
ਮਾਣਕ ਉਹ ਅਨਮੋਲ ਵਸਤੂ ਹੈ, ਜਿਸ ਦੀ ਕੋਈ ਕੀਮਤ ਨਹੀਂ, ਭਾਵ ਉਸ ਨੂੰ ਕੋਈ ਖ਼ਰੀਦ ਨਹੀਂ ਸਕਦਾ। ਅਸੀਂ ਜਿਸ ਮਾਣਕ ਦੀ ਅੱਜ ਗੱਲ ਕਰਨ ਜਾ ਰਹੇ ਹਾਂ ਉਸ ਨੇ ਵੀ ਗ਼ਰੀਬੀ ਤੇ ਭੁੱਖ ਪਿਆਸ ਦੀ ਭੱਠੀ ਵਿੱਚ ਤਪ ਕੇ ਆਪਣੀ ਮਿਹਨਤ ਨਾਲ ਪੰਜਾਬੀ ਗਾਇਕੀ ’ਚ ਖ਼ੁਦ ਨੂੰ ਸਮਰਪਿਤ ਕਰ ਕੇ ਮਾਲਵੇ ਦਾ ਸਪੂਤ, ਕਲੀਆਂ ਦਾ ਬਾਦਸ਼ਾਹ, ਲੋਕ ਗਾਥਾਵਾਂ ਦਾ ਬਾਦਸ਼ਾਹ ਵਰਗੇ ਅਨੇਕ ਖ਼ਿਤਾਬ ਹਾਸਿਲ ਕਰ ਕੇ ਆਪਣੇ ਨਾਂ ਨੂੰ ਗਾਇਕੀ ਦੇ ਸੱਤਵੇਂ ਅਸਮਾਨ ਵਿੱਚ ਲਿਖਵਾਇਆ।
ਕੁਲਦੀਪ ਮਾਣਕ ਦਾ ਜਨਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਜਲਾਲ ਵਿੱਚ ਮਾਤਾ ਬਚਨ ਕੌਰ ਦੀ ਕੁੱਖੋਂ ਪਿਤਾ ਨਿੱਕਾ ਸਿੰਘ ਦੇ ਘਰ 15 ਨਵੰਬਰ 1951 ਨੂੰ ਹੋਇਆ। ਮਾਪਿਆਂ ਨੇ ਉਸ ਨੂੰ ਲਤੀਫ਼ ਮੁੰਹਮਦ ਦੇ ਨਾਂ ਨਾਲ ਨਿਵਾਜਿਆ। ਬਚਪਨ ਤੋਂ ਜਵਾਨੀ ਵੱਲ ਵੱਧਦਾ ਹੋਇਆ ਲਤੀਫ ਮੁਹੰਮਦ ਲੱਧੇ ਦੇ ਨਾਂ ਨਾਲ ਮਸ਼ਹੂਰ ਹੋਇਆ। ਘਰ ਦੀ ਗ਼ਰੀਬੀ ਨੂੰ ਸਹਾਰਦੇ ਹੋਇਆ ਲੱਧਾ ਦਸਵੀਂ ਵਿੱਚ ਪੜ੍ਹਦਿਆਂ ਹੀ ਸਕੂਲ ’ਚ ਹੋਏ ਇੱਕ ਫੰਕਸ਼ਨ ਵਿੱਚ ਸ਼ਾਮਲ ਹੋਏ ਤੱਤਕਾਲੀਨ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਜੀ ਦੇ ਮੁੱਖੋਂ ਮਾਣਕ ਦਾ ਖ਼ਿਤਾਬ ਹਾਸਲ ਕਰ ਗਿਆ ਸੀ। ਆਪਣੇ ਉਸਤਾਦ ਕੱਵਾਲ ਖ਼ੁਸ਼ੀ ਮੁਹੰਮਦ ਤੋਂ ਸੰਗੀਤ ਦੀ ਸਿੱਖਿਆ ਲੈ ਕੇ ਸਾਲ 1968 ਵਿਚ ਸੰਗੀਤਕ ਖੇਤਰ ’ਚ ਸੁਰਿੰਦਰ ਸੀਮਾ ਨਾਲ ਗਾਇਕ ਵਜੋਂ ਤਾਲ ਠੋਕ ਦਿੱਤੀ। ਸਮੇਂ ਦੇ ਗੁਜ਼ਰਨ ਨਾਲ 1972-73 ਵਿਚ ਲੋਕ ਗਾਥਾਵਾਂ ਨਾਲ ਭਰਪੂਰ ਆਏ ਐੱਲਪੀ ਰਿਕਾਰਡ ਨਾਲ ਮਾਣਕ ਨੇ ਆਪਣੀ ਅਜਿਹੀ ਪਛਾਣ ਬਣਾਈ ਕਿ ਉਹ ਦਿਨੋਂ-ਦਿਨ ਸੰਗੀਤ ਦੀਆਂ ਬੁਲੰਦੀਆਂ ਨੂੰ ਛੂੰਹਦਾ ਗਿਆ। ਉੱਚੀ ਤੇ ਜੋਸ਼ੀਲੀ ਆਵਾਜ਼ ਦੇ ਮਾਲਕ ਮਾਣਕ ਨੇ ਪੰਜਾਬੀ ਸੱਭਿਆਚਾਰ, ਲੋਕ ਰੰਗ, ਗਜ਼ਲ, ਕੱਵਾਲੀ, ਪਰਿਵਾਰਕ ਤੇ ਧਾਰਮਿਕ ਜੋ ਵੀ ਗਾਇਆ, ਜਿਸ ਗੀਤਕਾਰ ਦੀ ਕਲਮ ਨੂੰ ਗਾਇਆ ਉਸ ਦੇ ਨਾਮ ਨੂੰ ਸੁਨਹਿਰੀ ਹਰਫ਼ਾਂ ਵਿੱਚ ਦਰਜ ਕਰ ਦਿੱਤਾ।
