
ਸੈਕਰਾਮੈਂਟੋ,ਕੈਲੀਫ਼ੋਰਨੀਆ/ ਹੁਸਨ ਲੜੋਆ ਬੰਗਾ: ਟੈਕਸਾਸ ਦੇ ਰਿਪਬਲੀਕਨ ਕਾਂਗਰਸ ਮੈਂਬਰ ਬਰੈਨਡਨ ਗਿੱਲ ਨੇ ਸੋਸ਼ਲ ਮੀਡੀਆ ੳੁੱਪਰ 1960 ਵਿਆਂ ਤੇ ਅੱਜ ਦਾ ਕੈਲੀਫ਼ੋਰਨੀਆ ਸਬੰਧੀ ਪੋਸਟ ਪਾ ਕੇ ਇਕ ਤਰ੍ਹਾਂ ਰਾਸ਼ਟਰਪਤੀ ਡੋਨਾਲਡ ਟਰੰਪ ਉੱਪਰ ਵਿਅੰਗ ਕੱਸਿਆ ਹੈ। ਗਿੱਲ, ਜੋ ਟੈਕਸਾਸ ਦੇ 26 ਵੇਂ ਡਿਸਟ੍ਰਿਕਟ ਦੀ ਪ੍ਰਤੀਨਿੱਧਤਾ ਕਰਦੇ ਹਨ, ਨੇ ਕੈਲੀਫ਼ੋਰਨੀਆ ਦੀਆਂ ਦੋ ਤਸਵੀਰਾਂ ਪਾ ਕੇ ਪੋਸਟ ਸਾਂਝੀ ਕੀਤੀ ਹੈ। ਇੱਕ ਤਸਵੀਰ 1960ਵਿਆਂ ਦੀ ਇੱਕ ਸ਼ਾਂਤ ਬੀਚ ਦੀ ਹੈ ਜਿਸ ਵਿੱਚ ਅਮਰੀਕੀ ਲੋਕ ਧੁੱਪ ਦਾ ਆਨੰਦ ਮਾਣ ਰਹੇ ਹਨ ਤੇ ਦੂਸਰੀ ਤਸਵੀਰ ਅੱਜ ਦੇ ਕੈਲੀਫ਼ੋਰਨੀਆ ਦੀ ਹੈ ਜਿਸ ਵਿੱਚ ਕੈਲੀਫ਼ੋਰਨੀਆ ਸੜ ਰਿਹਾ ਹੈ ਤੇ ਇੱਕ ਵਿਅਕਤੀ ਮੈਕਸੀਕੀਅਨ ਝੰਡਾ ਲਹਿਰਾ ਰਿਹਾ ਹੈ। ਗਿੱਲ ਨੇ ਇਸ ਪੋਸਟ ਵਿੱਚ ਵਿਆਪਕ ਪਰਵਾਸ ਦਾ ਸੁਨੇਹਾ ਦਿੱਤਾ ਹੈ ਜਿਸ ਕਾਰਨ ਅਮਰੀਕੀ ਸਮਾਜ ਨਿਵਾਨਾਂ ਵੱਲ ਜਾ ਰਿਹਾ ਹੈ। ਗਿੱਲ ਨੇ ਕਿਹਾ ਹੈ ਸਮੂਹਿਕ ਪਰਵਾਸ ਨੇ ਅਮਰੀਕਾ ਦੀ ਪਛਾਣ ਨਹੀਂ ਰਹਿਣ ਦਿੱਤੀ।
ਇਸ ਪੋਸਟ ਤੋਂ ਬਾਅਦ ਗਿੱਲ ਨੂੰ ਕਈ ਤਰ੍ਹਾਂ ਦੇ ਤਾਅਨੇ ਮੇਅਣੇ ਸਹਿਣੇ ਪਏ ਹਨ ਤੇ ਵਿਰੋਧੀ ਉਸ ਨੂੰ ਦੋਗਲਾ ਵਿਅਕਤੀ ਦੱਸ ਰਹੇ ਹਨ।