ਲਾਹੌਰ ਵਿੱਚ ਗੁਰਦੁਆਰਾ ਦੀਵਾਨਖਾਨਾ ਪੰਜਵੀਂ ਪਾਤਸ਼ਾਹੀ ਮਲੀਆਮੇਟ ਹੋਇਆ

In ਮੁੱਖ ਖ਼ਬਰਾਂ
April 07, 2025
ਲਾਹੌਰ/ਏ.ਟੀ.ਨਿਊਜ਼: ਪਾਕਿਸਤਾਨ ਦੇ ਲਾਹੌਰ ਸ਼ਹਿਰ ਦੀ ਚੂਨਾ ਮੰਡੀ ’ਚ ਮੌਜੂਦ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਅਸਥਾਨ ਦੇ ਬਿਲਕੁਲ ਨਾਲ ਮਾਰਚ 2011 ਤੱਕ ਸੁਭਾਇਮਾਨ ਰਹੀ ਗੁਰਦੁਆਰਾ ਦੀਵਾਨਖਾਨਾ ਦੀ ਮੁਕੱਦਸ ਇਮਾਰਤ ਪਲਾਜ਼ਾ ਬਣਾਉਣ ਹਿਤ ਵੇਚੇ ਜਾਣ ਤੋਂ ਬਾਅਦ ਹੁਣ ਪੂਰੀ ਤਰ੍ਹਾਂ ਢਹਿ ਢੇਰੀ ਹੋ ਚੁੱਕੀ ਹੈ । ਅਦਾਲਤ ਵੱਲੋਂ ਪਲਾਜ਼ਾ ਬਣਾਏ ਜਾਣ ’ਤੇ ਲਗਾਈ ਰੋਕ ਦੇ ਚੱਲਦਿਆਂ ਭਾਵੇਂ ਕਿ ਇਸ ਦੀ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ ਹੈ, ਪਰ ਇਸ ਦੇ ਢਹਿ ਢੇਰੀ ਕੀਤੇ ਢਾਂਚੇ ’ਚ ਆਸ-ਪਾਸ ਦੇ ਘਰਾਂ ਅਤੇ ਦੁਕਾਨਾਂ ਵਾਲੇ ਕੂੜਾ ਅਤੇ ਗੰਦਗੀ ਸੁੱਟ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਨ । ਅਮਰੀਕਾ ਆਧਾਰਿਤ ਜੀਵੇ ਸਾਂਝਾ ਪੰਜਾਬ ਨਾਮੀ ਜਥੇਬੰਦੀ ਦੇ ਡਾ: ਤਰੁਨਜੀਤ ਸਿੰਘ ਬੁਤਾਲੀਆ (ਪ੍ਰੋ. ਓਹਇਓ ਸਟੇਟ ਯੂਨੀਵਰਸਿਟੀ, ਯੂ. ਐੱਸ. ਏ.) ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗੁਰਦੁਆਰਾ ਦੀਵਾਨਖਾਨਾ ਦੇ ਪਾਵਨ ਅਸਥਾਨ ’ਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਵਿਸ਼ਾਲ ਇਮਾਰਤ ਦਾ ਨਿਰਮਾਣ ਕਰਵਾਇਆ ਸੀ । ਇਸ ਅਸਥਾਨ ਦੇ ਨਾਂਅ 4 ਦੁਕਾਨਾਂ ਅਤੇ 18 ਘੁਮਾਊ ਜ਼ਮੀਨ ਪਿੰਡ ਰਾਣਾ ਭੱਟੀ, ਤਹਿਸੀਲ ਸ਼ਾਹਦਰਾ, ਜ਼ਿਲ੍ਹਾ ਸ਼ੇਖ਼ੂਪੁਰਾ ’ਚ ਵੀ ਹੈ। ਇਸ ਅਸਥਾਨ ਦੀ ਕੁਲ ਪੈਮਾਇਸ਼ 102 ਫੁੱਟ ਗੁਣਾ 89 ਫੁੱਟ ਸੀ। ਇਸ ਦਾ ਉਤਰੀ ਭਾਗ ਮੇਨ ਬਾਜ਼ਾਰ ਚੂਨਾ ਮੰਡੀ ਨਾਲ ਲੱਗਦਾ ਹੈ । ਗੁਰਦੁਆਰੇ ਵਿਚ ਪੁਰਾਣਾ ਖੂਹ ਵੀ ਮੌਜੂਦ ਸੀ। ਇਸ ਇਮਾਰਤ ਦੇ ਅੱਧ ਵਿਚਾਲੇ 62 ਫੁੱਟ ਲੰਬਾ ਅਤੇ 30 ਫੁੱਟ ਚੌੜਾ ਥੜ੍ਹਾ ਕਾਇਮ ਸੀ। ਗੁਰਦੁਆਰਾ ਦੀਵਾਨਖਾਨਾ ਦੀ ਇਮਾਰਤ ਅੱਜ ਵੀ ਲਾਹੌਰ ਦੀ ਕਾਰਪੋਰੇਸ਼ਨ ਦੇ ਰਿਕਾਰਡ ਨੰਬਰ ਐੱਨ-2145 ਅਧੀਨ ਦਰਜ ਹੈ । ਇਤਿਹਾਸ ਵਿੱਚ ਦਰਜ ਹੈ ਕਿ ਗੁਰੂ ਅਰਜਨ ਦੇਵ ਜੀ ਆਪਣੇ ਪਿਤਾ ਗੁਰੂ ਰਾਮਦਾਸ ਜੀ ਦੀ ਆਗਿਆ ਨਾਲ ਉਨ੍ਹਾਂ ਦੇ ਭਰਾ ਭਾਈ ਸਹਾਰੀ ਮੱਲ ਦੇ ਪੁੱਤਰ ਦੇ ਵਿਆਹ ਸਮਾਰੋਹ ’ਚ ਲਾਹੌਰ ਪਹੁੰਚਣ ’ਤੇ ਸਭ ਕਾਰਜ ਖ਼ਤਮ ਹੋਣ ਤੋਂ ਬਾਅਦ ਮੌਜੂਦਾ ਗੁਰਦੁਆਰਾ ਦੀਵਾਨਖਾਨਾ ਵਾਲੇ ਸਥਾਨ ’ਤੇ ਰੁਕੇ ਸਨ। ਜਿੱਥੇ ਉਸ ਸਮੇਂ ਧਰਮਸਾਲ ਸੀ। ਇਸ ਸਥਾਨ ’ਤੇ ਰਹਿੰਦਿਆਂ ਸੰਗਤਾਂ ਦੇ ਹਿਰਦਿਆਂ ’ਚ ਗੁਰਬਾਣੀ ਦਾ ਚਾਨਣ ਕਰਨ ਲਈ ਗੁਰੂ ਜੀ ਵੱਲੋਂ ਧਾਰਮਿਕ ਦੀਵਾਨ ਸੁਭਾਇਮਾਨ ਹੋਣ ਲੱਗੇ। ਜਦੋਂ ਭਾਰੀ ਗਿਣਤੀ ਵਿੱਚ ਸੰਗਤਾਂ ਦੀਵਾਨ ’ਚ ਜੁੜਨ ਲੱਗੀਆਂ ਤਾਂ ਉਕਤ ਧਰਮਸਾਲ ਗੁਰੂ ਅਰਜਨ ਦੇਵ ਜੀ ਦੇ ਦੀਵਾਨਖਾਨਾ ਵਜੋਂ ਜਾਣੀ ਜਾਣ ਲੱਗੀ।

Loading