
ਨਵੀਂ ਦਿੱਲੀ, 26 ਨਵੰਬਰ :
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮੰਗਲਵਾਰ ਨੂੰ ਭਾਰਤ ਦੇ ਸੰਵਿਧਾਨ ਨੂੰ ਅਪਣਾਏ ਜਾਣ ਦੀ 75ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਸੰਸਦ ਦੇ ਸੰਵਿਧਾਨ ਸਦਨ ਵਿਖੇ ਮਨਾਏ ਗਏ ‘ਸੰਵਿਧਾਨ ਦਿਵਸ’ (Constitution Day – ‘Samvidhan Diwas’) ਸਮਾਰੋਹ ਦੇ ਮੌਕੇ ਇੱਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਜਾਰੀ ਕੀਤੀ। ਸੰਵਿਧਾਨ ਦਿਵਸ ‘ਤੇ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਭਾਰਤੀ ਸੰਵਿਧਾਨ ਇਕ ਜ਼ਿੰਦਾ-ਜਾਗਦਾ ਅਤੇ ਪ੍ਰਗਤੀਸ਼ੀਲ ਦਸਤਾਵੇਜ਼ ਹੈ।
ਰਾਸ਼ਟਰਪਤੀ ਨੇ ਕਿਹਾ, “ਸਾਡਾ ਸੰਵਿਧਾਨ ਇੱਕ ਜ਼ਿੰਦਾ-ਜਾਗਦਾ ਅਤੇ ਪ੍ਰਗਤੀਸ਼ੀਲ ਦਸਤਾਵੇਜ਼ ਹੈ। ਆਪਣੇ ਇਸ ਸੰਵਿਧਾਨ ਰਾਹੀਂ ਅਸੀਂ ਸਮਾਜਿਕ ਨਿਆਂ ਅਤੇ ਸਰਬ-ਸਾਂਝੇ ਵਿਕਾਸ ਦੇ ਟੀਚਿਆਂ ਨੂੰ ਪ੍ਰਾਪਤ ਕੀਤਾ ਹੈ।’’ ਰਾਸ਼ਟਰਪਤੀ ਮੁਰਮੂ ਨੇ ਇਸ ਮੌਕੇ ਭਾਰਤੀ ਸੰਵਿਧਾਨ ਨਾਲ ਸਬੰਧਤ ਦੋ ਕਿਤਾਬਾਂ ਵੀ ਰਿਲੀਜ਼ ਕੀਤੀਆਂ।
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੰਵਿਧਾਨ ਦਿਵਸ ਮਨਾ ਰਹੇ ਕਰੋੜਾਂ ਭਾਰਤੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਸੰਵਿਧਾਨ ਸਾਡੇ ਲੋਕਾਂ ਦੀ ਸਾਲਾਂ ਦੀ ਤਪੱਸਿਆ, ਕੁਰਬਾਨੀ, ਲਿਆਕਤ, ਤਾਕਤ ਅਤੇ ਯੋਗਤਾ ਦਾ ਸਿੱਟਾ ਹੈ। ਬਿਰਲਾ ਨੇ ਕਿਹਾ, “ਮੈਂ ਅੱਜ ਸੰਵਿਧਾਨ ਦਿਵਸ ਮਨਾ ਰਹੇ ਕਰੋੜਾਂ ਭਾਰਤੀਆਂ ਨੂੰ ਵਧਾਈ ਦਿੰਦਾ ਹਾਂ। ਅੱਜ ਤੋਂ 75 ਸਾਲ ਪਹਿਲਾਂ ਇਸ ਦਿਨ ਸਾਡੇ ਸੰਵਿਧਾਨ ਨੂੰ ਸੰਹਿਤਾਬੱਧ (codify) ਕੀਤਾ ਗਿਆ ਸੀ। ਰਾਸ਼ਟਰਪਤੀ ਦੀ ਅਗਵਾਈ ਵਿੱਚ ਅੱਜ ਪੂਰਾ ਦੇਸ਼ ਮਿਲ ਕੇ ਸੰਵਿਧਾਨ ਪ੍ਰਤੀ ਸ਼ੁਕਰਗੁਜ਼ਾਰੀ ਜ਼ਾਹਰ ਕਰ ਰਿਹਾ ਹੈ। ਅੱਜ ਦੇ ਦਿਨ ਕਰੋੜਾਂ ਦੇਸ਼ਵਾਸੀ ਸੰਵਿਧਾਨ ਦੀ ਪ੍ਰਸਤਾਵਨਾ ਦਾ ਪਾਠ ਕਰ ਕੇ ਮੁਲਕ ਨੂੰ ਅਗਾਂਹ ਲਿਜਾਣ ਦਾ ਅਹਿਦ ਕਰਨਗੇ। ਪ੍ਰਧਾਨ ਮੰਤਰੀ ਮੋਦੀ ਦੀ ਪ੍ਰੇਰਨਾ ਨਾਲ ਸਾਲ 2015 ਵਿਚ ਅਸੀਂ 26 ਨਵੰਬਰ ਨੂੰ ਸੰਵਿਧਾਨ ਦਿਵਸ ਵਜੋਂ ਮਨਾਉਣ ਦਾ ਇਤਿਹਾਸਕ ਫੈਸਲਾ ਲਿਆ ਹੈ। ਇਹ ਸੰਵਿਧਾਨ ਸਾਡੇ ਲੋਕਾਂ ਦੀ ਸਾਲਾਂ ਦੀ ਤਪੱਸਿਆ, ਕੁਰਬਾਨੀ, ਲਿਆਕਤ, ਤਾਕਤ ਅਤੇ ਯੋਗਤਾ ਦਾ ਨਤੀਜਾ ਹੈ। ਕਰੀਬ 3 ਸਾਲਾਂ ਦੀ ਮਿਹਨਤ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੀਆਂ ਭੂਗੋਲਿਕ ਅਤੇ ਸਮਾਜਿਕ ਵੰਨਸੁਵੰਨਤਾਵਾਂ ਤੇ ਅਨੇਕਤਾਵਾਂ ਨੂੰ ਇੱਕ ਧਾਗੇ ਵਿੱਚ ਬੰਨ੍ਹਣ ਵਾਲਾ ਇੱਕ ਸੰਵਿਧਾਨ ਬਣਾਇਆ।’’
ਉਪ ਰਾਸ਼ਟਰਪਤੀ ਜਗਦੀਪ ਧਨਖੜ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਨੇਤਾਵਾਂ ਨੇ ਸੰਵਿਧਾਨ ਸਦਨ ‘ਚ ਸੰਵਿਧਾਨ ਦਿਵਸ ਸਮਾਰੋਹ ‘ਚ ਸ਼ਿਰਕਤ ਕੀਤੀ।
ਇਹ ਸਮਾਗਮ 26 ਨਵੰਬਰ, 1949 ਨੂੰ ਸੰਵਿਧਾਨ ਸਭਾ ਦੁਆਰਾ ਸੰਵਿਧਾਨ ਨੂੰ ਅਪਣਾਏ ਜਾਣ ਨੂੰ ਚੇਤੇ ਕਰਾਉਂਦਾ ਹੈ ਅਤੇ ਅੱਜ ਇਸ ਇਤਿਹਾਸਕ ਦਿਹਾੜੇ ਦੀ 75ਵੀਂ ਵਰ੍ਹੇਗੰਢ ਮਨਾਈ ਗਈ। ਸੰਵਿਧਾਨ ਰਸਮੀ ਤੌਰ ‘ਤੇ 26 ਜਨਵਰੀ, 1950 ਨੂੰ ਲਾਗੂ ਹੋਇਆ ਸੀ।