ਰੂਸੀ ਹਮਲੇ ’ਚ ਯੂਕ੍ਰੇਨ ਦੇ 17 ਕੈਦੀ ਹਲਾਕ

In ਖਾਸ ਰਿਪੋਰਟ
July 30, 2025

ਕੀਵ/ਏ.ਟੀ.ਨਿਊਜ਼: ਰੂਸ ਤੇ ਯੂਕ੍ਰੇਨ ਵਿਚਾਲੇ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਇਸੇ ਦੌਰਾਨ ਰੂਸ ਨੇ ਯੂਕ੍ਰੇਨ ’ਤੇ ਵੱਡਾ ਹਮਲਾ ਕਰਦੇ ਹੋਏ ਇੱਕ ਯੂਕ੍ਰੇਨੀ ਜੇਲ੍ਹ ਤੇ ਇੱਕ ਮੈਡੀਕਲ ਫੈਸਿਲਟੀ ਨੂੰ ਨਿਸ਼ਾਨਾ ਬਣਾਇਆ, ਜਿਸ ਕਾਰਨ 17 ਕੈਦੀਆਂ ਸਣੇ ਕੁੱਲ 21 ਲੋਕਾਂ ਦੀ ਮੌਤ ਹੋ ਗਈ, ਜਦਕਿ 80 ਤੋਂ ਵੱਧ ਹੋਰ ਜ਼ਖ਼ਮੀ ਹੋ ਗਏ।
ਜਾਣਕਾਰੀ ਮੁਤਾਬਕ ਰੂਸ ਨੇ ਇਹ ਹਵਾਈ ਹਮਲਾ ਯੂਕ੍ਰੇਨ ਦੇ ਦੱਖਣੀ-ਪੂਰਬੀ ਹਿੱਸੇ ਦੇ ਜਾਪੋਰਿਜ਼ੀਆ ਇਲਾਕੇ ’ਚ ਸਥਿਤ ਜੇਲ੍ਹ ’ਤੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਮਲਾ ਬੀਤੀ ਰਾਤ ਨੂੰ ਕੀਤਾ ਗਿਆ ਤੇ 4 ਹਮਲੇ ਕੀਤੇ ਗਏ, ਜਿਸ ਕਾਰਨ 17 ਕੈਦੀਆਂ ਦੀ ਮੌਤ ਹੋ ਗਈ, ਜਦਕਿ ਇਲਾਕੇ ਦੀ ਇੱਕ ਮੈਡੀਕਲ ਫੈਸਿਲਟੀ ’ਤੇ ਹਮਲੇ ਕਾਰਨ 4 ਹੋਰ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਹਮਲਿਆਂ ’ਚ 80 ਤੋਂ ਵੱਧ ਹੋਰ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ‘ਚੋਂ 40 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਇਹ ਹਮਲਾ ਅਜਿਹੇ ਸਮੇਂ ’ਚ ਹੋਇਆ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰੂਸ ਨੂੰ ਭਾਰੀ ਟੈਰਿਫ਼ ਲਗਾਉਣ ਦੀ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਸੀ ਕਿ ਰੂਸ ਜਦੋਂ ਤੱਕ ਯੂਕ੍ਰੇਨ ’ਤੇ ਹਮਲੇ ਨਹੀਂ ਰੋਕਦਾ, ਉਦੋਂ ਤੱਕ ਉਸ ’ਤੇ ਭਾਰੀ ਟੈਰਿਫ਼ ਲਗਾਏ ਜਾਣਗੇ। ਉਨ੍ਹਾਂ ਕਿਹਾ ਸੀ ਕਿ ਉਹ ਪੁਤਿਨ ਨੂੰ 10-12 ਦਿਨ ਦੇ ਰਹੇ ਹਨ, ਉਹ 3 ਸਾਲ ਲੰਬੀ ਜੰਗ ਮਗਰੋਂ ਯੂਕ੍ਰੇਨ ’ਤੇ ਆਪਣੇ ਹਮਲੇ ਰੋਕ ਦੇਣ। ਪਰ ਟਰੰਪ ਦੀਆਂ ਇਨ੍ਹਾਂ ਧਮਕੀਆਂ ਦਾ ਰੂਸ ’ਤੇ ਕੋਈ ਅਸਰ ਨਹੀਂ ਦਿਖ ਰਿਹਾ, ਤਾਂ ਹੀ ਇਹ ਤਾਜ਼ਾ ਹਮਲਾ ਕਰ ਕੇ ਇੱਕ ਵਾਰ ਫ਼ਿਰ ਤੋਂ ਯੂਕ੍ਰੇਨ ਨੂੰ ਕੰਬਾ ਦਿੱਤਾ ਗਿਆ ਹੈ।

Loading