ਲਾਸ ਏਂਜਲਸ ਵਿਚ ਅਗਲੇ ਹਫਤੇ ਮੁੜ ਤੇਜ ਹਵਾਵਾਂ ਚੱਲਣ ਕਾਰਨ ਅੱਗ ਭੜਕ ਪੈਣ ਦੀ ਚਿਤਾਵਨੀ

In ਅਮਰੀਕਾ
January 18, 2025
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਲਾਸ ਏਂਜਲਸ ਕਾਊਂਟੀ ਵਿਚ ਲੱਗੀ ਭਿਆਨਕ ਅੱਗ ਉਪਰ ਕਾਬੂ ਪਾਉਣ ਵਿੱਚ ਅੱਗ ਬੁਝਾਊ ਅਮਲੇ ਨੂੰ ਵੱਡੀ ਸਫਲਤਾ ਮਿਲੀ ਹੈ ਹਾਲਾਂ ਕਿ ਅੱਗ ਵਿਚ ਹਜਾਰਾਂ ਘਰ ਤੇ ਹੋਰ ਇਮਾਰਤਾਂ ਸੜ ਕੇ ਸਵਾਹ ਹੋ ਗਈਆਂ ਹਨ। ਇਸ ਦਰਮਿਆਨ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਅਗਲੇ ਹਫਤੇ ਤੇਜ ਹਵਾਵਾਂ ਚੱਲਣ ਦਾ ਅਨੁਮਾਨ ਹੈ ਜਿਸ ਕਾਰਨ ਅੱਗ ਮੁੜ ਭੜਕ ਸਕਦੀ ਹੈ। ਲਾਸ ਏਂਜਲਸ ਅੱਗ ਵਿਭਾਗ ਦੀ ਮੁਖੀ ਬੀਬੀ ਕ੍ਰਿਸਟਿਨ ਕਰੋਲੇ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਭਾਰੀ ਮਾਤਰਾ ਵਿਚ ਸੁੱਕਾ ਬਾਲਣ ਤੇ ਘੱਟ ਨਮੀ ਦਰਮਿਆਨ ਅਗਲੇ ਹਫਤੇ ਤੇਜ ਹਵਾਵਾਂ ਵਗਣ ਦੀ ਸੰਭਾਵਨਾ ਨੂੰ ਵੇਖਦਿਆਂ ਹੋਰ ਤਬਾਹੀ ਹੋ ਸਕਦੀ ਹੈ। ਇਸ ਲਈ ਲੋਕਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਘਰਾਂ ਦੁਆਲੇ 200 ਫੁੱਟ ਦੂਰ ਤੱਕ ਝਾੜੀਆਂ ਸਾਫ ਕਰ ਦੇਣ। ਬਿਆਨ ਵਿਚ ਕਿਹਾ ਗਿਆ ਹੈ ਕਿ ਹਵਾ ਕਾਰਨ ਜੰਗਲੀ ਅੱਗ ਵਿਚੋਂ ਉੱਠ ਰਹੇ ਅੰਗਿਆਰੇ ਇਕ ਮੀਲ ਤੱਕ ਮਾਰ ਕਰ ਸਕਦੇ ਹਨ ਤੇ ਅੱਗ ਲੱਗਣ ਦਾ ਕਾਰਨ ਬਣ ਸਕਦੇ ਹਨ। ਲਾਸ ਏਂਜਲਸ ਦੀ ਅੱਗ ਵਿਚ ਹੁਣ ਤੱਕ 25 ਮੌਤਾਂ ਹੋ ਚੁੱਕੀਆਂ ਹਨ ਇਸ ਤੋਂ ਇਲਾਵਾ 12000 ਤੋਂ ਵਧ ਘਰ ਤੇ ਹੋਰ ਇਮਾਰਤਾਂ ਤਬਾਹ ਹੋ ਗਈਆਂ ਹਨ। ਅੱਗ ਵਿਚ ਮਰੇ ਪਾਲਤੂ ਪਸ਼ੂ ਤੇ ਹੋਰ ਜਾਨਵਰਾਂ ਬਾਰੇ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਹੈ।

Loading