ਜਤਿੰਦਰ ਮੋਹਨ :
ਟੋਭੇ ਕੋਲ ਇੱਕ ਪਾਸੇ ਇੱਕ ਨੁੱਕਰ ’ਤੇ ਬੋਹੜ ਦਾ ਵੱਡਾ ਦਰੱਖਤ ਲੱਗਾ ਹੋਣ ਕਰਕੇ ਉੱਥੇ ਲੋਕਾਂ ਦਾ ਬੈਠਣਾ ਸੁਭਾਵਿਕ ਹੀ ਸੀ ਕਿਉਂਕਿ ਕੁਝ ਲੋਕ ਪਸ਼ੂ ਲੈ ਕੇ ਛੱਪੜ ’ਤੇ ਆ ਜਾਂਦੇ ਅਤੇ ਕੁਝ ਆਪਣਾ ਟਾਈਮ ਪਾਸ ਕਰਨ ਵਾਸਤੇ ਆਉਂਦੇ। ਇਸ ਥਾਂ ’ਤੇ ਲੋਕਾਂ ਨੇ ਇੱਕ ਥੜ੍ਹਾ ਬਣਾ ਲਿਆ ਸੀ ਤਾਂ ਕਿ ਉੱਥੇ ਸਾਰੇ ਬੈਠ ਸਕਣ। ਇੱਥੇ ਬੈਠ ਕੇ ਲੋਕ ਤਾਸ਼ ਖੇਡਦੇ ਦੁੱਖ ਸੁੱਖ ਦੀਆਂ ਗੱਲਾਂ ਕਰਦੇ।
ਇਸੇ ਤਰ੍ਹਾਂ ਇੱਕ ਦਿਨ ਮੁੰਡੇ ਅਤੇ ਅੱਧਖੜ੍ਹ ਤਾਸ਼ ਦੀ ਖੇਡ ਦਾ ਆਨੰਦ ਲੈ ਰਹੇ ਸਨ ਅਤੇ ਬਜ਼ੁਰਗ ਇੱਕ ਪਾਸੇ ਬੈਠ ਕੇ ਗੱਲਾਂ ਕਰ ਰਹੇ ਸਨ। ਬਹੁਤ ਹੀ ਖ਼ੁਸ਼ਗਵਾਰ ਮਾਹੌਲ ਸੀ। ਅਚਾਨਕ ਇੱਕ ਧਾਰਮਿਕ ਸਥਾਨ ਤੋਂ ਕੋਈ ਸੂਚਨਾ ਸੁਣੀ। ਸਾਰਿਆਂ ਦੇ ਕੰਨ ਖੜ੍ਹੇ ਹੋ ਗਏ। ਆਮ ਕਰਕੇ ਪਿੰਡਾਂ ਵਿੱਚ ਸੂਚਨਾਵਾਂ ਸ਼ਾਮ ਵੇਲੇ ਜਾਂ ਫਿਰ ਅੰਮ੍ਰਿਤ ਵੇਲੇ ਹੀ ਬੋਲੀਆਂ ਜਾਂਦੀਆਂ ਹਨ ਪਰ ਦੁਪਹਿਰ ਦੀ ਸੂਚਨਾ ਜ਼ਰੂਰ ਬਿਪਤਾ ਦੀ ਸੂਚਕ ਹੀ ਹੁੰਦੀ ਹੈ। ਇਸ ਲਈ ਸਭ ਨੇ ਕੰਨ ਖੋਲ੍ਹ ਕੇ ਸੂਚਨਾ ਸੁਣਨੀ ਸ਼ੁਰੂ ਕਰ ਦਿੱਤੀ।
ਸੂਚਨਾ ਦੇਣ ਵਾਲੇ ਨੇ ਸੰਬੋਧਨ ਕਰਦੇ ਹੋਏ ਕਿਹਾ, ‘‘ਨਗਰ ਨਿਵਾਸੀਓ, ਤੁਹਾਨੂੰ ਬੜੇ ਹੀ ਦੁੱਖ ਨਾਲ ਦੱਸਿਆ ਜਾਂਦਾ ਹੈ ਕਿ ਆਪਣੇ ਪਿੰਡ ਦੇ ਮੱਘਰ ਸਿੰਘ ਦਾ ਲੜਕਾ ਸਵਰਗ ਸਿਧਾਰ ਗਿਆ ਹੈ। ਕੁਝ ਚਿਰ ਬਾਅਦ ਉਸ ਦਾ ਸਸਕਾਰ ਹੋਵੇਗਾ ਸੋ ਸਭ ਨੇ ਦੁੱਖ ਦੀ ਘੜੀ ਵਿੱਚ ਪਹੁੰਚਣਾ ਹੈ ਜੀ।’’ ਸੂਚਨਾ ਸੁਣਦਿਆਂ ਸਾਰ ਹੀ ਤਾਸ਼ ਖੇਡਣ ਵਾਲਿਆਂ ਦੇ ਹੱਥਾਂ ਵਿੱਚ ਪੱਤੇ ਫੜੇ ਹੀ ਰਹਿ ਗਏ ਤੇ ਇਉਂ ਜਿਵੇਂ ਸੁੰਨ ਹੀ ਹੋ ਗਏ ਹੋਣ। ਇਸੇ ਭੀੜ ਵਿੱਚ ਬੈਠਾ ਸੁਰਜਨ ਸਿੰਘ ਉੱਚੀ ਉੱਚੀ ਰੋਣ ਲੱਗਾ ਤਾਂ ਵਿੱਚੋਂ ਕਿਸੇ ਨੇ ਪੁੱਛਿਆ, ‘‘ਤਾਇਆ ਕਿਉਂ ਰੋਨੈ?’’
