ਪੰਜਾਬੀਆਂ ਦੇ ਰਿਸ਼ਤਿਆਂ ਦੀ ਇਬਾਰਤ ਬੜੀ ਡੂੰਘੀ ਉੱਕਰੀ ਹੋਈ ਹੈ। ਇਸ ਵਰਨਮਾਲਾ ਵਿੱਚ ਬਹੁਤ ਤਰ੍ਹਾਂ ਦੇ ਰਿਸ਼ਤੇ ਹਨ। ਭਾਵੇਂ ਇਹ ਕਿਹਾ ਜਾਂਦਾ ਹੈ ਕਿ ਰਿਸ਼ਤੇਦਾਰ ਬਾਅਦ ਵਿੱਚ ਆਉਂਦੇ ਹਨ ਪਰ ਆਂਢ ਗੁਆਂਢ ਪਹਿਲਾਂ ਆ ਜਾਂਦਾ ਹੈ । ਗੁਆਂਢੀ ਵੀ ਫਿਰ ਹੀ ਪਹੁੰਚਦੇ ਹਨ ਜੇਕਰ ਉਹਨਾਂ ਨਾਲ ਰਿਸ਼ਤੇ ਵਧੀਆ ਹੋਣ। ਚੰਗਾ ਰਿਸ਼ਤੇਦਾਰ ਮੁਸ਼ਕਿਲ ਵਿੱਚ ਤੁਹਾਨੂੰ ਹਾਰਨ ਨਹੀਂ ਦਿੰਦਾ।ਹਰ ਸਮੱਸਿਆ, ਖੁਸ਼ੀ ਵਿੱਚ ਸੱਜੀ ਬਾਂਹ ਬਣਕੇ ਖੜ੍ਹਦਾ ਹੈ।ਜਦ ਪੈਸਾ ਆ ਜਾਵੇ ਉਸ ਵੇਲੇ ਰਿਸ਼ਤਿਆਂ ਵਿੱਚ ਬਹੁਤੀ ਵਾਰ ਤਰੇੜਾਂ ਵੀ ਆ ਜਾਂਦੀਆਂ ਹਨ।ਇਸ ਕਰਕੇ ਆਪਣਿਆਂ ਤੋਂ ਦੂਰੀ ਨਹੀਂ ਬਣਾਉਣੀ ਚਾਹੀਦੀ। ਰਿਸ਼ਤੇ ਸਾਨੂੰ ਜ਼ਿੰਦਗੀ ਦੀ ਚਾਲ ਨਾਲ ਜੋੜੀ ਰੱਖਦੇ ਹਨ।
****
'ਜ਼ਿੰਦਗੀ ਨੂੰ ਬਗੈਰ ਕਦਮਾਂ ਤੋਂ ਅੱਗੇ ਤੋਰੀ ਰੱਖਦੇ ਨੇ,
ਚੰਗੇ ਰਿਸ਼ਤੇ ਜ਼ਿੰਦਗੀ ਨਾਲ ਸਾਨੂੰ ਜੋੜੀ ਰੱਖਦੇ ਨੇ"
****
ਪੰਜਾਬੀ ਵਿਆਕਤੀ ਬਚਪਨ ਤੋਂ ਬੁਢਾਪੇ ਤੱਕ ਅਣਗਿਣਤ ਰਿਸ਼ਤੇ ਹੰਢਾਉਂਦਾ ਹੈ। ਵੈਸੇ ਗਿਣਤੀ ਵਿੱਚ ਇਹ ਬਹੁਤ ਜ਼ਿਆਦਾ ਹੋ ਜਾਂਦੇ ਹਨ। ਪਰ ਮੁੱਖ ਰੂਪ ਵਿੱਚ ਜੇਕਰ ਦੇਖਿਆ ਜਾਵੇ ਤਾਂ ਸਭ ਤੋਂ ਪਹਿਲਾਂ ਮਨੁੱਖ ਦੇ ਖੂਨ ਦੇ ਰਿਸਤੇ ਮਿਲਦੇ ਹਨ। ਇਸ ਵੰਨਗੀ ਦੇ ਅੰਤਰਗਤ ਮਾਂ-ਪੁੱਤ, ਮਾਂ-ਧੀ, ਪਿਉ-ਧੀ, ਪਿਉ-ਪੁੱਤ ਦੇ ਰਿਸ਼ਤੇ ਸਾਮਲ ਹੁੰਦੇ ਹਨ।
