ਜੱਗਾ ਸਿੰਘ ਆਦਮਕੇ
ਰੁੱਖਾਂ ਦਾ ਮਨੁੱਖੀ ਜੀਵਨ ਲਈ ਬਹੁਪੱਖੀ ਮਹੱਤਵ ਹੈ। ਰੁੱਖ ਧਰਤੀ ਦੇ ਵਾਤਾਵਰਣ ਨੂੰ ਸਿਹਤਮੰਦ ਬਣਾਈ ਰੱਖਣ ਦੇ ਨਾਲ ਨਾਲ ਮਨੁੱਖ ਨੂੰ ਅਨੇਕਾਂ ਪੱਖਾਂ ਤੋਂ ਲਾਭ ਪਹੁੰਚਾਉਣ ਵਾਲੇ ਸਾਬਤ ਹੁੰਦੇ ਹਨ। ਇਹ ਠੰਡੀਆਂ ਛਾਵਾਂ ਵੰਡਣ ਦੇ ਨਾਲ ਨਾਲ ਵੱਖ- ਵੱਖ ਤਰ੍ਹਾਂ ਦੇ ਸੁਆਦੀ ਫਲ ਪ੍ਰਦਾਨ ਕਰਦੇ ਹਨ। ਕੁਝ ਰੁੱਖਾਂ ਨੂੰ ਲੱਗਦੇ ਸੁੰਦਰ ਫੁੱਲ ਸਾਡੇ ਆਸ ਪਾਸ ਨੂੰ ਸੁੰਦਰ ਬਣਾਉਣ ਅਤੇ ਮਹਿਕਾਉਣ ਦਾ ਕੰਮ ਕਰਦੇ ਹਨ। ਰੁੱਖ ਪੰਛੀਆਂ ਦੇ ਰਹਿਣ ਲਈ ਥਾਂ ਪ੍ਰਦਾਨ ਕਰਦੇ ਹਨ। ਇਹ ਦਵਾਈਆਂ ਪ੍ਰਦਾਨ ਕਰਨ ਦੇ ਨਾਲ ਨਾਲ ਵੱਖ- ਵੱਖ ਉਦੇਸ਼ਾਂ ਲਈ ਲੱਕੜੀ ਪ੍ਰਦਾਨ ਕਰਦੇ ਹਨ।
ਪੰਜਾਬ ਵਿੱਚ ਬਹੁਤ ਸਾਰੀਆਂ ਕਿਸਮਾਂ ਦੇ ਰੁੱਖ ਮਿਲਦੇ ਹਨ। ਇਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਰੁੱਖ ਹੈ ‘ਟਾਹਲੀ’। ਟਾਹਲੀ ਦੇ ਰੁੱਖ ਨੂੰ ਭਾਵੇਂ ਫਲ ਨਹੀਂ ਲੱਗਦਾ, ਪ੍ਰੰਤੂ ਇਸ ਦੀ ਲੱਕੜ ਬਹੁਤ ਜ਼ਿਆਦਾ ਉਪਯੋਗੀ, ਹੰਢਣਸਾਰ ਅਤੇ ਟਿਕਾਉ ਹੈ। ਇਸ ਦਾ ਵਿਗਿਆਨਕ ਨਾਂ ‘ਡੈਲਬਰਗੀਆ ਲੈਟੀਫੋੋਲੀਆ’ ਹੈ। ਇਹ ਰੁੱਖ ਆਪਣੇ ਬਹੁਪੱਖੀ ਗੁਣਾਂ ਕਾਰਨ ਪੰਜਾਬੀ ਜਨ ਜੀਵਨ ਅਤੇ ਸੱਭਿਆਚਾਰ ਵਿੱਚ ਵੀ ਮਹੱਤਵ ਰੱਖਣ ਵਾਲਾ ਰੁੱਖ ਹੈ। ਇਸ ਦੇ ਬਹੁਪੱਖੀ ਮਹੱਤਵ ਕਾਰਨ ਇਸ ਨੂੰ ਪੰਜਾਬ ਦੇ ਰਾਜ ਰੁੱਖ ਹੋਣ ਦਾ ਮਾਣ ਵੀ ਪ੍ਰਾਪਤ ਹੈ। ਟਾਹਲੀ ਦਾ ਰੁੱਖ ਦੱਖਣੀ ਏਸ਼ੀਆ ਦੇ ਕੁਝ ਹਿੱਸੇ ਤੇ ਖ਼ਾਸ ਕਰਕੇ ਭਾਰਤ ਦੇ ਨੀਮ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਮਿਲਦਾ ਹੈ।
ਜਨ ਜੀਵਨ ਵਿੱਚ ਮਹੱਤਵ ਰੱਖਣ ਵਾਲੀਆਂ ਹੋਰਨਾਂ ਵਸਤੂਆਂ, ਰੁੱਖਾਂ ਵਾਂਗ ਟਾਹਲੀ ਦਾ ਵਰਣਨ ਲੋਕ ਬੋਲੀਆਂ ਤੇ ਲੋਕ ਗੀਤਾਂ ਵਿੱਚ ਵੱਖ ਵੱਖ ਤਰੀਕਿਆਂ ਨਾਲ ਮਿਲਦਾ ਹੈ;
ਇੱਕ ਰੁੱਖ ਲਾਇਆ ਵੇ ਟਾਹਲੀ ਦਾ
ਮੋਹ ਪ੍ਰਦੇਸੀਆ ਵੇ ਨਾਲ ਕਮਾਈ
ਖ਼ਿਆਲ ਭੁੱਲ ਗਿਆ ਘਰਵਾਲੀ ਦਾ
ਟਾਹਲੀ ਆਪਣੇ ਬੁਹਪੱਖੀ ਮਹੱਤਵ ਕਾਰਨ ਪੰਜਾਬੀ ਜਨ ਜੀਵਨ ਵਿੱਚ ਸਮਾਈ ਹੋਈ ਹੈ। ਟਾਹਲੀ ਦੇ ਹੋਰਨਾਂ ਮਹੱਤਵਾਂ ਦੇ ਨਾਲ ਨਾਲ ਇਹ ਆਪਣੀਆਂ ਸੰਘਣੀਆਂ ਟਾਹਣੀਆਂ ਤੇ ਪੱਤਿਆਂ ਕਾਰਨ ਪੰਛੀਆਂ ਲਈ ਰਹਿਣ ਦਾ ਟਿਕਾਣਾ ਬਣਦੀ ਹੈ। ਇਸ ਕਰਕੇ ਅਜਿਹੇ ਪੱਖ ਕਾਰਨ ਲੋਕ ਗੀਤਾਂ ਵਿੱਚ ਟਾਹਲੀ ਦਾ ਵੱਖ ਵੱਖ ਸੰਦਰਭਾਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;
ਘਰ ਵਿੱਚ ਇੱਕ ਰੁੱਖ ਲਗਾਇਆ
ਰੁੱਖ ਲਗਾਇਆ ਟਾਹਲੀ ਦਾ
ਆਉਂਦੇ ਭਾਂਤ ਭਾਂਤ ਦੇ ਪੰਛੀ
ਮਾਹੀ ਮੇਰਾ ਦੂਰ ਵਸੇ
ਉਨ੍ਹਾਂ ਨਾਲ ਜੀਅ ਪ੍ਰਚਾ ਲਈ ਦਾ
