-ਡਾ. ਪਿ੍ਰਤਪਾਲ ਸਿੰਘ ਮਹਿਰੋਕ
ਪੰਜਾਬੀ ਲੋਕ ਸੱਭਿਆਚਾਰ ਵਿੱਚ ਚਰਖੇ ਦਾ ਅਤੇ ਚਰਖਾ ਕੱਤਣ ਵਾਲੀਆਂ ਕੁੜੀਆਂ ਦਾ ਸਨਮਾਨਯੋਗ ਸਥਾਨ ਰਿਹਾ ਹੈ। ਸਾਧਾਰਨ ਅਰਥਾਂ ਵਿੱਚ ਕੁੜੀਆਂ ਜਦੋਂ ਇਕੱਠੀਆਂ ਹੋ ਕੇ ਚਰਖੇ ਕੱਤਦੀਆਂ ਹਨ, ਨੱਚਦੀਆਂ-ਗਾਉਂਦੀਆਂ ਹਨ ਅਤੇ ਇੱਕ-ਦੂਜੀ ਨਾਲ ਆਪਣੇ ਦਿਲੀ ਵਲਵਲੇ ਸਾਂਝੇ ਕਰਦੀਆਂ ਹਨ ਤਾਂ ਤਿ੍ਰੰਞਣ ਜੁੜ ਜਾਂਦਾ ਹੈ। ਸਮੇਂ ਦੇ ਬਦਲਣ ਨਾਲ ਹੁਣ ਪੰਜਾਬ ਦੇ ਪਿੰਡਾਂ ਵਿੱਚ ਤਿ੍ਰੰਞਣ ਦੀਆਂ ਅਜਿਹੀਆਂ ਝਾਕੀਆਂ ਕਿਧਰੇ ਘੱਟ ਹੀ ਵੇਖਣ ਨੂੰ ਮਿਲਦੀਆਂ ਹਨ। ਅਜਿਹਾ ਸਮਾਂ ਵੀ ਸੀ ਜਦੋਂ ਤਿ੍ਰੰਞਣ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੁੰਦਾ ਸੀ।
ਪੰਜਾਬ ਵਿੱਚ ਹਰੇਕ ਰੁੱਤੇ ਤਿ੍ਰੰਞਣ ਜੁੜਦੇ ਰਹੇ ਹਨ, ਪਰ ਸਿਆਲ ਦੀਆਂ ਲੰਮੀਆਂ ਰਾਤਾਂ ਵਿੱਚ ਅੱਠੇ ਪਹਿਰ ਚੱਲਦੇ ਰਹਿਣ ਵਾਲੇ ਤਿ੍ਰੰਞਣਾਂ ਦਾ ਵਿਸ਼ੇਸ਼ ਆਨੰਦ, ਨਜ਼ਾਰਾ ਤੇ ਮਹੱਤਵ ਹੁੰਦਾ ਸੀ। ਸ਼ਾਮ ਹੋਣ ਤੋਂ ਪਹਿਲਾਂ ਕੁੜੀਆਂ ਆਪਣੇ ਚਰਖੇ, ਪੀੜ੍ਹੀਆਂ ਤੇ ਕੱਤਣੀਆਂ ਉਸ ਘਰ ਵਿੱਚ ਰੱਖ ਆਉਂਦੀਆਂ ਸਨ ਜਿਸ ਘਰ ਵਿੱਚ ਤਿ੍ਰੰਞਣ ਦਾ ਇਕੱਠ ਜੁੜਨਾ ਹੁੰਦਾ ਸੀ। ਰਾਤ ਹੋ ਜਾਣ ’ਤੇ ਤਿ੍ਰੰਞਣ ਵਿੱਚ ਭਾਗ ਲੈਣ ਵਾਲੀਆਂ ਕੁੜੀਆਂ ਕਿਸੇ ਨਿਸਚਿਤ ਸਥਾਨ ’ਤੇ ਇਕੱਠੀਆਂ ਹੁੰਦੀਆਂ ਸਨ ਤੇ ਫਿਰ ਇੱਕ ਜੁੱਟ ਦੇ ਰੂਪ ਵਿੱਚ ਤਿ੍ਰੰਞਣ ਵਾਲੇ ਘਰ ਪਹੁੰਚਦੀਆਂ ਸਨ। ਕੁੜੀਆਂ ਆਪਣੇ ਨਾਲ ਆਪਣੇ ਘਰਾਂ ਤੋਂ ਖਾਣ-ਪੀਣ ਲਈ ਨਿਕ-ਸੁੱਕ ਜਿਵੇਂ ਤਿਲਚੌਲੀ, ਭੁੱਜੀ ਹੋਈ ਮੱਕੀ ਜਾਂ ਛੋਲਿਆਂ ਦੇ ਦਾਣੇ, ਗੁੜ, ਮੂੰਗਫਲੀ, ਪਿੰਨੀਆਂ, ਗੁੜ-ਸ਼ੱਕਰ ਆਦਿ ਲੈ ਕੇ ਆਉਂਦੀਆਂ ਸਨ। ਇਸੇ ਕਰਕੇ ਤਿ੍ਰੰਞਣ ਨੂੰ ‘ਭੰਡਾਰਾ ਮੇਲਣਾ’ ਵੀ ਕਿਹਾ ਜਾਂਦਾ ਸੀ। ਘਰੋਂ ਲਿਆਂਦੀਆਂ ਵਸਤਾਂ ਨੂੰ ਕੁੜੀਆਂ ਜਦੋਂ ਦਿਲ ਕਰਦਾ ਜਾਂ ਚਰਖਾ ਕੱਤਣ ਤੋਂ ਜਦੋਂ ਵੀ ਵਿਹਲ ਮਿਲਦੀ ਖਾ ਲੈਂਦੀਆਂ ਸਨ। ਖਾਣ ਵਾਲੀਆਂ ਚੀਜ਼ਾਂ ਦਾ ਵਟਾਂਦਰਾ ਕਰਕੇ ਖਾਣ ਵਿੱਚ ਉਹ ਵੱਖਰੀ ਤਰ੍ਹਾਂ ਦੀ ਖ਼ੁਸ਼ੀ ਮਹਿਸੂਸ ਕਰਦੀਆਂ ਸਨ। ਦੀਵਿਆਂ ਵਿੱਚ ਪਾਉਣ ਲਈ ਉਹ ਸਰ੍ਹੋਂ ਦਾ ਤੇਲ ਲਿਆਉਣਾ ਨਹੀਂ ਸਨ ਭੁੱਲਦੀਆਂ। ਕੱਤਣ ਦੌਰਾਨ ਹਾਸਾ-ਮਜ਼ਾਕ ਕਰਨ, ਗੀਤ ਗਾਉਣ ਤੇ ਕੁਝ ਨਾ ਕੁਝ ਖਾਈ ਜਾਣ ਦਾ ਸਿਲਸਿਲਾ ਸਾਰੀ ਰਾਤ ਚੱਲਦਾ ਰਹਿੰਦਾ ਸੀ। ਰਾਤ ਭਰ ਚੱਲਦੇ ਰਹਿੰਦੇ ਤਿ੍ਰੰਞਣ ਨੂੰ ‘ਰਾਤ ਕੱਤਣੀ’ ਵੀ ਕਹਿ ਲਿਆ ਜਾਂਦਾ ਸੀ। ਸਰਦੀਆਂ ਦੇ ਦਿਨੀਂ ਰੋਟੀ ਟੁੱਕ ਕਰਨ ਤੇ ਚੁੱਲ੍ਹੇ-ਚੌਂਂਕੇ ਦੇ ਆਹਰ ਤੋਂ ਵਿਹਲੀਆਂ ਹੋ ਕੇ ਵੀ ਕੁੜੀਆਂ ਤਿ੍ਰੰਞਣ ਛੋਹ ਬੈਠਦੀਆਂ ਸਨ ਤੇ ਰਲ-ਮਿਲ ਕੇ ਚਰਖੇ ਕੱਤਦੀਆਂ ਸਨ। ਇਸ ਤਿ੍ਰੰਞਣ ਨੂੰ ‘ਚਿੜੀ ਚੜੂੰਗਾ’ ਕਿਹਾ ਜਾਂਦਾ ਸੀ।
ਰਾਤ ਭਰ ਚੱਲਦੇ ਰਹਿਣ ਵਾਲੇ ਤਿ੍ਰੰਞਣ ਵਿੱਚ ਕੱਤਣ ਦੇ ਮੁਕਾਬਲੇ ਵੀ ਹੁੰਦੇ ਸਨ। ਉਨ੍ਹਾਂ ਨੂੰ ਛੋਪੇ ਕਿਹਾ ਜਾਂਦਾ ਸੀ। ਉਸ ਨੂੰ ਛੋਪ ਪਾ ਕੇ ਕੱਤਣਾ ਵੀ ਕਹਿ ਲਿਆ ਜਾਂਦਾ ਸੀ। ਸਰ੍ਹੋਂ ਦੇ ਤੇਲ ਦੇ ਦੀਵੇ ਜਗਾ ਲਏ ਜਾਂਦੇ ਸਨ। ਉਨ੍ਹਾਂ ਦੀ ਮਿੱਠੀ-ਮਿੱਠੀ ਰੌਸ਼ਨੀ ਵਿੱਚ ਚਰਖੇ ਕੱਤਦੀਆਂ ਮੁਟਿਆਰਾਂ ਵੀ ਮਸਤੀ ਵਿੱਚ ਆ ਕੇ ਚਰਖੇ ਕੱਤਦੀਆਂ ਤੇ ਵੰਨ-ਸੁਵੰਨੀ ਘੂਕਰ ਦੀਆਂ ਧੁਨਾਂ ਪੈਦਾ ਕਰਦੀਆਂ ਸਨ। ਚਰਖੇ ਗੂੰਜ ਉੱਠਦੇ ਸਨ, ਪੂਣੀਆਂ ਕੱਤੀਆਂ ਜਾਂਦੀਆਂ ਸਨ, ਕੁੜੀਆਂ ਗਲੋਟੇ ਬਣਾਈ ਜਾਂਦੀਆਂ ਸਨ ਤੇ ਨਾਲ-ਨਾਲ ਉਹ ਲੋਕ ਗੀਤਾਂ ਦੀਆਂ ਤੁਕਾਂ ਅਲਾਪਦੀਆਂ ਜਾਂਦੀਆਂ। ਰਾਤ ਦਾ ਤਾਰਾ ਚੜ੍ਹਦਿਆਂ ਹੀ ਛੋਪ ਪਾਉਣ ਦੀ ਤਿਆਰੀ ਸ਼ੁਰੂ ਹੋ ਜਾਂਦੀ। ਕੁੜੀਆਂ ਚੱਕਰ ਦੀ ਗੋਲਾਈ ਵਿੱਚ ਆਪਣੇ ਚਰਖੇ ਡਾਹ ਲੈਂਦੀਆਂ ਸਨ। ਕਿਸੇ ਚੁਸਤ, ਤੇਜ਼, ਹੁਸ਼ਿਆਰ ਤੇ ਵਧੀਆ ਕੱਤਣ ਵਾਲੀ ਕੁੜੀ ਦੇ ਕੋਲ ਇੱਕ ਛੱਜ ਜਾਂ ਟੋਕਰਾ ਰੱਖ ਦਿੱਤਾ ਜਾਂਦਾ ਸੀ। ਸਾਰੀਆਂ ਕੁੜੀਆਂ ਆਪਣੇ ਆਪਣੇ ਹਿੱਸੇ ਦੀਆਂ ਚਾਰ-ਚਾਰ ਪੂਣੀਆਂ ਉਸ ਮੋਹਤਬਰ ਕੁੜੀ ਵੱਲ ਵਾਰੋ-ਵਾਰੀ ਸੁੱਟਦੀਆਂ ਜਾਂਦੀਆਂ ਸਨ, ਉਹ ਬੜੀ ਜੁਗਤ ਤੇ ਤਰਤੀਬ ਨਾਲ ਉਨ੍ਹਾਂ ਨੂੰ ਛੱਜ ਜਾਂ ਟੋਕਰੇ ਵਿੱਚ ਟਿਕਾਉਂਦੀ ਜਾਂਦੀ ਸੀ। ਇਸ ਤਰ੍ਹਾਂ ਨਾਲ ਚਾਰ-ਚਾਰ ਪੂਣੀਆਂ ਦੇ ਇੱਕ ਤੋਂ ਬਾਅਦ ਇੱਕ ਕਈ ਗੇੜ, ਪਹਿਲਾਂ ਬਣਾਈ ਤਰਤੀਬ ਨਾਲ ਹੀ, ਉੱਪਰ ਤੋਂ ਉੱਪਰ ਟਿਕਾ ਲਏ ਜਾਂਦੇ ਸਨ। ਮੋਹਤਬਰ ਕੁੜੀ ਇਸ ਗੱਲ ਦਾ ਸਹਿਜੇ ਹੀ ਅਨੁਮਾਨ ਲਗਾ ਲੈਂਦੀ ਸੀ ਕਿ ਸਾਰੀ ਰਾਤ ਵਿੱਚ ਕਿੰਨੀਆਂ ਕੁ ਪੂਣੀਆਂ ਕੱਤੀਆਂ ਜਾ ਸਕਣਗੀਆਂ। ਉਸ ਅੰਦਾਜ਼ੇ ਅਨੁਸਾਰ ਹੀ ਛੋਪ ਪਾਏ ਜਾਂਦੇ ਸਨ। ਛੋਪ ਪਾ ਲਏ ਜਾਣ ਪਿੱਛੋਂ ਕੁੜੀਆਂ ਕੱਤਣਾ ਸ਼ੁਰੂ ਕਰ ਦਿੰਦੀਆਂ। ਮੋਹਤਬਰ ਕੁੜੀ ਸਾਰੀਆਂ ਕੁੜੀਆਂ ਵੱਲ ਪਹਿਲੇ ਗੇੜ ਦੀਆਂ ਚਾਰ-ਚਾਰ ਪੂਣੀਆਂ ਸੁੱਟ ਦਿੰਦੀ। ਮੋਹਤਬਰ ਬਣਾਈ ਕੁੜੀ ਨੂੰ ਬਾਕੀਆਂ ਨਾਲੋਂ ਦੁੱਗਣਾ ਕੰਮ ਕਰਨਾ ਪੈਂਦਾ ਸੀ। ਉਸ ਨੇ ਕੁੜੀਆਂ ਵੱਲ ਪੂਣੀਆਂ ਵੀ ਸੁੱਟਣੀਆਂ ਹੁੰਦੀਆਂ ਸਨ ਤੇ ਆਪਣੇ ਹਿੱਸੇ ਦਾ ਕੱਤਣਾ ਵੀ ਹੁੰਦਾ ਸੀ। ਜਿਉਂ-ਜਿਉਂ ਪੂਣੀਆਂ ਦੇ ਗੇੜਾਂ ਦੀ ਗਿਣਤੀ ਵਧਦੀ ਜਾਂਦੀ, ਕੋਈ ਨਾ ਕੋਈ ਕੁੜੀ ਕੱਤਣ ਵਿੱਚ ਪੱਛੜਦੀ ਜਾਂਦੀ ਤੇ ਪੂਣੀਆਂ ਸੁੱਟਣ ਵਾਲੀ ਕੁੜੀ ਕੋਲ ਟੋਕਰੇ ਵਿੱਚ ਪੂਣੀਆਂ ਜਮ੍ਹਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਸਨ। ਛੋਪ ਪਾਉਣ ਦੇ ਗੇੜ ਚੱਲਦੇ ਰਹਿੰਦੇ, ਉਪਰੋਥਲੀ ਹਾਸਾ ਠੱਠਾ ਵੀ ਚੱਲਦਾ ਰਹਿੰਦਾ, ਚਾਹ ਬਣਾਈ ਤੇ ਵਰਤਾਈ ਜਾਂਦੀ, ਅੱਧੀ ਰਾਤ ਤੇ ਫਿਰ ਸਵੇਰ ਹੋਣ ਤਕ ਇਹ ਸਿਲਸਿਲਾ ਚੱਲਦਾ ਰਹਿੰਦਾ ਸੀ। ਵੇਖੋ-ਵੇਖੀ ਕੁੜੀਆਂ ਵਧੀਆ ਤੋਂ ਵਧੀਆ ਚਰਖਾ ਲੈਣ ਦੀ ਰੀਝ ਆਪਣੇ ਮਨ ਵਿੱਚ ਪਾਲਦੀਆਂ ਸੁਣੀਆਂ ਜਾਂਦੀਆਂ:
ਕਿੱਕਰ ਦਾ ਮੇਰਾ ਚਰਖਾ ਮਾਏ
ਟਾਹਲੀ ਦਾ ਬਣਵਾ ਦੇ।
ਇਸ ਚਰਖੇ ਦੇ ਹਿੱਲੇ ਮਝੇਰੂ
ਮਾਲ੍ਹਾਂ ਬਹੁਤੀਆਂ ਖਾਵੇ।