ਪਰਿਵਾਰਕ ਰਿਸ਼ਤਿਆਂ ਦੇ ਤਹਿਤ ਚਾਚਾ-ਭਤੀਜਾ, ਤਾਇਆ-ਭਤੀਜਾ, ਮਾਮਾ-ਭਾਣਜਾ,ਮਾਮਾ-ਭਣੇਵੀ, ਨਾਨਾ-ਦੋਹਤਾ, ਨਾਨੀ-ਦੋਹਤੀ, ਦਾਦਾ-ਪੋਤਾ, ਦਾਦੀ-ਪੋਤੀ, ਚਾਚੀ-ਤਾਈ, ਮਾਮੀ-ਭੂਆ ਅਤੇ ਇਹਨਾਂ ਦੀ ਔਲਾਦ ਨਾਲ ਸੰਬੰਧਤ ਰਿਸ਼ਤੇ ਗਿਣੇ ਜਾ ਸਕਦੇ ਹਨ।
ਵਿਆਹ ਰਾਹੀਂ ਬਣਦੇ ਰਿਸ਼ਤੇ
ਵਿੱਚ ਸੱਸ-ਨੂੰਹ, ਸੁਹਰਾ-ਨੂੰਹ, ਸੁਹਰਾ-ਜਵਾਈ, ਸੱਸ-ਜਵਾਈ, ਸਾਲਾ-ਭਣੋਈਆ, ਸਾਲਾ-ਸਾਲਿਹਾਰ, ਨਣਦ-ਭਰਜਾਈ, ਸਾਲੀ-ਸਾਢੂ, ਦਿਉਰ-ਭਰਜਾਈ, ਜੇਠ-ਜਠਾਣੀ, ਪਤੀਸ, ਕੁੜਮ-ਕੁੜਮਣੀ ਤੇ ਇਹਨਾਂ ਦੇ ਨਾਲ ਸੰਬੰਧਿਤ ਅਨੇਕਾਂ ਹੀ ਹੋਰ ਰਿਸ਼ਤੇ।
ਕੁਝ ਰਿਸ਼ਤੇ ਸਮਾਜ ਵਿੱਚ ਰਹਿ ਕੇ ਕਿਸੇ ਨਾਲ ਕੰਮ ਕਰਦਿਆਂ,ਆਂਢ ਗੁਆਂਢ ਰਹਿੰਦਿਆਂ ਮਨੁੱਖੀ ਭਾਵਾਂ, ਪਿਆਰ ਅਤੇ ਸਤਿਕਾਰ ਆਦਿ ਦੇ ਮਾਧਿਅਮ ਨਾਲ ਸਹਿਜੇ ਸਿਰਜ ਲਏ ਜਾ ਸਥਾਪਤ ਕਰ ਲਏ ਜਾਂਦੇ ਹਨ। ਇਸ ਪ੍ਰਕਾਰ ਦੇ ਰਿਸ਼ਤਿਆਂ ਵਿਚ ਦੋਸਤ, ਮਿੱਤਰ, ਸਹਿਕਰਮੀ, ਵਿਦਿਆਰਥੀ, ਅਧਿਆਪਕ ਆਦਿ ਸ਼ਾਮਲ ਹੁੰਦੇ ਹਨ।
ਕੁਝ ਰਿਸ਼ਤਿਆਂ ਨੂੰ ਅਪ੍ਰਵਾਨਗੀ ਵੀ ਦਿੱਤੀ ਜਾਂਦੀ ਹੈ , ਜਿੰਨ੍ਹਾਂ ਨੂੰ ਅਕਸਰ ਨਾਮ ਦੇਣ ਤੋਂ ਗੁਰੇਜ ਕੀਤਾ ਜਾਂਦਾ ਹੈ ਭਾਵ ਅਪ੍ਰਵਾਨਿਤ ਰਿਸ਼ਤੇ। ਅਪ੍ਰਵਾਨਿਤ ਰਿਸ਼ਤੇ ਕਿਹਾ ਹੈ।
ਸਧਾਰਨ ਜਿਹੀ ਵੰਡ ਕਰੀਏ ਤਾਂ ਇਸ ਨੂੰ ਦਾਦਕਿਆਂ, ਨਾਨਕਿਆਂ ਅਤੇ ਸਮਾਜ ਵਿੱਚ ਰਹਿੰਦੇ ਪੈਦਾ ਹੋਣ ਵਾਲਿਆਂ ਰਿਸ਼ਤਿਆਂ ਵਿੱਚ ਵੀ ਵੰਡਿਆ ਜਾ ਸਕਦਾ ਹੈ।
ਇਹਨਾਂ ਰਿਸ਼ਤਿਆਂ ਦਾ ਆਪਣਾ ਹੀ ਮਹੱਤਵ ਹੈ ।ਸਮਾਜ ਦਾ ਬਾਨਣੂੰ ਇਹਨਾਂ ਰਿਸ਼ਤਿਆਂ ਕਰਕੇ ਹੀ ਬੱਝਿਆ ਹੈ। ਇਹ ਸਾਡੇ ਬਚਪਨ ਤੋਂ ਲੈਕੇ ਮਰਨ ਤੱਕ ਦੀ ਰਸਮਾਂ ਵਿੱਚ ਹਿੱਸਾ ਬਣਦੇ ਹਨ। ਵਿਆਹ ,ਭੋਗ , ਕਿਸੇ ਦੀ ਮੌਤ ਵੇਲੇ ਹਰ ਸਮੇਂ ਰਿਸ਼ਤੇ ਤੇ ਰਿਸ਼ਤੇਦਾਰਾਂ ਦੀ ਜ਼ਰੂਰਤ ਪੈਂਦੀ ਹੈ। ਸਾਡੀਆਂ ਖੁਸ਼ੀਆਂ ਵਿੱਚ ਤੇ ਦੁੱਖ ਵਿੱਚ ਸ਼ਾਮਲ ਹੋਣ ਵਾਲੇ ਤੇ ਇਹਨਾਂ ਨੂੰ ਸਾਂਝਾ ਕਰਨ ਵਾਲਾ ਕੋਈ ਚਾਹੀਦਾ ਹੈ। ਜੋ ਖੁਸ਼ੀਆਂ ਵਧਾ ਸਕੇ ਤੇ ਦੁੱਖ ਵੰਡ ਸਕੇ। ਵਿਆਹ, ਲੋਹੜੀਆਂ, ਦੀਵਾਲੀਆਂ,ਜਨਮ ਆਪਣਿਆਂ ਨਾਲ ਹੀ ਸੋਹਣੇ ਲੱਗਦੇ ਹਨ।ਦੁੱਖ ਵਿੱਚ ਵੀ ਆਪਣੇ ਹੀ ਦਰਦ ਵੰਡਾਉਂਦੇ ਹਨ। ਸਾਡੇ ਜਨਮ , ਲੋਹੜੀਆਂ ,ਰੱਖੜੀਆਂ ਦੀਵਾਲੀਆਂ ਤੇ ਵਿਆਹ ਦੇ ਗੀਤ ਵੀ ਇਸੇ ਤਰ੍ਹਾਂ ਦੇ ਸਿਰਜੇ ਗਏ ਹਨ।
****
ਚਾਚੇ ਰਾਜੇ ਨੇ ਬਾਗ ਲਵਾਇਆ, ਮਾਲਣ ਚੁਗਦੀ ਏ ਕਲੀਆਂ,
ਤੂੰ ਚੁਣ ਤੂੰ ਗੁੰਦ ਮਾਲਣ ਸਿਹਰਾ, ਮੇਰੇ ਰਾਮ ਚੰਦਰ ਜੀ ਦਾ ਸਿਹਰਾ,
ਨੀ ਚੁਰਾਸੀ ਨੇ ਲੜੀਆਂ, ਤੂੰ ਚੁਣ ਤੂੰ ਗੁੰਦ।
****
ਵੀਰਾ ਮਾਮੇ ਨੂੰ ਕਰ ਲੈ ਤਿਆਰ ਜੰਝੇ ਜਾਣੇ ਨੂੰ।
ਵੀਰਾ ਮਹਿਲੀਂ ਖੜੀ ਮੁਟਿਆਰ ਲਾਵਾਂ ਲੈਣੇ ਨੂੰ।
*****
ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ ਓਏ
ਛੋਟਾ ਦੇਵਰਾ ਭਾਬੀ ਨਾਲ ਲੜਿਆ ਈ ਓਏ।
****
ਸਮਾਂ ਬਦਲਿਆ ਰਿਸ਼ਤਿਆਂ ਨੇ ਵੀ ਕਰਵਟ ਬਦਲੀ,ਜਦ ਦਾ ਪੈਸੇ ਦਾ ਚਲਣ ਵਧਿਆ ਹੈ। ਮਹਿੰਗਾਈ ਨੇ ਸ਼ਿਕੰਜਾ ਕਸਿਆ ਹੈ। ਮੋਬਾਇਲ ਕਲਚਰ ਆਇਆ ਹੈ।ਇੱਕ ਬੱਚਾ ਦਾ ਸਭਿਆਚਾਰ ਚੱਲਿਆ ਹੈ। ਪਰਿਵਾਰ ਨਿਯੋਜਨ ਪ੍ਰੋਗਰਾਮ ਚੱਲੇ ਹਨ। ਰਿਸ਼ਤਿਆਂ ਨੂੰ ਕੋਈ ਖਾ ਗਿਆ ਹੈ।
ਬਹੁਤ ਬੱਚਿਆਂ ਨੂੰ ਤਾਈਂ ਚਾਚੀ ਭੂਆ ਦਾ ਪਤਾ ਨਹੀਂ ਹੈ।ਸਿੰਗਲ ਫੈਮਲੀ ਸਭਿਆਚਾਰ ਨੇ ਘਾਣ ਕਰਕੇ ਰੱਖ ਦਿੱਤਾ ਹੈ। ਅੰਗਰੇਜ਼ੀ ਦੇ ਆਂਟੀ ਸ਼ਬਦ ਨੇ ਸਭ ਕੁਝ ਹੀ ਜ਼ੀਰੋ ਕਰਕੇ ਸਾਰੇ ਰਿਸ਼ਤੇ ਇਸੇ ਵਿੱਚ ਸਮੇਟ ਦਿੱਤੇ ਹਨ।ਸਭ ਤੋਂ ਮਾੜਾ ਧੀਆਂ ਨੂੰ ਮਾਰਨ ਦਾ ਰੁਝਾਨ ਚੱਲਿਆ ਹੈ, ਬਹੁਤੇ ਰਿਸ਼ਤੇ ਦਮ ਤੋੜ ਗਏ ਹਨ। ਧੀਆਂ ਦੀ ਗਿਣਤੀ ਘੱਟਣ ਕਾਰਨ ਕਿੰਨੇ ਰਿਸ਼ਤੇ ਖਤਮ ਹੋ ਗਏ ਨੇ। ਧੀਆਂ ਡਾਕਟਰ ਦੇ ਲਾਲਚਾਂ ਅਤੇ ਦਹੇਜ ਦੇ ਲਾਲਚ ਤੇ ਸਮਾਜ ਮਰਦ ਪ੍ਰਧਾਨ ਫੋਕੀ ਇੱਜ਼ਤ ਦੇ ਲਪੇਟੇ ਵਿਚ ਆਕੇ ਇਹਨਾਂ ਦੀ ਹੋਂਦ ਨੂੰ ਖ਼ਤਰਾ ਪੈਦਾ ਕਰ ਦਿੱਤਾ। ਜਿਸ ਨਾਲ ਭੈਣ ਭੂਆ ਵਰਗੇ ਰਿਸ਼ਤਿਆਂ ਨੂੰ ਵੱਡਾ ਧੱਕਾ ਲੱਗਾ ਹੈ। ਮੁੰਡਿਆ ਲਈ ਕੁੜੀਆਂ ਵੀ ਨਹੀਂ ਲੱਭ ਰਹੀਆਂ। ਇਸ ਕਰਕੇ ਇਹ ਵੱਡੇ ਕਾਰਨ ਬਣੇ ਹਨ ਰਿਸ਼ਤਿਆਂ ਨੂੰ ਖ਼ਤਮ ਕਰਨ ਲਈ। ਪੈਸੇ ਦੀ ਅੰਨ੍ਹੀ ਲਾਲਸਾ ਨਾਲ ਰਿਸ਼ਤੇ ਬੋਝ ਲੱਗ ਪਏ ਹਨ। ਬੱਚੇ ਵਿਗੜ ਰਹੇ ਹਨ ।ਪਹਿਲਾ ਚਾਚੇ ਤਾਇਆਂ ਦਾ ਵੀ ਡਰ ਹੁੰਦਾ ਸੀ। ਹੁਣ ਨਾ ਰਿਸ਼ਤੇ ਰਹੇ ਨੇ ਨਾ ਇਹਨਾਂ ਨੂੰ ਜਵਾਕ ਮੰਨਦੇ ਨੇ। ਬੱਚੇ ਬੰਦ ਕਮਰਿਆਂ ਵਿੱਚ ਮੋਬਾਇਲ ਨਾਲ ਚਿੰਬੜੇ ਇਕੱਲਾ ਰਹਿਣਾ ਪਸੰਦ ਕਰਦੇ ਹਨ। ਪਹਿਲਾਂ ਸੰਯੁਕਤ ਪਰਿਵਾਰਾਂ ਵਿੱਚ ਬੱਚੇ ਪਲ ਜਾਂਦੇ ਸੀ ਪਤਾ ਨਹੀਂ ਸੀ ਚੱਲਦਾ ਤੇ ਪਰਿਵਾਰਕ ਮਹੌਲ ਵਿੱਚ ਬਹੁਤ ਕੁਝ ਸਿਖਦੇ ਸੀ। ਇੱਕ ਦੂਜੇ ਨਾਲ ਦਰਦ ਵੰਡਾਉਂਦੇ ਸੀ। ਹੁਣ ਲੋਕ ਇਕੱਲੇ ਹਸਪਤਾਲਾਂ ਵਿੱਚ ਪਏ ਰਹਿੰਦੇ ਹਨ, ਕੋਈ ਹਾਲ ਚਾਲ ਪੁੱਛਣ ਵਾਲਾ ਵੀ ਨਹੀਂ ਆਉਂਦਾ।ਲੋਕ ਬਿਨਾਂ ਗੱਲਬਾਤ ਤੋਂ ਦਿਮਾਗ਼ ਦੇ ਬੋਝ ਹੇਠ ਮਤਲਬ ਮਾਨਸਿਕ ਬੀਮਾਰੀਆਂ ਨਾਲ ਜੂਝ ਰਹੇ ਹਨ।ਜੋ ਰਿਸ਼ਤੇ ਬਚੇ ਹਨ ਉਹ ਮਤਲਬੀ ਹੋ ਚੁੱਕੇ ਹਨ। ਪੈਸੇ ਦੀ ਅੰਨ੍ਹੀ ਲਾਲਸਾ ਤੇ ਪਦਾਰਥਵਾਦੀ ਸੋਚ ਨੇ ਭਾਵਨਾਵਾਂ ਨੂੰ ਪਿੱਛੇ ਛੱਡ ਦਿੱਤਾ ਹੈ। ਪੈਸੇ ਲੋਕਾਂ ਕੋਲ ਵਾਧੂ ਹਨ ਪਰ ਸੁੱਖ ਦੁੱਖ ਕਰਨ ਵਾਲਾ ਕੋਈ ਨਹੀਂ ਹੈ।ਬੰਦ ਕਮਰਿਆਂ ਵਿੱਚ ਰਹਿੰਦੇ ਖੂੰਹਦੇ ਰਿਸ਼ਤੇ ਆਖ਼ਰੀ ਸਾਹ ਲੈਂਦੇ ਪ੍ਰਤੀਤ ਹੋ ਰਹੇ ਹਨ। ਇਹਨਾਂ ਹਲਾਤਾਂ ਕਈ ਕਵੀਆਂ ਨੇ ਵੀ ਸ਼ਬਦਾਂ ਵਿਚ ਬਿਆਨ ਕੀਤਾ ਹੈ।
****
ਵਸਤੂਆਂ ਦੀ ਲਾਲਸਾ ਦੇ ਦੌਰ ਦਾ ਦੇਖੋ ਕਮਾਲ,
ਵਾਕਫੀਅਤ,ਸਾਂਝ, ਰਿਸ਼ਤੇ ਰਹਿ ਗਏ ਬਣ ਕੇ ਸਵਾਲ।
***
ਸਿਰ 'ਤੇ ਉੱਗੇ ਹਉਮੈ ਦੇ ਸਿੰਗ ਬੰਦਾ ਬਣਿਆ ਡੰਗਰ ਵਰਗਾ,
ਹੈਂਕੜਬਾਜ਼ੀ ਮਾਨਵਤਾ ਦੇ ਏਦਾਂ ਘੇਰੇ ਰਿਸ਼ਤੇ ਨਾਤੇ।
****
ਮਾਂ ਮਰਨ ਤੋਂ ਬਾਅਦ ਭਾਈ ਤੋਂ ਕੋਈ ਆਸ ਨਾ ਹੋਣ ਤੇ ਧੀ ਕਹਿੰਦੀ ਹੈ।