ਟਾਹਲੀ ਦਾ ਰੁੱਖ ਵਧੇਰੇ ਪਾਣੀ ਵਾਲੀਆਂ ਥਾਵਾਂ ’ਤੇ ਆਮ ਕਰਕੇ ਪਣਪਦਾ ਹੈ। ਅਜਿਹਾ ਹੋਣ ਕਾਰਨ ਇਹ ਸੂਇਆਂ, ਕੱਸੀਆਂ ਕਿਨਾਰੇ ਕਾਫ਼ੀ ਗਿਣਤੀ ਵਿੱਚ ਮਿਲਦਾ ਹੈ। ਇਸ ਦੇ ਅਜਿਹੇ ਪੱਖ ਕਾਰਨ ਇਸ ਦਾ ਜ਼ਿਕਰ ਲੋਕ ਬੋਲੀਆਂ, ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਮਿਲਦਾ ਹੈ;
ਵਗਦੇ ਦਰਿਆ ਦੇ ਕੰਢੇ ਕਿੰਨੀਆਂ ਵੇ ਟਾਹਲੀਆਂ
ਖਾ ਗਏ ਗ਼ਮ ਤੇ ਉੱਡ ਗਈਆਂ ਮੁੱਖੜੇ ਦੀਆਂ ਲਾਲੀਆਂ
ਪੰਜਾਬ ਵਿੱਚ ਪਤਝੜ ਦੀ ਰੁੱਤ ਆਉਣ ’ਤੇ ਵੱਖ ਵੱਖ ਰੁੱਖਾਂ ਦੇ ਪੱਤੇ ਝੜ ਜਾਂਦੇ ਹਨ। ਹੋਰਨਾਂ ਰੁੱਖਾਂ ਵਾਂਗ ਟਾਹਲੀ ’ਤੇ ਵੀ ਪਤਝੜ ਆਉਂਦੀ ਹੈ। ਟਾਹਲੀ ਦੇ ਅਜਿਹੇ ਪੱਖ ਰਾਹੀਂ ਲੋਕ ਗੀਤਾਂ, ਟੱਪਿਆਂ ਵਿੱਚ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ;
ਪਤਝੜ ਆਈ ਤੇ ਟਾਹਲੀ ਦੇ ਝੜੇ ਪੱਤੇ ਹਾਣੀਆਂ
ਤੂੰ ਕਦੋਂ ਆਉਣਾ, ਨਾ ਦੱਸੇ ਹਾਣੀਆਂ
ਟਾਹਲੀ ਸਬੰਧੀ ਵੱਖ ਵੱਖ ਪੰਜਾਬੀ ਲੋਕ ਗੀਤਾਂ, ਟੱਪਿਆਂ ਵਿੱਚ ਵੱਖ ਵੱਖ ਸੰਦਰਭਾਂ ਵਿੱਚ ਜ਼ਿਕਰ ਮਿਲਦਾ ਹੈ। ਕਦੇ ਵਿਆਹ ਸਮੇਂ ਗਾਈਆਂ ਜਾਂਦੀਆਂ ਸਿੱਠਣੀਆਂ ਵਿੱਚ ਟਾਹਲੀ ਰਾਹੀਂ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ;
ਜਾਨੀ ਓਸ ਪਿੰਡੋਂ ਆਏ, ਜਿੱਥੇ ਟਾਹਲੀ ਵੀ ਨਾ
ਇਨ੍ਹਾਂ ਦੇ ਪੀਲੇ ਡੱਡੂਆਂ ਵਰਗੇ ਮੂੰਹ ਉੱਤੇ ਲਾਲੀ ਵੀ ਨਾ
ਟਾਹਲੀ ਦੀ ਲੱਕੜ ਬਹੁਉਪਯੋਗੀ ਹੈ। ਇਸ ਦੀ ਵਰਤੋਂ ਕਰਕੇ ਵੱਖ ਵੱਖ ਤਰ੍ਹਾਂ ਦਾ ਫਰਨੀਚਰ ਬਣਾਇਆ ਜਾਂਦਾ ਹੈੈ। ਭਾਵੇਂ ਚਰਖਾ ਬਣਾਉਣ ਲਈ ਰਹੂੜੀ ਦੀ ਲੱਕੜ ਉਪਯੋਗੀ ਮੰਨੀ ਜਾਂਦੀ ਰਹੀ ਹੈ, ਪ੍ਰੰਤੂ ਟਾਹਲੀ ਦੀ ਲੱਕੜ ਦੀ ਸਫ਼ਾਈ ਅਤੇ ਹੰਢਣਸਾਰਤਾ ਦੇ ਕਾਰਨ ਇਹ ਚਰਖੇ ਬਣਾਉਣ ਲਈ ਵੀ ਉਪਯੋਗ ਕੀਤੀ ਜਾਂਦੀ ਸੀ। ਇਸ ਦੇ ਅਜਿਹੇ ਪੱਖ ਕਾਰਨ ਲੋਕ ਬੋਲੀਆਂ, ਟੱਪਿਆਂ ਵਿੱਚ ਜ਼ਿਕਰ ਕੁਝ ਇਸ ਪ੍ਰਕਾਰ ਮਿਲਦਾ ਹੈ;
ਚਰਖਾ ਟਾਹਲੀ ਦਾ
ਵੀਰ ਜਾ ਕੇ ਸੁਨਾਮੋਂ ਲਿਆਇਆ
ਚਰਖਾ ਟਾਹਲੀ ਦਾ
ਟਾਹਲੀ ਦਾ ਰੁੱਖ ਆਮ ਕਰਕੇ ਪਾਣੀ ਦੇ ਸਰੋਤਾਂ ਦੇ ਕਿਨਾਰੇ ਪਣਪਦਾ ਅਤੇ ਵਧਦਾ ਫੁੱਲਦਾ ਹੈ, ਪ੍ਰੰਤੂ ਕਈ ਵਾਰ ਸ਼ਾਮਲਾਟ ਵਰਗੀਆਂ ਹੋਰ ਵੀ ਸਾਂਝੀਆਂ ਥਾਵਾਂ ’ਤੇ ਆਪਣੇ ਆਪ ਹੀ ਕੁਦਰਤੀ ਰੂਪ ਵਿੱਚ ਉਤਪੰਨ ਹੁੰਦੀ ਤੇ ਵਧਦੀ ਫੁੱਲਦੀ ਹੈ। ਅਜਿਹਾ ਹੋਣ ਕਾਰਨ ਜੇਕਰ ਕੋਈ ਅਜਿਹੀ ਟਾਹਲੀ ਨੂੰ ਵੱਢਦਾ ਹੈੈ ਤਾਂ ਕਿਸੇ ਵੱਲੋਂ ਸਬੰਧਤ ਨੂੰ ਕੁਝ ਇਸ ਤਰ੍ਹਾਂ ਕਹਿੰਦਿਆਂ ਟਾਹਲੀ ਵੱਢਣ ਤੋਂ ਰੋਕਣ ਸਬੰਧੀ ਟੱਪਿਆਂ ਤੇ ਬੋਲੀਆਂ ਵਿੱਚ ਮਿਲਦਾ ਹੈ;
ਨਾ ਤੂੰ ਲਗਾਈ
ਨਾ ਤੂੰ ਸੰਭਾਲੀ
ਵੀਰਾ ਵੱਢ ਨਾ ਵੇ
ਸ਼ਾਮਲਾਟ ਦੀ ਟਾਹਲੀ
ਟਾਹਲੀ ਸਬੰਧੀ ਬਹੁਤ ਸਾਰੀਆਂ ਗੱਲਾਂ ਪ੍ਰਸਿੱਧ ਹਨ, ਉਨ੍ਹਾਂ ਵਿੱਚੋਂ ਇੱਕ ਇਹ ਕਿ ਪਾਂਡੂ ਮਿੱਟੀ ਵਾਲੀ ਧਰਤੀ ਵਿੱਚ ਲੱਗੀ ਟਾਹਲੀ ਦੀ ਲੱਕੜ ਵਧੇਰੇ ਮਜ਼ਬੂਤ ਹੁੰਦੀ ਹੈ। ਟਾਹਲੀ ਦੇ ਰੁੱਖ ਸਬੰਧੀ ਪੰਜਾਬੀ ਲੋਕ ਗੀਤਾਂ ਵਿੱਚ ਵੱਖ ਵੱਖ ਰੂਪਾਂ ਵਿੱਚ ਵਰਣਨ ਕੀਤਾ ਮਿਲਦਾ ਹੈ;
ਵਿੱਚ ਕੱਲਰ ਦੇ ਲੱਗ ਗਈ ਟਾਹਲੀ
ਹੱਥ ਹੱਥ ਨਿੱਤ ਵਧਦੀ ਜਾਵੇ।
ਆਉਂਦੇ ਰਾਹੀਆ ਘੜਾ ਚੁਕਾ ਜਾ
ਕਿਹੜੇ ਵੇਲੇ ਦਾ ਨਾ ਕੋਈ ਚੁਕਾਵੇ।
ਖੜ੍ਹੀ ਮੇਰੀ ਦਾ ਤਨ ਥੱਕ ਗਿਆ
ਥੱਲੇ ਸੇਕ ਤਲੀਆਂ ਵਿੱਚੋਂ ਆਵੇ।
ਰੂਪ ਕੁਆਰੀ ਦਾ
ਕਿੱਥੇ ਝੱਲਿਆ ਜਾਵੇ।
ਪੰਜਾਬ ਦੇ ਖੇਤਾਂ ਦੇ ਖਾਲਾਂ ਵੱਟਾਂ ਉੱਤੇ ਟਾਹਲੀਆਂ ਦੇ ਰੁੱਖ ਵੱਡੀ ਮਾਤਰਾ ਵਿੱਚ ਮਿਲਦੇ ਹਨ। ਟਾਹਲੀਆਂ ਰਾਹੀਂ ਪੰਜਾਬੀ ਟੱਪਿਆਂ, ਬੋਲੀਆਂ ਵਿੱਚ ਕੁਝ ਇਸ ਤਰ੍ਹਾਂ ਕਿਹਾ ਮਿਲਦਾ ਹੈ;
ਪੈਲੀਆਂ ਦੇ ਬੰਨੇ ਬੰਨੇ ਟਾਹਲੀਆਂ ਦੀ ਡਾਰ ਗੋਰੀਏ
ਕਦੇ ਤਾਂ ਤੂੰ ਆ ਨੀਂ ਗੇੜਾ ਮਾਰ ਗੋਰੀਏ
ਸੰਘਣੀ ਛਾਂ, ਸੰਘਣੀਆਂ ਟਾਹਣੀਆਂ ਕਾਰਨ ਟਾਹਲੀ ਉੱਤੇ ਵੱਖ ਵੱਖ ਪੰਛੀਆਂ ਦੀ ਆਵਾਜਾਈ ਰਹਿੰਦੀ ਹੈ ਅਤੇ ਉਨ੍ਹਾਂ ਦੀਆਂ ਵੱਖ ਵੱਖ ਆਵਾਜ਼ਾਂ ਸੁਣਾਈ ਦਿੰਦੀਆਂ ਹਨ। ਕਿਸੇ ਨੂੰ ਟਾਹਲੀ ਉੱਤੇ ਅਜਿਹੇ ਸਮੇਂ ਬੋਲਦੀ ਘੁੱਗੀ ਦਾ ਵੀ ਕੋਈ ਅਰਥ ਵਿਖਾਈ ਦਿੰਦਾ ਹੈ;
ਉੱਚੀ ਟਾਹਲੀ ’ਤੇ ਗਾਉਂਦੀਏ ਘੁੱਗੀਏ
ਦੱਸ ਕਿਸ ਨੂੰ ਇਹ ਸੁਣਾਉਂਦੀ ਘੁੱਗੀਏ
ਕੀ ਤੈਨੂੰ ਵੀ ਮਾਹੀਏ ਦੀ ਯਾਦ ਆਉਂਦੀ ਘੁੱਗੀਏ
