ਰਾਸ਼ਟਰਪਤੀ ਟਰੰਪ ਤੇ ਮਸਕ ਵਿਚਾਲੇ ਖਿੱਚੀ ਗਈ ਲਕੀਰ

In ਅਮਰੀਕਾ
July 02, 2025

ਸੈਕਰਾਮੈਂਟੋ, ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਰਾਸ਼ਟਰਪਤੀ ਡੋਨਾਲਡ ਟਰੰਪ ਤੇ ਅਰਬਪਤੀ ਕਾਰੋਬਾਰੀ ਐਲਨ ਮਸਕ ਵਿਚਾਲੇ ਇੱਕ ਵਾਰ ਫ਼ਿਰ ਮੱਤਭੇਦ ਡੂੰਘੇ ਹੋ ਗਏ ਹਨ। ਮਸਕ ਨੇ ਟਰੰਪ ਦੁਆਰਾ ਪੇਸ਼ ਮੈਗਾਬਿੱਲ ਦਾ ਵਿਰੋਧ ਕਰਦਿਆਂ ਐਲਾਨ ਕੀਤਾ ਹੈ ਕਿ ਜੋ ਵੀ ਕੋਈ ਸੈਨੇਟ ਮੈਂਬਰ ਬਿੱਲ ਦੇ ਹੱਕ ਵਿੱਚ ਵੋਟ ਪਾਵੇਗਾ, ਉਸ ਨੂੰ ਪਾਰਟੀ ਦੀ ਮੁੱਢਲੀ ਚੋਣ ਵਿੱਚ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ, ਮਂੈ ਉਸ ਦਾ ਵਿਰੋਧ ਕਰਾਂਗਾ। ਵਾਇਟ ਹਾਊਸ ਦੇ ਸਾਬਕਾ ਚੋਟੀ ਦੇ ਸਲਾਹਕਾਰ ਮਸਕ ਨੇ ਐਕਸ ਉੱਪਰ ਬਿਲ ਦਾ ਵਿਰੋਧ ਕਰਦਿਆਂ ਲਿੱਖਿਆ ਹੈ ਕਿ ਚਿੰਤਾ ਵਾਲੀ ਗੱਲ ਇਹ ਹੈ ਕਿ ਬਿਲ ਰਾਸ਼ਟਰੀ ਕਰਜ਼ਾ ਵਧਾਉਣ ਦਾ ਕੰਮ ਕਰੇਗਾ।
ਮਸਕ ਨੇ ਲਿੱਖਿਆ ਹੈ ਕਿ ਕਾਂਗਰਸ ਦੇ ਹਰੇਕ ਮੈਂਬਰ, ਜਿਸ ਨੇ ਸਰਕਾਰੀ ਖਰਚ ਘਟਾਉਣ ਲਈ ਮੁਹਿੰਮ ਚਲਾਈ ਸੀ, ਜੇਕਰ ਹੁਣ ਉਹ ਇਤਿਹਾਸਕ ਕਰਜ਼ਾ ਵਧਾਉਣ ਵਾਲੇ ਬਿਲ ਦੇ ਹੱਕ ਵਿੱਚ ਵੋਟ ਪਾਉਂਦਾ ਹੈ ਤਾਂ ਉਸ ਨੂੰ ਆਪਣਾ ਸਿਰ ਸ਼ਰਮ ਨਾਲ ਝੁਕਾਅ ਲੈਣਾ ਚਾਹੀਦਾ ਹੈ। ਉਸ ਨੂੰ ਅਗਲੇ ਸਾਲ ਮੁੱਢਲੀ ਚੋਣ ਵਿੱਚ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇਹ ਮੇਰੀ ਇਸ ਧਰਤੀ ੳੁੱਪਰ ਆਖਰੀ ਚੀਜ ਹੋਵੇਗੀ ਜੋ ਮੈਂ ਕਰਨ ਜਾ ਰਿਹਾ ਹਾਂ। ਇਥੇ ਜ਼ਿਕਰਯੋਗ ਹੈ ਕਿ ਸਲਾਹਕਾਰ ਵਜੋਂ ਵਾਇਟ ਹਾਊਸ ਛੱਡਣ ਤੋਂ ਬਾਅਦ ਮਸਕ ਨੇ ਟਰੰਪ ਦੀ ਸਖ਼ਤ ਆਲੋਚਨਾ ਕੀਤੀ ਸੀ ਤੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਮਿਸਟਰ ਟਰੰਪ ਮਂੈ ਤੇਰੀ ਹਮਾਇਤ ਨਾ ਕਰਦਾ ਤਾਂ ਤੂੰ ਹਾਰ ਜਾਂਦਾ। ਇਸ ’ਤੇ ਟਰੰਪ ਨੇ ਵੀ ਸਖ਼ਤ ਤੇਵਰ ਵਿਖਾਉਂਦਿਆਂ ਮਸਕ ਨੂੰ ਤਾੜਨਾ ਕੀਤੀ ਸੀ ਕਿ ਤੈਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਵੇਗਾ ਜਿਸ ਦੀ ਤੂੰ ਕਲਪਨਾ ਵੀ ਨਹੀਂ ਕਰ ਸਕਦਾ। ਇਸ ’ਤੇ ਮਸਕ ਨੇ ਮੁਆਫ਼ੀ ਮੰਗਦਿਆਂ ਕਿਹਾ ਸੀ ਕਿ ਅਫ਼ਸੋਸ ਮਂੈ ਕੁਝ ਟਿੱਪਣੀਆਂ ਕਰਦੇ ਸਮਂੇ ਹੱਦੋਂ ਬਾਹਰ ਚਲਾ ਗਿਆ ਸੀ। ਹੁਣ ਫ਼ਿਰ ਦੋਵੇਂ ਆਹਮੋ ਸਾਹਮਣੇ ਹਨ।

Loading