ’ਤੇ ਚਿੰਤਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ। ਜਿਸ ਸਮੇਂ ਸੂਬੇ ’ਚ ਅਕਾਲੀ ਦਲ ਤੇ ਭਾਜਪਾ ਦੀ ਗੱਠਜੋੜ ਸਰਕਾਰ ਸੀ, ਉਸ ਸਮੇਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪੰਜਾਬ ਦੇ 70 ਫ਼ੀਸਦੀ ਨੌਜਵਾਨ ਨਸ਼ੇ ਦੇ ਸ਼ਿਕਾਰ ਹੋ ਚੁੱਕੇ ਹਨ। ਉਦੋਂ ਅਕਾਲੀ ਦਲ ਤੇ ਭਾਜਪਾ ਦੋਹਾਂ ਨੇ ਰਾਹੁਲ ਗਾਂਧੀ ’ਤੇ ਸੂਬੇ ਨੂੰ ਬਦਨਾਮ ਕਰਨ ਦਾ ਦੋਸ਼ ਲਗਾਏ ਸਨ। ਪਰ ਰਾਹੁਲ ਨੇ ਜੋ ਕਿਹਾ ਉਹ ਪੰਜਾਬ ਦਾ ਸੱਚ ਸੀ। ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ੇ ਦੇ ਕਾਰੋਬਾਰ ਨੂੰ ਖਤਮ ਕਰਨ ਦੀ ਸਹੁੰ ਖਾਧੀ ਸੀ, ਪਰ ਨਸ਼ੇ ਦਾ ਖ਼ਤਰਾ ਅਜੇ ਵੀ ਫੈਲ ਰਿਹਾ ਹੈ। ਪੰਜਾਬ ਦੇ ਸੀਨੀਅਰ ਕਾਂਗਰਸ ਨੇਤਾ ਦਾ ਕਹਿਣਾ ਹੈ ਕਿ ਭਗਵੰਤ ਸਰਕਾਰ ਵੱਡੇ ਸਮਗਲਰਾਂ ਨੂੰ ਹੱਥ ਨਹੀਂ ਪਾ ਰਹੀ। ਨਾ ਹੀ ਉਨ੍ਹਾਂ ਉਪਰ ਬੁਲਡੋਜਰੀ ਕਾਰਵਾਈ ਹੋ ਰਹੀ ਹੈ। ਇਹ ਤਾਂ ਸਿਰਫ ਡਰਾਮਾ ਹੈ। ਪਰ ਰਾਜਪਾਲ ਦੀ ਪੈਦਲ ਯਾਤਰਾ ਇੱਕ ਰਾਜਨੀਤਕ ਚਾਲ ਹੈ, ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕਰੇਗੀ। ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਨਸ਼ੇ ਤੋਂ ਆਜ਼ਾਦੀ ਦੇ ਨਾਂਅ ’ਤੇ ਗਰਮ ਖਿਆਲੀ ਭਾਈ ਅੰਮ੍ਰਿਤਪਾਲ ਸਿੰਘ ਨੇ ‘ਵਾਰਿਸ ਪੰਜਾਬ ਦੇ’ ਸੰਗਠਨ ਨੂੰ ਅੱਗੇ ਵਧਾਇਆ ਹੈ ਤੇ ਹੁਣ ਇੱਕ ਰਾਜਨੀਤਕ ਪਾਰਟੀ ਵੀ ਬਣਾਈ ਹੈ। ਪੰਜਾਬ ਵਿੱਚ ਨਸ਼ੇ ਕੰਟਰੋਲ ਨਹੀਂ ਹੋ ਰਹੇ ਪਰ ਨਸ਼ਿਆਂ ਦੇ ਨਾਮ ਸਿਆਸਤ ਚਲ ਰਹੀ ਹੈ। ਪੰਜਾਬ ਦੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਪੁਲਿਸ ਵੱਲੋਂ ਜੇ.ਸੀ.ਬੀ. ਮਸ਼ੀਨਾਂ ਨਾਲ ਨਸ਼ਾ ਤਸਕਰੀ ਦੇ ਕਥਿਤ ਦੋਸ਼ੀਆਂ ਦੇ ਘਰ ਢਾਹੇ ਜਾਣ ਦਾ ਸਿਲਸਿਲਾ ਤੇਜ਼ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਦਰਸਾਉਂਦੀ ਹੈ ਕਿ ਪੰਜਾਬ ਦਾ ਫ਼ੌਜਦਾਰੀ ਨਿਆਂ ਪ੍ਰਬੰਧ ਨਕਾਰਾ ਹੋ ਗਿਆ ਅਤੇ ਇਨਸਾਫ਼ ਮੁਹੱਈਆ ਕਰਾਉਣ ਤੋਂ ਅਸਮੱਰਥ ਹੋ ਗਿਆ ਹੈ। ਰੋਜ਼ ਨਸ਼ਿਆਂ ਦੀ ਬਰਾਮਦਗੀ ਅਤੇ ਨਸ਼ਾ ਤਸਕਰਾਂ ਦੀਆਂ ਗ੍ਰਿਫ਼ਤਾਰੀਆਂ ਦੇ ਵਧ ਚੜ੍ਹ ਕੇ ਅੰਕੜੇ ਦਿੱਤੇ ਜਾ ਰਹੇ ਹਨ ਪਰ ਪੰਜਾਬ ਦੇ ਨੌਜਵਾਨ ਨਸ਼ਿਆਂ ਨਾਲ ਮਰ ਰਹੇ ਹਨ।

Loading