
2019 ਦੀ ਸੁਪਰਹਿੱਟ ਪੰਜਾਬੀ ਫਿਲਮ ‘ਚੱਲ ਮੇਰਾ ਪੁੱਤ’ ਵਿੱਚ ਤਬਰੇਜ਼ ਦਾ ਕਿਰਦਾਰ ਨਿਭਾ ਕੇ ਪੂਰੀ ਦੁਨੀਆ ’ਚ ਖ਼ਾਸ ਮੁਕਾਮ ਬਣਾਉਣ ਵਾਲੇ ਲਹਿੰਦੇ ਪੰਜਾਬ ਦੇ ਥੀਏਟਰ, ਟੀਵੀ ਤੇ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਨਾਸਿਰ ਚਨਿਓਟੀ ਦਾ ਨਾਂ ਪਾਕਿਸਤਾਨ ਦੇ ਚੋਟੀ ਦੇ ਕਾਮੇਡੀ ਅਦਾਕਾਰਾਂ ’ਚ ਆਉਂਦਾ ਹੈ। ‘ਅੰਨ੍ਹੀ ਦਿਆ ਮਜ਼ਾਕ ਹੈ’ ਦੇ ਤਕੀਆ ਕਲਾਮ ਨੂੰ ਮਸ਼ਹੂਰ ਕਰਨ ਵਾਲੇ ਨਾਸਿਰ ਨੇ ਹੁਣ ਤੱਕ ਥੀਏਟਰ ਦੇ ਬੇਸ਼ੁਮਾਰ ਸਟੇਜ ਸ਼ੋਅ ਕਰ ਕੇ ਆਪਣੀ ਬਿਹਤਰੀਨ ਅਦਾਕਾਰੀ ਨਾਲ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਹੈ। ਬੇਹੱਦ ਨਿਮਰ, ਸਾਦਾ, ਖ਼ੁਸ਼ਮਿਜ਼ਾਜ, ਸਾਰਿਆਂ ਨਾਲ ਪਿਆਰ ਕਰਨ ਵਾਲੇ ਨਾਸਿਰ ਨੇ ਜ਼ਿੰਦਗੀ ਵਿੱਚ ਸਫਲਤਾ ਹਾਸਿਲ ਕਰਨ ਲਈ ਸਖ਼ਤ ਮਿਹਨਤ ਕੀਤੀ।
ਥੀਏਟਰ ਦੀ ਦੁਨੀਆ ’ਚ ਮਕਬੂਲੀਅਤ
ਉਸ ਦਾ ਜਨਮ 25 ਨਵੰਬਰ 1970 ਨੂੰ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਮਸ਼ਹੂਰ ਸ਼ਹਿਰ ਚਨਿਓਟ ਵਿਖੇ ਹੋਇਆ। ਸਧਾਰਨ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਨਾਸਿਰ ਦੇ ਪਿਤਾ ਦਾ ਨਾਂ ਅੱਲ੍ਹਾ ਰੱਖਾ ਤੇ ਮਾਤਾ ਦਾ ਨਾਂ ਹੁਸਨ ਬਾਨੋ ਹੈ। ਖ਼ੂਬਸੂਰਤ ਸ਼ਹਿਰ ਚਨਿਓਟ ਵਿੱਚ ਬਚਪਨ ਗੁਜ਼ਾਰਨ ਵਾਲੇ ਨਾਸਿਰ ਨੇ ਆਪਣੀ ਜ਼ਿੰਦਗੀ ਦੇ ਸਫ਼ਰ ਦੀ ਸ਼ੁਰੂਆਤ ’ਚ ਹੀ ਆਪਣੇ ਪਿਆਰੇ ਸ਼ਹਿਰ ਚਨਿਓਟ ਦੇ ਨਾਂ ਨੂੰ ਆਪਣੇ ਨਾਂ ਦਾ ਹਿੱਸਾ ਬਣਾ ਲਿਆ ਸੀ। ਉਹ ਪਰਿਵਾਰ ਦੇ ਗੁਜ਼ਾਰੇ ਵਾਸਤੇ ਫਰਨੀਚਰ ਬਣਾਉਣ ਦਾ ਕੰਮ ਕਰਦਾ ਰਿਹਾ। ਮਿਹਨਤ ਮਜ਼ਦੂਰੀ ਕਰਨ ਦੇ ਨਾਲ-ਨਾਲ ਅਦਾਕਾਰੀ ਦੇ ਸ਼ੌਕ ਨੂੰ ਪੂਰਾ ਕਰਨ ਲਈ ਉਹ ਮੁਲਤਾਨ ਥੀਏਟਰ ਨਾਲ ਜੁੜ ਗਿਆ ਤੇ ਕੁਝ ਅਰਸਾ ਮੁਲਤਾਨ ਥੀਏਟਰ ਵਿੱਚ ਮਜਾਹੀਆ ਸਟੇਜ ਡਰਾਮੇ ਕਰਦਾ ਰਿਹਾ। ਡਰਾਮਿਆਂ ਵਿੱਚ ਵਧੀਆ ਅਦਾਕਾਰੀ ਕਰਨ ਕਰਕੇ ਛੇਤੀ ਹੀ ਉਸ ਦੀ ਥੀਏਟਰ ਦੀ ਦੁਨੀਆਂ ਵਿੱਚ ਮਕਬੂਲੀਅਤ ਵੱਧਣ ਲੱਗੀ।
ਅਦਾਕਾਰੀ ਦੀ ਸ਼ੁਰੂਆਤ
ਮੁਲਤਾਨ ਥੀਏਟਰ ਕਰਦਿਆਂ ਨਾਸਿਰ ਦੀ ਥੀਏਟਰ ਦੀ ਦੁਨੀਆ ’ਚ ਖ਼ਾਸ ਪਛਾਣ ਬਣ ਗਈ। ਹੁਣ ਨਾਸਿਰ ਦਾ ਅਗਲਾ ਪੜਾਅ ਲਾਹੌਰ ਥੀਏਟਰ ਸੀ, ਜਿੱਥੇ ਕੰਮ ਕਰਨ ਦੀ ਹਰ ਅਦਾਕਾਰ ਦੀ ਦਿਲੀ ਖ਼ਾਹਿਸ਼ ਹੁੰਦੀ ਹੈ। ਥੀਏਟਰ ਦੀ ਦੁਨੀਆਂ ’ਚ ਨਵੀਆਂ ਮੰਜ਼ਿਲਾਂ ਨੂੰ ਸਰ ਕਰਨ ਲਈ ਉਹ ਲਾਹੌਰ ਸ਼ਿਫਟ ਹੋ ਗਿਆ। ਉੱਥੇ ਜਾ ਕੇ ਖ਼ੁਦ ਨੂੰ ਸਥਾਪਿਤ ਕਰਨ ਲਈ ਉਸ ਨੇ ਸਖ਼ਤ ਸੰਘਰਸ਼ ਕੀਤਾ। ਪਰਿਵਾਰ ਦੇ ਗੁਜ਼ਾਰੇ ਲਈ ਇੱਥੇ ਵੀ ਨਾਸਿਰ ਥੀਏਟਰ ਦੇ ਨਾਲ-ਨਾਲ ਮਿਹਨਤ ਮਜ਼ਦੂਰੀ ਕਰਦਾ ਰਿਹਾ ਕਿਉਂਕਿ ਥੀਏਟਰ ਤੋਂ ਉਸ ਨੂੰ ਇੰਨੀ ਕਮਾਈ ਨਹੀ ਹੁੰਦੀ ਸੀ ਕਿ ਘਰ ਦਾ ਗੁਜ਼ਾਰਾ ਸੌਖਿਆਂ ਚੱਲ ਸਕੇ।
ਚੋਟੀ ਦੇ ਕਾਮੇਡੀ ਅਦਾਕਾਰਾਂ ਵਿੱਚ ਗਿਣਤੀ