ਮੇਰੇ ਹਾਣ ਦੀਆਂ ਕੱਤ ਕੇ ਸੌਂ ਗਈਆਂ
ਮੈਥੋਂ ਕੱਤਿਆ ਨਾ ਜਾਵੇ।
ਚਰਖਾ ਬੂਹ ਚੰਦਰਾ
ਮੇਰੀ ਨੀਂਦ ਉਡਾਵੇ।
ਧੀ ਦੀ ਅਜਿਹੀ ਫ਼ਰਮਾਇਸ਼ ਨੂੰ ਸੁਣਨ ਤੋਂ ਪਿੱਛੋਂ ਹਾਜ਼ਰ ਜਵਾਬ ਮਾਂ ਤਟ-ਫਟ ਕਹਿਣ ਲੱਗ ਜਾਂਦੀ ਸੀ:
ਧੀਏ, ਚੱਜ ਨਾ ਕੱਤਣ ਦਾ ਤੈਨੂੰ
ਚਰਖੇ ਨੂੰ ਦੋਸ਼ ਦੇਨੀਂ ਏਂ।
ਤਿ੍ਰੰਞਣ ਸਜਾ ਕੇ ਬੈਠੀਆਂ ਕੁੜੀਆਂ ਪਹੁ ਫੁਟਾਲੇ ਤਕ ਵਾਹੋ-ਦਾਹੀ ਚਰਖੇ ਕੱਤਦੀਆਂ ਰਹਿੰਦੀਆਂ ਸਨ। ਰਾਤ ਭਰ ਕਈ ਕਈ ਵਾਰ ਉੱਠ ਕੇ ਦੀਵਿਆਂ ਵਿੱਚ ਤੇਲ ਪਾਇਆ ਜਾਂਦਾ ਸੀ। ਪੰਜਾਬੀ ਸੱਭਿਆਚਾਰ ਵਿੱਚ ਆਪਸੀ ਮੇਲਜੋਲ, ਸਦਭਾਵਨਾ ਅਤੇ ਭਾਈਚਾਰੇ ਵਿੱਚ ਆਪਸੀ ਵਿਸ਼ਵਾਸ ਦਾ ਕਮਾਲ ਵੇਖੋ ਕਿ ਛੋਪ ਕੱਤ ਲੈਣ ਪਿੱਛੋਂ ਤਿ੍ਰੰਞਣ ਦੀਆਂ ਖ਼ੁਸ਼ੀਆਂ ਸਾਂਝੀਆਂ ਕਰ ਲੈਣ ਪਿੱਛੋਂ ਕੁੜੀਆਂ ਉੱਥੇ ਹੀ ਸੌਂ ਜਾਂਦੀਆਂ ਸਨ। ਦਿਨ ਚੜ੍ਹੇ ਆਪਣੇ-ਆਪਣੇ ਚਰਖੇ, ਕੱਤਿਆ ਸੂਤ ਅਤੇ ਕੱਤਣੀਆਂ ਲੈ ਕੇ ਕੁੜੀਆਂ ਘਰੋ-ਘਰੀ ਤੁਰ ਜਾਂਦੀਆਂ ਸਨ। ਸਿਆਲੀ ਰੁੱਤੇ ਅਜਿਹੇ ਤਿ੍ਰੰਞਣ ਜੁੜਨੇ, ਛੋਪ ਪੈਣੇ ਤੇ ਖ਼ੁਸ਼ੀਆਂ ਵੰਡਣੀਆਂ-ਵੰਡਾਉਣੀਆਂ ਬੜੀ ਆਮ ਗੱਲ ਹੁੰਦੀ ਸੀ। ਬਜ਼ੁਰਗ ਦੱਸਦੇ ਹਨ ਕਿ ਕਦੇ-ਕਦੇ ਅੱਠੇ ਪਹਿਰ ਵੀ ਕੱਤਿਆ ਜਾਂਦਾ ਸੀ। ਸੂਰਜ ਛਿਪਣ ਦੇ ਸਮੇਂ ਤਿ੍ਰੰਞਣ ਵਿੱਚ ਕੱਤਣਾ ਸ਼ੁਰੂ ਕਰਨ ਤੋਂ ਲੈ ਕੇ ਸਾਰੀ ਰਾਤ ਕੱਤਦਿਆਂ ਰਹਿਣ ਤੇ ਫਿਰ ਅਗਲੇ ਦਿਨ ਦੇ ਸੂਰਜ ਛਿਪਣ ਤੱਕ, ਅੱਠੇ ਪਹਿਰ ਤਿ੍ਰੰਞਣ ਵਿੱਚ ਕੱਤਣ ਦਾ ਸਿਲਸਿਲਾ ਚੱਲਦਾ ਰਹਿੰਦਾ ਸੀ।
ਬੇਸ਼ਕ ਇਹ ਬੀਤ ਗਏ ਸਮੇਂ ਦੀਆਂ ਗੱਲਾਂ ਹਨ, ਪਰ ਹੁਣ ਵੀ ਜਦੋਂ ਸੱਭਿਆਚਾਰਕ ਸਾਂਝ ਦਾ ਜ਼ਿਕਰ ਹੁੰਦਾ ਹੈ ਤਾਂ ਤਿ੍ਰੰਞਣ ਦੀ ਗੱਲ ਜ਼ਰੂਰ ਛਿੜਦੀ ਹੈ। ਤਿ੍ਰੰਞਣਾਂ ਨੂੰ ਯਾਦ ਕਰਕੇ ਬੀਤੇ ਸਮਿਆਂ ਦੇ ਸੁਖਾਵੇਂ ਅਨੁਭਵ ਦੀ ਕਲਪਨਾ ਸਹਿਜੇ ਹੀ ਕੀਤੀ ਜਾ ਸਕਦੀ ਹੈ। ਸਮਾਂ ਰੁਕਦਾ ਨਹੀਂ, ਇਤਿਹਾਸ ਵਿੱਚ ਸਾਂਭਿਆ ਜ਼ਰੂਰ ਜਾਂਦਾ ਹੈ:
ਪਾਣੀ ਜੋ ਅੱਜ ਪੱਤਣੋਂ ਲੰਘਦਾ
ਫੇਰ ਨਾ ਆਉਂਦਾ ਭਲਕੇ
ਬੇੜੀ ਦਾ ਪੂਰ, ਤਿ੍ਰੰਞਣ ਦੀਆਂ ਕੁੜੀਆਂ
ਫੇਰ ਨਾ ਬੈਠਣ ਰਲ ਕੇ।
ਹਰੇਕ ਸਮੇਂ ਦੀ ਅਟੱਲ ਸੱਚਾਈ ਕਹਿੰਦੀਆਂ ਉਪਰੋਕਤ ਤੁਕਾਂ ਤਿ੍ਰੰਞਣ ਦਾ ਮਹੱਤਵ ਵੀ ਦਰਸਾ ਜਾਂਦੀਆਂ ਹਨ ਤੇ ਬਹੁਤ ਕੁਝ ਸੋਚਣ ਲਈ ਵੀ ਮਜਬੂਰ ਕਰ ਦਿੰਦੀਆਂ ਹਨ। ਕਿਸੇ ਸਮੇਂ ਪੰਜਾਬ ਦੇ ਲੋਕ ਜੀਵਨ ਵਿੱਚ ਚਰਖਾ ਕੱਤਣ ਨੂੰ ਕੁੜੀਆਂ ਦਾ ਵੱਡਾ ਰੁਝੇਵਾਂ ਤੇ ਆਹਰ ਸਮਝਿਆ ਜਾਂਦਾ ਸੀ ਤੇ ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਲੱਖਣ ਗੁਣ ਵੀ ਤਸੱਵਰ ਕੀਤਾ ਜਾਂਦਾ ਸੀ। ਹੁਣ ਇਹ ਗੱਲਾਂ ਭਾਵੇਂ ਬਹੁਤਾ ਮਹੱਤਵ ਨਹੀਂ ਰੱਖਦੀਆਂ, ਪਰ ਲੋਕਧਾਰਾ ਵਿੱਚ ਇਨ੍ਹਾਂ ਦਾ ਮਹੱਤਵ ਜਿਉਂ ਦਾ ਤਿਉਂ ਬਣਿਆ ਚਲਿਆ ਆ ਰਿਹਾ ਹੈ। ਕਿਸੇ ਦੇ ਕਹੇ ਪੁਰਾਣੇ ਬੋਲ ਅਜੇ ਵੀ ਯਾਦ ਆ ਜਾਂਦੇ ਹਨ:
ਜੋਗੀ ਉੱਤਰ ਪਹਾੜੋਂ ਆਇਆ
