
- ਡਾ. ਪ੍ਰਿਤਪਾਲ ਸਿੰਘ ਮਹਿਰੋਕ
- ਪੰਜਾਬੀ ਲੋਕਧਾਰਾ ਵਿੱਚ ਲੋਕ ਕਲਾਵਾਂ ਦਾ ਵਿਸ਼ੇਸ਼ ਮਹੱਤਵ ਹੈ। ਲੋਕ ਕਲਾਵਾਂ ਦੀਆਂ ਕਿਸਮਾਂ, ਰੂਪ -ਵੰਨਗੀਆਂ, ਉਨ੍ਹਾਂ ਦੇ ਸਭਾਅ, ਉਨ੍ਹਾਂ ਦੇ ਖੇਤਰ, ਉਨ੍ਹਾਂ ਨਾਲ ਜੁੜੇ ਕਲਾਕਾਰਾਂ, ਉਨ੍ਹਾਂ ਦੀਆਂ ਪੇਸ਼ਕਾਰੀਆਂ ਦੇ ਮਾਧਿਅਮ ਤੇ ਉਨ੍ਹਾਂ ਅੰਦਰ ਛੁਪੇ ਸੁਨੇਹੇ ਦੀ ਕੋਈ ਸੀਮਾਂ ਨਹੀਂ। ਪੰਜਾਬੀ ਲੋਕ ਕਲਾਵਾਂ ਵਿੱਚ ਨਕਲਾਂ ਕਰਨ ਦੀ ਕਲਾ ਵਿਸ਼ੇਸ਼ ਮਹੱਤਵ ਹੈ। ਨਕਲਾਂ ਕਰਨ ਦੀ ਕਲਾ ਨੂੰ ਆਪਣੀ ਚੜ੍ਹਤ ਵਾਲੇ ਸਮਿਆਂ ਵਿੱਚ ਲੋਕਾਂ ਵੱਲੋਂ ਭਰਵਾਂ ਪਿਆਰ ਮਿਲਦਾ ਰਿਹਾ ਹੈ। ਕਿਸੇ ਜਾਣੇ-ਪਛਾਣੇ ਵਿਅਕਤੀ ਦੀਆਂ ਕਹੀਆਂ-ਸੁਣੀਆਂ ਗੱਲਾਂ ਨੂੰ, ਗੱਲਬਾਤ ਕਰਨ ਦੇ ਅੰਦਾਜ਼ ਨੂੰ, ਉਸ ਦੀਆਂ ਆਦਤਾਂ, ਸੁਭਾਅ, ਪੇਸ਼ੇ, ਚਾਲ-ਢਾਲ, ਕਿਸੇ ਘਟਨਾ ਆਦਿ ਸਬੰਧੀ ਨਕਾਲ ਆਪਣੇ ਨਿਵੇਕਲੇ ਲਹਿਜੇ ਵਿੱਚ ਤੇ ਵਿਅੰਗਾਤਮਕ ਸੁਰ ਵਿੱਚ ਪੇਸ਼ ਕਰਦੇ ਹਨ। ਹੂ-ਬ-ਹੂ ਨਕਲ ਉਤਾਰਨ ਦੀ ਕਲਾ ਨੂੰ ਮੁੱਢਲੇ ਰੂਪ ਵਿੱਚ ਨਕਲਾਂ ਕਿਹਾ ਜਾਣ ਲੱਗ ਪਿਆ। ਲੋਕ ਨਾਟ ਦੀ ਇਸ ਵਿਧਾ ਨੂੰ ਸਾਂਗ, ਰੀਸ ਜਾਂ ਕਿਸੇ ਹੋਰ ਦੀ ਨਕਲ ਕਰਨਾ ਕਹਿ ਲਿਆ ਜਾਂਦਾ ਹੈ। ਨਕਲਾਂ ਨੂੰ ਭੰਡ-ਭੰਡੌਤੀ ਵੀ ਕਹਿੰਦੇ ਹਨ। ਭੰਡ ਅਸਲ ਵਿੱਚ ਭੰਡੀ ਕਰਨ ਵਾਲੇ ਨੂੰ ਕਹਿੰਦੇ ਹਨ। ਸਮੇਂ ਦੇ ਬਦਲਣ ਨਾਲ ਨਕਲਾਂ ਦੇ ਰੂਪ ਵਿੱਚ ਤਬਦੀਲੀ ਆਉਂਦੀ ਗਈ। ਨਕਲਾਂ ਉਤਾਰਨ ਦੀ ਕਲਾ ਵਿੱਚ ਮਾਹਿਰ ਕਲਾਕਾਰ ਆਪਣੀ ਜ਼ੁਬਾਨੀ ਅਤੇ ਅਭਿਨੈ ਰਾਹੀਂ ਕਹੀ ਹਰੇਕ ਗੱਲ ਨੂੰ ਹਾਸ-ਵਿਅੰਗ ਦਾ ਤੜਕਾ ਲਗਾ ਕੇ ਪੇਸ਼ ਕਰਦੇ ਸਨ, ਲੋਕਾਂ ਨੂੰ ਹਸਾਉਂਦੇ ਸਨ ਤੇ ਉਨ੍ਹਾਂ ਦਾ ਮਨੋਰੰਜਨ ਕਰਦੇ ਸਨ। ਉਨ੍ਹਾਂ ਦੇ ਚੁਸਤ ਵਾਰਤਾਲਾਪ, ਵਿਅੰਗ ਸਿਰਜਣ ਦੀ ਕਲਾ, ਹਾਜ਼ਰ ਜਵਾਬੀ ਤੇ ਨਾਟਕੀ ਮੌਕੇ ਸਿਰਜਣ ਦੀ ਕਲਾ ਨੂੰ ਲੋਕ ਮਾਣਦੇ ਹਨ। ਕਹਿੰਦੇ ਹਨ ਨਕਲਾਂ ਦੀ ਕਲਾ ਸਿੱਖਣ ਲਈ ਉਸਤਾਦੀ-ਸ਼ਾਗਿਰਦੀ ਦੀ ਪਰੰਪਰਾ ਚੱਲਦੀ ਆਉਂਦੀ ਰਹੀ ਹੈ।
ਮੱਧਕਾਲ ਵਿੱਚ ਨਕਾਲ, ਭੰਡ ਤੇ ਬਹੁਰੂਪੀਏ ਨਕਲਾਂ ਉਤਾਰ ਕੇ ਰਾਜਿਆਂ-ਮਹਾਰਾਜਿਆਂ, ਹੋਰ ਅਮੀਰਾਂ/ਸ਼ੌਕੀਨਾਂ ਅਤੇ ਆਮ ਲੋਕਾਂ ਦਾ ਮਨੋਰੰਜਨ ਕਰਦੇ ਸਨ। ਨਕਲਾਂ ਕਰਨ ਵਾਲੇ ਨੂੰ ਨਕਾਲ ਕਿਹਾ ਜਾਂਦਾ ਸੀ।ਨਕਾਲ, ਪੰਜਾਬੀ ਸੱਭਿਆਚਾਰ ਵਿੱਚ ਮਾਣ-ਸਨਮਾਨ ਰੱਖਣ ਵਾਲੇ ਪਾਤਰ ਭੰਡ ਦਾ ਸਮਭਾਵੀ ਸ਼ਬਦ ਹੈ। ਦੇਸ਼ ਦੀ ਵੰਡ ਤੋਂ ਪਹਿਲਾਂ ਇਧਰਲੇ ਪੰਜਾਬ ਦੇ ਬਹੁਤੇ ਵੱਡੇ ਪਿੰਡਾਂ ਤੇ ਸ਼ਹਿਰਾਂ ਵਿੱਚ ਭੰਡ ਤੇ ਨਕਾਲ ਰਹਿੰਦੇ ਸਨ। ਉੱਚੇ ਅਹੁਦਿਆਂ ’ਤੇ ਬੈਠੇ,ਪੈਸੇ ਤੇ ਸ਼ੋਹਰਤ ਦੇ ਪੱਖ ਤੋਂ ਨਾਮਣਾ ਖੱਟਣ ਵਾਲੇ ਧਨਾਢ ਲੋਕਾਂ ਦੇ ਦਰਬਾਰਾਂ ਵਿੱਚ ਜਾਂ ਘਰੀਂ ਜਦੋਂ ਕੋਈ ਖ਼ੁਸ਼ੀ ਦਾ ਅਵਸਰ, ਸਮਾਗਮ ਹੁੰਦਾ ਸੀ ਤਾਂ ਨਕਾਲ ਉਨ੍ਹਾਂ ਉੱਪਰ ਵਿਅੰਗ ਦੇ ਤੇਜ਼ ਤੇ ਕਾਟਵੇਂ ਹਥਿਆਰਾਂ ਨਾਲ ਵਾਰ ਕਰਦੇ ਸਨ। ਉਨ੍ਹਾਂ ਦੀ ਕਲਾ ਦੇ ਕਮਾਲ ਤੋਂ ਖ਼ੁਸ਼ ਹੋ ਕੇ ਉਨ੍ਹਾਂ ਨੂੰ ਉਹ ਕੁਝ ਪੈਸੇ, ਵਸਤਾਂ ਦੇ ਦਿੰਦੇ ਸਨ। ਉਨ੍ਹਾਂ ਦਾ ਮਾਣ ਰੱਖਦੇ ਸਨ ਤੇ ਆਪਣਾ ਮਾਣ ਵਧਾਉਂਦੇ ਸਨ। ਕਹਿੰਦੇ ਹਨ ਕਈ ਨਾਮਵਰ ਨਕਾਲਾਂ ਦੀ ਆਪਣੇ ਇਲਾਕਿਆਂ ਵਿੱਚ ਚੰਗੀ ਆਨ-ਸ਼ਾਨ, ਠਾਠ-ਬਾਠ ਤੇ ਦਬ-ਦਬਾਅ ਹੁੰਦਾ ਸੀ। ਉਹ ਰੱਜੇ-ਪੁੱਜੇ ਲੋਕ ਹੁੰਦੇ ਸਨ ਤੇ ਠਾਠ ਨਾਲ ਰਹਿੰਦੇ ਸਨ। ਉਨ੍ਹਾਂ ਵਿੱਚੋਂ ਕਈ ਕੀਮਤੀ ਪਾਲਤੂ ਪਸ਼ੂ ਤੇ ਘੋੜੇ ਰੱਖਣ ਦੇ ਸ਼ੌਕੀਨ ਹੁੰਦੇ ਸਨ। ਕਦੇ ਕਦੇ ਘੋੜਿਆਂ ’ਤੇ ਸਵਾਰ ਹੋ ਕੇ ਉਹ ਆਸ-ਪਾਸ ਦੇ ਪਿੰਡਾਂ ਵਿੱਚ ਗੇੜਾ ਵੀ ਲਗਾਉਾਂਦੇਸਨ।
ਮੁੱਖ ਤੌਰ ’ਤੇ ਨਕਲਾਂ ਦੋ ਕਿਸਮ ਦੀਆਂ ਹੁੰਦੀਆਂ ਹਨ : ਨਿੱਕੀਆਂ ਨਕਲਾਂ ਤੇ ਲੰਮੀਆਂ ਨਕਲਾਂ। ਨਿੱਕੀਆਂ ਨਕਲਾਂ ਨੂੰ ਕੇਵਲ ਦੋ ਕਲਾਕਾਰ ਖੇਡਦੇ ਹਨ। ਉਨ੍ਹਾਂ ਵਿੱਚੋਂ ਇੱਕ ਦੇ ਹੱਥ ਚਮੋਟਾ ਹੁੰਦਾ ਹੈ ਤੇ ਦੂਜੇ ਕੋਲ ਛੋਟਾ ਜਿਹਾ ਤਬਲਾ। ਗੱਲਾਂ ਕਰਨ ਦੌਰਾਨ ਤਬਲੇ ਵਾਲਾ ਕੋਈ ਬੇਤੁਕੀ ਜਾਂ ਪੁੱਠੀ ਜਿਹੀ ਗੱਲ ਕਰਦਾ ਹੈ, ਸਵਾਲਾਂ ਦੇ ਉਲਟੇ-ਸਿੱਧੇ ਤੇ ਊਲ ਜਲੂਲ ਜਵਾਬ ਦਿੰਦਾ ਹੈ ਤਾਂ ਦੂਜਾ ਤਟ-ਫਟ ਉਸਦੇ ਕੱਸ ਕੇ ਚਮੋਟਾ ਮਾਰਦਾ ਹੈ। ਇਸ ਤਰ੍ਹਾਂ ਹਾਸਾ ਪੈਦਾ ਹੋਣਾ ਸੁਭਾਵਿਕ ਹੁੰਦਾ ਹੈ। ਅਜਿਹੀਆਂ ਨਕਲਾਂ ਦਾ ਕਾਰਜ 5, 7 ਜਾਂ 10 ਮਿੰਟਾਂ ਵਿੱਚ ਨਿਪਟਾ ਲਿਆ ਜਾਂਦਾ ਹੈ। ਲੰਮੀਆਂ ਨਕਲਾਂ ਵਿੱਚ ਕਿਸੇ ਰੌਚਿਕ ਘਟਨਾ ਨੂੰ ਵੱਖ ਵੱਖ ਝਾਕੀਆਂ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਇਹ ਲੰਮੇ ਸਮੇਂ ’ਤੇ ਫੈਲਦੀਆਂ ਹਨ। ਇਨ੍ਹਾਂ ਨੂੰ ਖੇਡਣ ਲਈ ਦੋ ਮੁੱਖ ਪਾਤਰਾਂ ਤੋਂ ਇਲਾਵਾ ਕੁਝ ਹੋਰ ਪਾਤਰਾਂ ਦੀ ਟੋਲੀ ਵੀ ਹੁੰਦੀ ਹੈ। ਮੁੱਖ ਪਾਤਰਾਂ ਵਿੱਚੋਂ ਇੱਕ ਬਿੱਲਾ ਹੁੰਦਾ ਹੈ ਤੇ ਦੂਜਾ ਬਿਗਲਾ। ਰੰਗਾ ਗੱਲਾਂ ਨਾਲ ਕਿਲ੍ਹੇ ਉਸਾਰਦਾ ਜਾਂਦਾ ਹੈ। ਬਿਗਲਾ ਇਕ ਸੱਟ ਵਿੱਚ ਹੀ ਉਨ੍ਹਾਂ ਨੂੰ ਢਾਹ ਦਿੰਦਾ ਹੈ।ਕਹਿੰਦੇ ਹਨ ਰੰਗਾ ਆਪਣੀ ਕਲਾ ਵਿੱਚ ਡਾਹਢਾ ਨਿਪੁੰਨ ਸੀ ਤੇ ਸੁਹਣਾ ਗਾਉਂਦਾ ਸੀ। ਉਹ ਕੋਈ ਕਹਾਣੀ ਸੁਣਾਉਂਦਾ ਜਾਂਦਾ ਸੀ। ਕਹਾਣੀ ਨੂੰ ਲਮਕਾਉਂਦਾ ਜਾਂਦਾ ਸੀ। ਉਸਦਾ ਦੂਜਾ ਮਿੱਤਰ ਹਸਾਉਂਦਾ ਤਾਂ ਬਹੁਤ ਸੀ ਪਰ ਉਹ ਗਾਉਣ ਦੀ ਕਲਾ ਵਿੱਚ ਬਹੁਤ ਢਿੱਲਾ ਸੀ। ਉਹ ਉਸਦੀ ਗੱਲ ਵਿਗਾੜ ਕੇ ਉਸਦੀ ਨਕਲ ਕਰਦਾ ਸੀ। ਆਵਾਜ਼ ਤੇ ਗੱਲਾਂ ਵਿਗਾੜ ਕੇ ਕਰਨ ਕਰਕੇ ਹੀ ਉਸਨੂੰ ਬਿਗੜਾ ਕਿਹਾ ਜਾਣ ਲੱਗ ਪਿਆ ਜੋ ਸਮੇਂ ਦੇ ਫੇਰ ਬਦਲ ਨਾਲ ਬਿਗਲਾ ਬਣ ਗਿਆ ਹੋਵੇਗਾ। ਲੰਮੀਆਂ ਨਕਲਾਂ ਵਧੇਰੇ ਕਰਕੇ ਰੰਗਾ ਦੁਆਲੇ ਹੀ ਘੁੰਮਦੀਆਂ ਸਨ। ਇਨ੍ਹਾਂ ਨਕਲਾਂ ਵਿੱਚ ਦਰਸ਼ਕਾਂ ਦੀ ਭੂਮਿਕਾ ਵੀ ਵਿਸ਼ੇਸ਼ ਸਥਾਨ ਰੱਖਦੀ ਸੀ। ਨਕਲਾਂ ਖੁੱਲ੍ਹੇ ਸੁਭਾਅ ਵਾਲੀ ਕਲਾ ਦੇ ਰੂਪ ਵਜੋਂ ਜਾਣੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚ ਬਹੁਤੀਆਂ ਗੱਲਾਂ ਸੰਕੇਤਾਂ ਰਾਹੀਂ ਕਹੀਆਂ ਜਾਂਦੀਆਂ ਸਨ। ਇਨ੍ਹਾਂ ਦੀ ਖੂਬਸੂਰਤੀ ਦਾ ਇਕ ਪਹਿਲੂ ਇਹ ਵੀ ਹੁੰਦਾ ਸੀ ਕਿ ਇਕ ਪਾਤਰ ਬਿਨਾਂ ਵਸਤਰ ਬਦਲਣ ਤੋਂ ਕਈ ਪਾਤਰਾਂ ਦੀ ਭੂਮਿਕਾ ਨਿਭਾ ਲੈਂਦਾ ਸੀ।
ਆਮ ਗੱਲਬਾਤ ਦੌਰਾਨ ਵੀ ਤੇ ਨਕਲਾਂ ਕਰਨ ਵੇਲੇ ਵੀ ਨਕਾਲ ਹਰੇਕ ਗੱਲ ’ਤੇ ਲੋਕਾਂ ਦਾ ਮਨ ਪ੍ਰਚਾਉਂਦੇ ਤੇ ਹਾਸੇ ਵੰਡਦੇ ਰਹਿੰਦੇ ਸਨ। ਪ੍ਰਸਿੱਧ ਨਕਾਲਾਂ ਦਾ ਆਪਣੇ ਇਲਾਕੇ ਵਿੱਚ ਚੰਗਾ ਚੋਖਾ ਨਾਂ ਹੁੰਦਾ ਸੀ। ਉਹ ਇਲਾਕੇ ਵਿੱਚੋਂ ਦਾਣੇ, ਰਸਦ, ਅਨਾਜ ਆਦਿ ਇਕੱਠੇ ਕਰਦੇ ਸਨ। ਉਹ ਨਕਲਾਂ ਕਰਦੇ ਸਨ ਤਾਂ ਲੋਕ ਉਨ੍ਹਾਂ ਤੋਂ ਪੈਸੇ ਵਾਰਦੇ ਸਨ ਜਾਂ ਪੈਸਿਆਂ ਦੀ ਵੇਲ ਕਰਾਉਂਦੇ ਸਨ। ਵੱਡੇ ਲੋਕਾਂ ਦੇ ਖ਼ੁਸ਼ੀ ਦੇ ਕਾਰਜਾਂ ਦੇ ਮੌਕੇ ’ਤੇ ਜਾਣ, ਨਕਲਾਂ ਕਰਨ, ਢੋਲ-ਨਗਾਰੇ ਆਦਿ ਵਜਾ ਕੇ ਵਧਾਈਆਂ ਦੇਣ ਦੇ ਬਦਲੇ ਵਿੱਚ ਪੈਸੇ ਲੈਣ ਨੂੰ ਉਹ ਆਪਣਾ ਅਧਿਕਾਰ ਸਮਝਦੇ ਸਨ। ਨਕਾਲ ਆਪਣੀਆਂ ਪੇਸ਼ਕਾਰੀਆਂ ਵਿੱਚ ਨਾਟਕੀ ਅੰਸ਼ ਭਰ ਕੇ ਉਨ੍ਹਾਂ ਨੂੰ ਕਲਾਤਮਿਕ ਛੋਹਾਂ ਪ੍ਰਦਾਨ ਕਰਕੇ ਸਜਾਉਣ ਦੀ ਕਲਾ ਵਿੱਚ ਮਾਹਿਰ ਹੁੰਦੇ ਸਨ। ਸਵੈ-ਵਿਸ਼ਵਾਸ, ਹਾਜ਼ਰ ਜਵਾਬੀ, ਗੱਲਬਾਤ ਵਿੱਚ ਚੁਸਤੀ-ਫੁਰਤੀ ਵਰਤਣ ਦੀ ਕਲਾ ਵਿੱਚ ਉਹ ਮੁਹਾਰਤ ਰੱਖਦੇ ਸਨ। ਲੋਕਾਂ ਨੂੰ ਹਸਾ ਸਕਣ ਦਾ ਹੁਨਰ ਉਨ੍ਹਾਂ ਦੀ ਕਲਾ ਦਾ ਮੁੱਢਲਾ ਗੁਣ ਹੁੰਦਾ ਸੀ। ਵਿਆਹਾਂ ਅਤੇ ਖ਼ੁਸ਼ੀ ਦੇ ਹੋਰ ਮੌਕਿਆਂ ਉੱਤੇ ਨਕਾਲਾਂ ਨੂੰ ਆਪਣੀ ਕਲਾ ਦੇ ਜੌਹਰ ਵਿਖਾਉਣ ਦੇ ਸੁੰਦਰ ਮੌਕੇ ਮਿਲਦੇ ਸਨ ਤੇ ਉਹ ਚੰਗੀ ਕਮਾਈ ਵੀ ਕਰ ਲੈਂਦੇ ਸਨ। ਨਕਾਲਾਂ ਦੇ ਆਪਣੇ ਅੱਡੇ ਵੀ ਹੁੰਦੇ ਸਨ ਜਿਨ੍ਹਾਂ ਨੂੰ ਅਖਾੜੇ ਕਿਹਾ ਜਾਂਦਾ ਸੀ। ਨਕਾਲਾਂ ਦੀਆਂ ਮੰਡਲੀਆਂ ਵਿੱਚ ਗਾਇਕ, ਸਾਜ਼ਿੰਦੇ, ਨੱਚਾਰ, ਮਸਖ਼ਰੀਏ ਆਦਿ ਵੀ ਹੁੰਦੇ ਸਨ। ਕਿਧਰੇ ਪੈ ਜਾਣੇ ਵਾਲੇ ਘਾਟੇ ਨੂੰ ਕੋਈ ਚੁਸਤ ਕਲਾਕਾਰ ਬੜੀ ਹੁਸ਼ਿਆਰੀ ਨਾਲ ਪੂਰ ਲੈਂਦਾ ਸੀ। ਮੰਡਲੀ ਦੇ ਮੁਖੀ ਨੂੰ ਬਾਕੀ ਕਲਾਕਾਰ ‘ਉਸਤਾਦ’ ਕਹਿ ਕੇ ਸੰਬੋਧਨ ਕਰਦੇ ਸਨ। ਨਕਲਾਂ ਵਿੱਚ ਸਵਾਂਗ, ਸੰਵਾਦ, ਨਾਚ, ਗਾਇਨ ਆਦਿ ਦੀਆਂ ਮਿਸ਼ਰਤ ਕਲਾਵਾਂ ਦਾ ਸੁਮੇਲ ਹੁੰਦਾ ਸੀ। ਜਦੋਂ ਕਲਾਕਾਰ ਸੰਯੁਕਤ ਰੂਪ ਵਿੱਚ ਇਨ੍ਹਾਂ ਕਲਾਵਾਂ ਦੀ ਪੇਸ਼ਕਾਰੀ ਕਰਦੇ ਸਨ ਤਾਂ ਉਹ ਸੱਚ-ਮੁੱਚ ਹੀ ਉੱਤਮ ਕਲਾ ਦਾ ਨਮੂਨਾ ਬਣ ਕੇ ਪ੍ਰਗਟ ਹੁੰਦੀ ਸੀ। ਨਕਾਲ ਸਵਾਂਗ ਰਚਣ ਦਾ ਭੁਲੇਖਾ ਪਾਉਣ ਵਿੱਚ ਵੀ ਮਾਹਿਰ ਹੁੰਦੇ ਸਨ। ਕਿਸੇ ਕੁੜੀ ਦਾ ਸਵਾਂਗ ਰਚਣ ਲਈ ਕੋਈ ਕਲਾਕਾਰ ਸਿਰ ’ਤੇ ਸਿਰਫ਼ ਚੁੰਨੀ ਲੈ ਲੈਂਦਾ ਸੀ ਤੇ ਦਰਸ਼ਕ ਉਸ ਨੂੰ ਲੜਕੀ ਕਲਾਕਾਰ ਵਜੋਂ ਸਵੀਕਾਰ ਵੀ ਕਰ ਲੈਂਦੇ ਸਨ। ਨਕਾਲਾਂ ਵਿਚਲਾ ਮਸਖ਼ਰਾ ਪਾਤਰ ਬੜੀਆਂ ਤੇਜ਼-ਤਰਾਰ ਗੱਲਾਂ ਕਰਨ ਵਿੱਚ ਮਾਹਿਰ ਕਲਾਕਾਰ ਹੁੰਦਾ ਸੀ ਤੇ ਹਸਾ-ਹਸਾ ਕੇ ਉਹ ਲੋਕਾਂ ਦੇ ਢਿੱਡੀਂ ਪੀੜਾਂ ਪਾ ਦਿੰਦਾ ਸੀ। ਆਪਣੀਆਂ ਗੱਲਾਂ ਅਤੇ ਅਭਿਨੈ ਦੇ ਨਿਵੇਕਲੇ ਅੰਦਾਜ਼ ਕਾਰਨ ਉਹ ਬਹੁਤੇ ਦਰਸ਼ਕਾਂ ਦੇ ਧਿਆਨ ਦੇ ਕੇਂਦਰ ਵਿੱਚ ਵਸ ਜਾਂਦਾ ਸੀ ਤੇ ‘ਵਾਹ-ਵਾਹ’ ਖੱਟਦਾ ਸੀ। ਗੱਲਾਂ ਵਿੱਚ ਉਤਸੁਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਸਿਖਰ ਤਕ ਪਹੁੰਚਾਅ ਕੇ ਉਹ ਝਟ-ਪਟ ਕੋਈ ਅਜਿਹੀ ਗੱਲ ਕਹਿ ਦਿੰਦਾ ਸੀ ਜੋ ਦਰਸ਼ਕਾਂ ਨੂੰ ਹਸਾ-ਹਸਾ ਕੇ ਲੋਟ-ਪੋਟ ਕਰ ਦਿੰਦੀ ਸੀ। ਨਕਾਲ ਆਪਣੀਆਂ ਕਲਾ ਜੁਗਤਾਂ ਨਾਲ ਆਪਣੀ ਕਲਾ ਦਾ ਲੋਹਾ ਮਨਵਾਉਣ ਤੇ ਦਰਸ਼ਕਾਂ ਦੇ ਮਨਾਂ ’ਤੇ ਗਹਿਰੀ ਛਾਪ ਛੱਡਣ ਵਿੱਚ ਕਾਮਯਾਬ ਹੋ ਜਾਂਦੇ ਸਨ। ਨਕਾਲਾਂ ਦੀ ਲੋਕ ਕਲਾ ਅਤੇ ਨਕਾਲਾਂ ਦੀਆਂ ਪੇਸ਼ਕਾਰੀਆਂ ਹੁਣ ਬੀਤੇ ਸਮਿਆਂ ਦੀ ਬਾਤ ਬਣ ਕੇ ਰਹਿ ਗਈਆਂ ਹਨ ਫਿਰ ਵੀ ਇਸ ਕਲਾ ਨਾਲ ਜੁੜੇ ਲੋਕ ਇਸ ਕਲਾ ਨੂੰ ਜੀਵਤ ਰੱਖਣ ਦੇ ਯਤਨ ਵਿੱਚ ਹਨ। ਹੁਣ ਵੀ ਖੁਸ਼ੀ ਦੇ ਕਿਸੇ ਸਮਾਜਿਕ ਸਮਾਗਮ ਦੇ ਅਵਸਰ ’ਤੇ ਨਕਾਲਾਂ ਦੀ ਆਮਦ ਖੁਸ਼ੀਆਂ ਤੇ ਹਾਸੇ-ਮਜ਼ਾਕ ਦੀ ਫੁਹਾਰ ਬਣਕੇ ਪ੍ਰਗਟ ਹੋਣ ਵਾਲੀ ਘਟਨਾ ਬਣਦੀ ਹੈ। ਇਸ ਬਹਾਨੇ ਉਸ ਮੌਕੇ ਦੀ ਰੌਣਕ ਵੀ ਵਧ ਜਾਂਦੀ ਹੈ, ਉਸ ਵਿੱਚ ਹਾਸੇ ਦੇ ਰੰਗ ਵੀ ਘੁਲ ਜਾਂਦੇ ਹਨ ਤੇ ਦਰਸ਼ਕਾਂ ਦਾ ਮਨੋਰੰਜਨ ਵੀ ਹੋ ਜਾਂਦਾ ਹੈ। ਹੁਣ ਵੀ ਯੂਨੀਵਰਸਿਟੀਆਂ ਦੇ ਯੁਵਕ ਮੇਲਿਆਂ ਵਿੱਚ ਤੇ ਕਈ ਸੱਭਿਆਚਾਰਕ ਮੇਲਿਆਂ ਵਿੱਚ ਨਕਲਾਂ ਦੀ ਆਈਟਮ ਦੇ ਮੁਕਾਬਲੇ ਕਰਵਾਏ ਜਾਂਦੇ ਹਨ।ਕਈ ਸੱਭਿਆਚਾਰਕ ਮੇਲਿਆਂ ਵਿੱਚ ਨਕਾਲਾਂ ਨੂੰ ਉਚੇਚੇ ਤੌਰ ’ਤੇ ਸੱਦਿਆ ਜਾਂਦਾ ਹੈ ਜਿਥੇ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ ਤੇ ਲੋਕਾਂ ਦਾ ਮਨੋਰੰਜਨ ਵੀ ਕਰਦੇ ਹਨ। ਇੰਜ ਇਸ ਕਲਾ ਨੂੰ ਜੀਊਂਦਿਆਂ ਰੱਖਣ ਦੇ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ।