ਵਾਈਟ ਹਾਊਸ ਨੇੜੇ ਦੋ ਨੈਸ਼ਨਲ ਗਾਰਡਾਂ ਨੂੰ ਗੋਲੀ ਮਾਰੀ, ਹਾਲਤ ਗੰਭੀਰ

In ਅਮਰੀਕਾ
November 28, 2025

ਸੈਕਰਾਮੈਂਟੋ, ਕੈਲੀਫ਼ੋਰਨੀਆ/ਹੁਸਨ ਲੜੋਆ ਬੰਗਾ: ਵੈਸਟ ਵਰਜੀਨੀਆ ਨੈਸ਼ਨਲ ਗਾਰਡ ਦੇ ਦੋ ਜਵਾਨਾਂ ਨੂੰ ਵਾਈਟ ਹਾਊਸ ਨੇੜੇ ਗੋਲੀਆਂ ਮਾਰ ਕੇ ਜ਼ਖਮੀ ਕਰ ਦੇਣ ਦੀ ਖ਼ਬਰ ਹੈ। ਡੀ. ਸੀ. ਦੇ ਮੇਅਰ ਮੁਰੀਲ ਬੋਸਰ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਇਹ ਗਿਣਮਿਥ ਕੇ ਹਮਲਾ ਕੀਤਾ ਗਿਆ ਹੈ। ਗਾਰਡਾਂ ੳੁੱਪਰ ਉਸ ਵੇਲੇ ਗੋਲੀਆਂ ਚਲਾਈਆਂ ਗਈਆਂ, ਜਦੋਂ ਉਹ ਗਸ਼ਤ ਉੱਪਰ ਸਨ। ਜਵਾਬੀ ਕਾਰਵਾਈ ਵਿੱਚ ਸ਼ੱਕੀ ਦੇ ਵੀ ਜ਼ਖਮੀ ਹੋ ਜਾਣ ਦੀ ਰਿਪੋਰਟ ਹੈ ਜਿਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਇਸ ਘਟਨਾ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਸ਼ਿੰਗਟਨ , ਡੀ ਸੀ ਵਿੱਚ 500 ਹੋਰ ਨੈਸ਼ਨਲ ਗਾਰਡ ਤਾਇਨਾਤ ਕਰਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਰੱਖਿਆ ਸਕੱਤਰ ਪੇਟ ਹੇਗਸੇਠ ਨੇ ਦਿੱਤੀ ਹੈ। ਹੇਗਸੇਠ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਨੇ ਵਾਸ਼ਿੰਗਟਨ ਡੀ ਸੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹੋਰ ਨੈਸ਼ਨਲ ਗਾਰਡ ਤਾਇਨਾਤ ਕਰਨ ਦਾ ਨਿਰਨਾ ਲਿਆ ਹੈ। ਹਾਲ ਹੀ ਵਿੱਚ ਨੈਸ਼ਨਲ ਗਾਰਡਾਂ ਦੀ ਗਿਣਤੀ ਘਟਾਈ ਗਈ ਸੀ। ਇਸ ਸਮੇਂ ਵਾਸ਼ਿੰਗਟਨ ਡੀ ਸੀ ਵਿੱਚ 2200 ਦੇ ਕਰੀਬ ਨੈਸ਼ਨਲ ਗਾਰਡ ਤਾਇਨਾਤ ਹਨ। ਇਸ ਤਰ੍ਹਾਂ ਹੁਣ ਤਾਜ਼ਾ ਐਲਾਨ ਤੋਂ ਬਾਅਦ ਰਾਜਧਾਨੀ ਵਿੱਚ ਨੈਸ਼ਨਲ ਗਾਰਡਾਂ ਦੀ ਗਿਣਤੀ ਵਧ ਕੇ 2700 ਹੋ ਜਾਵੇਗੀ।
ਰਾਸ਼ਟਰਪਤੀ ਟਰੰਪ ਨੇ ਅਪਰਾਧ ਘਟਾਉਣ ਦੇ ਮਕਸਦ ਨਾਲ ਅਗਸਤ ਵਿੱਚ ਰਾਜਧਾਨੀ ਵਿੱਚ ਨੈਸ਼ਨਲ ਗਾਰਡ ਤਾਇਨਾਤ ਕਰਨ ਦਾ ਨਿਰਨਾ ਲਿਆ ਸੀ।

Loading