ਬਿਹਾਰ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2025 ਨੂੰ ਲੈ ਕੇ ਸਿਆਸੀ ਮਾਹੌਲ ਗਰਮ ਹੈ। ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ ਵੱਲੋਂ ਕੱਢੀ ਗਈ ਵੋਟਰ ਅਧਿਕਾਰ ਯਾਤਰਾ ਨੇ ਇਸ ਮਾਹੌਲ ਨੂੰ ਹੋਰ ਵੀ ਤੇਜ਼ ਕਰ ਦਿੱਤਾ ਹੈ। ਇਹ ਯਾਤਰਾ 17 ਅਗਸਤ ਤੋਂ ਸ਼ੁਰੂ ਹੋ ਕੇ 1 ਸਤੰਬਰ ਨੂੰ ਪਟਨਾ ਵਿੱਚ ਖਤਮ ਹੋਈ, ਜਿਸ ਵਿੱਚ ਰਾਹੁਲ ਗਾਂਧੀ ਨੇ ਤੇਜਸਵੀ ਯਾਦਵ ਨਾਲ ਮਿਲ ਕੇ ਵੋਟਰਾਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਫੈਲਾਈ। ਯਾਤਰਾ ਨੇ ਕਰੀਬ 1300 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਅਤੇ 110 ਤੋਂ ਵੱਧ ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘੀ। ਇਸ ਨੇ ਨਾ ਸਿਰਫ਼ ਵਿਰੋਧੀ ਧਿਰ ਨੂੰ ਇੱਕਜੁੱਟ ਕੀਤਾ ਬਲਕਿ ਬੀਜੇਪੀ ਨੂੰ ਵੀ ਚੁਣੌਤੀ ਦਿੱਤੀ ਹੈ।
ਯਾਤਰਾ ਦੌਰਾਨ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਅਤੇ ਬੀਜੇਪੀ ਤੇ ਇਲਜ਼ਾਮ ਲਾਏ ਕਿ ਉਹ ਵੋਟਰ ਸੂਚੀਆਂ ਵਿੱਚ ਧਾਂਦਲੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਚੋਣਾਂ ਵਿੱਚ ਵੋਟਾਂ ਦੀ ਚੋਰੀ ਹੋਈ ਅਤੇ ਬਿਹਾਰ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ। ਤੇਜਸਵੀ ਯਾਦਵ ਨੇ ਵੀ ਇਸ ਨੂੰ ਸਮਰਥਨ ਕੀਤਾ ਅਤੇ ਕਿਹਾ ਕਿ ਐੱਨਡੀਏ ਨੂੰ ਬਿਹਾਰ ਵਿੱਚੋਂ ਉਖਾੜ ਸੁੱਟਾਂਗੇ। ਯਾਤਰਾ ਵਿੱਚ ਅਖਿਲੇਸ਼ ਯਾਦਵ, ਐੱਮਕੇ ਸਟਾਲਿਨ ਅਤੇ ਹੋਰ ਨੇਤਾ ਵੀ ਸ਼ਾਮਲ ਹੋਏ, ਜਿਸ ਨਾਲ ਵਿਰੋਧੀ ਧਿਰ ਦੀ ਏਕਤਾ ਸਪੱਸ਼ਟ ਹੋ ਗਈ। ਇਸ ਯਾਤਰਾ ਨੇ ਕਾਂਗਰਸ ਨੂੰ ਬਿਹਾਰ ਵਿੱਚ ਨਵੀਂ ਜਾਨ ਫੂਕੀ ਹੈ, ਜਿੱਥੇ ਉਹ ਲੰਮੇ ਸਮੇਂ ਤੋਂ ਕਮਜ਼ੋਰ ਸੀ।
ਬਿਹਾਰ ਵਿੱਚ ਸਿਆਸੀ ਪ੍ਰਭਾਵ ਦੀ ਗੱਲ ਕਰੀਏ ਤਾਂ ਯਾਤਰਾ ਨੇ ਵੋਟਰਾਂ ਨੂੰ ਜਾਗਰੂਕ ਕੀਤਾ ਹੈ। ਰੈਲੀਆਂ ਵਿੱਚ ਵੱਡੀ ਭੀੜ ਇਕੱਠੀ ਹੋਈ ਅਤੇ ਲੋਕਾਂ ਨੇ ‘ਵੋਟ ਚੋਰ, ਗੱਦੀ ਛੱਡੋ’ ਵਰਗੇ ਨਾਅਰੇ ਲਾਏ। ਇਸ ਨੇ ਨਾ ਸਿਰਫ਼ ਵੋਟਿੰਗ ਅਧਿਕਾਰਾਂ ਬਾਰੇ ਚਰਚਾ ਛੇੜੀ ਬਲਕਿ ਜਾਤੀਗਤ ਮੁੱਦੇ, ਰੁਜ਼ਗਾਰ ਅਤੇ ਵਿਕਾਸ ਨੂੰ ਵੀ ਉਭਾਰਿਆ। ਰਾਹੁਲ ਗਾਂਧੀ ਨੇ ਮੋਟਰਸਾਈਕਲ ਤੇ ਚੜ੍ਹ ਕੇ ਯਾਤਰਾ ਕੀਤੀ, ਜਿਸ ਨਾਲ ਲੋਕਾਂ ਵਿੱਚ ਉਤਸ਼ਾਹ ਵਧਿਆ। ਤੇਜਸਵੀ ਨੇ ਕਿਹਾ ਕਿ ਇਹ ਯਾਤਰਾ ਬੀਜੇਪੀ ਦੇ ਝੂਠ ਨੂੰ ਬੇਨਕਾਬ ਕਰੇਗੀ। ਇਸ ਨੇ ਮਹਾਂਗਠਜੋੜ ਨੂੰ ਨਵੀਂ ਊਰਜਾ ਦਿੱਤੀ ਹੈ ਅਤੇ ਚੋਣਾਂ ਵਿੱਚ ਉਨ੍ਹਾਂ ਦੀ ਪਕੜ ਮਜ਼ਬੂਤ ਕੀਤੀ ਹੈ।
ਮਹਾਂਗਠਜੋੜ ਵਿੱਚ ਰਾਸ਼ਟਰੀ ਜਨਤਾ ਦਲ (ਆਰਜੇਡੀ), ਕਾਂਗਰਸ, ਵਾਮ ਪੰਥੀ ਪਾਰਟੀਆਂ ਅਤੇ ਹੋਰ ਛੋਟੀਆਂ ਪਾਰਟੀਆਂ ਸ਼ਾਮਲ ਹਨ। ਯਾਤਰਾ ਨੇ ਉਨ੍ਹਾਂ ਵਿੱਚ ਏਕਤਾ ਵਧਾਈ ਹੈ ਪਰ ਚੁਣੌਤੀਆਂ ਵੀ ਹਨ। ਨੀਤੀਸ਼ ਕੁਮਾਰ ਦੀ ਜੇਡੀਯੂ ਅਤੇ ਬੀਜੇਪੀ ਨਾਲ ਐੱਨਡੀਏ ਮਜ਼ਬੂਤ ਹੈ। ਕੁਝ ਓਪੀਨੀਅਨ ਪੋਲਾਂ ਵਿੱਚ ਐੱਨਡੀਏ ਨੂੰ ਬੜ੍ਹਤ ਮਿਲ ਰਹੀ ਹੈ ਪਰ ਯਾਤਰਾ ਨੇ ਮਹਾਂਗਠਜੋੜ ਨੂੰ ਇਕੱਠਾ ਤਾਕਤਵਰ ਬਣਾ ਦਿੱਤਾ ਹੈ। ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਅਤੇ ਰਾਹੁਲ ਗਾਂਧੀ ਦੀ ਮੌਜ਼ੂਦਗੀ ਨੇ ਕਾਂਗਰਸ ਨੂੰ ਉਤਸ਼ਾਹਿਤ ਕੀਤਾ ਹੈ। ਪਰ ਸੀਟ ਵੰਡ ਅਤੇ ਜਾਤੀਗਤ ਸਮੀਕਰਨ ਵੱਡੀ ਰੁਕਾਵਟ ਹਨ।
ਸੀਟ ਵੰਡ ਤੇ ਸਹਿਮਤੀ ਬਣ ਗਈ ਹੈ। ਜਾਣਕਾਰਾਂ ਮੁਤਾਬਕ ਆਰਜੇਡੀ ਨੇ 150 ਸੀਟਾਂ ਦੀ ਮੰਗ ਛੱਡ ਕੇ 125-130 ਸੀਟਾਂ ਤੇ ਰਜ਼ਾਮੰਦੀ ਕੀਤੀ ਹੈ। ਕਾਂਗਰਸ ਨੂੰ 50-55 ਸੀਟਾਂ ਮਿਲ ਸਕਦੀਆਂ ਹਨ। ਵਾਮ ਪੰਥੀ ਪਾਰਟੀਆਂ ਨੂੰ ਪਿਛਲੀ ਵਾਰ ਨਾਲੋਂ ਵੱਧ ਸੀਟਾਂ ਮਿਲਣ ਦੀ ਉਮੀਦ ਹੈ, ਖਾਸ ਕਰ ਸੀਪੀਆਈ-ਐੱਮਐੱਲ ਨੂੰ ਜਿਸ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਵਿਕਾਸ਼ਸ਼ੀਲ ਇਨਸਾਨ ਪਾਰਟੀ ਨੂੰ 25-28 ਸੀਟਾਂ ਅਤੇ ਹੋਰ ਛੋਟੀਆਂ ਪਾਰਟੀਆਂ ਨੂੰ 3-4 ਸੀਟਾਂ ਮਿਲ ਸਕਦੀਆਂ ਹਨ। ਇਸ ਨਾਲ ਮਹਾਂਗਠਜੋੜ ਵਿੱਚ ਏਕਤਾ ਵਧੀ ਹੈ ਅਤੇ ਚੋਣਾਂ ਲਈ ਤਿਆਰੀ ਤੇਜ਼ ਹੋ ਗਈ ਹੈ।
ਸਿਆਸੀ ਮਾਹਿਰਾਂ ਦੀ ਇਹਨਾਂ ਚੋਣਾਂ ਬਾਰੇ ਰਾਏ ਵੱਖਰੀ ਹੈ। ਕਨਹੈਈਆ ਕੁਮਾਰ ਨੇ ਕਿਹਾ ਕਿ ਮਹਾਂਗਠਜੋੜ ਏਕਤਾ ਨਾਲ ਬੀਜੇਪੀ ਨੂੰ ਹਰਾ ਸਕਦਾ ਹੈ ਪਰ ਵੋਟਰ ਸੂਚੀਆਂ ਵਿੱਚ ਧਾਂਦਲੀ ਰੋਕਣੀ ਪਵੇਗੀ। ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਬਿਹਾਰ ਵਿੱਚ ਹਿੰਦੂਤਵ ਨਾਲੋਂ ਜਾਤੀ ਅਤੇ ਵਿਕਾਸ ਵੱਡੇ ਮੁੱਦੇ ਹਨ। ਅਸ਼ੀਸ਼ ਰੰਜਨ ਨੇ ਕਿਹਾ ਕਿ ਨੀਤੀਸ਼ ਦੀ ਮਹਿਲਾ ਵੋਟ ਬੈਂਕ ਮਜ਼ਬੂਤ ਹੈ ਪਰ ਤੇਜਸਵੀ ਦੇ ਵਾਅਦੇ ਆਕਰਸ਼ਕ ਹਨ।
