ਰਾਜਵਿੰਦਰ ਪਾਲ ਸਿੰਘ
ਜਦੋਂ ਸਿਨੇਮਾ ਨਹੀਂ ਸੀ ਆਇਆ, ਉਦੋਂ ਨੁੱਕੜ ਨਾਟਕ ਅਤੇ ਰੰਗਮੰਚ ਹੀ ਮਨੋਰੰਜਨ ਦਾ ਮਹੱਤਵਪੂਰਨ ਸਾਧਨ ਹੁੰਦੇ ਸਨ। ਬਿਨਾਂ ਮੰਚ, ਬਿਨਾਂ ਪਰਦੇ ਅਤੇ ਬਿਨਾਂ ਵੱਡੇ ਸਾਜੋ-ਸਾਮਾਨ ਦੇ ਇਹ ਨਾਟਕ ਸਮਾਜ ਦੀਆਂ ਸੱਚਾਈਆਂ ਨੂੰ ਸਿੱਧੇ ਸ਼ਬਦਾਂ ਵਿੱਚ ਲੋਕਾਂ ਤੱਕ ਪਹੁੰਚਾਉਂਦੇ ਰਹੇ। ਸਮੇਂ ਦੇ ਨਾਲ ਇਹ ਲੋਕਧਾਰਾ ਹੁਣ ਓਟੀਟੀ ਪਲੈਟਫਾਰਮਾਂ ਤੱਕ ਪਹੁੰਚ ਗਈ ਹੈ, ਜਿੱਥੇ ਡਿਜ਼ੀਟਲ ਸਕਰੀਨਾਂ ਰਾਹੀਂ ਉਹ ਨਵੇਂ ਰੂਪ ਵਿੱਚ ਨਵੀਂ ਤਰ੍ਹਾਂ ਦੀ ਸਮੱਗਰੀ ਨਾਲ ਦਰਸ਼ਕਾਂ ਨਾਲ ਸੰਵਾਦ ਕਰ ਰਹੀ ਹੈ।
ਗਲੀ ਤੋਂ ਗਲੋਬਲ ਤੱਕ ਦਾ ਇਹ ਸਫ਼ਰ ਨਾਟਕ ਦੀ ਤਾਕਤ ਅਤੇ ਸਮੇਂ ਨਾਲ ਕਦਮ ਮਿਲਾਉਣ ਦੀ ਸਮਰੱਥਾ ਨੂੰ ਦਰਸਾਉਂਦਾ ਹੈ, ਪਰ ਖਾਮੀ ਇਹੀ ਹੈ ਕਿ ਜਿੱਥੇ ਪੁਰਾਣੇ ਢੰਗ ਦੇ ਮਨੋਰੰਜਨ ਦੇ ਇਹ ਸਾਧਨ ਸਮਾਜ ’ਤੇ ਕੋਈ ਬੁਰਾ ਅਸਰ ਨਹੀਂ ਪਾਉਾਂਦੇਸਨ, ਉੱਥੇ ਓਟੀਟੀ ’ਤੇ ਬੇਰੋਕ-ਟੋਕ ਕੁਝ ਵੀ ਪਰੋਸਿਆ ਜਾ ਰਿਹਾ ਹੈ, ਜਿਸ ਦਾ ਨੌਜਵਾਨ ਵਰਗ ’ਤੇ ਕਾਫ਼ੀ ਬੁਰਾ ਅਸਰ ਪਿਆ ਹੈ।
ਰੰਗਮੰਚ ਹੀ ਸਿਨੇਮਾ ਦੀ ਬੁਨਿਆਦ ਸੀ, ਫ਼ਰਕ ਇਹ ਸੀ ਕਿ ਸਿਨੇਮਾ ਵਿੱਚ ਪਾਤਰਾਂ ਦੁਆਰਾ ਪੇਸ਼ ਕੀਤੀਆਂ ਜਾ ਰਹੀਆਂ ਘਟਨਾਵਾਂ ਪ੍ਰਾਜੈਕਟਰ ਦੀ ਮਦਦ ਨਾਲ ਦਿਖਾਈਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਪਹਿਲਾਂ ਰਿਕਾਰਡ ਕਰ ਲਿਆ ਜਾਂਦਾ ਸੀ, ਜਦੋਂਕਿ ਰੰਗਮੰਚ ਅਤੇ ਨਾਟਕ ਲਾਈਵ ਯਾਨੀ ਬਿਲਕੁਲ ਸਾਡੇ ਸਾਹਮਣੇ ਹਕੀਕਤ ਵਿੱਚ ਪਾਤਰ ਆਪਣੀ ਕਲਾ ਨੂੰ ਪੇਸ਼ ਕਰਦੇ ਹਨ।
