ਵਧ ਰਿਹਾ ਹੈ ਪਰਮਾਣੂ ਜੰਗ ਹੋਣ ਦਾ ਖ਼ਤਰਾ

In ਮੁੱਖ ਲੇਖ
June 21, 2025

ਡਾ. ਅਰੁਣ ਮਿੱਤਰਾ :

ਰੂਸ ਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ, ਇਜ਼ਰਾਇਲ ਵੱਲੋਂ ਗਾਜ਼ਾ ਉੱਤੇ ਲਗਾਤਾਰ ਕੀਤੀ ਜਾ ਰਹੀ ਹਮਲਾਵਰ ਕਾਰਵਾਈ ਅਤੇ ਹੁਣ ਇਜ਼ਰਾਇਲ ਵੱਲੋਂ ਇਰਾਨ ਉੱਤੇ ਕੀਤੇ ਹਮਲੇ ਤੇ ਇਰਾਨ ਦੀ ਜਵਾਬੀ ਕਾਰਵਾਈ ਕਾਰਨ ਪੈਦਾ ਹੋਏ ਤਣਾਅਪੂਰਨ ਹਾਲਾਤ ਵਿੱਚ ਪਰਮਾਣੂ ਹਥਿਆਰਾਂ ਦੇ ਵਰਤੋਂ ਦੇ ਡਰ ਨੇ ਦੁਨੀਆ ਭਰ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ। ਲੋਕ ਕਾਫ਼ੀ ਹੱਦ ਤੱਕ ਪਰਮਾਣੂ ਹਥਿਆਰਾਂ ਦੇ ਖ਼ਾਤਮੇ ਦੀ ਲੋੜ ਨੂੰ ਲੈ ਕੇ ਲਾਪਰਵਾਹ ਹੋ ਚੁੱਕੇ ਸਨ। ਇਸੇ ਕਰ ਕੇ 2017 ਵਿੱਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ ਭਾਰੀ ਬਹੁਮਤ ਨਾਲ ਪਾਸ ਹੋਈ ਪਰਮਾਣੂ ਹਥਿਆਰਾਂ ਦੀ ਮਨਾਹੀ ਲਈ ਸੰਧੀ ਚਰਚਾ ਦਾ ਮੁੱਦਾ ਨਹੀਂ ਬਣੀ ਪਰ ਹੁਣ ਜਿਵੇਂ-ਜਿਵੇਂ ਪਰਮਾਣੂ ਖ਼ਤਰੇ ਦੀ ਚਿੰਤਾ ਵਧ ਰਹੀ ਹੈ, ਲੋਕ ਇਸ ਦੀ ਗੰਭੀਰਤਾ ਨੂੰ ਸਮਝਣ ਲੱਗੇ ਹਨ। ਹਾਲ ਹੀ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਈ ਥੋੜ੍ਹ-ਚਿਰੀ ਜੰਗ ਤੋਂ ਬਾਅਦ ਦੱਖਣੀ ਏਸ਼ੀਆ ਵਿੱਚ ਵੀ ਲੋਕ ਪਰਮਾਣੂ ਖ਼ਤਰਾ ਮਹਿਸੂਸ ਕਰ ਰਹੇ ਹਨ।
ਇਸ ਪਿਛੋਕੜ ਵਿੱਚ ਲੋਕਾਂ ਨੂੰ ਇਹ ਜਾਣੂ ਕਰਵਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਪਰਮਾਣੂ ਜੰਗ ਕਿਹੋ ਜਿਹੇ ਨੁਕਸਾਨ ਪੈਦਾ ਕਰ ਸਕਦੀ ਹੈ। ਅਧਿਐਨ ਦੱਸਦੇ ਹਨ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਈ ਪਰਮਾਣੂ ਲੜਾਈ ਦੋ ਅਰਬ ਤੋਂ ਵੱਧ ਲੋਕਾਂ ਨੂੰ ਭੁੱਖ ਅਤੇ ਮੌਤ ਵੱਲ ਧੱਕ ਸਕਦੀ ਹੈ। ਜੇਕਰ ਅਮਰੀਕਾ ਅਤੇ ਰੂਸ ਵਿਚਾਲੇ ਪੂਰਨ ਤੌਰ ’ਤੇ ਪਰਮਾਣੂ ਜੰਗ ਹੋ ਜਾਵੇ ਤਾਂ ਪੰਜ ਅਰਬ ਤੋਂ ਵੱਧ ਲੋਕ ਭੁੱਖ ਨਾਲ ਮਰ ਸਕਦੇ ਹਨ। ਇਹ ਅੰਕੜੇ ਰਟਗਰਜ਼ ਯੂਨੀਵਰਸਿਟੀ ਦੇ ਮੌਸਮੀ ਵਿਗਿਆਨੀਆਂ ਦੇ ਅਧਿਐਨ ਵਿੱਚ ਸਾਹਮਣੇ ਆਏ ਹਨ। ਰਟਗਰਜ਼-ਨਿਊਬਰੰਸਵਿਕ ਦੇ ਮੌਸਮ ਵਿਗਿਆਨ ਦੇ ਪ੍ਰੋਫ਼ੈਸਰ ਅਲਨ ਰੋਬਾਕ ਨੇ ਸਪਸ਼ਟ ਕਿਹਾ ਹੈ, “ਇਹ ਡੇਟਾ ਸਾਫ਼ ਦੱਸਦਾ ਹੈ ਕਿ ਅਸੀਂ ਪਰਮਾਣੂ ਜੰਗ ਕਿਸੇ ਵੀ ਹਾਲਤ ਵਿੱਚ ਨਹੀਂ ਹੋਣ ਦੇ ਸਕਦੇ।” ਇਹ ਅਧਿਐਨ ‘ਨੇਚਰ ਫ਼ੂਡ’ ਰਸਾਲੇ ਵਿੱਚ ਛਪਿਆ ਹੈ।
ਇਸ ਤਰ੍ਹਾਂ ਦੇ ਪਿਛੋਕੜ ਵਿੱਚ ਹੀ ਵਿਸ਼ਵ ਸਿਹਤ ਸੰਗਠਨ ਦੇ ਤਾਜ਼ਾ ਅਤੇ ਪ੍ਰਮਾਣਿਤ ਅਧਿਐਨ ਦੀ ਬਹੁਤ ਜ਼ਰੂਰਤ ਹੈ, ਜੋ ਪੁਰਾਣੀਆਂ ਰਿਪੋਰਟਾਂ ਨੂੰ ਨਵੀਂ ਰੋਸ਼ਨੀ ਵਿੱਚ ਲਿਆਵੇ। ਵਿਸ਼ਵ ਸਿਹਤ ਸੰਗਠਨ ਨੇ ਪਹਿਲਾਂ ਵੀ 1987 ਅਤੇ 1993 ਵਿੱਚ ‘ਪਰਮਾਣੂ ਜੰਗ ਦੇ ਸਿਹਤ ਅਤੇ ਸਿਹਤ ਸੇਵਾਵਾਂ ਉੱਤੇ ਪ੍ਰਭਾਵ’ ਉੱਤੇ ਵਿਸਥਾਰ ਸਹਿਤ ਅਧਿਐਨ ਕੀਤੇ ਹਨ। ਉਨ੍ਹਾਂ ਦੀਆਂ ਰਿਪੋਰਟਾਂ ਵਿੱਚ ਲਿਖਿਆ ਗਿਆ ਹੈ ਕਿ ਪਰਮਾਣੂ ਹਮਲੇ ਤੋਂ ਬਾਅਦ ਭਾਰੀ ਜਾਨੀ ਨੁਕਸਾਨ, ਰੇਡੀਏਸ਼ਨ, ਮਨੋਵਿਗਿਆਨਕ ਤੇ ਸਮਾਜਿਕ ਪ੍ਰਭਾਵ ਅਤੇ ਵਾਤਾਵਰਨੀ ਖਰਾਬੀ ਹੋਣੀ ਨਿਸ਼ਚਿਤ ਹੈ।
