ਰਿਪਬਲਿਕਨਾਂ ਨੂੰ ਮਹਿੰਗਾ ਪੈ ਸਕਦਾ ਹੈ ਟਰੰਪ ਅਤੇ ਮਸਕ ਵਿਚਾਲੇ ਆਪਸੀ ਟਕਰਾਅ

In ਮੁੱਖ ਖ਼ਬਰਾਂ
June 07, 2025
ਵਾਸ਼ਿੰਗਟਨ/ਏ.ਟੀ.ਨਿਊਜ਼: ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਲਨ ਮਸਕ ਨਾਲ ਟਕਰਾਅ ਤੋਂ ਬਾਅਦ ਕਾਨੂੰਨ ਨਿਰਮਾਤਾ ਅਤੇ ਰੂੜੀਵਾਦੀ ਸ਼ਖਸੀਅਤਾਂ ਲੰਬੇ ਸਮੇਂ ਤੋਂ ਚੱਲ ਰਹੇ ਝਗੜੇ ਦੇ ਸੰਭਾਵੀ ਨਤੀਜਿਆਂ ਤੋਂ ਡਰੋਂ ਤਨਾਅ ਘਟਾਉਣ ਦੀ ਨੂੰ ਅਪੀਲ ਕਰ ਰਹੀਆਂ ਹਨ। ਦੋ ਸ਼ਕਤੀਸ਼ਾਲੀ ਵਿਅਕਤੀਆਂ ਵਿਚਕਾਰ ਦੁਸ਼ਮਣੀ ਦਾ ਵਿਸਫੋਟ ਰਿਪਬਲਿਕਨਾਂ ਦੇ ਵੱਡੇ ਟੈਕਸ ਅਤੇ ਸਰਹੱਦੀ ਖਰਚ ਕਾਨੂੰਨ ਲਈ ਅੱਗੇ ਵਧਣ ਦੇ ਰਾਹ ਨੂੰ ਗੁੰਝਲਦਾਰ ਬਣਾ ਸਕਦਾ ਹੈ ਕਿਉਂਕਿ ਟਰੰਪ ਵੱਲੋਂ ਇਸ ਨੂੰ ਅੱਗੇ ਵਧਾਇਆ ਗਿਆ ਹੈ, ਪਰ ਮਸਕ ਵੱਲੋਂ ਇਸ ’ਤੇ ਹਮਲਾ ਕੀਤਾ ਗਿਆ ਹੈ। ਵਾਸ਼ਿੰਗਟਨ ਰਾਜ ਦੇ ਰਿਪਬਲਿਕਨ ਪ੍ਰਤੀਨਿਧੀ ਡੈਨ ਨਿਊਹਾਊਸ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਇਹ ਸਾਨੂੰ ਉਹ ਕੰਮ ਕਰਨ ਤੋਂ ਨਹੀਂ ਭਟਕਾਏਗਾ ਜਿਸਦੀ ਸਾਨੂੰ ਲੋੜ ਹੈ। ਮੈਨੂੰ ਲੱਗਦਾ ਹੈ ਕਿ ਗੁੱਸਾ ਠੰਡਾ ਹੋ ਜਾਵੇਗਾ ਅਤੇ ਉਹ ਆਪਣੇ ਮਨ ਮੁਟਾਅ ਠੀਕ ਕਰਨਗੇ।’’ ਬੀਤੇ ਦਿਨੀਂ ਮਸਕ ਆਪਣਾ ਗੁੱਸਾ ਕਾਬੂ ਵਿੱਚ ਰੱਖ ਰਿਹਾ ਸੀ ਅਤੇ ਉਹ ਰਾਸ਼ਟਰਪਤੀ ’ਤੇ ਹਮਲਾ ਕਰਨ ਦੀ ਬਜਾਇ ਸੋਸ਼ਲ ਮੀਡੀਆ ’ਤੇ ਆਪਣੀਆਂ ਵੱਖ-ਵੱਖ ਕੰਪਨੀਆਂ ਬਾਰੇ ਪੋਸਟ ਕਰ ਰਿਹਾ ਸੀ। ਟੈਕਸਾਸ ਦੇ ਰਿਪਬਲਿਕਨ ਸੈਨੇਟਰ ਟੇਡ ਕਰੂਜ਼ ਨੇ ਫੌਕਸ ਨਿਊਜ਼ ਦੇ ਹੋਸਟ ਸੀਨ ਹੈਨਿਟੀ ਨੂੰ ਦੱਸਿਆ, ‘‘ਮੈਨੂੰ ਉਮੀਦ ਹੈ ਕਿ ਉਹ ਦੋਵੇਂ ਇਕੱਠੇ ਵਾਪਸ ਆਉਣਗੇ ਕਿਉਂਕਿ ਜਦੋਂ ਉਹ ਦੋਵੇਂ ਇਕੱਠੇ ਕੰਮ ਕਰ ਰਹੇ ਹੋਣਗੇ ਤਾਂ ਅਸੀਂ ਅਮਰੀਕਾ ਲਈ ਬਹੁਤ ਕੁਝ ਕਰ ਸਕਾਂਗੇ। ਪਿਛਲੇ ਦਿਨੀਂ ਵੱਖ- ਵੱਖ ਟੀਵੀ ਐਂਕਰਾਂ ਨਾਲ ਗੱਲਬਾਤ ਦੌਰਾਨ ਟਰੰਪ ਨੇ ਕਿਸੇ ਵੀ ਤਰ੍ਹਾਂ ਦਾ ਮਨ ਮੁਟਾਅ ਖਤਮ ਕਰਨ ਦੀ ਕੋਈ ਰੁਚੀ ਨਹੀਂ ਦਿਖਾਈ। ਜਦੋਂ ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁੱਛਿਆ ਕਿ ਮਸਕ ਨਾਲ ਉਨ੍ਹਾਂ ਦੀ ਸੰਭਾਵਿਤ ਗੱਲਬਾਤ ਬਾਰੇ ਰਿਪੋਰਟਾਂ ’ਤੇ ਕੀ ਕਹੋਗੇ, ਤਾਂ ਰਾਸ਼ਟਰਪਤੀ ਨੇ ਜਵਾਬ ਦਿੱਤਾ, “ਤੁਸੀਂ ਉਸ ਵਿਅਕਤੀ ਦੀ ਗੱਲ ਕਰ ਰਹੇ ਹੋ ਜੋ ਆਪਣੀ ਅਕਲ ਗਵਾ ਬੈਠਾ ਹੈ?” ਟਰੰਪ ਨੇ ਇੰਟਰਵਿਊ ਵਿੱਚ ਇਹ ਵੀ ਜੋੜਿਆ ਕਿ ਉਹ ਇਸ ਵੇਲੇ ਮਸਕ ਨਾਲ ਗੱਲ ਕਰਨ ਵਿੱਚ ਖ਼ਾਸ ਦਿਲਚਸਪੀ ਨਹੀਂ ਰੱਖਦੇ।

Loading