ਲੰਡਨ/ਏ.ਟੀ.ਨਿਊਜ਼: ਯੂ.ਕੇ. ਵਿੱਚ ਰਹਿਣ ਵਾਲੇ ਸਿੱਖ ਕਾਰਕੁਨ ਹਰਮਨ ਸਿੰਘ ਕਪੂਰ ਦੇ ਘਰ ਉੱਤੇ ਹਾਲ ਹੀ ਵਿੱਚ ਹਮਲਾ ਹੋਇਆ ਹੈ। ਉਸ ਨੇ ਖ਼ਾਲਿਸਤਾਨੀਆਂ ਨੂੰ ਇਸ ਹਮਲੇ ਲਈ ਦੋਸ਼ੀ ਠਹਿਰਾਇਆ ਹੈ। 2-3 ਜਨਵਰੀ ਨੂੰ ਵਾਪਰੀ ਇਸ ਘਟਨਾ ਵਿੱਚ ਮੁਖੌਟੇ ਪਹਿਨੇ ਵਿਅਕਤੀਆਂ ਨੇ ਇੱਕ ਘੰਟੇ ਵਿੱਚ ਦੋ ਵਾਰ ਕਪੂਰ ਦੀਆਂ ਗੱਡੀਆਂ ਦੇ ਸ਼ੀਸ਼ੇ ਤੋੜੇ ਅਤੇ ਨੁਕਸਾਨ ਪਹੁੰਚਾਇਆ। ਕਪੂਰ ਅਨੁਸਾਰ ਉਹ ਉਸ ਵੇਲੇ ਦੇਸ਼ ਤੋਂ ਬਾਹਰ ਸਨ, ਪਰ ਉਨ੍ਹਾਂ ਦਾ ਪਰਿਵਾਰ ਨੂੰ ਖਤਰੇ ਵਿੱਚ ਸੀ। ਕਪੂਰ ਨੇ ਸੋਸ਼ਲ ਮੀਡੀਆ ਰਾਹੀਂ ਪੁਲਿਸ ਨੂੰ ਮੱਦਦ ਲਈ ਕਿਹਾ, ਪਰ ਪੁਲਿਸ ਨਹੀਂ ਆਈ। ਇਸ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਅਤੇ ਕਈ ਵਿਅਕਤੀਆਂ ਨੇ ਠੰਡ ਵਿੱਚ ਉਨ੍ਹਾਂ ਦੇ ਘਰ ਅੱਗੇ ਇਕੱਠੇ ਹੋ ਕੇ ਰੱਖਿਆ ਕੀਤੀ। ਕਪੂਰ ਨੇ ਸੀਸੀਟੀਵੀ ਵੀਡੀਓ ਵੀ ਸਾਂਝੀ ਕੀਤੀ ਜਿਸ ਵਿੱਚ ਹਮਲਾਵਰ ਗੱਡੀਆਂ ਨੂੰ ਨੁਕਸਾਨ ਪਹੁੰਚਾਉਂਦੇ ਨਜ਼ਰ ਆ ਰਹੇ ਹਨ।
ਹਰਮਨ ਸਿੰਘ ਕਪੂਰ ਲੰਡਨ ਵਿੱਚ ਇੱਕ ਰੈਸਟੋਰੈਂਟ ਚਲਾਉਂਦੇ ਹਨ ਅਤੇ ਉਹ ਖ਼ਾਲਿਸਤਾਨ ਅੰਦੋਲਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵਿਰੋਧ ਵਿੱਚ ਖੁੱਲ੍ਹ ਕੇ ਬੋਲਦੇ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਖ਼ਾਲਿਸਤਾਨੀ ਕਟੜਵਾਦੀ ਹਨ ਤੇ ਸਿੱਖ ਧਰਮ ਨੂੰ ਬਦਨਾਮ ਕਰ ਰਹੇ ਹਨ। ਕਪੂਰ ਅਫਗਾਨਿਸਤਾਨ ਤੋਂ ਆਇਆ ਹੈ, ਜਿੱਥੇ ਉਸ ਨੇ ਅਫਗਾਨੀ ਕੱਟੜਵਾਦੀਆਂ ਦੇ ਖ਼ਿਲਾਫ਼ ਲੜਾਈ ਲੜੀ ਸੀ। ਉਹ ਕਹਿੰਦਾ ਹੈ ਕਿ ਖ਼ਾਲਿਸਤਾਨੀ ਵੀ ਉਸੇ ਤਰ੍ਹਾਂ ਦੇ ਰੈਡੀਕਲ ਵਿਚਾਰਾਂ ਨੂੰ ਉਤਸ਼ਾਹਿਤ ਕਰਦੇ ਹਨ ਜਿਨ੍ਹਾਂ ਤੋਂ ਉਹ ਭੱਜ ਕੇ ਅਫਗਾਨਿਸਤਾਨ ਛੱਡਕੇ ਇਥੇ ਆਏ ਹਨ। ਕਪੂਰ ਨੇ ਆਪਣੇ ਸੋਸ਼ਲ ਮੀਡੀਆ ਪੋਸਟਾਂ ਵਿੱਚ ਸੰਤ ਭਿੰਡਰਾਂਵਾਲਿਆਂ ਵਿਰੱੁਧ ਤਿੱਖੇ ਤੇ ਘਟੀਆ ਸ਼ਬਦ ਬੋਲੇ ਸਨ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਦਰਬਾਰ ਸਾਹਿਬ ਵਿੱਚ ਹਥਿਆਰਾਂ ਨਾਲ ਆਸਰਾ ਲੈ ਕੇ ਸਿੱਖ ਧਰਮ ਨੂੰ ਨੁਕਸਾਨ ਪਹੁੰਚਾਇਆ ਸੀ। ਜਦ ਕਿ ਅਕਾਲ ਤਖ਼ਤ ਸਾਹਿਬ ਤੋਂ ਸੰਤਾਂ ਨੂੰ ਮਹਾਨ ਜਰਨੈਲ ਕਰਾਰ ਦਿਤਾ ਸੀ
