ਰੂਸ ਨੇ ਯੂਕ੍ਰੇਨ ਤੋਂ ਛੁਡਵਾਇਆ ਕੁਰਸਕ ਖ਼ਿੱਤਾ

In ਮੁੱਖ ਖ਼ਬਰਾਂ
April 28, 2025
ਮਾਸਕੋ /ਏ.ਟੀ.ਨਿਊਜ਼: ਰੂਸ ਨੇ ਪਿਛਲੇ ਦਿਨੀਂ ਪੱਛਮੀ ਕੁਰਸਕ ਖੇਤਰ ਦੀ ਯੂਕ੍ਰੇਨ ਤੋਂ ‘ਮੁਕੰਮਲ ਆਜ਼ਾਦੀ’ ਦਾ ਐਲਾਨ ਕੀਤਾ ਹੈ ਅਤੇ ਯੂਕ੍ਰੇਨ ਦੀਆਂ ਹਥਿਆਰਬੰਦ ਫ਼ੌਜਾਂ ਨੂੰ ਖਤਮ ਕਰਨ ਵਿੱਚ ਉੱਤਰੀ ਕੋਰੀਆਈ ਫ਼ੌਜਾਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਕੁਰਸਕ ਖ਼ਿੱਤੇ ਦੇ ਕੁਝ ਹਿੱਸਿਆਂ ਉਤੇ ਅਗਸਤ 2024 ਵਿੱਚ ਯੂਕ੍ਰੇਨੀ ਫ਼ੌਜਾਂ ਨੇ ਘੁਸਪੈਠ ਕਰਦਿਆਂ ਕਬਜ਼ਾ ਕਰ ਲਿਆ ਸੀ। ਯੂਕ੍ਰੇਨ ਨੇ ਰੂਸ ਦੇ ਦਾਅਵੇ ਨੂੰ ਰੱਦ ਕਰਦਿਆਂ ਦਾਅਵਾ ਕੀਤਾ ਕਿ ਉਸ ਦੀਆਂ ਫ਼ੌਜਾਂ ਹਾਲੇ ਵੀ ਖ਼ਿੱਤੇ ਵਿੱਚ ਡਟੀਆਂ ਹੋਈਆਂ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਸੰਖੇਪ ਵਿੱਚ ਜਾਣਕਾਰੀ ਦਿੰਦਿਆਂ ਆਰ.ਐਫ਼. ਆਰਮਡ ਫ਼ੋਰਸਿਜ਼ ਦੇ ਜਨਰਲ ਸਟਾਫ਼ ਦੇ ਮੁਖੀ ਜਨਰਲ ਵੈਲੇਰੀ ਗੇਰਾਸਿਮੋਵ ਨੇ ਕਿਹਾ ਕਿ “ ਗੋਰਨਲ ਦੇ ਆਖਰੀ ਨਿਵਾਸ ਨੂੰ ਆਜ਼ਾਦ ਕਰਵਾਉਣ ਤੋਂ ਬਾਅਦ ਕੁਰਸਕ ਖੇਤਰ ਯੂਕ੍ਰੇਨੀ ਫ਼ੌਜਾਂ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ ਗਿਆ ਹੈ।” ਖ਼ਬਰ ਏਜੰਸੀ ਤਾਸ ਨੇ ਜਨਰਲ ਗੇਰਾਸਿਮੋਵ ਦੇ ਹਵਾਲੇ ਨਾਲ ਕਿਹਾ, “ਕੋਰੀਅਨ ਪੀਪਲਜ਼ ਆਰਮੀ ਦੇ ਸੈਨਿਕਾਂ ਅਤੇ ਅਧਿਕਾਰੀਆਂ ਨੇ, ਰੂਸੀ ਸੈਨਿਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜਾਈ ਮਿਸ਼ਨ ਨਿਭਾਉਂਦੇ ਹੋਏ, ਯੂਕ੍ਰੇਨੀ ਹਮਲੇ ਨੂੰ ਪਿੱਛੇ ਧੱਕਣ ਦੌਰਾਨ ਉੱਚ ਪੇਸ਼ੇਵਰਾਨਾ ਮੁਹਾਰਤ ਦਾ ਪ੍ਰਦਰਸ਼ਨ ਕੀਤਾ, ਲੜਾਈ ਵਿੱਚ ਦ੍ਰਿੜਤਾ, ਹਿੰਮਤ ਅਤੇ ਬਹਾਦਰੀ ਦਾ ਪ੍ਰਦਰਸ਼ਨ ਕੀਤਾ।” ਰੂਸੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਮਾਰੀਆ ਜ਼ਖਾਰੋਵਾ ਨੇ ਰੂਸ ਦੇ ਨਾਲ ਖੜ੍ਹੇ ਹੋਣ ਲਈ ਉੱਤਰੀ ਕੋਰੀਆਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਰੂਸ ਕਦੇ ਵੀ ਡੀ.ਪੀ.ਆਰ.ਕੇ. ਦੇ ਆਪਣੇ ਦੋਸਤਾਂ ਨੂੰ ਕਦੇ ਨਹੀਂ ਭੁੱਲੇਗਾ।” ਕੀਵ ਨੇ ਭਵਿੱਖੀ ਗੱਲਬਾਤ ਵਿੱਚ ਸੌਦੇਬਾਜ਼ੀ ਦੇ ਤੌਰ ’ਤੇ ਗੈਸ ਨਿਰਯਾਤ ਟਰਮੀਨਲ ਸੁਡਜ਼ਾ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਲਈ ਪੂਰਬੀ ਯੂਕ੍ਰੇਨ ਨਾਲ ਲੱਗਦੇ ਕੁਰਸਕ ਖੇਤਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਯੂਕ੍ਰੇਨੀ ਅਧਿਕਾਰੀਆਂ ਨੇ ਰੂਸ ਦੇ ਦਾਅਵੇ ਨੂੰ ਰੱਦ ਕੀਤਾ ਖ਼ਬਰ ਏਜੰਸੀ ਏਪੀ ਮੁਤਾਬਕ ਯੂਕ੍ਰੇਨੀ ਅਧਿਕਾਰੀਆਂ ਨੇ ਕਿਹਾ ਕਿ ਲੜਾਈ ਅਜੇ ਵੀ ਜਾਰੀ ਹੈ। ਯੂਕ੍ਰੇਨ ਦੇ ਜਨਰਲ ਸਟਾਫ਼ ਨੇ ਕਿਹਾ, “‘ਰੂਸੀ ਸੰਘ ਦੇ ਕੁਰਸਕ ਖੇਤਰ ਵਿੱਚ ਲੜਾਈ ਦੇ ਕਥਿਤ ਅੰਤ ਬਾਰੇ ਹਮਲਾਵਰ ਦੇਸ਼ ਦੇ ਹਾਈ ਕਮਾਂਡ ਦੇ ਪ੍ਰਤੀਨਿਧੀਆਂ ਦੇ ਬਿਆਨ ਸੱਚ ਨਹੀਂ ਹਨ।’ ਬਿਆਨ ਵਿੱਚ ਕਿਹਾ ਗਿਆ ਹੈ, “ਕੁਰਸਕ ਖੇਤਰ ਦੇ ਕੁਝ ਖੇਤਰਾਂ ਵਿੱਚ ਯੂਕ੍ਰੇਨੀ ਰੱਖਿਆ ਬਲਾਂ ਦਾ ਰੱਖਿਆਤਮਕ ਕਾਰਜ ਜਾਰੀ ਹੈ। ਸੰਚਾਲਨ ਸਥਿਤੀ ਮੁਸ਼ਕਿਲ ਹੈ, ਪਰ ਸਾਡੀਆਂ ਇਕਾਈਆਂ ਨਿਰਧਾਰਤ ਸਥਾਨਾਂ ’ਤੇ ਕਾਇਮ ਹਨ ਅਤੇ ਨਿਰਧਾਰਤ ਕਾਰਜਾਂ ਨੂੰ ਪੂਰਾ ਕਰਦੀਆਂ ਹਨ, ਜਦੋਂ ਕਿ ਦੁਸ਼ਮਣ ਨੂੰ ਹਰ ਕਿਸਮ ਦੇ ਹਥਿਆਰਾਂ ਨਾਲ ਪ੍ਰਭਾਵਸ਼ਾਲੀ ਅੱਗ ਨਾਲ ਨੁਕਸਾਨ ਪਹੁੰਚਾ ਰਹੀਆਂ ਹਨ।

Loading