ਲੱਚਰਤਾ ਤੋਂ ਦੂਰ ਰਹੇ ਨੌਜਵਾਨ ਪੀੜ੍ਹੀ : ਸਰਬਜੀਤ ਸਿੰਘ ਖ਼ਾਲਸਾ

In ਮੁੱਖ ਖ਼ਬਰਾਂ
June 20, 2025

ਮੋਗਾ/ਏ.ਟੀ.ਨਿਊਜ਼:
ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖ਼ਾਲਸਾ ਨੇ ਪਿਛਲੇ ਦਿਨੀਂ ਕਮਲ ਭਾਬੀ ਉਰਫ਼ ਕੰਚਨ ਕੁਮਾਰੀ ਦੀ ਹੱਤਿਆ ਮਾਮਲੇ ’ਚ ਕਥਿਤ ਸਾਜ਼ਿਸ਼ਘਾੜੇ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹ ਉਨ੍ਹਾਂ ਨਾਲ ਖੜ੍ਹੇ ਹਨ। ਇਸ ਦੌਰਾਨ ਸੰਸਦ ਮੈਂਬਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਵੱਲੋਂ ਚੁੱਕੇ ਕਦਮ ਨੂੰ ਸਿੱਖ ਕੌਮ ਲਈ ਵੱਡੀ ਕੁਰਬਾਨੀ ਕਰਾਰ ਦਿੱਤਾ।
ਉਨ੍ਹਾਂ ਕਿਹਾ ਕਿ ਜੋ ਸਿੱਖ ਕੌਮ ਲਈ ਕੰਮ ਕਰਦਾ ਹੈ, ਉਸ ਨੂੰ ਡਿਬਰੂਗੜ੍ਹ ਭੇਜ ਦਿੱਤਾ ਜਾਂਦਾ ਹੈ ਅਤੇ ਜੋ ਕੌਮ ਵਿਰੋਧੀ ਹੁੰਦਾ ਹੈ ਸਰਕਾਰ ਵੱਲੋਂ ਉਸ ਨੂੰ ਸੁਰੱਖਿਆ ਮਿਲਦੀ ਹੈ। ਉਨ੍ਹਾਂ ਕਿਹਾ ਕਿ ਉਹ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਪਰਿਵਾਰ ਨਾਲ ਹਨ। ਇਸ ਦੌਰਾਨ ਸਰਬਜੀਤ ਸਿੰਘ ਖ਼ਾਲਸਾ ਨੇ ਨੌਜਵਾਨ ਪੀੜ੍ਹੀ ਨੂੰ ਲੱਚਰਤਾ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਸਿੱਖੀ ਦੇ ਮੂਲ ਸਿਧਾਂਤਾਂ ਨੂੰ ਸਮਝਣਾ ਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ। ਲੱਚਰਤਾ ਫੈਲਾਉਣ ਵਾਲੀ ਸਮੱਗਰੀ ਤਾਂ ਹਰ ਕੋਈ ਸਾਂਝੀ ਕਰ ਦਿੰਦਾ ਹੈ ਪਰ ਸਮਾਜ ਨੂੰ ਸੇਧ ਦੇਣ ਵਾਲੀ ਸਮੱਗਰੀ ਅੱਗੇ ਨਹੀਂ ਪਹੁੰਚਾਈ ਜਾਂਦੀ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਬੱਚਿਆਂ ਅੱਗੇ ਪਰੋਸੀ ਜਾ ਰਹੀ ਗੰਦਗੀ ਨੂੰ ਰੋਕਣਾ ਜ਼ਰੂਰੀ ਹੈ ਤੇ ਇਸ ਲਈ ਲੋਕ ਲਹਿਰ ਸਮੇਂ ਦੀ ਜ਼ਰੂਰਤ ਹੈ।
ਉਨ੍ਹਾਂ ਪੰਜਾਬ ਸਰਕਾਰ ਕੋਲੋਂ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਸਮਾਜ ਵਿੱਚ ਫੈਲ ਰਹੀ ਲੱਚਰਤਾ ਰੋਕਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤਾ ਜਾਵੇ।

Loading