****
ਮਾਂ ਮੈਂ ਮੁੜ ਨੀ ਪੇਕੇ ਆਉਣਾ,
ਪੇਕੇ ਹੁੰਦੇ ਮਾਵਾਂ ਨਾਲ।
****
ਕਿਤੇ ਭੈਣ ਵੀਰ ਨੂੰ ਵਾਸਤੇ ਪਾ ਰਹੀ ਹੈ;
*****
ਟੁੱਟ ਕੇ ਨਾ ਬਹਿਜੀ ਵੀਰਨਾ
ਭੈਣਾਂ ਵਰਗਾ ਸਾਕ ਨਾ ਕੋਈ।
****
ਪਹਿਲਾਂ ਦਿਲ ਦੇ,ਖੂਨ ਤੇ ਰੂਹ ਦੇ ਹੁੰਦੇ ਸੀ,
ਅੱਜਕਲ੍ਹ ਰਿਸ਼ਤੇ ਹੋ ਗਏ ਸਿਰਫ਼ ਦਿਮਾਗਾਂ ਦੇ।
****
ਆਦਮੀ ਪੈਸਾ ਜਿੰਨਾ ਮਰਜ਼ੀ ਕਮਾ ਲਵੇ। ਪਰ ਜੇਕਰ ਉਸ ਦੇ ਦਿਲ ਦੇ ਦਰਦ ਨੂੰ ਸਮਝਣ ਵਾਲਾ ਕੋਈ ਨਹੀਂ ਜਾ ਉਸ ਦੀ ਆ ਤਕਲੀਫਾਂ ਨੂੰ ਸਮਝਣ ਵਾਲਾ ਕੋਈ ਨਹੀਂ ਤਾਂ ਸਭ ਬੇਕਾਰ ਹੋ।ਅੱਜ ਬੱਚੇ ਸਾਡੇ ਕਾਬੂ ਵਿਚ ਨਹੀਂ। ਨਾ ਉਹਨਾਂ ਵਿੱਚ ਆਦਰ ਸਤਿਕਾਰ ਦੇ ਗੁਣ ਹਨ।ਕੋਈ ਆ ਜਾਵੇ ਸਭ ਮੋਬਾਇਲ ਵਿੱਚ ਰੁੱਝ ਜਾਂਦੇ ਹਨ। ਦੁੱਖ ਸੁੱਖ ਕੋਣ ਫਰੋਲੇ। ਵਧਦੀ ਮਹਿੰਗਾਈ ਤੇ ਕੁੜੀ ਨੂੰ ਝੂਠੀ ਇੱਜ਼ਤ ਦਾ ਲੋਗੋ ਬਣਾਕੇ ਖਤਮ ਕਰਨਾ ਰਿਸ਼ਤਿਆਂ ਨੂੰ ਲੈਕੇ ਬਹਿ ਗਿਆ ਹੈ। ਨਾ ਬੱਚਿਆਂ ਨਾਲ ਕੋਈ ਖੇਡਣ ਵਾਲਾ ,ਨਾ ਭਾਵਨਾਵਾਂ ਵੰਡਣ ਵਾਲਾ ,ਨਾ ਚਾਚੇ ਕੀ ਹੁੰਦੇ ਨੇ ,ਨਾ ਭੂਆ ਦਾ ਪਤਾ।ਸਭ ਮੌਬਾਇਲ, ਮਹਿੰਗਾਈ, ਲਾਲਸਾ, ਘਟਦੀ ਜ਼ਮੀਨ,ਫੋਕੀ ਇੱਜ਼ਤ ਸਭ ਕਾਰਨ ਸਾਡੇ ਰਿਸ਼ਤੇ ਕਿਧਰੇ ਗੁੰਮ ਹੋ ਗਏ ਹਨ। ਬਿਰਧ ਆਸ਼ਰਮ ਦੀ ਗਿਣਤੀ ਵਧ ਰਹੀ ਹੈ। ਬਜ਼ੁਰਗਾਂ ਨੂੰ ਅੰਤਿਮ ਸੰਸਕਾਰ ਕਰਨ ਵਾਲਾ ਵੀ ਨਹੀਂ ਲੱਭ ਰਿਹਾ ਕੋਈ।ਪਿੱਛੇ ਜਿਹੇ ਕਨੇਡਾ ਤੋਂ ਆਈ ਲੇਡੀਜ਼ ਲਈ ਆਪਣੇ ਸਕੇ ਸੰਬੰਧੀ ਦਾ ਸੰਸਕਾਰ ਕਰਨ ਵੀ ਟਾਇਮ ਨਹੀਂ ਸੀ। ਜਦ ਉਸ ਨੁੰ ਕਿਹਾ ਕਿ ਇਸ ਹਿੱਸੇ ਵਿੱਚੋਂ ਕੁਝ ਤੁਹਾਨੂੰ ਵੀ ਮਿਲਣਾ ਹੈ,ਉਹ ਸੰਸਕਾਰ ਕਰਨ ਲਈ ਪਹੁੰਚੀ। ਅੰਤਿਮ ਸੰਸਕਾਰ ਲਈ ਕਲੱਬ ਹੋਂਦ ਵਿੱਚ ਆ ਗਏ ਹਨ। ਉਹ ਪ੍ਰੀ ਬੁਕਿੰਗ ਕਰ ਰਹੇ ਹਨ। ਸਮਾਜ ਦਾ ਇਹ ਮਾੜਾ ਪੱਖ ਸਾਬਤ ਹੋ ਰਿਹਾ ਹੈ। ਜ਼ਿੰਦਗੀ ਦੇ ਇਹ ਨਵੇਂ ਮਾਡਲ ਸਾਡੇ ਸਮਾਜ ਲਈ ਘਾਤਕ ਸਿੱਧ ਹੋ ਰਹੇ ਹਨ।
ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ। ਨਹੀਂ ਫਿਰ ਅਸੀਂ ਉਜਾੜੇ ਦੀ ਉਸ ਦਹਿਲੀਜ਼ ਤੇ ਪਹੁੰਚ ਜਾਵਾਂਗੇ, ਜਿੱਥੋਂ ਅਸੀਂ ਵਾਪਸ ਨਹੀਂ ਮੁੜ ਸਕਾਂਗੇ। ਇਸ ਲਈ ਧੀਆਂ ਦੀ ਗਿਣਤੀ ਵਧਾਉਣ ਦੀ ਲੋੜ ਹੈ। ਤਾਂ ਕਿ ਅੱਗੇ ਰਿਸ਼ਤਿਆਂ ਦੀ ਡੋਰ ਜੁੜ ਸਕੇ। ਮੋਬਾਈਲ ਨਾਲੋਂ ਬੱਚਿਆਂ ਨੂੰ ਤੋੜ ਕੇ ਆਂਢ ਗੁਆਂਢ ਨਾਲ ਜੋੜਨਾ ਤੇ ਬਜ਼ੁਰਗਾਂ ਨਾਲ ਸਾਂਝ ਪੈਦਾ ਕਰਨ ਦੀ ਲੋੜ ਹੈ। ਜੇਕਰ ਸਮਾਂ ਰਹਿੰਦੇ ਇਹ ਨਹੀਂ ਹੁੰਦਾ ਤਾਂ ਸਾਡੇ ਕੋਲ ਕੈਸ਼ ਕੋਠੀਆਂ ਤਾਂ ਹੋਣਗੀਆਂ ਪਰ ਸਾਡੇ ਕੋਲ ਦੁੱਖ ਸੁੱਖ ਕਰਨ ਵਾਲਾ ਕੋਈ ਨਹੀਂ ਹੋਣਾ। ਮਾਨਸਿਕ ਰੋਗੀਆਂ ਦੀ ਗਿਣਤੀ ਵੱਡੀ ਪੱਧਰ ਤੇ ਹੋਣ ਕਰਕੇ ਇਹ ਹਸਪਤਾਲ ਹੀ ਵੱਧ ਖੁੱਲ੍ਹਣਗੇ। ਇਸ ਲਈ ਸਮੇਂ ਦੀ ਲੋੜ ਹੈ ਕਿ ਇਹਨਾਂ ਰਿਸ਼ਤਿਆਂ ਨੂੰ ਮੁੜ ਸੁਰਜੀਤ ਕੀਤਾ ਜਾਵੇ। ਖਤਮ ਹੋ ਰਹੇ ਰਿਸ਼ਤਿਆਂ ਦੀ ਸਾਰ ਲਈ ਜਾਵੇ।
ਜਗਤਾਰ ਲਾਡੀ