ਚਰਖੇ ਦੀ ਘੂਕ ਸੁਣ ਕੇ।
ਘਰਾਂ ਦੇ ਸਾਜ਼-ਸਾਮਾਨ ਵਿੱਚ ਚਰਖੇ ਦਾ ਮੌਜੂਦ ਹੋਣਾ ਬਹੁਤੀਆਂ ਹਾਲਤਾਂ ਵਿੱਚ ਮਾਣ ਮਹਿਸੂਸ ਕਰਨ ਵਾਲੀ ਗੱਲ ਸਮਝੀ ਜਾਂਦੀ ਸੀ। ਵਧੀਆ ਦਿੱਖ ਵਾਲਾ ਚਰਖਾ ਬਣਾਉਣ ਵਾਲੇ ਕਾਰੀਗਰ ਦੇ ਵੀ ਸੋਹਲੇ ਗਏ ਜਾਂਦੇ ਸਨ।
ਤਿ੍ਰੰਞਣ ਜੋੜਨ ਲਈ ਵਧੇਰੇ ਕਰਕੇ ਉਸ ਘਰ ਦੀ ਚੋਣ ਕੀਤੀ ਜਾਂਦੀ ਸੀ, ਜਿਸ ਘਰ ਵਿੱਚ ਦੋ-ਤਿੰਨ ਕੁੜੀਆਂ, ਜਿਨ੍ਹਾਂ ਨੇ ਤਿ੍ਰੰਞਣ ਵਿੱਚ ਕੱਤਣਾ ਹੁੰਦਾ ਸੀ, ਹੁੰਦੀਆਂ ਸਨ। ਸ਼ਾਮ ਹੋਣ ਤੋਂ ਪਹਿਲਾਂ ਹੀ ਤਿ੍ਰੰਞਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਜਾਂਦੀਆਂ ਸਨ।
ਇਹ ਲੋਕਧਾਰਾ ਵਿਗਿਆਨੀਆਂ ਦੇ ਸਿਦਕ, ਸਿਰੜ, ਮਿਹਨਤ ਅਤੇ ਖੇਤਰੀ ਖੋਜ ਕਾਰਜ ਦਾ ਹੀ ਪ੍ਰਤੀਫਲ ਹੈ ਕਿ ਲੋਕਧਾਰਾ ਨਾਲ ਸਬੰਧਤ ਅਮੀਰ ਵਿਰਾਸਤ ਦੀ ਅਮੋਲਵੀਂ ਸਮੱਗਰੀ ਸਾਡੇ ਤਕ ਪਹੁੰਚ ਸਕੀ ਹੈ। ਹੁਣ ਵੀ ਅਜਿਹੀ ਕੀਮਤੀ ਜਾਣਕਾਰੀ ਨੂੰ ਕਲਮਬੱਧ ਕਰਨ ਵਾਸਤੇ ਸੁਚੇਤ ਪੱਧਰ ’ਤੇ ਯਤਨ ਕਰਨ ਦੀ ਲੋੜ ਹੈ। ਲੋਕਧਾਰਾ ਨਾਲ ਸਬੰਧਤ ਦੁਰਲੱਭ ਖ਼ਜ਼ਾਨੇ ਨੂੰ ਆਉਣ ਵਾਲੇ ਸਮੇਂ ਤਕ ਸਾਂਭ ਕੇ ਰੱਖਣ ਲਈ ਸਰਕਾਰਾਂ ਨੂੰ ਵੀ ਪ੍ਰਾਜੈਕਟ ਉਲੀਕ ਕੇ ਉਨ੍ਹਾਂ ਉੱਪਰ ਕੰਮ ਕਰਵਾਉਣਾ ਚਾਹੀਦਾ ਹੈ। ਤਿ੍ਰੰਞਣ ਹੁਣ ਸੁਪਨੇ ਦੀ ਨਿਆਈਂ ਹੋ ਗਏ ਹਨ, ਜੋ ਬੀਤੇ ਸਮਿਆਂ ਦੀ ਮਿੱਠੀ ਤੇ ਸੁਹਾਵਣੀ ਯਾਦ ਬਣ ਕੇ ਰਹਿ ਗਏ ਹਨ।
![]()