ਅਖਬਾਰਾਂ ਵਿੱਚ ਵੀ ਵੱਖ ਵੱਖ ਟਿੱਪਣੀਆਂ ਹਨ। ਦਿ ਹਿੰਦੂ ਨੇ ਲਿਖਿਆ ਕਿ ਯਾਤਰਾ ਨੇ ਵਿਰੋਧੀ ਧਿਰ ਨੂੰ ਜੰਗੀ ਮੋਰਚਾ ਬਣਾ ਦਿੱਤਾ ਹੈ ਅਤੇ ਬੀਜੇਪੀ ਲਈ ਚੁਣੌਤੀ ਹੈ। ਇੰਡੀਅਨ ਐਕਸਪ੍ਰੈੱਸ ਨੇ ਕਿਹਾ ਕਿ ਇਹ ਕਾਂਗਰਸ ਲਈ ਬਿਹਾਰ ਵਿੱਚ ਵਾਪਸੀ ਦਾ ਮੌਕਾ ਹੈ। ਦਿ ਵਾਇਰ ਨੇ ਲਿਖਿਆ ਕਿ ਯਾਤਰਾ ਨੇ ਵੋਟਿੰਗ ਤੋਂ ਬਾਹਰ ਵੀ ਮੁੱਦੇ ਉਭਾਰੇ ਹਨ ਜਿਵੇਂ ਐੱਸਸੀ-ਐੱਸਟੀ ਅਤੇ ਓਬੀਸੀ ਦੇ ਅਧਿਕਾਰ। ਟਾਈਮਜ਼ ਆਫ਼ ਇੰਡੀਆ ਨੇ ਕਿਹਾ ਕਿ ਅਖਿਲੇਸ਼ ਯਾਦਵ ਦੇ ਸ਼ਾਮਲ ਹੋਣ ਨਾਲ ਯਾਤਰਾ ਨੂੰ ਰਾਸ਼ਟਰੀ ਪੱਧਰ ਮਿਲਿਆ ਹੈ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਯਾਤਰਾ ਨੇ ਬਿਹਾਰ ਨੂੰ ਰਾਸ਼ਟਰੀ ਚਰਚਾ ਵਿੱਚ ਲਿਆਂਦਾ ਹੈ ਅਤੇ ਚੋਣਾਂ ਨੂੰ ਦਿਲਚਸਪ ਬਣਾ ਦਿੱਤਾ ਹੈ।
ਕੁੱਲ ਮਿਲਾ ਕੇ ਯਾਤਰਾ ਨੇ ਮਹਾਂਗਠਜੋੜ ਨੂੰ ਤਾਕਤ ਦਿੱਤੀ ਹੈ ਪਰ ਜਿੱਤ ਲਈ ਵੱਡੀ ਲੜਾਈ ਬਾਕੀ ਹੈ। ਨੀਤੀਸ਼ ਕੁਮਾਰ ਅਤੇ ਬੀਜੇਪੀ ਨੂੰ ਹਰਾਉਣ ਲਈ ਵਿਰੋਧੀ ਗਠਜੋੜ ਲਈ ਏਕਤਾ ਅਤੇ ਰਣਨੀਤੀ ਜ਼ਰੂਰੀ ਹੈ। ਸਿਆਸੀ ਮਾਹਿਰ ਮੰਨਦੇ ਹਨ ਕਿ ਜੇਕਰ ਵੋਟਰ ਜਾਗਰੂਕ ਰਹੇ ਤਾਂ ਮਹਾਂਗਠਜੋੜ ਜਿੱਤ ਸਕਦਾ ਹੈ। ਬਿਹਾਰ ਦੀਆਂ ਚੋਣਾਂ ਰਾਸ਼ਟਰੀ ਪੱਧਰ ਤੇ ਵੀ ਅਸਰ ਪਾਉਣਗੀਆਂ। ਇਹ ਯਾਤਰਾ ਨੇ ਵੋਟਰ ਅਧਿਕਾਰਾਂ ਨੂੰ ਨਵੀਂ ਪਹਿਚਾਣ ਦਿੱਤੀ ਹੈ ਅਤੇ ਲੋਕਤੰਤਰ ਨੂੰ ਮਜ਼ਬੂਤ ਕੀਤਾ ਹੈ।