ਰੁਸਤਮ-ਏ-ਹਿੰਦ ਪਹਿਲਵਾਨ ਗਾਮਾ

ਅੱਜ ਅਸੀਂ ਇਕ ਅਜਿਹੇ ਪਹਿਲਵਾਨ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸ ਨੂੰ ਕੁਸ਼ਤੀ ਦੇ ਅਖਾੜੇ ਵਿੱਚ ਪੂਰੀ ਦੁਨੀਆ ’ਚ ਕੋਈ ਵੀ ਹਰਾ ਨਹੀਂ ਸੀ ਸਕਿਆ। ਆਪਣੇ 50 ਸਾਲਾਂ ਦੇ ਪਹਿਲਵਾਨੀ ਦੇ ਸਫ਼ਰ ਵਿੱਚ ਉਹ ਹਮੇਸ਼ਾ ਹੀ ਅਜਿੱਤ ਰਿਹਾ। ਪੂਰੀ ਦੁਨੀਆ ’ਚ ਪਹਿਲਵਾਨੀ ਦੇ ਖੇਤਰ ਵਿੱਚ ਆਪਣਾ ਲੋਹਾ ਮਨਵਾਉਣ ਵਾਲੇ ਇਸ ਗਾਮਾ ਪਹਿਲਵਾਨ ਨੂੰ ਬੇਸ਼ੱਕ ਭਾਰਤ ਤੇ ਪਾਕਿਸਤਾਨ ਦੇ ਜ਼ਿਆਦਾਤਰ ਲੋਕ ਭੁੱਲ ਚੁੱਕੇ ਸਨ ਪਰ 62 ਸਾਲਾਂ ਬਾਅਦ 22 ਮਈ 2022 ਨੂੰ ਗੂਗਲ ਦੇ ਸਰਚ ਇੰਜਨ ਨੇ ਡੂਡਲ ਬਣਾ ਕੇ ਭਾਰਤ ਦੇ ਇਸ ਪਹਿਲਵਾਨ ‘ਦਿ ਗ੍ਰੇਟ ਗਾਮਾ’ ਨੂੰ ਸਨਮਾਨਤ ਕਰ ਕੇ ਦੁਨੀਆ ਭਰ ਵਿੱਚ ਉਸ ਦੇ ਜ਼ੋਰ ਦੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ ਸਨ। ਦਰਅਸਲ, ਉਸ ਦਿਨ ਗਾਮਾ ਪਹਿਲਵਾਨ ਦਾ 144ਵਾਂ ਜਨਮ ਦਿਨ ਵੀ ਸੀ ਜਿਉਂ ਹੀ ਗੂਗਲ ਨੇ ਉਸ ਬਾਰੇ ਜਾਣਕਾਰੀ ਸਾਂਝੀ ਕੀਤੀ ਤਾਂ ਹਰ ਕੋਈ ਉਸ ਦੇ ਬਾਰੇ ਜਾਣਨ ਲਈ ਉਤਸੁਕ ਸੀ ਕਿ ਕਿਸੇ ਵੇਲੇ ਕੁਸ਼ਤੀ ਦੀ ਦੁਨੀਆ ’ਚ ਗਾਮਾ ਪਹਿਲਵਾਨ ਦਾ ਕੀ ਦਬਦਬਾ ਰਿਹਾ ਹੈ। ਗ਼ੁਲਾਮ ਮੁਹੰਮਦ ਉਰਫ਼ ਗਾਮਾ ਪਹਿਲਵਾਨ ਦਾ ਜਨਮ 22 ਮਈ 1878 ਨੂੰ ਅੰਮ੍ਰਿਤਸਰ ਵਿਖੇ ਇੱਕ ਕਸ਼ਮੀਰੀ ਬੱਟ ਪਰਿਵਾਰ ਵਿੱਚ ਪਿਤਾ ਮੁਹੰਮਦ ਅਜ਼ੀਜ਼ ਬਖ਼ਸ਼ ਦੇ ਘਰ ਹੋਇਆ ਸੀ। ਸਦਾ ਜੇਤੂ ਰਹਿਣ ਵਾਲਾ ਗਾਮਾ ਪਹਿਲਵਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਦਾਦਾ ਸਹੁਰਾ, ਭਾਵ ਕੁਲਸੂਮ ਨਵਾਜ਼ ਸ਼ਰੀਫ ਦਾ ਦਾਦਾ ਸੀ। ਸ਼ੁਰੂ ਵਿੱਚ ਗਾਮੇ ਪਹਿਲਵਾਨ ਨੂੰ ਦੱਤੀਆ ਦੇ ਮਹਾਰਾਜੇ ਨੇ ਆਪਣੀ ਰਿਆਸਤ ਵਿੱਚ ਕੁਸ਼ਤੀ ਦੀ ਸਿਖਲਾਈ ਦੇਣ ਦਾ ਪ੍ਰਬੰਧ ਕੀਤਾ ਸੀ। ਮਹਿਜ਼ 10 ਸਾਲ ਦੀ ਉਮਰ ਵਿੱਚ ਉਸ ਨੇ ਜੋਧਪੁਰ ਵਿਖੇ ਹੋਏ ਇੱਕ ਮੁਕਾਬਲੇ ’ਚ ਦੇਸ਼ ਦੇ ਨਾਮੀ ਪਹਿਲਵਾਨਾਂ ਨਾਲ ਆਪਣੇ ਖੇਡ ਹੁਨਰ ਦਾ ਪ੍ਰਦਰਸ਼ਨ ਕੀਤਾ। ਰਹੀਮ ਬਖ਼ਸ਼ ਨਾਲ ਬਰਾਬਰੀ ’ਤੇ ਰਹੇ ਤਿੰਨ ਮੁਕਾਬਲਿਆਂ ਤੋਂ ਬਾਅਦ ਗਾਮੇ ਨੇ ਇਸ ਰੁਸਤਮ ਨੂੰ ਵੀ ਹਰਾ ਦਿੱਤਾ ਅਤੇ ਸੰਨ 1910 ਤੱਕ ਉਸ ਨੇ ਭਾਰਤ ਦੇ ਲਗਪਗ ਸਾਰੇ ਨਾਮੀ ਪਹਿਲਵਾਨਾਂ ਨੂੰ ਹਰਾਉਣ ਦਾ ਵੱਡਾ ਕਾਰਨਾਮਾ ਕੀਤਾ। ਇਸੇ ਵਰ੍ਹੇ ਉਸ ਨੇ ਇੰਗਲੈਂਡ ਵਿਖੇ ਹੋਏ ਕੁਸ਼ਤੀ ਮੁਕਾਬਲੇ ਵਿੱਚ ਸਮੁੱਚੇ ਭਾਰ ਵਰਗਾਂ ਦੇ ਪਹਿਲਵਾਨਾਂ ਨੂੰ ਮੁਕਾਬਲੇ ਲਈ ਖੁੱਲ੍ਹੀ ਚੁਣੌਤੀ ਦਿੱਤੀ। ਪਹਿਲਾਂ ਤਾਂ ਸਾਰੇ ਪਹਿਲਵਾਨਾਂ ਨੇ ਇਸ ਨੂੰ ਇੱਕ ਮਜ਼ਾਕ ਸਮਝਿਆ ਪਰ ਗਾਮੇ ਵੱਲੋਂ ਦੁਬਾਰਾ ਐਲਾਨ ਕੀਤੇ ਜਾਣ ’ਤੇ ਅਮਰੀਕੀ ਪਹਿਲਵਾਨ ਬੈਂਜਾਮਿਨ ਰੋਲਰ ਨੇ ਉਸ ਦੀ ਚੁਣੌਤੀ ਸਵੀਕਾਰ ਕੀਤੀ। ਬੈਂਜਾਮਿਨ ਇਹ ਕੁਸ਼ਤੀ ਹਾਰ ਗਿਆ ਤੇ ਗਾਮੇ ਨੂੰ ਮੁਕਾਬਲੇ ਦੇ ਅਗਲੇ ਪੜਾਅ ’ਚ ਦਾਖ਼ਲਾ ਮਿਲ ਗਿਆ। ਇਸ ਪੜਾਅ ਵਿੱਚ ਉਸ ਦਾ ਮੁਕਾਬਲਾ ਵਿਸ਼ਵ ਚੈਂਪੀਅਨ ਸਟੈਨਿਸਲਸ ਜਬਿਸਕੋ ਨਾਲ ਹੋਇਆ ਤੇ ਤਿੰਨ ਘੰਟੇ ਦੇ ਸਖ਼ਤ ਮੁਕਾਬਲੇ ਤੋਂ ਬਾਅਦ ਜਬਿਸਕੋ ਹਾਰ ਗਿਆ। ਇਸ ਵੱਡੀ ਜਿੱਤ ਤੋਂ ਬਾਅਦ ਜਦੋਂ ਗਾਮਾ ਭਾਰਤ ਪਰਤਿਆ ਤਾਂ ਇਲਾਹਾਬਾਦ ਵਿਖੇ ਇੱਕ ਵਾਰ ਫਿਰ ਉਸ ਦਾ ਮੁਕਾਬਲਾ ਰਹੀਮ ਬਖ਼ਸ਼ ਸੁਲਤਾਨੀ ਵਾਲੇ ਨਾਲ ਹੋਇਆ ਅਤੇ ਰਹੀਮ ਬਖ਼ਸ਼ ਨੂੰ ਹਰਾ ਕੇ ਗਾਮਾ ‘ਰੁਸਤਮ-ਏ-ਹਿੰਦ’ ਬਣ ਗਿਆ। ਸੰਨ 1928 ਵਿੱਚ ਜਬਿਸਕੋ ਮੁੜ ਪਟਿਆਲਾ ਆਇਆ ਅਤੇ ਉਸ ਨੂੰ ਇੱਕ ਵਾਰ ਫਿਰ ਗਾਮੇ ਪਾਸੋਂ ਹਾਰ ਦਾ ਸਾਹਮਣਾ ਕਰਨਾ ਪਿਆ। ਦੱਸਿਆ ਜਾਂਦਾ ਹੈ ਕਿ ਗਾਮਾ ਪਹਿਲਵਾਨ ਇੱਕ ਦਿਨ ਵਿੱਚ 6 ਦੇਸੀ ਮੁਰਗੇ, 10 ਲੀਟਰ ਦੁੱਧ, ਅੱਧਾ ਕਿੱਲੋ ਘਿਓ, ਬਦਾਮ ਦਾ ਸ਼ਰਬਤ ਤੇ ਕੁਝ ਰੋਟੀਆਂ ਖਾਂਦਾ ਸੀ। ਦੇਸ਼ ਦੀ ਵੰਡ ਤੋਂ ਕੁਝ ਸਮਾਂ ਪਹਿਲਾਂ ਗਾਮਾ ਮੋਹਿਨੀ ਰੋਡ, ਲਾਹੌਰ ਵਿਖੇ ਜਾ ਵਸਿਆ। ਇਹ ਇਲਾਕਾ ਹਿੰਦੂ ਬਹੁ-ਗਿਣਤੀ ਵਸਨੀਕਾਂ ਦਾ ਸੀ। ਹੱਲਿਆਂ ਵੇਲੇ ਜਦ ਹਿੰਦੂ ਪਰਿਵਾਰਾਂ ਨੂੰ ਲੁੱਟਣ ਲਈ ਦੰਗਾਕਾਰੀ ਆਏ ਤਾਂ ਗਾਮਾ ਸਾਰਿਆਂ ਤੋਂ ਅੱਗੇ ਜਾ ਖਲੋਇਆ ਅਤੇ ਉਸ ਨੇ ਬਹੁਤ ਸਾਰੇ ਨਿਰਦੋਸ਼ ਲੋਕਾਂ ਦੀ ਜਾਨ ਬਚਾਈ। ਦੱਸਦੇ ਹਨ ਕਿ ਉਸ ਨੇ ਹਿੰਸਾ ਕਰਨ ਵਾਲੇ ਮੁਖੀ ਦੀ ਚੰਗੀ ਕੁਟਾਈ ਕੀਤੀ ਜਿਸ ਨੂੰ ਵੇਖ ਕੇ ਬਾਕੀ ਦੰਗਾਕਾਰੀ ਉੱਥੋਂ ਦੌੜ ਗਏ। ਵਿਗੜਦੇ ਹੋਏ ਹਾਲਾਤ ਦੇ ਮੱਦੇਨਜ਼ਰ ਗਾਮੇ ਪਹਿਲਵਾਨ ਨੇ ਮਹਿਸੂਸ ਕੀਤਾ ਕਿ ਉਹ ਜ਼ਿਆਦਾ ਲੰਬੇ ਸਮੇਂ ਤੱਕ ਹਿੰਦੂ ਪਰਿਵਾਰਾਂ ਦੀ ਸੁਰੱਖਿਆ ਨਹੀਂ ਕਰ ਸਕੇਗਾ ਤਾਂ ਉਹ ਇਲਾਕੇ ਦੇ ਲੋਕਾਂ ਲਈ ਇੱਕ ਹਫ਼ਤੇ ਦੇ ਰਾਸ਼ਨ ਤੇ ਹੋਰ ਜ਼ਰੂਰੀ ਵਸਤਾਂ ਦਾ ਪ੍ਰਬੰਧ ਕਰ ਕੇ ਖ਼ੁਦ ਉਨ੍ਹਾਂ ਨੂੰ ਸਰਹੱਦ ਤੱਕ ਛੱਡਣ ਆਇਆ। ਦੇਸ਼ ਦੀ ਵੰਡ ਦੇ ਦਰਦਨਾਕ ਹਾਲਾਤ ਤੇ ਦੋਹਾਂ ਪਾਸਿਆਂ ਦੀ ਹਿਜ਼ਰਤ ਨੇ ਗਾਮੇ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ ਤੇ ਜ਼ਿੰਦਗੀ ’ਚ ਇਹ ਪਹਿਲਾ ਮੌਕਾ ਸੀ ਜਦੋਂ ਲੋਕਾਂ ਨੇ ਇਸ ਸ਼ੇਰਦਿਲ ਇਨਸਾਨ ਨੂੰ ਬੱਚਿਆਂ ਵਾਂਗ ਰੋਂਦਿਆਂ ਤੱਕਿਆ ਸੀ। ਆਪਣੇ ਅੰਤਲੇ ਦਿਨਾਂ ’ਚ ਗਾਮਾ ਕਾਫ਼ੀ ਬਿਮਾਰ ਰਹਿਣ ਲੱਗਾ ਸੀ। ਉਸ ਦੀ ਬਿਮਾਰੀ ਦੌਰਾਨ ਕੁਸ਼ਤੀ ਨੂੰ ਪਿਆਰ ਕਰਨ ਵਾਲੇ ਭਾਰਤ ਦੇ ਨਾਮਵਰ ਸਨਅਤਕਾਰ ਜੀਡੀ ਬਿਰਲਾ ਨੇ ਗਾਮੇ ਨੂੰ ਇਲਾਜ ਲਈ ਦੋ ਹਜ਼ਾਰ ਰੁਪਏ ਤੇ 300 ਰੁਪਏ ਮਹੀਨਾਵਾਰ ਪੈਨਸ਼ਨ ਦੇਣੀ ਸ਼ੁਰੂ ਕੀਤੀ। ਕਾਫ਼ੀ ਸਮਾਂ ਬਿਮਾਰ ਰਹਿਣ ਮਗਰੋਂ ਗਾਮਾ 23 ਮਈ 1960 ਨੂੰ ਲਾਹੌਰ ਵਿਖੇ ਮੌਤ ਨਾਲ ਹੋਈ ਆਖ਼ਰੀ ਕੁਸ਼ਤੀ ਹਾਰ ਗਿਆ। -ਕੁਲਦੀਪ ਸਿੰਘ ਸਾਹਿਲ

Loading