ਰਾਹੁਲ ਗਾਂਧੀ ਅੱਜ ਕੱਲ ਅਮਰੀਕਾ ਦੇ ਚਾਰ ਦਿਨਾਂ ਦੇ ਦੌਰੇ ’ਤੇ ਸਨ। ਇਹ ਦੌਰਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਵੀ ਰਿਹਾ। ਅਸਲ ਵਿੱਚ ਰਾਹੁਲ ਗਾਂਧੀ ਜਦੋਂ ਵੀ ਵਿਦੇਸ਼ ਵਿੱਚ ਜਾਂਦੇ ਹਨ ਤਾਂ ਭਾਰਤ ਦੀ ਤਰ੍ਹਾਂ ਉਹ ਪਰਵਾਸੀ ਭਾਰਤੀਆਂ ਤੇ ਵਿਦਿਆਰਥੀਆਂ ਦੇ ਨਾਲ ਵਿਚਾਰ ਚਰਚਾ ਖੁੱਲ੍ਹ ਕੇ ਕਰਦੇ ਹਨ। ਇੱਕ ਮੰਚ ਹੁੰਦਾ ਹੈ, ਉਸ ਮੰਚ ’ਤੇ ਸਵਾਲ ਪੁੱਛੇ ਜਾਂਦੇ ਹਨ, ਰਾਹੁਲ ਗਾਂਧੀ ਨਿਝੱਕ ਜਵਾਬ ਦਿੰਦਾ ਹੈ, ਕੋਈ ਟੈਲੀਪ੍ਰੋਂਪਟਰ ਨਹੀਂ ਹੁੰਦਾ ਤੇ ਕੋਈ ਕਲਮ ਕਾਗ਼ਜ ਨਹੀਂ ਹੁੰਦਾ। ਇਸ ਵਾਰ ਵੀ ਉਨ੍ਹਾਂ ਨੇ ਡਿਲਾਸ ਯੂਨੀਵਰਸਿਟੀ ਆਫ਼ ਟੈਕਸਾਸ ਦੇ ਵਿੱਚ ਖੁੱਲ੍ਹ ਕੇ ਗੱਲਾਂਬਾਤਾਂ ਕੀਤੀਆਂ ਪਰ ਰਾਹੁਲ ਗਾਂਧੀ ਦੇ ਬਿਆਨਾਂ ’ਤੇ ਸਿਆਸੀ ਘਮਾਸਾਨ ਮੱਚਿਆ ਪਿਆ ਹੈ। ਜੇ ਕਰ ਘਮਾਸਾਨ ਨੂੰ ਪਾਸੇ ਕਰ ਦੇਈਏ ਤਾਂ ਰਾਹੁਲ ਗਾਂਧੀ ਨੇ ਬਹੁਤ ਵੱਡੀਆਂ ਗੱਲਾਂ ਕੀਤੀਆਂ ਨੇ। ਭਾਵੇਂਕਿ ਭਾਰਤ ਵਿੱਚ ਉਸ ਦੇ ਖ਼ਿਲਾਫ਼ ਫ਼ਰਜ਼ੀ ਬਿਰਤਾਂਤ ਸਿਰਜਿਆ ਜਾ ਰਿਹੈ। ਵਰਜੀਨੀਆਂ ਦੇ ਵਿੱਚ ਉਨ੍ਹਾਂ ਦਾ ਇੱਕ ਬਿਆਨ ਕਾਫ਼ੀ ਜਿਆਦਾ ਚਰਚਾ ਦੇ ਵਿੱਚ ਰਿਹਾ, ਜਿਸ ਦੇ ਵਿੱਚ ਉਨ੍ਹਾਂ ਨੇ ਸਿੱਖ ਧਰਮ ਦਾ ਜ਼ਿਕਰ ਕੀਤਾ। ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਲੜਾਈ ਜਿਸ ਤਰੀਕੇ ਦੇ ਨਾਲ ਪਰਿਭਾਸ਼ਿਤ ਕੀਤੀ ਹੈ, ਅਸਲ ਵਿੱਚ ਉਸ ਤਰ੍ਹਾਂ ਨਹੀਂ ਹੈ। ਇਹ ਕੋਈ ਰਾਜਨੀਤਿਕ ਲੜਾਈ ਨਹੀਂ ਹੈ। ਹਰ ਇੱਕ ਧਰਮ ਦੇ ਨਾਲ ਸਬੰਧਿਤ ਉਸ ਨੇ ਗੱਲ ਕੀਤੀ। ਸੱਚ ਤਾਂ ਇਹ ਹੈ ਕਿ ਉਸ ਨੇ ਧਾਰਮਿਕ ਘੱਟ ਗਿਣਤੀਆਂ ਦੀ ਗੱਲ ਸਿੱਖਾਂ ਦੇ ਹਵਾਲੇ ਨਾਲ ਕੀਤੀ। ਤੇ ਬਦਲੇ ਵਿੱਚ ਭਾਜਪਾ ਦੇ ਵੱਡੇ -ਵੱਡੇ ਨੇਤਾ ਤੇ ਭਾਜਪਾਈ ਸਿੱਖ ਚਿਹਰੇ ਹਰਦੀਪ ਸਿੰਘ ਪੁਰੀ, ਮਨਜਿੰਦਰ ਸਿੰਘ ਸਿਰਸਾ ਵਰਗੇ ਕਹਿਣ ਲੱਗ ਪਏ ਕਿ ਸਿੱਖਾਂ ਨਾਲ ਧੱਕਾ ਤਾਂ ’84 ਤੋਂ ਸ਼ੁਰੂ ਹੋਇਆ। ਰਾਹੁਲ ਗਾਂਧੀ ਵਿਦੇਸ਼ ਦੇ ਵਿੱਚ ਭਾਰਤ ਨੂੰ ਭੰਡ ਰਿਹਾ ਹੈ। ਜਦੋਂਕਿ ਰਾਹੁਲ ਗਾਂਧੀ ਨੇ ਤਮਿਲਨਾਡੂ, ਕੇਰਲ, ਹਰਿਆਣਾ, ਤੇਲੰਗਾਨਾ ਆਦਿ ਦੇ ਹਵਾਲੇ ਵੀ ਦਿੱਤੇ ਪਰ ਬੀਜੇਪੀ ਦੇ ਆਈ.ਟੀ.ਸੈਲ ਦੇ ਹੱਥੇ ਸਿੱਖਾਂ ਵਾਲੀ ਗੱਲ ਚੜ੍ਹ ਗਈ ਹੈ। ਬੇਸ਼ੱਕ ਇਸ ਗੱਲ ਨੂੰ ਝੁਠਲਾਅ ਨਹੀਂ ਸਕਦੇ ਕਿ ਕਾਂਗਰਸ ਸਮੇਂ ਵੀ ਸਿੱਖਾਂ ਦਾ ਘਾਣ ਹੋਇਆ ਪਰ ਉਹ ਇੱਕ ਖਾਸ ਪਾਰਟੀ ਵੱਲੋਂ ਕੀਤਾ ਗਿਆ ਨਾ ਕਿ ਰਾਹੁਲ ਗਾਂਧੀ ਵੱਲੋਂ। ਹਾਲਾਂਕਿ ਡਾ.ਮਨਮੋਹਨ ਸਿੰਘ ਵੱਲੋਂ ਇਸ ਵਿਸ਼ੇ ’ਤੇ ਸੰਸਦ ਵਿੱਚ ਮਾਫ਼ੀ ਵੀ ਮੰਗੀ ਗਈ ਪਰ ਕੁਝ ਬਨਾਉਟੀ ਸਿੱਖਾਂ ਨੇ ਇਹ ਕਹਿ ਦਿੱਤਾ ਕਿ ਇੱਕ ਸਿੱਖ ਕੋਲੋਂ ਹੀ ਮਾਫ਼ੀ ਮੰਗਵਾ ਦਿੱਤੀ ਹੈ ਜਦੋਂਕਿ ਉਹ ਉਸ ਸਮੇਂ ਉਸ ਪਾਰਟੀ ਦਾ ਮੁੱਖ ਨੁਮਾਇੰਦਾ ਸੀ। ਰਾਹੁਲ ਗਾਂਧੀ ਦੀਆਂ ਗੱਲਾਂ ਵਿੱਚ ਜੋ ਗੰਭੀਰਤਾ ਹੈ ਜਾਂ ਜੋ ਸਿਆਸੀ ਤੰਦ ਹੈ, ਸਮਝਣ ਵਾਲੇ ਉਸ ਨੂੰ ਸਮਝ ਰਹੇ ਨੇ। ਰਾਹੁਲ ਗਾਂਧੀ ਤੱਥਾਂ ਤੋਂ ਲਾਂਭੇ ਹੋ ਕੇ ਕੋਈ ਗੱਲ ਨਹੀਂ ਕਰ ਰਿਹਾ। ਉਹ ਦਸਦਾ ਹੈ ਕਿ ਮੇਰੀ ਨਜ਼ਰ ਵਿੱਚ ਭਾਰਤ ਕਿਵੇਂ ਦਾ ਹੋਵੇ? ਉਹ ਮੁੱਦਿਆਂ ਦੀ ਸਿਆਸਤ ਉਭਾਰ ਰਿਹਾ ਹੈ। ਬੀਜੇਪੀ ਦੁਚਿੱਤੀ ਦੇ ਵਿੱਚ ਹੈ ਕਿ ਰਾਹੁਲ ਗਾਂਧੀ ਨਰਿੰਦਰ ਮੋਦੀ ਦੇ ਨਾਲੋਂ ਵਧੀਆ ਬੋਲ ਰਿਹਾ ਹੈ ਜਾਂ ਉਹ ਦੇਸ਼ ਦੀ ਪੋਲ ਖੋਲ ਰਿਹਾ ਹੈ। ਇਹ ਚੱਕਰਵਿਊ ਵਿੱਚ ਬੀਜੇਪੀ ਭਗਤ ਫਸੇ ਹੋਏ ਹਨ। ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਰਾਹੁਲ ਗਾਂਧੀ ਸੱਚਾ ਵੀ ਹੈ। ਅਸੀਂ ਰੋਜ ਖ਼ਬਰਾਂ ਸੁਣਦੇ ਹਾਂ ਕਿ ਪ੍ਰੀਖਿਆ ਦੇ ਵਿੱਚ ਬੱਚਿਆਂ ਤੋਂ ਕੜੇ, ਕਿਰਪਾਨਾਂ ਲੁਹਾ ਲਏ ਜਾਂਦੇ ਹਨ। ਬੀਜੇਪੀ ਗੁਰਦੁਆਰਿਆਂ ਦੇ ਵਿੱਚ ਸ਼ਰੇਆਮ ਸਰਕਾਰੀ ਤੰਤਰ ਦੇ ਨਾਲ ਕਬਜ਼ਾ ਕਰ ਰਹੀ ਹੈ। ਪਾਕਿਸਤਾਨੀ, ਖ਼ਾਲਿਸਤਾਨੀ, ਅੱਤਵਾਦੀ ਲਫ਼ਜ਼ ਬੀਜੇਪੀ ਦੇ ਕਰਿੰਦਿਆਂ ਵੱਲੋਂ ਇੱਕ ਗਾਲ ਵਾਂਗੂ ਸਿੱਖਾਂ ਦੇ ਮੂੰਹ ’ਤੇ ਮਾਰਿਆ ਜਾਂਦਾ ਹੈ। ਬਾਹਰਲੇ ਮੁਲਕਾਂ ਤੋਂ ਸਿੱਖ ਭਾਈਚਾਰਾ ਕ੍ਰਿਪਾਨ ਪਾ ਕੇ ਜਹਾਜ਼ ਚੜਦਾ ਹੈ, ਪਰ ਇੰਡੀਆ ਦੀਆਂ ਬਰੂਹਾਂ ਵਿੱਚ ਆ ਕੇ ਭਾਵ ਦਿੱਲੀ ਹਵਾਈ ਅੱਡੇ ’ਤੇ ਆ ਕੇ ਉਨ੍ਹਾਂ ਦੀਆਂ ਕ੍ਰਿਪਾਨਾਂ ਅੰਮ੍ਰਿਤਸਰ ਜਾਣ ਸਮੇਂ ਲੁਹਾ ਦਿੱਤੀਆਂ ਜਾਂਦੀਆਂ ਹਨ।
ਰਾਹੁਲ ਗਾਂਧੀ ਨੇ ਸੰਜੀਦਾ ਮੁੱਦਿਆਂ ਦੇ ਉੱਤੇ ਬੋਲਣ ਲਈ ਆਪਣੇ ਆਪ ਬਿਲਕੁਲ ਤਿਆਰ ਬਰ ਤਿਆਰ ਕਰ ਲਿਆ ਹੈ। ਜਿਸ ਸੰਜੀਦਗੀ ਦੇ ਨਾਲ ਰਾਹੁਲ ਗਾਂਧੀ ਆਪਣੀ ਗੱਲ ਲੋਕਾਂ ਸਾਹਮਣੇ ਰੱਖਦਾ ਹੈ, ਉਸ ਤਰ੍ਹਾਂ ਨਰਿੰਦਰ ਮੋਦੀ ਨਹੀਂ ਰੱਖ ਸਕਦੇ। ਕਦੇ ਨਰਿੰਦਰ ਮੋਦੀ ਨੇ ਵਿਦੇਸ਼ ਦੇ ਵਿੱਚ ਮੰਚ ’ਤੇ ਬੈਠ ਕੇ ਸਵਾਲਾਂ ਦੇ ਜਵਾਬ ਦਿੱਤੇ ਹਨ? ਟੈਲੀਪ੍ਰੋਂਪਟਰ ਤੋਂ ਬਿਨਾਂ 10 ਸਾਲ ਰਹਿ ਚੁੱਕੇ ਪ੍ਰਧਾਨ ਮੰਤਰੀ ਗੱਲ ਨਹੀਂ ਕਰ ਸਕਦੇ। ਰਾਹੁਲ ਗਾਂਧੀ ਜਿਵੇਂ ਧਰਮ ਦੇ ਮੁੱਦੇ ’ਤੇ ਗੱਲ ਕਰਦੇ ਨੇ, ਬੇਰੁਜ਼ਗਾਰੀ ’ਤੇ ਗੱਲ ਕਰਦੇ ਨੇ, ਤੇ ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਬੈਠ ਕੇ ਅਮਰੀਕਾ ਦੀ ਗੱਲ ਕਰਦੇ ਨੇ, ਜਿਵੇਂ ਉਨ੍ਹਾਂ ਕਿਹਾ ਕਿ ਭਾਰਤ ਤੋਂ ਇਲਾਵਾ ਹੋਰ ਮੁਲਕਾਂ ਦੇ ਵਿੱਚ ਵੀ ਬੇਰੁਜ਼ਗਾਰੀ ਮੁੱਖ ਮੁੱਦਾ ਹੈ ਪਰ ਕੁਝ ਮੁਲਕਾਂ ਵਿੱਚ ਅਜਿਹੀ ਸਮੱਸਿਆ ਨਹੀਂ ਹੈ, ਜਿਵੇਂ ਕਿ ਚੀਨ। ਤੇ ਫਿਰ ਅਮਰੀਕਾ ਅੰਦਰ ਬੈਠ ਕੇ ਅਮਰੀਕਾ ਨੂੰ ਹੀ ਕਟਹਿਰੇ ਵਿੱਚ ਖੜਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਦੇ ਅਮਰੀਕਾ ਪ੍ਰੋਡਕਸ਼ਨ ਦਾ ਹੱਬ ਸੀ, ਇਥੇ ਹਰ ਇੱਕ ਚੀਜ਼ ਬਣਦੀ ਸੀ, ਲੋਕ ਅਮਰੀਕਾ ਦੀਆਂ ਚੀਜ਼ਾਂ ਖਰੀਦਦੇ ਸਨ ਪਰ ਹੌਲੀ ਹੌਲੀ ਇਹ ਪ੍ਰੋਡਕਸ਼ਨ ਹੱਬ ਚੀਨ ਵਿੱਚ ਚਲਾ ਗਿਆ। ਇਸ ਕਰਕੇ ਉਥੇ ਨੌਕਰੀਆਂ ਜ਼ਿਆਦਾ ਹਨ, ਬੇਰੁਜ਼ਗਾਰੀ ਘੱਟ ਹੈ। ਪਰ ਭਗਤਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ ਵਿੱਚ ਬੇਰੁਜ਼ਗਾਰੀ ਜ਼ਿਆਦਾ ਹੈ। ਰਾਹੁਲ ਗਾਂਧੀ ਨੇ ਸਾਫ਼ ਕਿਹਾ ਕਿ ‘‘ ਮੈਨੂੰ ਨਰਿੰਦਰ ਮੋਦੀ ਨਾਲ ਕੋਈ ਨਫ਼ਰਤ ਨਹੀਂ ਹੈ, ਬੱਸ ਮੈਂਂ ਉਹਨਾਂ ਦੀ ਸੋਚ ਨਾਲ ਸਹਿਮਤ ਨਹੀਂ ਹਾਂ।’’ ਅਮਰੀਕਾ ਦੇ ਡਲਾਸ ਵਿੱਚ ਉਨ੍ਹਾਂ ਕਿਹਾ ਕਿ ਆਰ.ਐਸ.ਐਸ. ਕਹਿੰਦੀ ਹੈ ਕਿ ਭਾਰਤ ਇੱਕ ਵਿਚਾਰ ਹੈ, ਪਰ ਸਾਡਾ ਮੰਨਣਾ ਹੈ ਕਿ ਭਾਰਤ ਵਿਚਾਰਾਂ ਦੀ ਬਹੁਲਤਾ ਹੈ। ਭਾਰਤ ਕੋਲ ਹੁਨਰ ਦੀ ਘਾਟ ਨਹੀਂ ਪਰ ਹੁਨਰ ਲਈ ਸਨਮਾਨ ਨਹੀਂ ਹੈ। ਅਸਲ ਦੇ ਵਿੱਚ ਰਾਹੁਲ ਗਾਂਧੀ ਗੱਲਬਾਤ ਸਮੇਂ ਕਿਸੇ ਖਾਸ ਮੰਚ ਦੇ ਉੱਤੇ ਨੋਟੰਕੀ ਕਰਕੇ ਟਾਈਮ ਪਾਸ ਨਹੀਂ ਕਰ ਰਿਹਾ। ਉਸ ਕੋਲ ਮੁੱਦੇ ਹਨ, ਉਹ ਉਸ ’ਤੇ ਹੀ ਗੱਲ ਕਰਦਾ ਹੈ। ਤੇ ਸੱਚ ਤਾਂ ਇਹ ਹੈ ਕਿ ਰਾਹੁਲ ਗਾਂਧੀ ਭਾਜਪਾ ਦੇ ਸੰਕਲਪ ਨੂੰ ਭੰਨ ਰਿਹਾ ਹੈ। ਅਸਲ ਵਿੱਚ ਪੱਪੂ ਕਹੇ ਜਾਣ ਵਾਲੇ ਸਖ਼ਸ਼ ਦੇ ਵਿਚੋਂ ਨੇਤਾਗਿਰੀ ਝਲਕ ਰਹੀ ਹੈ ਪਰ ਨੇਤਾ ਕਹਾਉਣ ਵਾਲੇ ਦੇ ਵਿਚੋਂ ਨੇਤਾਗਿਰੀ ਫਿੱਕੀ ਪੈਂਦੀ ਦਿਖਾਈ ਦੇ ਰਹੀ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰਾਹੁਲ ਗਾਂਧੀ ਨੂੰ ਜਿਸ ਵਿਸ਼ੇ ਬਾਰੇ ਬਹੁਤੀ ਜਾਣਕਾਰੀ ਨਹੀਂ ਹੁੰਦੀ, ਉਹ ਉਸ ’ਤੇ ਜ਼ਿਆਦਾ ਖੁੱਲ੍ਹ ਕੇ ਗੱਲਬਾਤ ਨਹੀਂ ਕਰਦੇ ਜਾਂ ਉਨ੍ਹਾਂ ਵਿਸ਼ਿਆਂ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਹਨ। ਜਿਵੇਂ ਮੁਸਲਮਾਨਾਂ ਦੀ ਭੂਮਿਕਾ ਦੇ ਉੱਤੇ ਉਹ ਬਹੁਤੇ ਖੁੱਲ੍ਹ ਕੇ ਨਹੀਂ ਬੋਲੇ।
ਪਰ ਰਾਹੁਲ ਗਾਂਧੀ ਬਾਰੇ ਬੋਲਣ ਵਾਲਿਆਂ ਦੇ ਗੁਰੂ ਨੇ ਕੀ ਕੁਝ ਨਹੀਂ ਬੋਲਿਆ। ਚੀਨ, ਦੱਖਣੀ ਕੋਰੀਆ ਦੇ ਵਿੱਚ ਜਾ ਕੇ ਕਿਹਾ ਕਿ ਇਹ ਕੋਈ ਸਰਕਾਰ ਹੈ, ਅਸੀਂ ਭਾਰਤ ਵਿੱਚ ਪੈਦਾ ਹੀ ਕਿਉਂ ਹੋਏ। ਕੈਨੇਡਾ ਵਿੱਚ ਜਾ ਕੇ ਕਿਹਾ ਕਿ ਜੋ ਗੰਦਗੀ ਕਰਦੇ ਸੀ, ਉਹ ਗੰਦਗੀ ਕਰਕੇ ਚਲੇ ਗਏ, ਹੁਣ ਅਸੀਂ ਸਫਾਈ ਕਰਾਂਗੇ। ਲੰਡਨ ਵਿੱਚ ਬੈਠ ਕੇ ਭਾਰਤੀ ਡਾਕਟਰਾਂ ਦਾ ਅਪਮਾਨ ਕੀਤਾ ਗਿਆ। ਕੀ ਉਹ ਭਾਰਤ ਦੀ ਛਵੀ ਖ਼ਰਾਬ ਕਰਨਾ ਨਹੀਂ ਸੀ? ਰਹੀ ਗੱਲ ਸਿੱਖ ਕੌਮ ਦੇ ਹੱਕ ਜਾਂ ਵਿਰੋਧ ਵਿੱਚ ਬੋਲਣ ਦੀ ਤਾਂ ਸਿੱਖਾਂ ਦੇ ਨਾਲ ਵਧੀਕੀਆਂ ਹਰ ਸਰਕਾਰ ਨੇ ਕੀਤੀਆਂ ਨੇ। ਅੱਜ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਤੇ ਭਾਜਪਾ ਸਿੱਖਾਂ ਵਿਰੁੱਧ ਅਣਮਨੁੱਖੀ ਅਪਰਾਧ ਕਰਨ ਦੇ ਲਈ ਬਰਾਬਰ ਦੇ ਦੋਸ਼ੀ ਨੇ ਪਰ ਭਲੇ ਮਾਣਸੋ ਜਿਹੜੀਆਂ ਸਿੱਖ ਕੌਮ ਦੀਆਂ ਜੜ੍ਹਾਂ ਤੁਸੀਂ ਪੋਲੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ, ਜੋ ਧੱਕਾ ਤੁਸੀਂ ਸਿੱਖ ਕਹਾ ਕੇ ਸਿੱਖ ਕੌਮ ਨਾਲ ਕੀਤਾ ਹੈ, ਉਹ ਵੀ ਭੁੱਲਣਯੋਗ ਨਹੀਂ ਹੈ। ਸਿੱਖਾਂ ਨੇ ਤਾਂ ਬੇਘਰ ਹੋ ਕੇ ਤੇ ਭੁੱਖੇ ਢਿੱਡ ਅਬਦਾਲੀ ਨੂੰ ਪੰਜਾਬ ਵਿੱਚ ਟਿੱਕਣ ਨਹੀਂ ਸੀ ਦਿੱਤਾ ਹੁਣ ਤਾਂ ਉਹ ਘਰਾਂ ਬਾਰਾਂ ਵਾਲੇ ਨੇ। ਹੁਣ ਤਾਂ ਮਿਹਨਤ ਦੇ ਸਦਕਾ ਆਪਣੇ ਪੈਰਾਂ ’ਤੇ ਨੇ। ਇਹ ਉਹ ਸਿੱਖ ਕੌਮ ਹੈ, ਜਿਸ ਨੇ ਜੰਗਲ ਵਿੱਚ ਵੀ ਮੰਗਲ ਕੀਤਾ ਸੀ। ਸਿੱਖ ਕੌਮ ਨੂੰ ਕਿਸੇ ਤੋਂ ਵੀ ਕੋਈ ਖ਼ਤਰਾ ਨਹੀਂ। ਸਿੱਖਾਂ ਨੂੰ ਆਪਣੀ ਲੀਡਰਸ਼ਿਪ ਤੋਂ ਖ਼ਤਰਾ ਹੈ, ਜੋ ਸਰਕਾਰ ਦੀ ਬੋਲੀ ਬੋਲਦੀਆਂ ਨੇ ਤੇ ਕੌਮ ਦਾ ਪੱਖ ਸਹੀ ਤਰੀਕੇ ਨਾਲ ਸਰਕਾਰਾਂ ਦੇ ਸਾਹਮਣੇ ਨਹੀਂ ਰੱਖ ਰਹੀਆਂ। ਇਹ ਕੌਮ ਆਪਣੇ ਆਪ ਨੂੰ ਸੁਰਜੀਤ ਕਰਨਾ ਜਾਣਦੀ ਹੈ। ਸਿੱਖ ਪੰਥ ਚੜ੍ਹਦੀਕਲਾ ਦਾ ਪ੍ਰਤੀਕ ਹੈ।
![]()