19 ਤੋਂ 27 ਮਈ 2025 ਤੱਕ ਜਨੇਵਾ ਵਿੱਚ ਹੋਈ ਵਿਸ਼ਵ ਸਿਹਤ ਅਸੈਂਬਲੀ ਦੇ ਇਜਲਾਸ ਵਿੱਚ ਵਿਸ਼ਵ ਸਿਹਤ ਸੰਗਠਨ ਨੂੰ 30 ਸਾਲ ਪੁਰਾਣੀ ਪਰਮਾਣੂ ਜੰਗ ਉੱਤੇ ਸਿਹਤ ਪ੍ਰਭਾਵਾਂ ਦੀ ਸਮੀਖਿਆ ਦੁਬਾਰਾ ਅਧਿਐਨ ਕਰ ਕੇ ਪੇਸ਼ ਕਰਨ ਦਾ ਆਦੇਸ਼ ਮਿਲਿਆ ਹੈ। ਇਹ ਪ੍ਰਸਤਾਵ ਮਾਰਸ਼ਲ ਆਈਲੈਂਡਜ਼, ਸਮੋਆ ਅਤੇ ਵੈਨੂਆਟੂ ਨੇ ਰੱਖਿਆ, ਜਿਸ ਨੂੰ 34 ਦੇਸ਼ਾਂ ਨੇ ਸਮਰਥਨ ਦਿੱਤਾ। 181 ਯੋਗ ਵੋਟਰਾਂ ਵਿਚੋਂ 86 ਨੇ ਇਸ ਪ੍ਰਸਤਾਵ ਦੇ ਹੱਕ ਵਿੱਚ ਵੋਟ ਦਿੱਤਾ, 28 ਨੇ ਗੈਰ-ਹਾਜ਼ਰੀ ਦਿਖਾਈ ਅਤੇ 14 ਨੇ ਇਸ ਦਾ ਵਿਰੋਧ ਕੀਤਾ। 53 ਦੇਸ਼ ਵੋਟਿੰਗ ਵਿੱਚ ਹਾਜ਼ਰ ਨਹੀਂ ਸਨ। ਦੁੱਖ ਦੀ ਗੱਲ ਇਹ ਹੈ ਕਿ ਅਮਰੀਕਾ ਨੇ ਵਿਸ਼ਵ ਸਿਹਤ ਅਸੈਂਬਲੀ ਵਿੱਚ ਹਿੱਸਾ ਹੀ ਨਹੀਂ ਲਿਆ। 14 ਵਿੱਚੋਂ 12 ਵਿਰੋਧੀ ਵੋਟ ‘ਨਾਟੋ’ ਦੇਸ਼ਾਂ ਤੋਂ ਸਨ। ਪਰਮਾਣੂ ਹਥਿਆਰ ਰੱਖਣ ਵਾਲੇ ਦੇਸ਼ਾਂ ਵਿੱਚੋਂ ਯੂਕੇ, ਫ਼ਰਾਂਸ, ਰੂਸ ਅਤੇ ਉੱਤਰੀ ਕੋਰੀਆ ਨੇ ਵਿਰੋਧ ਕੀਤਾ, ਜਦਕਿ ਭਾਰਤ, ਚੀਨ, ਇਜ਼ਰਾਈਲ ਅਤੇ ਪਾਕਿਸਤਾਨ ਨੇ ਗੈਰ-ਹਾਜ਼ਰੀ ਦਿਖਾਈ।
ਇਸ ਅਧਿਐਨ ਦੀ ਲੋੜ ਇਸ ਕਰ ਕੇ ਵੀ ਮਹੱਤਵਪੂਰਨ ਹੋ ਗਈ ਹੈ ਕਿਉਂਕਿ 1945 ਤੋਂ ਲੈ ਕੇ ਹੁਣ ਤਕ ਪਰਮਾਣੂ ਹਥਿਆਰਾਂ ਦੀ ਤਬਾਹ ਕਰਨ ਦੀ ਤਾਕਤ ਕਈ ਗੁਣਾ ਵਧ ਚੁੱਕੀ ਹੈ। ਪਰਮਾਣੂ ਹਥਿਆਰਾਂ ਦੀ ਵਰਤੋਂ ਨਾਲ ਹੋਣ ਵਾਲੀਆਂ ਮਨੁੱਖਤਾ ਸਬੰਧੀ ਤਬਾਹੀਆਂ ਬਾਰੇ ਜਾਣਕਾਰੀ ਦੁਨੀਆ ਲਈ ਚਿਤਾਵਨੀ ਦਾ ਕੰਮ ਕਰ ਸਕਦੀ ਹੈ ਜੋ ਇਨ੍ਹਾਂ ਹਥਿਆਰਾਂ ਦੇ ਪੂਰਨ ਤੌਰ ’ਤੇ ਖਾਤਮੇ ਵੱਲ ਸੋਚਣ ਲਈ ਮਜਬੂਰ ਕਰ ਸਕਦੀ ਹੈ। ਜੇ ਇਹ ਨਹੀਂ ਹੋਇਆ ਤਾਂ ਖ਼ਤਰਾ ਹੈ ਕਿ ਹੋਰ ਦੇਸ਼ ਵੀ ਪਰਮਾਣੂ ਹਥਿਆਰ ਬਣਾ ਸਕਦੇ ਹਨ।
