
ਸੈਕਰਾਮੈਂਟ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) ਰਾਸ਼ਟਰਪਤੀ ਚੁਣੇ ਗਏ ਡੋਨਾਲਡ ਟਰੰਪ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਭੇਜੇ ਅਮਰੀਕੀ ਫੌਜ
ਦੇ ਜਹਾਜ਼ ਵਿਚ ਆਪਣੇ ਪਰਿਵਾਰ ਸਮੇਤ ਵਾਸ਼ਿੰਗਟਨ, ਡੀ ਸੀ ਪੁੱਜ ਗਏ ਹਨ। ਪਾਮ ਬੀਚ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਪੁੱਜੇ ਫੌਜ ਦੇ ਜਹਾਜ਼ ਵਿਚ
ਡੋਨਾਲਡ ਟਰੰਪ, ਉਨਾਂ ਦੀ ਪਤਨੀ ਮੇਲਾਨੀਆ, ਧੀ ਇਵਾਂਕਾ ਤੇ ਜਵਾਈ ਜੇਰਡ ਸਵਾਰ ਹੋਏ ਜਦ ਕਿ ਉਨਾਂ ਦਾ ਪੁੱਤਰ ਐਰਿਕ ਤੇ ਉਸ ਦੀ ਪਤਨੀ
ਲਾਰਾ ਇਕ ਨਿੱਜੀ ਜਹਾਜ਼ ਵਿਚ ਸਵਾਰ ਹੋਏ। ਟਰੰਪ-ਵੈਂਸ ਟਰਾਂਜੀਸ਼ਨ ਟੀਮ ਦੇ ਬੁਲਾਰੇ ਕੈਰੋਲਾਈਨ ਲੀਵਿਟ ਨੇ ਐਕਸ ਉਪਰ ਪਾਈ ਇਕ ਪੋਸਟ
ਵਿਚ ਕਿਹਾ ਹੈ ਕਿ '' ਰਾਸ਼ਟਰਪਤੀ ਤੇ ਪ੍ਰਥਮ ਔਰਤ ਮਾਰ-ਏ-ਲਾਗੋ ਨਿਵਾਸ ਤੋਂ ਵਾਸ਼ਿੰਗਟਨ ਲਈ ਸਫਲਤਾ ਦੀ ਮਹਾਨ ਯਾਤਰਾ 'ਤੇ ਰਵਾਨਾ ਹੋ ਗਏ
ਹਨ।'' ਕੋਈ 3 ਘੰਟੇ ਤੋਂ ਵੀ ਘੱਟ ਸਮੇ ਦੇ ਸਫਰ ਉਪਰੰਤ ਡੋਨਾਲਡ ਟਰੰਪ ਦਾ ਜਹਾਜ਼ ਵਾਸ਼ਿੰਗਟਨ ਡੂਲਸ ਇੰਟਰਨੈਸ਼ਨਲ ਹਵਾਈ ਅੱਡੇ 'ਤੇ
ਉਤਰਿਆ। ਡੋਨਾਲਡ ਟਰੰਪ ਰਾਸ਼ਟਰਪਤੀ ਵਜੋਂ 20 ਜਨਵਰੀ ਨੂੰ ਸਹੁੰ ਚੁੱਕਣਗੇ। ਖਰਾਬ ਮੌਸਮ ਕਾਰਨ ਸਹੁੰ ਚੁੱਕ ਸਮਾਗਮ ਖੁਲੇ ਮੈਦਾਨ ਵਿਚ ਹੋਣ ਦੀ
ਬਜਾਏ ਅੰਦਰ ਹੋਵੇਗਾ ਜਿਥੇ ਕੁਝ ਸੈਂਕੜਿਆਂ ਦੀ ਗਿਣਤੀ ਵਿਚ ਵਿਅਕਤੀ ਹੀ ਬੈਠ ਸਕਣਗੇ। ਇਸ ਲਈ ਬਹੁਤ ਸਾਰੇ ਰਿਪਬਲੀਕਨ ਸਮਰਥਕਾਂ ਦੀ
ਸਹੁੰ ਚੁੱਕ ਸਮਾਗਮ ਵਿਚ ਸ਼ਾਮਿਲ ਹੋਣ ਦੀ ਖਾਹਿਸ਼ ਪੂਰੀ ਨਹੀਂ ਹੋ ਸਕੇਗੀ। ਆਪਣੇ ਸਹੁੰ ਚੁੱਕ ਸਮਾਗਮ ਮੌਕੇ ਟਰੰਪ ਵੱਲੋਂ ਡਾਊਨ ਟਾਊਨ ਡੀ ਸੀ ਵਿਚ
ਇਕ ਰੈਲੀ ਦੌਰਾਨ ਆਪਣੇ ਸਰਮਥਕਾਂ ਨੂੰ ਸੰਬੋਧਨ ਕੀਤਾ ਜਾਵੇਗਾ।