ਟਾਹਲੀਆਂ ਦੀ ਛਾਂ ਕਾਫ਼ੀ ਸੰਘਣੀ ਹੁੰਦੀ ਹੈ, ਇਨ੍ਹਾਂ ਦੀ ਹਰਿਆਲੀ ਮਨਾਂ ਨੂੰ ਸਕੂਨ ਪਹੁੰਚਾਉਣ ਵਾਲੀ ਸਾਬਤ ਹੁੰਦੀ ਹੈ। ਅਜਿਹਾ ਹੋਣ ਕਾਰਨ ਬੱਚਿਆਂ ਦੇ ਖੇਡਣ ਅਤੇ ਕੁੜੀਆਂ ਦੇ ਪੀਘਾਂ ਪਾਉਣ ਲਈ ਵੀ ਕੰਮ ਆਉਂਦੀਆਂ ਹਨ। ਟਾਹਲੀ ਦੇ ਅਜਿਹੇ ਪੱਖ ਸਬੰਧੀ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;
ਉੱਚੀਆਂ ਲੰਮੀਆਂ ਟਾਹਲੀਆਂ
ਉੱਤੇ ਕੁੜੀਆਂ ਪੀਘਾਂ ਪਾਈਆਂ
ਪੀਘਾਂ ਝੂਟਣ ਚਾਈਂ ਚਾਈਂ
ਪੀਘਾਂ ਖੂਬ ਚੜ੍ਹਾਈਆਂ
ਡਿੱਗਣ ਦਾ ਨਾ ਡਰ ਕੋਈ
ਚੰਗੀਆਂ ਨੀਂ ਐਨੀਆਂ ਬੇਪ੍ਰਵਾਹੀਆਂ
ਟਾਹਲੀ ਦੀ ਲੱਕੜ ਮਜ਼ਬੂਤ ਹੋਣ ਕਾਰਨ ਇਸ ਦੀ ਵਰਤੋਂ ਫਰਨੀਚਰ ਦੇ ਨਿਰਮਾਣ ਲਈ ਕਰਨ ਦੇ ਨਾਲ ਨਾਲ ਦੂਸਰੀਆਂ ਘਰੇਲੂ ਉਪਯੋਗ ਦੀਆਂ ਵਸਤੂਆਂ ਬਣਾਉਣ ਲਈ ਵੀ ਕੀਤੀ ਜਾਂਦੀ ਰਹੀ ਹੈ। ਘਰ ਦੇ ਮੰਜਿਆਂ, ਪੀੜ੍ਹੀਆਂ ਦੇ ਪਾਵੇ ਬਣਾਉਣ ਲਈ ਵੀ ਟਾਹਲੀ ਦੀ ਲੱਕੜ ਉਪਯੋਗ ਕੀਤੀ ਜਾਂਦੀ ਰਹੀ ਹੈ।
ਇਸ ਤਰ੍ਹਾਂ ਟਾਹਲੀ ਪੰਜਾਬ ਦਾ ਇੱਕ ਮਹੱਤਵਪੂਰਨ ਰੁੱਖ ਹੈ। ਵਾਤਾਵਰਨਿਕ ਰੂਪ ਵਿੱਚ ਉਪਯੋਗੀ ਹੋਣ ਦੇ ਨਾਲ ਨਾਲ ਆਰਥਿਕ ਪੱਖ ਤੋਂ ਵੀ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਦੀ ਰੇਸ਼ੇਦਾਰ ਤੇ ਮਜ਼ਬੂਤ ਲੱਕੜ ਫਰਨੀਚਰ ਦੇ ਨਿਰਮਾਣ ਲਈ ਉਪਯੋਗੀ ਹੈ। ਇਸ ਦਾ ਪੰਜਾਬੀ ਜੀਵਨ ਵਿੱਚ ਮਹੱਤਵ ਦਾ ਅਨੁਮਾਨ ਇਸ ਦਾ ਪੰਜਾਬੀ ਲੋਕ ਗੀਤਾਂ, ਬੋਲੀਆਂ, ਟੱਪਿਆਂ ਵਿੱਚ ਮਿਲਦੇ ਜ਼ਿਕਰ ਤੋਂ ਲਗਾਇਆ ਜਾ ਸਕਦਾ ਹੈ।
![]()