ਇਸ ਹਮਲੇ ਦਾ ਕਾਰਨ ਸਿੱਧੇ ਤੌਰ ’ਤੇ ਕਪੂਰ ਦੇ ਖ਼ਾਲਿਸਤਾਨ ਵਿਰੋਧੀ ਵਿਚਾਰ ਹਨ। ਉਹ ਲਗਾਤਾਰ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਖ਼ਾਲਿਸਤਾਨ ਨੂੰ ‘ਭੰਡਦਾ’ ਰਹਿੰਦਾ ਹੈ ਅਤੇ ਕਹਿੰਦਾ ਹੈ ਕਿ ਇਹ ਅੰਦੋਲਨ ਪਾਕਿਸਤਾਨੀ ਏਜੰਸੀ ਆਈਐੱਸਆਈ ਵੱਲੋਂ ਆਰਥਿਕ ਸਹਿਯੋਗ ਦਿਤਾ ਜਾਂਦਾ ਹੈ। ਉਨ੍ਹਾਂ ਨੂੰ ਪਹਿਲਾਂ ਵੀ ਧਮਕੀਆਂ ਮਿਲੀਆਂ ਹਨ। 2023 ਵਿੱਚ ਉਨ੍ਹਾਂ ਨੇ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਖ਼ਾਲਿਸਤਾਨ ਅੰਦੋਲਨ ਭਾਰਤ ਵਿੱਚ ਨਹੀਂ ਚੱਲ ਰਿਹਾ ਪਰ ਵਿਦੇਸ਼ਾਂ ਵਿੱਚ ਰਹਿਣ ਵਾਲੇ ਕੁਝ ਲੋਕ ਇਸ ਨੂੰ ਚਲਾਉਣਾ ਚਾਹੁੰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਮੌਤ ਦੀਆਂ ਧਮਕੀਆਂ ਮਿਲੀਆਂ, ਰੈਸਟੋਰੈਂਟ ਉਪਰ ਹਮਲਾ ਹੋਇਆ ਅਤੇ ਗੱਡੀ ’ਤੇ ਗੋਲੀਆਂ ਚੱਲੀਆਂ।
ਹਾਲ ਹੀ ਵਿੱਚ ਲਾਸ ਵੇਗਾਸ ਵਿੱਚ ਵੀ ਖਾਲਿਸਤਾਨ ਸਮਰਥਕਾਂ ਨੇ ਉਨ੍ਹਾਂ ਤੇ ਹਮਲਾ ਕੀਤਾ ਅਤੇ ਧੱਕਾ ਦਿੱਤਾ।
ਹਰਮਨ ਸਿੰਘ ਕਪੂਰ ਦੇ ਤਿੱਖੇ ਵਿਚਾਰਾਂ ਨੇ ਉਨ੍ਹਾਂ ਨੂੰ ਆਪਣੇ ਸਿੱਖ ਸਮਾਜ ਵਿੱਚੋਂ ਅਲੱਗ-ਥਲੱਗ ਕਰ ਦਿੱਤਾ ਹੈ। ਉਨ੍ਹਾਂ ਨੂੰ ਆਪਣੇ ਹੀ ਲੋਕਾਂ ਵੱਲੋਂ ‘ਗੱਦਾਰ’ ਕਿਹਾ ਜਾਂਦਾ ਹੈ ਕਿਉਂਕਿ ਉਹ ਖ਼ਾਲਿਸਤਾਨ ਤੇ ਸੰਤ ਭਿੰਡਰਾਂਵਾਲਿਆਂ ਦੇ ਵਿਰੋਧੀ ਹਨ।
ਕਪੂਰ ਨੇ ਕਿਹਾ ਹੈ ਕਿ ਮੈਟ ਪੁਲਿਸ ਅਪਰਾਧੀਆਂ ਨਾਲ ਮਿਲੀ ਹੋਈ ਹੈ ਅਤੇ ਉਨ੍ਹਾਂ ਨੂੰ ਸੁਰੱਖਿਆ ਨਹੀਂ ਮਿਲ ਰਹੀ। ਉਨ੍ਹਾਂ ਨੇ ਯੂ.ਕੇ. ਪ੍ਰਧਾਨ ਮੰਤਰੀ ਅਤੇ ਮੇਅਰ ਨੂੰ ਅਪੀਲ ਕੀਤੀ ਹੈ ਕਿ ਖ਼ਾਲਿਸਤਾਨੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।
ਇਹ ਘਟਨਾ ਸਿੱਖ ਡਾਇਸਪੋਰਾ ਵਿੱਚ ਚੱਲ ਰਹੇ ਵਿਵਾਦਾਂ ਦੀ ਇੱਕ ਮਿਸਾਲ ਹੈ ਅਤੇ ਇਸ ਨੂੰ ਹੱਲ ਕਰਨ ਲਈ ਸੰਵਾਦ ਦੀ ਲੋੜ ਹੈ। ਬਹੁਤੇ ਸਿੱਖ ਕਪੂਰ ਨੂੰ ਠੀਕ ਨਹੀ ਮੰਨ ਰਹੇ ਕਿ ਉਹ ਬੇਵਜਾ ਵਿਵਾਦ ਖੜੇ ਕਰ ਰਹੇ ਹਨ।
![]()