ਇਹ ਦਲੀਲ ਕਿ ਪਰਮਾਣੂ ਹਥਿਆਰ, ਰੋਕ ਵਜੋਂ ਕੰਮ ਕਰਦੇ ਹਨ, ਪਰਮਾਣੂ ਹਥਿਆਰਾਂ ਦੀ ਸਮਰਥਕ ਲੌਬੀ ਵੱਲੋਂ ਲਗਾਤਾਰ ਰੱਖੀ ਜਾ ਰਹੀ ਹੈ। ਇਹ ਲੌਬੀ ਕਹਿੰਦੀ ਹੈ ਕਿ ਜੇ ਯੂਕ੍ਰੇਨ ਕੋਲ ਪਰਮਾਣੂ ਹਥਿਆਰ ਹੁੰਦੇ ਤਾਂ ਰੂਸ ਉਸ ਉੱਤੇ ਹਮਲਾ ਨਾ ਕਰਦਾ। ਐਸਪ੍ਰੈਸੋ ਰਿਪੋਰਟ ਅਨੁਸਾਰ, 31 ਮਈ 2025 ਨੂੰ ਓਦੇਸਾ (ਯੂਕ੍ਰੇਨ) ਵਿੱਚ ਹੋਏ ‘ਬਲੈਕ ਸੀ ਸੁਰੱਖਿਆ ਫ਼ੋਰਮ’ ਦੌਰਾਨ ਬ੍ਰਿਟਿਸ਼ ਫ਼ੌਜ ਦੇ ਰਿਟਾਇਰਡ ਅਧਿਕਾਰੀ ਰਿਚਰਡ ਕੇਮਪ ਨੇ ਕਿਹਾ ਕਿ ਇੰਗਲੈਂਡ ਨੂੰ ਚਾਹੀਦਾ ਹੈ ਕਿ ਉਹ ਰਣਨੀਤਕ ਭਾਈਚਾਰੇ ਤਹਿਤ ਯੂਕ੍ਰੇਨ ਦੀ ਮਦਦ ਕਰੇ ਤਾਂ ਜੋ ਉਹ ਆਪਣੇ ਪਰਮਾਣੂ ਹਥਿਆਰ ਵਿਕਸਤ ਕਰ ਸਕੇ। ਉਨ੍ਹਾਂ ਕਿਹਾ, “ਬਰਤਾਨੀਆ ਨੂੰ ਯਕੀਨੀ ਬਣਾਉਣਾ ਹੋਵੇਗਾ ਕਿ ਯੂਕ੍ਰੇਨ ਦੀ ਫ਼ੌਜ ਇੱਕ ਵਾਰੀ ਫ਼ਿਰ ਪਰਮਾਣੂ ਹਥਿਆਰਾਂ ਦੀ ਮਾਲਕ ਬਣੇ।”
ਇਹ ਤਸੱਲੀ ਵਾਲੀ ਗੱਲ ਹੈ ਕਿ ਕਈ ਗੈਰ-ਸਰਕਾਰੀ ਸੰਸਥਾਵਾਂ ਨੇ ਵਿਸ਼ਵ ਸਿਹਤ ਅਸੈਂਬਲੀ ਵਿੱਚ ਇਸ ਪ੍ਰਸਤਾਵ ਉੱਤੇ ਚਰਚਾ ਹੋਣ ਲਈ ਪੂਰੀ ਮਿਹਨਤ ਕੀਤੀ। ਕੌਮਾਂਤਰੀ ਸੰਸਥਾ ‘ਇੰਟਰਨੈਸ਼ਨਲ ਫ਼ਿਜ਼ੀਸ਼ੀਅਨਜ਼ ਫ਼ਾਰ ਦਿ ਪ੍ਰੀਵੈਂਸ਼ਨ ਆਫ਼ ਨਿਊਕਲੀਅਰ ਵਾਰ ਦੇ ਜਨੇਵਾ ਦਫ਼ਤਰ ਨੇ ਇਸ ਵਿੱਚ ਸਾਰਥਕ ਭੂਮਿਕਾ ਨਿਭਾਈ।
ਇਸ ਸੰਸਥਾ ਨੇ ਵੱਖ-ਵੱਖ ਮੰਚਾਂ ਤੋਂ ਕਈ ਵਾਰੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਰਮਾਣੂ ਜੰਗ ਹੋ ਗਈ ਤਾਂ ਤਬਾਹੀ ਨੂੰ ਰੋਕਣ ਲਈ ਮੈਡੀਕਲ ਵਿਗਿਆਨ ਕੋਲ ਕੋਈ ਇਲਾਜ ਨਹੀਂ ਹੋਵੇਗਾ। ਵੱਡੀਆਂ ਤਾਕਤਾਂ ਵਿਚਾਲੇ ਪੂਰਨ ਤੌਰ ’ਤੇ ਹੋਈ ਪਰਮਾਣੂ ਜੰਗ ਇਨਸਾਨੀ ਇਤਿਹਾਸ ਦੀ ਆਖਿਰੀ ਮਹਾਮਾਰੀ ਹੋ ਸਕਦੀ ਹੈ।

Loading