ਰੂਸ-ਯੂਕ੍ਰੇਨ ਜੰਗ ਖਤਮ ਕਰਨ ਲਈ ਸਰਗਰਮ ਹੋਏ ਟਰੰਪ

In ਮੁੱਖ ਖ਼ਬਰਾਂ
February 10, 2025
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕ੍ਰੇਨ ਵਿੱਚ ਜੰਗ ਨੂੰ ਖਤਮ ਕਰਨ ਲਈ ਸਰਗਰਮ ਹੋ ਗਏ ਹਨ। ਉਨ੍ਹਾਂ ਨੇ ਇਸ ਬਾਰੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਫੋਨ 'ਤੇ ਗੱਲ ਕੀਤੀ ਹੈ। 'ਨਿਊਯਾਰਕ ਪੋਸਟ' ਦੀ ਰਿਪੋਰਟ ਮੁਤਾਬਕ ਟਰੰਪ ਅਤੇ ਪੁਤਿਨ ਵਿਚਾਲੇ ਫੋਨ 'ਤੇ ਗੱਲਬਾਤ ਦੌਰਾਨ ਯੂਕ੍ਰੇਨ ਯੁੱਧ ਨੂੰ ਖਤਮ ਕਰਨ 'ਤੇ ਚਰਚਾ ਹੋਈ। ਟਰੰਪ ਨੇ ਦੱਸਿਆ ਕਿ ਪੁਤਿਨ ਵੀ ਚਾਹੁੰਦੇ ਹਨ ਕਿ ਲੋਕਾਂ ਦੀਆਂ ਮੌਤਾਂ ਬੰਦ ਹੋ ਜਾਣ। ਫਰਵਰੀ 2022 ਵਿੱਚ ਸ਼ੁਰੂ ਹੋਈ ਜੰਗ ਤੋਂ ਬਾਅਦ ਕਿਸੇ ਅਮਰੀਕੀ ਰਾਸ਼ਟਰਪਤੀ ਨਾਲ ਪੁਤਿਨ ਦੀ ਇਹ ਪਹਿਲੀ ਗੱਲਬਾਤ ਹੈ। ਟਰੰਪ ਨੇ ਕਿਹਾ ਕਿ ਜੇਕਰ ਉਹ 2022 ਵਿੱਚ ਰਾਸ਼ਟਰਪਤੀ ਹੁੰਦੇ ਤਾਂ ਇਹ ਜੰਗ ਕਦੇ ਸ਼ੁਰੂ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ। ਇਸ ਦੇ ਨਾਲ ਹੀ ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਬਾਈਡੇਨ ਸਾਡੇ ਦੇਸ਼ ਲਈ ਕਿਸੇ ਨਮੋਸ਼ੀ ਤੋਂ ਘੱਟ ਨਹੀਂ ਹਨ। ਬਾਈਡੇਨ ਨੇ ਦੇਸ਼ ਲਈ ਸ਼ਰਮਨਾਕ ਸਥਿਤੀ ਪੈਦਾ ਕਰ ਦਿੱਤੀ ਹੈ ਜਿਸ ਨੂੰ ਠੀਕ ਕਰਨ ਵਿੱਚ ਕੁਝ ਸਮਾਂ ਲੱਗੇਗਾ ਅਤੇ ਅਸੀਂ ਵੀ ਅਜਿਹਾ ਹੀ ਕਰ ਰਹੇ ਹਾਂ। ਟਰੰਪ ਨੇ ਕਿਹਾ ਕਿ ਉਨ੍ਹਾਂ ਕੋਲ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਯੁੱਧ ਨੂੰ ਖਤਮ ਕਰਨ ਦੀ ਠੋਸ ਯੋਜਨਾ ਹੈ। ਉਮੀਦ ਹੈ ਕਿ ਇਹ ਜਲਦੀ ਹੀ ਹੋਵੇਗਾ। ਟਰੰਪ ਨੇ ਕਿਹਾ ਕਿ ਇਹ ਜੰਗ ਬਹੁਤ ਮਾੜੀ ਹੈ ਅਤੇ ਉਹ ਇਸ ਨੂੰ ਖਤਮ ਕਰਨਾ ਚਾਹੁੰਦੇ ਹਨ। ਟਰੰਪ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਯੁੱਧ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਉਹ ਇਸ 'ਤੇ ਚਰਚਾ ਕਰਨ ਲਈ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕਰਨਗੇ, ਹਾਲਾਂਕਿ ਦੋਵਾਂ ਨੇਤਾਵਾਂ ਵਿਚਾਲੇ ਇਹ ਮੁਲਾਕਾਤ ਕਦੋਂ ਹੋਵੇਗੀ, ਇਸ ਬਾਰੇ ਫਿਲਹਾਲ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ। ਰਾਇਟਰਜ਼ ਨੇ ਇਸ ਮਹੀਨੇ ਦੇ ਸ਼ੁਰੂ ਵਿਚ ਖਬਰ ਦਿੱਤੀ ਸੀ ਕਿ ਰੂਸ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਵਿਚ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੂੰ ਮਿਲਣਾ ਚਾਹੁੰਦਾ ਹੈ, ਪਿਛਲੇ ਸਾਲ 14 ਜੂਨ ਨੂੰ ਪੁਤਿਨ ਨੇ ਜੰਗ ਨੂੰ ਤੁਰੰਤ ਖਤਮ ਕਰਨ ਲਈ ਆਪਣੀਆਂ ਸ਼ਰਤਾਂ ਅੱਗੇ ਰੱਖੀਆਂ ਸਨ, ਜਿਸ ਅਨੁਸਾਰ ਯੂਕਰੇਨ ਨੂੰ ਆਪਣੀਆਂ ਨਾਟੋ ਦੀਆਂ ਇੱਛਾਵਾਂ ਨੂੰ ਛੱਡਣਾ ਹੋਵੇਗਾ ਅਤੇ ਯੂਕਰੇਨ ਦੇ ਚਾਰੇ ਖੇਤਰਾਂ ਤੋਂ ਆਪਣੀਆਂ ਫੌਜਾਂ ਨੂੰ ਵਾਪਸ ਲੈਣਾ ਹੋਵੇਗਾ। ਦੇਖਿਆ ਜਾਵੇ ਤਾਂ ਇਸ ਜੰਗ ਦਾ ਸਿੱਧਾ ਜਾਂ ਅਸਿੱਧਾ ਅਸਰ ਸਮੁੱਚੇ ਸੰਸਾਰ ਤੇ ਖਾਸ ਕਰਕੇ ਅਮਰੀਕਾ ਦੀ ਆਰਥਿਕਤਾ ਤੇ ਕੁਝ ਮੁਲਕਾਂ ਦੇ ਅਰਥਚਾਰਿਆਂ ’ਤੇ ਇਸ ਦਾ ਡਾਢਾ ਅਸਰ ਪਿਆ ਹੈ।ਇਸ ਵਕਤ ਸੰਸਾਰ ਭਰ ਵਿਚ ਮਹਿੰਗਾਈ ਬਹੁਤ ਮੂੰਹਜ਼ੋਰ ਹੋ ਗਈ ਹੈ ਅਤੇ ਕਮਜ਼ੋਰ ਅਰਥਚਾਰੇ ਡਾਵਾਂਡੋਲ ਹੋ ਗਏ ਹਨ।ਜੇਕਰ ਜੰਗ ਨਾ ਰੁਕੀ ਤਾਂ ਸਾਫ ਹੈ ਕਿ ਇਸ ਹਮਲੇ ਨਾਲ ਦੁਨੀਆ ਦੇ ਦੇਸ਼ਾਂ ਦੀ ਇੱਕ ਨਵੀਂ ਸਫਬੰਦੀ ਬਣ ਸਕਦੀ ਹੈ ਅਤੇ ਇਕ ਵਾਰ ਫਿਰ ਤੋਂ ਸ਼ੀਤ ਯੁੱਧ ਦਾ ਉਹੀਓ ਸਾਢੇ ਤਿੰਨ ਦਹਾਕਿਆਂ ਪਹਿਲਾਂ ਵਾਲਾ ਦੌਰ ਵਾਪਸ ਆ ਸਕਦਾ ਹੈ, ਜਿਸ ਵਿਚ ਕੁਝ ਦੇਸ਼ ਰੂਸ ਨਾਲ ਅਤੇ ਕੁਝ ਅਮਰੀਕੀ ਧੜੇ ਨਾਲ ਖੜ੍ਹੇ ਵਿਖਾਈ ਦੇ ਸਕਦੇ ਹਨ।ਵਿਸ਼ਵ ਜੰਗ ਦੀ ਸੰਭਾਵਨਾ ਬਣ ਸਕਦੀ ਹੈ।

Loading