ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਲਖਵਿੰਦਰ ਸਿੰਘ ਅਮਰੀਕਾ ਤੋਂ ਡਿਪੋਰਟ ਹੋ ਕੇ ਭਾਰਤ ਪਹੁੰਚਿਆ

In ਮੁੱਖ ਖ਼ਬਰਾਂ
October 28, 2025

ਚੰਡੀਗੜ੍ਹ/ਏ.ਟੀ.ਨਿਊਜ਼: ਬੀਤੇ ਦਿਨੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹੱਥਕੜੀਆਂ ਲੱਗੀਆਂ ਹੋਈਆਂ ਕਰੀਬ 50 ਨੌਜਵਾਨਾਂ ਵਿੱਚੋਂ ਇੱਕ ਲਖਵਿੰਦਰ ਸਿੰਘ ਉਰਫ਼ ਲੱਖਾ ਹਰਿਆਣਾ ਦਾ ਸਭ ਤੋਂ ਵੱਡਾ ਲੋੜੀਂਦਾ ਗੈਂਗਸਟਰ ਗ੍ਰਿਫ਼ਤਾਰ ਹੋਇਆ। ਇਹ ਨੌਜਵਾਨ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਸੀ ਅਤੇ ਉਸ ਨੂੰ ਏਅਰਪੋਰਟ ਤੋਂ ਹੀ ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਨੇ ਗ੍ਰਿਫ਼ਤਾਰ ਕਰ ਲਿਆ। ਉਹ ਲਾਰੈੰਸ ਬਿਸ਼ਨੋਈ ਗਿਰੋਹ ਨਾਲ ਡੂੰਘਾ ਜੁੜਿਆ ਹੋਇਆ ਹੈ ਅਤੇ ਉਸ ਦੇ ਭਰਾ ਅਨਮੋਲ ਬਿਸ਼ਨੋਈ ਦੇ ਸਿੱਧੇ ਹੁਕਮਾਂ ’ਤੇ ਕੰਮ ਕਰਦਾ ਰਿਹਾ ਸੀ। ਲਖਵਿੰਦਰ ਸਿੰਘ ਉਰਫ਼ ਲੱਖਾ 30 ਸਾਲਾਂ ਦਾ ਨੌਜਵਾਨ ਹੈ, ਜੋ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਤਿਤਰਮ ਪਿੰਡ ਦਾ ਵਸਨੀਕ ਹੈ। 2022 ਵਿੱਚ ਉਹ ਗੈਰਕਾਨੂੰਨੀ ਰਸਤਿਆਂ ਰਾਹੀਂ ਅਮਰੀਕਾ ਭੱਜ ਗਿਆ ਸੀ। ਅਮਰੀਕਾ ਵਿੱਚ ਰਹਿੰਦਿਆਂ ਵੀ ਉਹ ਅਨਮੋਲ ਬਿਸ਼ਨੋਈ ਦੇ ਹੁਕਮਾਂ ਤੇ ਹਰਿਆਣਾ ਅਤੇ ਪੰਜਾਬ ਵਿੱਚ ਰੰਗਦਾਰੀ ਮੰਗਣ ਅਤੇ ਗੋਲੀਆਂ ਚਲਾਉਣ ਵਰਗੇ ਅਪਰਾਧਾਂ ਵਿੱਚ ਸ਼ਾਮਲ ਰਿਹਾ ਸੀ। ਹਰਿਆਣਾ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਲੱਖਾ 2022 ਤੋਂ ਅਮਰੀਕਾ ਤੋਂ ਹੀ ਇਹਨਾਂ ਅਪਰਾਧਾਂ ਨੂੰ ਚਲਾ ਰਿਹਾ ਸੀ ਅਤੇ ਇੱਕ ਡਜ਼ਨ ਤੋਂ ਵੱਧ ਮਾਮਲਿਆਂ ਵਿੱਚ ਸਰਗਰਮ ਸੀ।
ਅਮਰੀਕਾ ਵਿੱਚ ਕਿਵੇਂ ਫੜਿਆ ਗਿਆ ਅਤੇ ਡਿਪੋਰਟ ਕਿਉਂ ਹੋਇਆ?