ਉਸ ਨੂੰ ਥੀਏਟਰ ਜਗਤ ਦੀਆਂ ਮਹਾਨ ਹਸਤੀਆਂ ਤੇ ਕਾਮੇਡੀ ਦੇ ਵੱਡੇ ਨਾਂ ਅਮਾਨ ਉੱਲਾ ਖਾਂ, ਸੋਹੇਲ ਅਹਿਮਦ, ਬੱਬੂ ਬਰਾਲ, ਇਫ਼ਤਿਖ਼ਾਰ ਠਾਕੁਰ, ਮਸਤਾਨਾ, ਅਲਬੇਲਾ ਅਤੇ ਉਮਰ ਸ਼ਰੀਫ਼ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਉਹ ਮਹਾਨ ਕਮੇਡੀਅਨ ਮਰਹੂਮ ਜਨਾਬ ਅਮਾਨ ਉੱਲਾ ਖ਼ਾਂ ਨੂੰ ਆਪਣਾ ਉਸਤਾਦ ਮੰਨਦਾ ਹੈ, ਜਿਸ ਤੋਂ ਅਦਾਕਾਰੀ ਦੀਆਂ ਬਾਰੀਕੀਆਂ ਸਿੱਖੀਆਂ। ਤਕਰੀਬਨ 17 ਵਰ੍ਹੇ ਦੇ ਲੰਬੇ ਸੰਘਰਸ਼ ਤੋਂ ਬਾਅਦ ਉਸ ਦੀ ਗਿਣਤੀ ਪੰਜਾਬੀ ਥੀਏਟਰ ਦੇ ਚੋਟੀ ਦੇ ਕਾਮੇਡੀ ਅਦਾਕਾਰਾਂ ਵਿੱਚ ਹੋਣ ਲੱਗੀ। ਸਟੇਜ ’ਤੇ ਨਾਸਿਰ ਨੇ ਆਪਣੀ ਕਾਮੇਡੀ ਟਾਈਮਿੰਗ, ਜ਼ਬਰਦਸਤ ਹਾਜ਼ਰ ਜਵਾਬੀ, ਜੁਗਤਾਂ ਲਾਉਣ ਦੀ ਕਲਾ ਅਤੇ ਸਮਾਜ ਵਿੱਚ ਵਿਚਰਦੇ ਆਮ ਲੋਕਾਂ ਵਿਚਲੇ ਕਿਰਦਾਰਾਂ ਨੂੰ ਖ਼ਾਸ ਅੰਦਾਜ਼ ’ਚ ਪੇਸ਼ ਕਰਨ ਦੇ ਹੁਨਰ ਨਾਲ ਥੀਏਟਰ ਦੇ ਚਾਹੁਣ ਵਾਲਿਆਂ ਨੂੰ ਬਿਹਤਰੀਨ ਕਾਮੇਡੀਅਨ ਹੋਣ ਦਾ ਅਹਿਸਾਸ ਕਰਵਾਇਆ।
ਪਾਕਿਸਤਾਨੀ ਫ਼ਿਲਮਾਂ ’ਚ ਦਿਖਾਈ ਕਲਾ
ਥੀਏਟਰ ਵਿੱਚ ਮਕਬੂਲੀਅਤ ਦੀਆਂ ਬੁਲੰਦੀਆਂ ਨੂੰ ਛੂਹਣ ਤੋਂ ਬਾਅਦ ਉਸ ਨੂੰ ਪਾਕਿਸਤਾਨ ਦੇ ਮਸ਼ਹੂਰ ਟੀਵੀ ਐਂਕਰ ਤੇ ਪੱਤਰਕਾਰ ਆਫ਼ਤਾਬ ਇਕਬਾਲ ਨੇ ਐਕਸਪ੍ਰੈੱਸ ਨਿਊਜ਼ ਚੈਨਲ ’ਤੇ ਆਪਣੇ ਸ਼ੋਅ ‘ਖ਼ਬਰਦਾਰ’ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਨਾਸਿਰ ਨੇ ਆਫ਼ਤਾਬ ਨੂੰ ਕਿਹਾ ਕਿ ਉਹ ਥੀਏਟਰ ਨਹੀਂ ਛੱਡ ਸਕਦਾ ਕਿਉਂਕਿ ਟੀਵੀ ’ਤੇ ਕੰਮ ਕਰਨ ਲਈ ਉਸ ਨੂੰ ਬਹੁਤ ਸਮੇਂ ਦੀ ਲੋੜ ਪਵੇਗੀ, ਜਿਸ ਬਦਲੇ ਉਹ ਥੀਏਟਰ ਕਰਨ ਲਈ ਸਮਾਂ ਨਹੀ ਕੱਢ ਸਕੇਗਾ, ਜੋ ਉਸ ਨੂੰ ਮਨਜ਼ੂਰ ਨਹੀ। ਆਫ਼ਤਾਬ ਨੇ ਉਸ ਨੂੰ ਭਰੋਸਾ ਦਿੱਤਾ ਕਿ ਟੀਵੀ ਦੇ ਕੰਮ ਕਰਕੇ ਉਸ ਦਾ ਥੀਏਟਰ ਪ੍ਰਭਾਵਿਤ ਨਹੀਂ ਹੋਵੇਗਾ। ਇਸ ਤਰ੍ਹਾਂ ਨਾਸਿਰ ਨੇ ਟੀਵੀ ’ਤੇ ਆਪਣੇ ਕਰੀਅਰ ਦਾ ਆਗਾਜ਼ ਕੀਤਾ। ਸ਼ੋਅ ‘ਖ਼ਬਰਦਾਰ’ ਲੋਕਾਂ ’ਚ ਕਾਫ਼ੀ ਹਰਮਨ ਪਿਆਰਾ ਹੋਇਆ। ਇਸ ਵਿੱਚ ਨਾਸਿਰ ਦੇ ਨਾਲ ਉਸ ਦੇ ਥੀਏਟਰ ਕਲਾਕਾਰਾਂ ਨੇ ਵੀ ਕੰਮ ਕੀਤਾ। ਇਸ ਸ਼ੋਅ ਤੋਂ ਬਾਅਦ ਨਾਸਿਰ ਨੇ ਆਫ਼ਤਾਬ ਦੇ ਨਿੱਜੀ ਚੈਨਲ ’ਤੇ ਮਜਾਹੀਆ ਸ਼ੋਅ ਖ਼ਬਰਜ਼ਾਰ ਵਿੱਚ ਵੀ ਕੰਮ ਕੀਤਾ। ਇਸ ਤੋਂ ਉਸ ਨੇ ਕੁਝ ਪਾਕਿਸਤਾਨੀ ਫ਼ਿਲਮਾਂ ਵਿੱਚ ਵੀ ਆਪਣੀ ਕਲਾ ਦਿਖਾਈ, ਜਿਨ੍ਹਾਂ ਵਿੱਚ ਵਨ ਟੂ ਕਾ ਫੋਰ, ਗੁਲਾਬੋ, ਨੋ ਟੈਨਸ਼ਨ ਤੇ 2023 ਵਿੱਚ ਰਿਲੀਜ਼ ਹੋਈ ਫ਼ਿਲਮ ਸੁਪਰ ਪੰਜਾਬੀ ਪ੍ਰਮੁੱਖ ਹਨ।
ਪਾਲੀਵੁੱਡ ਫ਼ਿਲਮਾਂ ’ਚ ਐਂਟਰੀ
ਸਾਲ 2019 ਵਿੱਚ ਰਿਦਮ ਬੁਆਇਜ਼ ਐਨਟਰਟੇਨਮੈਂਟ ਫ਼ਿਲਮ ਕੰਪਨੀ ਵੱਲੋਂ ਬਣਾਈ ਫ਼ਿਲਮ ‘ਚੱਲ ਮੇਰਾ ਪੁੱਤ’ ਦੀ ਖ਼ਾਸੀਅਤ ਇਹ ਸੀ ਕਿ ਇਸ ਫਿਲਮ ਵਿੱਚ ਪਹਿਲੀ ਵਾਰ ਲਹਿੰਦੇ ਪੰਜਾਬ ਦੇ ਬਹੁਤ ਵੱਡੇ ਫ਼ਨਕਾਰ ਇਫ਼ਤਿਖ਼ਾਰ ਠਾਕੁਰ, ਅਕਰਮ ਉਦਾਸ, ਨਾਸਿਰ ਚਨਿਓਟੀ, ਆਗਾ ਮਾਜਿਦ ਅਤੇ ਚੜ੍ਹਦੇ ਪੰਜਾਬ ਦੇ ਅਦਾਕਾਰ ਅਮਰਿੰਦਰ ਗਿੱਲ, ਸਿੰਮੀ ਚਾਹਲ, ਹਰਦੀਪ ਗਿੱਲ ਅਤੇ ਗੁਰਸ਼ਬਦ ਨੇ ਇਕੱਠਿਆਂ ਕੰਮ ਕੀਤਾ ਸੀ। ਨਾਸਿਰ ਨੇ ਇਸ ਫ਼ਿਲਮ ਵਿੱਚ ਤਬਰੇਜ਼ ਦਾ ਕਿਰਦਾਰ ਅਦਾ ਕੀਤਾ, ਜੋ ਪਾਕਿਸਤਾਨੋਂ ਯੂ ਕੇ ਰੁਜ਼ਗਾਰ ਦੀ ਭਾਲ ’ਚ ਆਪਣੇ ਦੋਸਤ ਬੂਟੇ ਅਦਾਕਾਰ ਅਕਰਮ ਉਦਾਸ ਨਾਲ ਆਇਆ ਹੁੰਦਾ। ਨਾਸਿਰ ਦੇ ਫ਼ਿਲਮ ਵਿਚਲੇ ਕਿਰਦਾਰ ਨੂੰ ਦਰਸ਼ਕਾਂ ਦਾ ਭਰਵਾਂ ਪਿਆਰ ਮਿਲਿਆ ਤੇ ਫ਼ਿਲਮ ਤੋਂ ਬਾਅਦ ਨਾਸਿਰ ਦੇ ਪ੍ਰਸ਼ੰਸਕਾਂ ਦੀ ਗਿਣਤੀ ’ਚ ਵੀ ਚੋਖਾ ਵਾਧਾ ਹੋਇਆ। ਇਸ ਫ਼ਿਲਮ ਨੂੰ ਬੈਸਟ ਫ਼ਿਲਮ ਅਤੇ ਬੈਸਟ ਫ਼ਿਲਮ ਡੈਬਿਊ ਨਿਰਦੇਸ਼ਕ ਦਾ ਐਵਾਰਡ ਵੀ ਹਾਸਿਲ ਕੀਤਾ।
ਇਸ ਤਰ੍ਹਾਂ ਉਸ ਦੀ ਪਾਲੀਵੁੱਡ ਫ਼ਿਲਮਾਂ ਵਿੱਚ ਸ਼ਾਨਦਾਰ ਐਂਟਰੀ ਹੋਈ। ਇਸ ਫਿਲਮ ਦੀ ਕਾਮਯਾਬੀ ਤੋਂ ਬਾਅਦ ਇਸੇ ਫਿਲਮ ਦਾ ਅਗਲਾ ਭਾਗ ‘ਚੱਲ ਮੇਰਾ ਪੁੱਤ-2’ ਆਇਆ, ਜਿਸ ਵਿੱਚ ਪਾਕਿਸਤਾਨ ਦੇ ਕੁਝ ਹੋਰ ਮਜਾਹੀਆ ਅਦਾਕਾਰ ਜ਼ਫਰੀ ਖ਼ਾਨ, ਅਮਾਨਤ ਚੰਨ ਤੇ ਰੂਬੀ ਅਨਮ ਨੂੰ ਵੀ ਸ਼ਾਮਿਲ ਕੀਤਾ ਗਿਆ। ਇਸ ਤੋਂ ਬਾਅਦ ਉਸ ਨੇ ‘ਚੱਲ ਮੇਰਾ ਪੁੱਤ’ ਦਾ ਤੀਸਰਾ ਭਾਗ ’ਚ ਵੀ ਵਧੀਆ ਅਦਾਕਾਰੀ ਕੀਤੀ। ਇਸ ਤੋਂ ਬਾਅਦ ਉਸ ਨੇ ਆਜਾ ਮੈਕਸੀਕੋ ਚੱਲੀਏ, ਹਨੀਮੂਨ, ਅੰਨ੍ਹੀ ਦਿਆ ਮਜ਼ਾਕ ਏ, ਮੌਜਾਂ ਹੀ ਮੌਜਾਂ, ‘ਕੈਰੀ ਆਨ ਜੱਟਾ-3’, ’ਜੱਟ ਐਂਡ ਜੂਲੀਅਟ’ ਆਦਿ ਫ਼ਿਲਮਾਂ ’ਚ ਵੀ ਖ਼ੂਬਸੂਰਤ ਅਦਾਕਾਰੀ ਕੀਤੀ। ਜਲਦੀ ਹੀ ਉਹ ਨਵੀਆਂ ਪੰਜਾਬੀ ਫ਼ਿਲਮਾਂ ’ਚ ਵੱਖ-ਵੱਖ ਕਿਰਦਾਰਾਂ ਵਿੱਚ ਨਜ਼ਰ ਆਵੇਗਾ।
- ਅੰਗਰੇਜ਼ ਸਿੰਘ ਵਿਰਦੀ