ਏਨਾ ਪੁੱਛਣ ’ਤੇ ਉਸ ਦਾ ਰੋਣ ਹੋਰ ਵੀ ਵਧ ਗਿਆ।
‘‘ਤਾਇਆ ਕਿਉਂ ਕਮਲਾ ਹੋ ਗਿਆ ਉਹਨੇ ਤਾਂ ਮਰਨਾ ਹੀ ਸੀ। ਜਦੋਂ ਨਸ਼ੇ ਦਾ ਖਹਿੜਾ ਹੀ ਨਾ ਛੱਡਿਆ।’’
‘‘ਨਹੀਂ ਪੁੱਤ!’’ ਉਸ ਤੋਂ ਅੱਗੇ ਨਾ ਬੋਲਿਆ ਗਿਆ।
‘‘ਬਾਬਾ, ਤੇਰੇ ਟੱਬਰ ਵਿੱਚ ਨਾ ਕੋਈ ਨਸ਼ਾ ਕਰਦੈ ਤੇ ਨਾ ਕੋਈ ਪਹਿਲਾਂ ਕਰਦਾ ਸੀ। ਫਿਰ ਤੂੰ ਮਨ ਕਿਉਂ ਖਰਾਬ ਕਰਦੈਂ?’’ ਇੱਕ ਬੋਲਿਆ।
‘‘ਉਂਝ ਤਾਂ ਇਸ ਕੰਮ ਤੋਂ ਆਪਣਾ ਸਾਰਾ ਵਿਹੜਾ ਹੀ ਬਚਿਆ ਹੋਇਐ। ਸਾਰੇ ਜਵਾਕ ਹਾਲ ਦੀ ਘੜੀ ਸ਼ੁੱਧ ਨੇ।’’ ਗੁਰਮੁਖ ਸਿੰਘ ਬੋਲਿਆ।
‘‘ਬੱਚਿਓ! ਤੁਸੀਂ ਹਾਲੇ ਨਿਆਣੇ ਹੋ। ਅੱਗ ਲੱਗੀ ਤੋਂ ਜੇ ਹਨੇਰੀ ਚੱਲ ਪਵੇ ਤਾਂ ਸਾਰੇ ਹੀ ਚਪੇਟ ’ਚ ਆ ਜਾਂਦੇ ਨੇ। ਫਿਰ ਤੁਹਾਨੂੰ ਪਤਾ ਹੀ ਹੈ ਕਿ ਬਚਦਾ ਕੀ ਹੈ? ਸਭ ਕੁਝ ਤਬਾਹ ਹੋ ਜਾਂਦਾ ਹੈ।’’
‘‘ਗੱਲ ਤਾਂ ਤਾਇਆ ਤੇਰੀ ਠੀਕ ਐ ਪਰ ਆਪਾਂ ਕਰ ਕੀ ਸਕਦੇ ਹਾਂ?’’
‘‘ਆਪਾਂ ਸਾਰੇ ਰਲ ਕੇ ਸਭ ਕੁਝ ਕਰ ਸਕਦੇ ਹਾਂ।’’
‘‘ਇਹ ਤੁਸੀਂ ਕੀ ਕਹਿ ਰਹੇ ਹੋ ਬਾਬਾ ਜੀ?’’ ਇੱਕ ਨੌਜਵਾਨ ਬੋਲਿਆ।
‘‘ਹਾਂ, ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹੋ?’’
‘‘ਕਿਵੇਂ?’’ ਸਭ ਉਤਸੁਕ ਹੋ ਕੇ ਪੁੱਛਣ ਲੱਗੇ।
‘‘ਆਪਣੇ ਪਿੰਡ ਦਾ ਇਹ ਕਿੰਨਵਾਂ ਮੁੰਡੈ?’’
‘‘ਪੰਜਵਾਂ!’’
‘‘ਫਿਰ ਵੀ ਦੇਖ ਲਓ ਆਪਾਂ ਕੋਈ ਉਪਰਾਲਾ ਨਹੀਂ ਕੀਤਾ?’’
‘‘ਆਪਾਂ ਕੀ ਕਰ ਸਕਦੇ ਆਂ? ਇਹ ਤਾਂ ਪੁਲਿਸ ਦਾ ਕੰਮ ਐ।’’
‘‘ਆਪਾਂ ਕੁਝ ਨਹੀਂ ਕਰ ਸਕਦੇ?’’
‘‘ਆਪਾਂ?’’
