
ਨਵੀਂ ਦਿੱਲੀ, 8 ਅਗਸਤ/ਅੰਮ੍ਰਿਤਸਰ ਟਾਈਮਜ਼ ਬਿਊਰੋ :
ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸਰਕਾਰ ਨੂੰ ਕਿਹਾ ਹੈ ਕਿ ਉਹ ਕੇਰਲ ਦੇ ਵਾਇਨਾਡ ’ਚ ਵਾਪਰੇ ਕਹਿਰ ਨੂੰ ਕੁਦਰਤੀ ਆਫ਼ਤ ਐਲਾਨੇ। ਲੋਕ ਸਭਾ ’ਚ ਸ਼ਿਫਰਕਾਲ ਦੌਰਾਨ ਰਾਹੁਲ ਨੇ ਇਹ ਵੀ ਮੰਗ ਕੀਤੀ ਕਿ ਪ੍ਰਭਾਵਿਤ ਲੋਕਾਂ ਨੂੰ ਵੱਧ ਮੁਆਵਜ਼ਾ ਦਿੱਤਾ ਜਾਵੇ। ਰਾਹੁਲ ਨੇ ਕਿਹਾ, ‘‘ਮੈਂ ਆਪਣੀਆਂ ਅੱਖਾਂ ਨਾਲ ਤਬਾਹੀ ਦੇਖੀ ਹੈ। ਮੈਂ ਆਫ਼ਤ ਵਾਲੀਆਂ ਕਈ ਥਾਵਾਂ ਦਾ ਦੌਰਾ ਕੀਤਾ। ਕੁਝ ਕੇਸਾਂ ’ਚ ਪੂਰਾ ਪਰਿਵਾਰ ਹੀ ਖ਼ਤਮ ਹੋ ਗਿਆ ਅਤੇ ਕਈਆਂ ’ਚ ਸਿਰਫ਼ ਇਕ ਵਿਅਕਤੀ ਜਾਂ ਬੱਚਾ ਹੀ ਬਚਿਆ ਹੈ।’’
ਉਨ੍ਹਾਂ ਆਫ਼ਤ ਦੌਰਾਨ ਸਹਾਇਤਾ ਕਰਨ ਵਾਲਿਆਂ ਦਾ ਵੀ ਸ਼ੁਕਰਾਨਾ ਕੀਤਾ। ਉਨ੍ਹਾਂ ਕਰਨਾਟਕ, ਤਾਮਿਲਨਾਡੂ ਅਤੇ ਤਿਲੰਗਾਨਾ ਸਰਕਾਰਾਂ ਤੇ ਫੌਜ ਸਮੇਤ ਕੇਂਦਰੀ ਬਲਾਂ ਵੱਲੋਂ ਦਿੱਤੇ ਗਏ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਹੁਣ ਤੱਕ 200 ਤੋਂ ਵਧ ਲੋਕ ਮਾਰ ਜਾ ਚੁੱਕੇ ਹਨ ਅਤੇ ਵੱਡੀ ਗਿਣਤੀ ’ਚ ਲੋਕ ਲਾਪਤਾ ਹਨ ਤੇ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮੌਤਾਂ ਦੀ ਗਿਣਤੀ 400 ਤੱਕ ਪਹੁੰਚ ਸਕਦੀ ਹੈ। ਕਾਂਗਰਸ ਆਗੂ ਨੇ ਕਿਹਾ ਕਿ ਢਿੱਗਾਂ ਡਿੱਗਣ ਕਾਰਨ ਕਈ ਅਹਿਮ ਸੜਕਾਂ ਦਾ ਸੰਪਰਕ ਟੁੱਟ ਗਿਆ ਹੈ ਜਿਸ ਨਾਲ ਵੱਡਾ ਸੰਕਟ ਖੜ੍ਹਾ ਹੋ ਗਿਆ ਹੈ। ਉਨ੍ਹਾਂ ਸਰਕਾਰ ਨੂੰ ਵੱਡੇ ਪੱਧਰ ’ਤੇ ਮੁੜ ਵਸੇਬਾ ਪੈਕੇਜ ਦੇਣ ਅਤੇ ਆਫ਼ਤ ਸਹਿਣ ਵਾਲਾ ਬੁਨਿਆਦੀ ਢਾਂਚਾ ਤਿਆਰ ਕਰਨ ਦੀ ਵੀ ਅਪੀਲ ਕੀਤੀ।