ਰਾਸ਼ਟਰੀ ਪਾਠਕ੍ਰਮ ਢਾਂਚੇ ਵਿੱਚ ਸਿੱਖ ਇਤਿਹਾਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ

In ਖਾਸ ਰਿਪੋਰਟ
April 30, 2025
ਪਿਛਲੇ ਸਾਲ ਤੱਕ, 7ਵੀਂ ਜਮਾਤ ਦੇ ਬੱਚੇ ਸਮਾਜਿਕ ਵਿਗਿਆਨ ਵਿੱਚ ਮੁਗਲਾਂ ਅਤੇ ਦਿੱਲੀ ਸਲਤਨਤ ਬਾਰੇ ਪੜ੍ਹਦੇ ਸਨ। ਪਰ ਹੁਣ ਅਜਿਹਾ ਨਹੀਂ ਹੈ। ਰਾਸ਼ਟਰੀ ਪਾਠਕ੍ਰਮ ਢਾਂਚੇ (ਐਨ.ਸੀ.ਐਫ਼.) ਦੇ ਤਹਿਤ ਸੋਧੀਆਂ ਗਈਆਂ ਨਵੀਆਂ ਐਨ.ਸੀ.ਆਰ.ਟੀ. ਕਿਤਾਬਾਂ ਵਿੱਚ ਇਹ ਦੋ ਅਧਿਆਏ ਨਹੀਂ ਹਨ। ਉਨ੍ਹਾਂ ਦੀ ਥਾਂ ’ਤੇ, ਇਸ ਵਿੱਚ ਮਗਧ, ਮੌਰੀਆ, ਸ਼ੁੰਗਾ ਅਤੇ ਸੱਤਵਾਹਨ ਵਰਗੇ ਪ੍ਰਾਚੀਨ ਭਾਰਤੀ ਰਾਜਵੰਸ਼ਾਂ ਬਾਰੇ ਨਵੇਂ ਅਧਿਆਏ ਸ਼ਾਮਲ ਕੀਤੇ ਗਏ ਹਨ, ਜੋ ਭਾਰਤੀ ਲੋਕਾਚਾਰ ’ਤੇ ਕੇਂਦ੍ਰਿਤ ਹਨ। ਨਵੀਂ ਐਨ.ਸੀ.ਆਰ.ਟੀ. ਕਲਾਸ 7 ਦੇ ਸੋਸ਼ਲ ਸਾਇੰਸ ਸਿਲੇਬਸ ਵਿੱਚੋਂ ਮੁਗਲ ਅਤੇ ਦਿੱਲੀ ਸਲਤਨਤ ਦੇ ਅਧਿਆਇ ਹਟਾ ਦਿੱਤੇ ਗਏ ਹਨ, ਜਿਸਦਾ ਸਿੱਖ ਇਤਿਹਾਸ ਉੱਤੇ ਅਸਰ ਪੈ ਸਕਦਾ ਹੈ। ਇਹ ਕਾਰਵਾਈ ਰਾਜਨੀਤਿਕ ਤੌਰ ’ਤੇ ਪ੍ਰੇਰਿਤ ਹੈ, ਜੋ ਵਿਵਾਦਿਤ ਕਾਰਵਾਈ ਹੈ। ਇਹ ਬਦਲਾਅ ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਰਾਸ਼ਟਰੀ ਰਾਸ਼ਟਰੀ ਪਾਠਕ੍ਰਮ ਢਾਂਚੇ (ਐਨ.ਸੀ.ਐਫ਼.) 2023 ਦੇ ਅਧੀਨ ਕੀਤੇ ਗਏ ਹਨ, ਜੋ ਭਾਰਤੀ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਉੱਤੇ ਜ਼ੋਰ ਦਿੰਦੇ ਹਨ। ਸਿੱਖ ਇਤਿਹਾਸ ਮੁਗਲ ਸਮਰਾਜ ਦੇ ਜ਼ੁਲਮਾਂ ਅਤੇ ਅਨਿਆਂ ਵਿਰੁੱਧ ਸੰਘਰਸ਼ ਨਾਲ ਜੁੜਿਆ ਹੈ। ਸਿੱਖ ਧਰਮ ਦਾ ਆਗਾਜ਼ ਮੁਗ਼ਲ ਬਾਦਸ਼ਾਹ ਬਾਬਰ ਦੇ ਨਾਲ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮੁਗਲ ਕਾਲ ਦੌਰਾਨ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ 1606 ਵਿੱਚ ਜਹਾਂਗੀਰ ਦੇ ਸ਼ਾਸਨ ਦੌਰਾਨ ਹੋਈ ਸੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ 1675 ਵਿੱਚ ਔਰੰਗਜ਼ੇਬ ਦੇ ਸ਼ਾਸਨ ਦੌਰਾਨ ਹੋਈ ਸੀ। ਤੇ ਆਖ਼ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਕਾਲ ਵੀ ਮੁਗ਼ਲ ਸਾਮਰਾਜ ਵੇਲੇ ਦਾ ਹੀ ਹੈ। ਮਗਰੋਂ ਦਾ ਸਮੁੱਚਾ ਸਿੱਖ ਸੰਘਰਸ਼, ਵੱਡਾ ਘੱਲੂਘਾਰਾ, ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਿੱਖ ਜਰਨੈਲਾਂ ਜੱਸਾ ਸਿੰਘ ਰਾਮਗੜ੍ਹੀਆ, ਜੱਸਾ ਸਿੰਘ ਆਹਲੂਵਾਲੀਆ, ਬਾਬਾ ਬਘੇਲ ਸਿੰਘ ਆਦਿ ਵੱਲੋਂ ਮੁਗ਼ਲ ਹਕੂਮਤ ਦੀ ਰਾਜਧਾਨੀ ਉੱਤੇ ਵਾਰ ਵਾਰ ਕੀਤੇ ਹਮਲੇ, ਦਿੱਲੀ ਫ਼ਤਹਿ ਦੇ ਰੂਪ ਵਿੱਚ ਮੁਗਲੀਆ ਤਖ਼ਤ ਉੱਤੇ ਕਬਜ਼ਾ ਤੇ ਲਾਲ ਕਿਲ੍ਹੇ ਉੱਪਰ ਨਿਸ਼ਾਨ ਸਾਹਿਬ ਲਹਿਰਾਉਣੇ ਆਦਿ ਦਾ ਇਤਿਹਾਸ ਵੀ ਮੁਗ਼ਲਾਂ ਦੇ ਇਤਿਹਾਸ ਤੋਂ ਬਗ਼ੈਰ ਅਸੰਭਵ ਹੈ। ਇਹ ਘਟਨਾਵਾਂ ਸਿੱਖ ਪੰਥ ਲਈ ਇਤਿਹਾਸਿਕ ਅਤੇ ਧਾਰਮਿਕ ਮਹੱਤਵ ਦੀਆਂ ਹਨ, ਜੋ ਮੁਗਲ ਸਮਰਾਜ ਦੇ ਜ਼ੁਲਮਾਂ ਅਤੇ ਅਨਿਆਇਆਂ ਵਿਰੁੱਧ ਉਨ੍ਹਾਂ ਦੇ ਸੰਘਰਸ਼ ਨੂੰ ਦਰਸਾਉਂਦੀਆਂ ਹਨ। ਕੀ ਇਤਿਹਾਸ ਦੀਆਂ ਪਾਠ-ਪੁਸਤਕਾਂ ਦੇ ਪੰਨਿਆਂ ਉਪਰੋਂ ਮੁਗ਼ਲ ਕਾਲ ਹਟਾਏ ਜਾਣ ਨਾਲ ਉਸ ਮਾੜੇ ਮੋਟੇ ਸਿੱਖ ਇਤਿਹਾਸ ਨੂੰ ਵੀ ਖ਼ਤਮ ਨਹੀਂ ਕੀਤਾ ਜਾ ਰਿਹਾ, ਜਿਸ ਦਾ ਜ਼ਿਕਰ ਉਨ੍ਹਾਂ ਪਾਠ-ਪੁਸਤਕਾਂ ਵਿੱਚ ਕੇਵਲ ਸੰਕੇਤ ਮਾਤਰ ਹੀ ਹੁੰਦਾ ਹੈ ? ਸਿੱਖ ਸੰਗਠਨਾਂ ਦੀ ਸੰਭਾਵਿਤ ਕਾਰਵਾਈ: ਹਾਲੇ ਤੱਕ ਸਿੱਖ ਸੰਗਠਨਾਂ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.), ਦੀ ਕੋਈ ਸਪੱਸ਼ਟ ਪ੍ਰਤੀਕ੍ਰਿਆ ਨਹੀਂ ਦਿੱਤੀ। ਯਾਦ ਰਹੇ ਕਿ ਮੁਗਲ ਇਤਿਹਾਸ ਹਟਾਉਣ ਨਾਲ ਵਿਦਿਆਰਥੀਆਂ ਨੂੰ ਇਸ ਮਹੱਤਵਪੂਰਨ ਕਾਲ ਦਾ ਗਿਆਨ ਪ੍ਰਾਪਤ ਕਰਨ ਵਿੱਚ ਮੁਸ਼ਕਿਲ ਹੋ ਸਕਦੀ ਹੈ, ਜੋ ਸਿੱਖ ਪੰਥ ਲਈ ਚਿੰਤਾ ਦਾ ਵਿਸ਼ਾ ਹੈ। ਇਹ ਬਦਲਾਅ ਸਿੱਖ ਇਤਿਹਾਸ ਦੀ ਪੇਸ਼ਕਾਰੀ ਨੂੰ ਸੀਮਿਤ ਕਰ ਸਕਦਾ ਹੈ, ਖਾਸ ਕਰਕੇ ਉਨ੍ਹਾਂ ਘਟਨਾਵਾਂ ਨੂੰ ਜੋ ਮੁਗਲ ਸ਼ਾਸਕਾਂ ਨਾਲ ਉਨ੍ਹਾਂ ਦੇ ਸੰਬੰਧਾਂ ਅਤੇ ਸੰਘਰਸ਼ਾਂ ਨੂੰ ਦਰਸਾਉਂਦੀਆਂ ਹਨ। ਐਨ.ਸੀ.ਆਰ.ਟੀ. ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਦਲਾਅ ਸਿਲੇਬਸ ਨੂੰ ਸੌਖਾ ਅਤੇ ਛੋਟਾ ਬਣਾਉਣ ਦੇ ਹਿੱਸੇ ਵਜੋਂ ਕੀਤੇ ਗਏ ਹਨ, ਜੋ ਕੋਵਿਡ-19 ਮਹਾਮਾਰੀ ਦੌਰਾਨ ਸ਼ੁਰੂ ਕੀਤੇ ਗਏ ਸਨ। ਇਸ ਤੋਂ ਇਲਾਵਾ, ਐਨ.ਈ.ਪੀ. 2020 ਅਤੇ ਐਨ.ਸੀ.ਐਫ਼.ਐਸ.ਈ. 2023 ਦੇ ਅਧੀਨ, ਸਿਲੇਬਸ ਨੂੰ ਭਾਰਤੀ ਪਰੰਪਰਾਵਾਂ ਅਤੇ ਸਥਾਨਕ ਸੰਦਰਭਾਂ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਹੈ।

Loading