‘‘ਆਪਾਂ ਬਹੁਤ ਕੁਝ ਕਰ ਸਕਦੇ ਹਾਂ।’’
‘‘ਕਿਵੇਂ?’’
‘‘ਦਰਅਸਲ, ਪੁਲਿਸ ਕਿਸੇ ਅਪਰਾਧ ਨੂੰ ਓਨਾ ਚਿਰ ਨਹੀਂ ਰੋਕ ਸਕਦੀ ਜਿੰਨਾ ਚਿਰ ਆਪਸੀ ਸਹਿਯੋਗ ਨਾ ਹੋਵੇ।’’
‘‘ਆਪਾਂ ਕੀ ਸਹਿਯੋਗ ਦੇ ਸਕਦੇ ਆਂ?’’
‘‘ਜਦੋਂ ਵੀ ਕੋਈ ਪਿੰਡ ਵਿੱਚ ਨਸ਼ਾ ਵੇਚਣ ਵਾਲਾ ਆਉਂਦਾ ਹੈ ਤਾਂ ਆਪਾਂ ਨੂੰ ਰੋਕਣਾ ਚਾਹੀਦਾ ਹੈ। ਇਸ ਕੰਮ ਵਾਸਤੇ ਸਾਰਿਆਂ ਨੂੰ ਇਕੱਠੇ ਹੋ ਕੇ ਚੱਲਣਾ ਚਾਹੀਦਾ ਹੈ। ਕਿਸੇ ਵੀ ਧਰਮ ਅਤੇ ਜਾਤ ਦਾ ਕੋਈ ਵੀ ਬੱਚਾ ਹੋਵੇ ਜੋ ਕੋਈ ਨਸ਼ਾ ਕਰਦਾ ਹੈ ਤਾਂ ਉਸ ਨੂੰ ਸਮਝਾ ਕੇ ਬਚਾਉਣ ਦੀ ਕੋਸ਼ਿਸ਼ ਕਰੋ ਅਤੇ ਬਚਾਓ। ਉਧਰ ਨਸ਼ਾ ਤਸਕਰਾਂ ਦਾ ਚਾਹੇ ਕੋਈ ਰਿਸ਼ਤੇਦਾਰ ਵੀ ਹੋਵੇ ਮੁਕੰਮਲ ਬਾਈਕਾਟ ਕਰੋ। ਆਪਣੇ ਅਤੇ ਦੂਜਿਆਂ ਦੇ ਬੱਚਿਆਂ ’ਤੇ ਨਜ਼ਰ ਰੱਖੋ। ਸਾਰੇ ਬੱਚੇ ਆਪਣੇ ਹੀ ਹਨ।’’
‘‘ਤਾਇਆ, ਅੱਜਕੱਲ੍ਹ ਕਿਸੇ ਨੂੰ ਕਹਿਣ ਦਾ ਵਕਤ ਨਹੀਂ। ਕਿਸੇ ਨੂੰ ਕਹਿੰਦੇ ਆਂ ਕਿ ਤੁਹਾਡਾ ਮੁੰਡਾ ਨਸ਼ਾ ਕਰਦੈ ਤਾਂ ਅਗਲਾ ਗੁੱਸਾ ਕਰਦੈ।’’
‘‘ਗੱਲ ਤਾਂ ਸ਼ੇਰਾ ਤੇਰੀ ਠੀਕ ਹੈ ਪਰ ਆਪਣਾ ਫ਼ਰਜ਼ ਪਛਾਣੋ। ਸਭ ਨੂੰ ਸੁਚੇਤ ਕਰੋ। ਗੁੱਸਾ ਛੱਡ ਕੇ ਪਿੰਡ ਦੇ ਸੁਧਾਰ ਵੱਲ ਧਿਆਨ ਦਿਓ।’’ ਇਹ ਕਹਿ ਕੇ ਸੁਰਜਨ ਸਿੰਘ ਦਾ ਮਨ ਫਿਰ ਭਰ ਆਇਆ।
‘‘ਤਾਇਆ, ਰੋ ਨਾ। ਅਸੀਂ ਸਾਰੇ ਕੋਸ਼ਿਸ਼ ਕਰਾਂਗੇ,’’ ਸਾਰਿਆਂ ਨੇ ਸੁਰਜਨ ਸਿੰਘ ਨੂੰ ਬਚਨ ਦਿੱਤਾ।
‘‘ਓਏ ਪੁੱਤਰੋ! ਮੈਨੂੰ ਇਹ ਡਰ ਹੈ ਕਿਤੇ ਇਸੇ ਦਲਦਲ ’ਚ ਫਸ ਕੇ ਆਪਣੀ ਆਦਮ ਜਾਤ ਤਬਾਹ ਹੀ ਨਾ ਹੋ ਜਾਵੇ ਤੇ ਇਸ ਦੁਨੀਆ ਤੋਂ ਸਾਡਾ ਵਜੂਦ ਹੀ ਮਿਟ ਜਾਵੇ। ਓਏ ਆਪਣਾ ਵਜੂਦ ਬਚਾ ਲਓ।’’