ਸਿਨੇਮਾ ਦੀ ਚੜ੍ਹਤ ਤੋਂ ਬਾਅਦ ਆਏ ਟੈਲੀਵਿਜ਼ਨ ਨੇ ਮਨੋਰੰਜਨ ਦੇ ਸਾਧਨਾਂ ਵਿੱਚ ਵਾਧਾ ਕੀਤਾ। ਟੈਲੀਵਿਜ਼ਨ ਰਾਹੀਂ ਲੋਕਾਂ ਨੂੰ ਹੁਣ ਖ਼ਬਰਾਂ, ਫਿਲਮਾਂ, ਖੇਤੀਬਾੜੀ, ਡੇਅਰੀ ਅਤੇ ਵੱਖ ਵੱਖ ਪ੍ਰਕਾਰ ਦੇ ਟੀਵੀ ਸੀਰੀਅਲ ਵੇਖਣ ਦਾ ਮੌਕਾ ਮਿਲਿਆ। ਟੈਲੀਵਿਜ਼ਨ ਦੇ ਇਹ ਪ੍ਰੋਗਰਾਮ ਗਾਹਕ ਦੇ ਕੰਟਰੋਲ ਵਿੱਚ ਨਹੀਂ ਸਨ, ਗਾਹਕ ਕੇਵਲ ਦੇਖ ਸਕਦੇ ਸਨ ਇਨ੍ਹਾਂ ਨੂੰ ਬਦਲ ਨਹੀਂ ਸਨ ਸਕਦੇ। ਗਾਹਕਾਂ ਦੀ ਇਸ ਸਮੱਸਿਆ ਦਾ ਹੱਲ ਡੀਟੀਐੱਚ ਜਿਸ ਦਾ ਪੂਰਾ ਨਾਮ ‘ਡਾਇਰੈਕਟ ਟੂ ਹੋਮ’ ਭਾਵ ਸਿੱਧਾ ਸਾਡੇ ਘਰ ਤੱਕ ਹੈ, ਨੇ ਕੱਢਿਆ। ਪਹਿਲਾਂ ਡੀਡੀ ਨੈਸ਼ਨਲ ’ਤੇ ਕੁਝ ਸਮਾਂ ਖੇਤਰੀ ਪ੍ਰਸਾਰਣ ਅਤੇ ਇੱਕ ਡੀਡੀ ਨਿਊਜ਼ ਚੈਨਲ ਦੇਖਣ ਵਾਲੇ ਗਾਹਕਾਂ ਕੋਲ ਹੁਣ 50-60 ਚੈਨਲਾਂ ਦਾ ਰਿਮੋਟ ਹੱਥ ਵਿੱਚ ਆ ਗਿਆ ਸੀ। ਡੀਟੀਐੱਚ ਫ੍ਰੀ ਸੇਵਾ ਸੀ ਜਿਸ ਨੇ ਮਨੋਰੰਜਨ ਦੇ ਨਾਲ ਨਾਲ ਖ਼ਬਰਾਂ, ਖੇਡਾਂ, ਖੇਤੀਬਾੜੀ ਅਤੇ ਸਿੱਖਿਆ ਨਾਲ ਸਬੰਧਤ ਪ੍ਰੋਗਰਾਮ ਪ੍ਰਸਾਰਿਤ ਕੀਤੇ।
ਇਕੱਵੀਂ ਸਦੀ ਦੇ ਦੂਜੇ ਦਹਾਕੇ ਜਾਂ ਪਿਛਲੇ ਦਸ ਸਾਲਾਂ ਦੀ ਗੱਲ ਕਰੀਏ ਤਾਂ ਇੰਟਰਨੈੱਟ ਦੇ ਵਿਸਤਾਰ ਅਤੇ ਮੋਬਾਈਲ ਫੋਨ ਦੀ ਮੰਗ ਵਿੱਚ ਹੋਏ ਵਾਧੇ ਨੇ ਸਿਨੇਮਾ ਅਤੇ ਟੈਲੀਵਿਜ਼ਨ ਨੂੰ ਪਛਾੜ ਦਿੱਤਾ ਹੈ। ਸਮਾਰਟਫੋਨ ’ਤੇ ਚੱਲ ਰਿਹਾ ਇੰਟਰਨੈੱਟ ਮਨੋਰੰਜਨ ਲਈ ਓਟੀਟੀ ਪਲੈਟਫਾਰਮ ਦਾ ਦਰਵਾਜ਼ਾ ਖੋਲ੍ਹਦਾ ਹੈ। ਓਟੀਟੀ ਪਲੈਟਫਾਰਮ ਦਾ ਪੂਰਾ ਨਾਮ ‘ਓਵਰ ਦਿ ਟਾਪ’ ਹੈ ਜੋ ਇੰਟਰਨੈੱਟ ਦੀ ਮੌਜੂਦਗੀ ਵਿੱਚ ਗਾਹਕ ਨੂੰ ਮਨੋਰੰਜਨ ਦੀ ਸੇਵਾ ਮੁਹੱਈਆ ਕਰਵਾਉਂਦਾ ਹੈ। ਅਜੋਕਾ ਸਮਾਂ ਓਟੀਟੀ ਦਾ ਸਮਾਂ ਹੈ ਜਿਸ ’ਤੇ ਫਿਲਮਾਂ ਅਤੇ ਵੈੱਬ ਸੀਰੀਜ਼ ਵਰਗੇ ਮਨੋਰੰਜਨ ਦੇ ਪ੍ਰੋਗਰਾਮ ਉਪਲੱਬਧ ਹਨ। ਵੱਖ ਵੱਖ ਓਟੀਟੀ ਪਲੈਟਫਾਰਮ ਦੀਆਂ ਆਪਣੀਆਂ ਆਪਣੀਆਂ ਨੀਤੀਆਂ ਹਨ। ਗਾਹਕ ਨੂੰ ਇਸ ਨਾਲ ਜੁੜਨ ਲਈ ਸਬਸਕ੍ਰਿਪਸ਼ਨ ਭਾਵ ਕੁਝ ਪੈਸੇ ਦੇਣੇ ਹੁੰਦੇ ਹਨ।
ਅਜੋਕੇ ਸਮੇਂ ਵਿੱਚ ਬਣ ਰਹੇ ਬਹੁਤੇ ਪ੍ਰੋਗਰਾਮ ਓਟੀਟੀ ਦੀ ਮੰਗ ਦੇ ਆਧਾਰ ’ਤੇ ਬਣਾਏ ਜਾ ਰਹੇ ਹਨ। ਸਿਨੇਮਾ ਵਿੱਚ ਰਿਲੀਜ਼ ਹੋਈ ਫਿਲਮ ਲਗਭਗ ਛੇ ਸੱਤ ਹਫ਼ਤਿਆਂ ਦੇ ਅੰਦਰ ਅੰਦਰ ਕਿਸੇ ਨਾ ਕਿਸੇ ਓਟੀਟੀ ਪਲੈਟਫਾਰਮ ’ਤੇ ਰਿਲੀਜ਼ ਹੋ ਜਾਂਦੀ ਹੈ। ਇਸ ਨੂੰ ਰਿਲੀਜ਼ ਕਰਨ ਲਈ ਸਬੰਧਤ ਓਟੀਟੀ ਪਲੈਟਫਾਰਮ ਨੂੰ ਕਾਪੀਰਾਈਟ ਦਿੱਤਾ ਜਾਂਦਾ ਹੈ ਭਾਵ ਉਸ ਦੀ ਇਜਾਜ਼ਤ ਤੋਂ ਬਿਨਾਂ ਹੋਰ ਕੋਈ ਵੀ ਦੂਸਰਾ ਓਟੀਟੀ ਪਲੈਟਫਾਰਮ ਫਿਲਮ ਨੂੰ ਰਿਲੀਜ਼ ਨਹੀਂ ਕਰ ਸਕਦਾ। ਵੈੱਬ ਸੀਰੀਜ਼, ਸੀਰੀਅਲ ਅਤੇ ਕੁਝ ਫਿਲਮਾਂ ਤਾਂ ਸਿਨੇਮਾ ਦੀ ਬਜਾਏ ਸਿੱਧਾ ਓਟੀਟੀ ’ਤੇ ਹੀ ਰਿਲੀਜ਼ ਕੀਤੀਆਂ ਜਾਂਦੀਆਂ ਹਨ। ਇਹ ਪਲੈਟਫਾਰਮ ਮਨੋਰੰਜਨ ਦੇ ਨਾਲ ਨਾਲ ਕਮਾਈ ਦਾ ਵੀ ਇੱਕ ਵੱਡਾ ਸਾਧਨ ਬਣ ਕੇ ਉੱਭਰਿਆ ਹੈ।
ਅਜੋਕੇ ਸਮੇਂ ਵਿੱਚ ਓਟੀਟੀ ਪਲੈਟਫਾਰਮ ਨੈੱਟਫਲਿਕਸ, ਜੀਓ ਹਾਟਸਟਾਰ, ਐਮਾਜ਼ੋਨ ਪ੍ਰਾਈਮ ਵੀਡਿਓ, ਚੌਪਾਲ, ਕੇਵਲ ਵਨ ਵਰਗੇ ਪਲੈਟਫਾਰਮ ਦੇਖੇ ਜਾ ਰਹੇ ਹਨ। ਸਮੇਂ ਸਮੇਂ ’ਤੇ ਓਟੀਟੀ ਪਲੈਟਫਾਰਮ ਨੂੰ ਅਸ਼ਲੀਲ ਸਮੱਗਰੀ ਦੇ ਪ੍ਰਸਾਰਣ ਨੂੰ ਰੋਕਣ ਲਈ ਹਦਾਇਤਾਂ ਜਾਰੀ ਹੋਈਆਂ ਹਨ, ਪ੍ਰੰਤੂ ਉਨ੍ਹਾਂ ਦਾ ਕੋਈ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲਿਆ। ਇੰਟਰਨੈੱਟ ਦੀ ਸੇਵਾ ਨੇ ਮਨੁੱਖ ਨੂੰ ਸੌਖਾਲਾ ਜ਼ਰੂਰ ਕੀਤਾ ਹੈ, ਪ੍ਰੰਤੂ ਕਈ ਪ੍ਰਕਾਰ ਦੀਆਂ ਚੁਣੌਤੀਆਂ ਵੀ ਪੈਦਾ ਕੀਤੀਆਂ ਹਨ। ਓਟੀਟੀ ਪਲੈਟਫਾਰਮ ’ਤੇ ਚੱਲ ਰਹੇ ਪ੍ਰੋਗਰਾਮਾਂ ਦੀ ਕੁਆਲਿਟੀ ’ਤੇ ਧਿਆਨ ਦੇਣਾ ਅਤੇ ਸੈਂਸਰ ਬੋਰਡ ਤੋਂ ਮਨਜ਼ੂਰੀ ਲੈਣੀ ਬਹੁਤ ਜ਼ਰੂਰੀ ਹੈ। ਸੈਂਸਰ ਬੋਰਡ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਕਿਸੇ ਵੀ ਪ੍ਰੋਗਰਾਮ ਨੂੰ ਚਲਾਉਣ ਤੋਂ ਪਹਿਲਾਂ ਉਸ ਵਿੱਚ ਦਿਖਾਈ ਜਾਣ ਵਾਲੀ ਸਮੱਗਰੀ ਅਤੇ ਉਸ ਦੇ ਨਤੀਜਿਆਂ ਬਾਰੇ ਜ਼ਰੂਰ ਸੋਚੇ। ਨੌਜਵਾਨ ਅਤੇ ਛੋਟੇ ਬੱਚਿਆਂ ਦੇ ਹੱਥਾਂ ਵਿੱਚ ਪਹੁੰਚੀ ਅਸ਼ਲੀਲ ਅਤੇ ਸਮਾਜ ਵਿਰੋਧੀ ਸਮੱਗਰੀ ਨੈਤਿਕਤਾ, ਸ਼ਾਂਤੀ ਅਤੇ ਖੁਸ਼ਹਾਲੀ ਨੂੰ ਖੋਰਾ ਲਾ ਸਕਦੀ ਹੈ।
ਬਦਲਾਅ ਕੁਦਰਤ ਦਾ ਨਿਯਮ ਹੈ। ਸਾਨੂੰ ਵੀ ਸਮੇਂ ਦੇ ਹਿਸਾਬ ਨਾਲ ਬਦਲਣਾ ਪਵੇਗਾ, ਪ੍ਰੰਤੂ ਇਹ ਬਦਲਾਅ ਅਸੀਂ ਆਪਣੀ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾ ਕੇ ਨਹੀਂ ਲਿਆ ਸਕਦੇ। ਮਨੋਰੰਜਨ ਲਈ ਬਣੇ ਸਾਧਨ ਸਮਾਜ ਵਿਰੋਧੀ ਨਹੀਂ ਹੋਣੇ ਚਾਹੀਦੇ। ਓਟੀਟੀ ਪਲੈਟਫਾਰਮ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਅਜਿਹੇ ਪ੍ਰੋਗਰਾਮ ਦਿਖਾਉਣ ਤੋਂ ਗੁਰੇਜ਼ ਕਰੇ ਜੋ ਨੌਜਵਾਨ ਪੀੜ੍ਹੀ ਨੂੰ ਕੁਰਾਹੇ ਪਾਉਣ ਦੇ ਰਾਹ ਵੱਲ ਧੱਕਦੇ ਹਨ।
![]()