ਕੁਲਦੀਪ ਮਾਣਕ ਨੇ ਆਪਣੀ ਲੰਮੀ ਹੇਕ ਤੇ ਉੱਚੀ ਸੁਰ ਨਾਲ ‘ਤੇਰੇ ਟਿੱਲੇ ਤੋਂ’, ‘ਛੇਤੀ ਕਰ ਸਰਵਣ ਬੱਚਾ’, ‘ਮਾਂ ਹੁੰਦੀ ਏ ਮਾਂ’, ‘ਰੰਨਾਂ ਚੰਚਲ ਹਾਰੀਆਂ’, ‘ਮਾਂ ਮਿਰਜੇ ਦੀ ਬੋਲਦੀ’, ‘ਸਹਿਬਾਂ ਬਣੀ ਭਰਾਵਾਂ ਦੀ’, ‘ਦੁਨੀਆਂ ਧੋਖੇਬਾਜਾਂ ਦੀ’, ‘ਚੰਨਾਂ ਮੈਂ ਤੇਰੀ ਖ਼ੈਰ ਮੰਗਦੀ’, ‘ਗੋਲ਼ੀ ਮਾਰੋ ਬਨਾਉਟੀ ਯਾਰ ਦੇ’, ‘ਮਾਣ ਕਰੀ ਨਾ ਜੱਟੀਏ’, ‘ਇੱਛਰਾਂ ਧਾਹਾਂ ਮਾਰਦੀ’, ‘ਕਮੀਨੇ ਯਾਰ’, ‘ਪੁੱਤਰ ਦੀ ਕਸਮ’, ‘ਨੀ ਪੁੱਤ ਜੱਟਾਂ ਦਾ’, ‘ਸੱਚੀਂ ਗੱਲ’, ‘ਸਾਹਿਬਾਂ ਦਾ ਤਰਲਾ’, ‘ਛੱਡੀਏ ਨਾ ਵੈਰੀ ਨੂੰ’, ‘ਤੇਰੀ ਐ ਮੈਂ ਤੇਰੀ ਰਾਝਾ’, ‘ਪੁੱਤ ਮਰੇ ਨਾ ਭੁੱਲਦੇ’, ‘ਯਾਰ ਦਾ ਚੌਥਾ ਗੇੜਾ’, ‘ਹੋਇਆ ਕਿ ਜੇ ਧੀ ਜੰਮ ਪਈ’ ਅਤੇ ‘ਚਾਦਰ’ ਵਰਗੇ ਹਜ਼ਾਰਾਂ ਗੀਤ ਗਾਏ। ਲੋਕ ਗਾਥਾਵਾਂ ਦੇ ਬਾਦਸ਼ਾਹ ਕੁਲਦੀਪ ਮਾਣਕ ਨੇ ਆਪਣੀ ਆਵਾਜ਼ ਤੇ ਅੰਦਾਜ਼ ਦੀ ਵਿਲੱਖਣਤਾ ਨਾਲ ਗਾਇਕੀ ਦੀਆਂ ਸਿਖ਼ਰਾਂ ਨੂੰ ਛੋਹਿਆ। ਪੰਜਾਬੀ ਸੰਗੀਤ ਵਿੱਚ ਲੋਕ ਗਾਥਾਵਾਂ ਗਾ ਕੇ ਮਾਣਕ ਨੇ ਇਤਿਹਾਸ ਸਿਰਜ ਕੇ ਆਪਣੇ ਨਾਂ ਦਾ ਅਜਿਹਾ ਯੁੱਗ ਸਥਾਪਤ ਕੀਤਾ ਜਿਸ ਦਾ ਅਜੇ ਤੱਕ ਕੋਈ ਵੀ ਬਦਲ ਨਹੀਂ ਹੋਇਆ।
ਕੁਲਦੀਪ ਮਾਣਕ 30 ਨਵੰਬਰ 2011 ਨੂੰ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਿਆ।
ਕੁਲਦੀਪ ਮਾਣਕ ਨੂੰ ਜਿੱਥੇ ਉੱਚ ਕੋਟੀ ਦਾ ਗਵੱਈਆ ਹੋਣ ਦਾ ਮਾਣ ਹਾਸਲ ਸੀ ਉੱਥੇ ਹੀ ਉਸ ਨੂੰ ਕੰਪੋਜ਼ਰ ਤੇ ਪੇਸ਼ਕਾਰੀ ਕਰਨ ਵਿਚ ਵਿਸ਼ੇਸ਼ ਮੁਹਾਰਤ ਹਾਸਲ ਸੀ। ਇਸ ਲਈ ਉਸ ਨੂੰ ਅਖਾੜਿਆਂ ਦਾ ਮੋਢੀ, ਅਖਾੜਿਆਂ ਦੀ ਸ਼ਾਨ, ਬਾਈ ਮਾਣਕ ਵਰਗੇ ਨਾਵਾਂ ਨਾਲ ਜਾਣਿਆ ਜਾਂਦਾ ਸੀ।
- ਸਰੂਪ ਸਿੰਘ