ਲੱਖੇ ਖਿਲਾਫ਼ 2023 ਵਿੱਚ ਲੁੱਕ ਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ ਅਤੇ 2024 ਵਿੱਚ ਇੰਟਰਪੋਲ ਰਾਹੀਂ ਰੈੱਡ ਕਾਰਨਰ ਨੋਟਿਸ ਵੀ ਜਾਰੀ ਹੋਇਆ। ਇਸੇ ਸਾਲ ਦੀ ਸ਼ੁਰੂਆਤ ਵਿੱਚ ਹਰਿਆਣਾ ਐਸ.ਟੀ.ਐਫ. ਨੇ ਇਸ ਨੋਟਿਸ ਨੂੰ ਅਮਰੀਕੀ ਅਧਿਕਾਰੀਆਂ ਤੱਕ ਪਹੁੰਚਾਇਆ। ਨਤੀਜੇ ਵਜੋਂ 25 ਅਕਤੂਬਰ 2025 ਨੂੰ ਅਮਰੀਕੀ ਖੁਫ਼ੀਆ ਏਜੰਸੀ ਐਫ.ਬੀ.ਆਈ. ਨੇ ਲੱਖੇ ਨੂੰ ਅਮਰੀਕਾ ਵਿੱਚ ਗ੍ਰਿਫ਼ਤਾਰ ਕਰ ਲਿਆ। ਐਸ.ਟੀ.ਐਫ. ਦੇ ਐਸ.ਪੀ. ਵਿਕਰਾਂਤ ਭੂਸ਼ਣ ਨੇ ਵੀਡੀਓ ਵਿੱਚ ਦੱਸਿਆ ਕਿ ਇਹ ਗ੍ਰਿਫ਼ਤਾਰੀ ਹਰਿਆਣਾ ਐਸ.ਟੀ.ਐਫ., ਐਫ.ਬੀ.ਆਈ. ਅਤੇ ਹੋਰ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਸੰਭਵ ਹੋਈ।
ਭਾਰਤ ਵਿੱਚ ਕੀ ਅਪਰਾਧ ਕੀਤੇ?
ਲੱਖੇ ਖਿਲਾਫ਼ ਹਰਿਆਣਾ ਅਤੇ ਪੰਜਾਬ ਦੇ ਪੰਜ ਜ਼ਿਲ੍ਹਿਆਂ – ਸੋਨੀਪਤ, ਰੋਹਤਕ, ਯਮੁਨਾਨਗਰ, ਕੈਥਲ ਅਤੇ ਅੰਬਾਲਾ – ਵਿੱਚ 13 ਤੋਂ ਵੱਧ ਐਫ.ਆਈ.ਆਰ. ਦਰਜ ਹਨ। ਇਹਨਾਂ ਵਿੱਚ ਹੱਤਿਆ ਦੀ ਕੋਸ਼ਿਸ਼, ਰੰਗਦਾਰੀ ਮੰਗਣਾ, ਗੈਰਕਾਨੂੰਨੀ ਹਥਿਆਰ ਰੱਖਣਾ, ਗੋਲੀਆਂ ਚਲਾਉਣਾ ਅਤੇ ਧਮਕੀਆਂ ਦੇਣ ਵਰਗੇ ਗੰਭੀਰ ਅਪਰਾਧ ਸ਼ਾਮਲ ਹਨ। ਉਹ ਬਿਸ਼ਨੋਈ ਗਿਰੋਹ ਦੇ ਹਾਈ-ਪ੍ਰੋਫਾਈਲ ਨੈੱਟਵਰਕ ਨਾਲ ਜੁੜਿਆ ਹੋਇਆ ਸੀ ਅਤੇ ਪੰਜਾਬ-ਹਰਿਆਣਾ ਵਿੱਚ ਕਈ ਵਪਾਰੀਆਂ ਤੋਂ ਰੰਗਦਾਰੀ ਵਸੂਲਣ ਵਿੱਚ ਸ਼ਾਮਲ ਸੀ। ਇਹ ਅਪਰਾਧ 2022 ਤੋਂ ਪਹਿਲਾਂ ਵਾਪਰੇ ਸਨ, ਜਦੋਂ ਉਹ ਭਾਰਤ ਵਿੱਚ ਸੀ। ਅਮਰੀਕਾ ਜਾ ਕੇ ਵੀ ਉਹ ਫੋਨ ਅਤੇ ਆਨਲਾਈਨ ਰਾਹੀਂ ਇਹਨਾਂ ਗਤੀਵਿਧੀਆਂ ਨੂੰ ਕੰਟਰੋਲ ਕਰਦਾ ਰਿਹਾ।
ਹਰਿਆਣਾ ਪੁਲਿਸ ਨੇ ਇਸ ਨੂੰ ਸੰਗਠਿਤ ਅਪਰਾਧ ਖਿਲਾਫ਼ ਵੱਡੀ ਜਿੱਤ ਦੱਸਿਆ ਹੈ। ਇਹ ਗ੍ਰਿਫ਼ਤਾਰੀ ਬਿਸ਼ਨੋਈ ਗਿਰੋਹ ਲਈ ਵੱਡਾ ਝਟਕਾ ਮੰਨੀ ਜਾ ਰਹੀ ਹੈ, ਜੋ ਪੰਜਾਬ ਅਤੇ ਹਰਿਆਣਾ ਵਿੱਚ ਆਪਣੇ ਨੈੱਟਵਰਕ ਨੂੰ ਫੈਲਾ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਲੱਖੇ ਤੋਂ ਪੁੱਛਗਿੱਛ ਵਿੱਚ ਗਿਰੋਹ ਦੇ ਹੋਰ ਮੈਂਬਰਾਂ ਬਾਰੇ ਵੀ ਜਾਣਕਾਰੀ ਮਿਲੇਗੀ। ਇਸ ਨਾਲ ਪੰਜਾਬ-ਹਰਿਆਣਾ ਵਿੱਚ ਗੈਂਗ ਵਾਰ ਤੇ ਰੰਗਦਾਰੀ ਦੇ ਮਾਮਲਿਆਂ ਵਿੱਚ ਵਾਧੇ ਨੂੰ ਰੋਕਣ ਵਿੱਚ ਮਦਦ ਮਿਲੇਗੀ।

Loading