ਵਾਤਾਵਰਣ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਠੋਸ ਉਪਰਾਲੇ ਕਰਨੇ ਜ਼ਰੂਰੀ

In ਸੰਪਾਦਕੀ
April 03, 2025
ਪਿਛਲੇ ਦਿਨੀਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨ.ਜੀ.ਟੀ.) ਵੱਲੋਂ ਨਵੀਂ ਦਿੱਲੀ ਵਿੱਚ ਵਾਤਾਵਰਣ ’ਤੇ ਦੋ ਦਿਨਾਂ ਰਾਸ਼ਟਰੀ ਕਾਨਫ਼ਰੰਸ-2025 ਕਰਵਾਈ ਗਈ। ਇਸ ਕਾਨਫ਼ਰੰਸ ਵਿੱਚ ਕਰਵਾਏ ਗਏ ਚਾਰ ਮੁੱਖ ਤਕਨੀਕੀ ਸੈਸ਼ਨਾਂ ਦੌਰਾਨ ਵਾਤਾਵਰਣ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ, ਜਿਸ ਵਿੱਚ ਜਲਵਾਯੂ ਪਰਿਵਰਤਨ, ਪ੍ਰਦੂਸ਼ਣ ਕੰਟਰੋਲ, ਜੈਵ ਵਿਭਿੰਨਤਾ ਸੰਭਾਲ ਅਤੇ ਟਿਕਾਊ ਵਿਕਾਸ ਸ਼ਾਮਲ ਹਨ, ਬਾਰੇ ਚਰਚਾ ਕੀਤੀ ਗਈ। ਕਾਨਫ਼ਰੰਸ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਇੱਕ ਨੈਤਿਕ ਜ਼ਿੰਮੇਵਾਰੀ ਮੰਨਿਆ ਗਿਆ। ਜਲਵਾਯੂ ਪਰਿਵਰਤਨ ਦੀ ਗੰਭੀਰ ਸਮੱਸਿਆ ਕਿਸੇ ਇੱਕ ਦੇਸ਼ ਤੱਕ ਸੀਮਤ ਨਹੀਂ ਹੈ ਸਗੋਂ ਇਹ ਪੂਰੇ ਵਿਸ਼ਵ ਦੀ ਸਾਂਝੀ ਸਮੱਸਿਆ ਹੈ। ਇਸ ਸਬੰਧੀ ਸਾਡੇ ਦੇਸ਼ ਸਮੇਤ ਵੱਖ- ਵੱਖ ਦੇਸ਼ਾਂ ਵਿੱਚ ਅਕਸਰ ਕਾਨਫ਼ਰੰਸਾਂ ਅਤੇ ਸੈਮੀਨਾਰ ਹੁੰਦੇ ਰਹਿੰਦੇ ਹਨ, ਜਿਨ੍ਹਾਂ ਵਿੱਚ ਵੱਖ- ਵੱਖ ਵਿਦਵਾਨ ਵਾਤਾਵਰਣ ਦੀ ਸੰਭਾਲ ਲਈ ਅਨੇਕਾਂ ਨੁਕਤੇ ਅਤੇ ਤਰੀਕੇ ਦੱਸਦੇ ਹਨ, ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅਕਸਰ ਵਾਤਾਵਰਣ ਦੀ ਸੰਭਾਲ ਲਈ ਮਾਹਿਰਾਂ- ਵਿਦਵਾਨਾਂ ਵੱਲੋਂ ਦਿੱਤੇ ਗਏ ਨੁਕਤੇ ਸਰਕਾਰੀ ਫ਼ਾਇਲਾਂ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੇ ਹਨ। ਇਹਨਾਂ ਨੁਕਤਿਆਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਉਚੇਚੇ ਯਤਨ ਨਹੀਂ ਕੀਤੇ ਜਾਂਦੇ ਜਾਂ ਸਹੀ ਤਰੀਕੇ ਨਾਲ ਆਮ ਲੋਕਾਂ ਤੱਕ ਨਹੀਂ ਪਹੁੰਚਾਇਆ ਜਾਂਦਾ, ਜਿਸ ਕਾਰਨ ਆਮ ਲੋਕ ਅਕਸਰ ਵਾਤਾਵਰਣ ਦੀ ਸੰਭਾਲ ਪ੍ਰਤੀ ਅਵੇਸਲੇ ਰਹਿੰਦੇ ਹਨ। ਭਾਵੇਂ ਵੱਖ- ਵੱਖ ਵਿਗਿਆਨੀ ਅਕਸਰ ਹੀ ਵਿਸ਼ਵ ਤਾਪਮਾਨ ਵਿੱਚ ਵਾਧਾ ਹੋਣ ਅਤੇ ਵਾਤਾਵਰਣ ਵਿੱਚ ਆ ਰਹੇ ਵਿਗਾੜ ਦੇ ਖਤਰਨਾਕ ਨਤੀਜਿਆਂ ਸਬੰਧੀ ਦੁਨੀਆਂ ਨੂੰ ਸੁਚੇਤ ਕਰ ਰਹੇ ਹਨ, ਪਰ ਆਮ ਲੋਕ ਇਹਨਾਂ ਗੱਲਾਂ ਵੱਲ ਧਿਆਨ ਦੇਣ ਦੀ ਥਾਂ ਵਾਤਾਵਰਣ ਦੇ ਵਿਗਾੜ ਵਿੱਚ ਆਪੋ ਆਪਣਾ ਯੋਗਦਾਨ ਪਾ ਰਹੇ ਹਨ। ਵਾਤਾਵਰਣ ਵਿਗਾੜ ਵਿੱਚ ਸਿਰਫ਼ ਆਮ ਲੋਕ ਹੀ ਦੋਸ਼ੀ ਨਹੀਂ ਹੁੰਦੇ ਸਗੋਂ ਸਰਕਾਰਾਂ ਵੀ ਜ਼ਿੰਮੇਵਾਰ ਹੁੰਦੀਆਂ ਹਨ, ਕਿਉਂਕਿ ਵਿਕਾਸ ਦੀ ਆੜ ਵਿੱਚ ਅਕਸਰ ਸਰਕਾਰਾਂ ਵੱਲੋਂ ਹੀ ਵਿਨਾਸ਼ ਕੀਤਾ ਜਾਂਦਾ ਹੈ। ਮਨੁੱਖ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਕੁਦਰਤ ਨਾਲ ਉਸ ਵੱਲੋਂ ਕੀਤੀ ਜਾਂਦੀ ਛੇੜ-ਛਾੜ ਦਾ ਖ਼ਮਿਆਜ਼ਾ ਉਸ ਨੂੰ ਜ਼ਰੂਰ ਭੁਗਤਣਾ ਪੈਂਦਾ ਹੈ। ਇਸ ਦੇ ਬਾਵਜੂਦ ਕਦੇ ਨਵੀਂ ਸੜਕ ਬਣਾਉਣ, ਕਦੇ ਪਹਾੜੀ ਖੇਤਰਾਂ ਵਿੱਚ ਸੁਰੰਗ ਬਣਾਉਣ ਅਤੇ ਕਦੇ ਵਿਕਾਸ ਦੇ ਹੋਰ ਕੰਮ ਕਰਨ ਲਈ ਅਕਸਰ ਮਨੁੱਖ ਵੱਲੋਂ ਗੈਰ ਕੁਦਰਤੀ ਢੰਗ ਅਪਣਾਏ ਜਾਂਦੇ ਹਨ, ਜੋ ਕਿ ਵਾਤਾਵਰਣ ਵਿੱਚ ਵਿਗਾੜ ਦਾ ਕਾਰਨ ਬਣਦੇ ਹਨ। ਵਾਤਾਵਰਣ ਵਿੱਚ ਵਿਗਾੜ ਕਾਰਨ ਹੀ ਜਲਵਾਯੂ ਪਰਿਵਰਤਨ ਹੁੰਦਾ ਹੈ। ਜਿਵੇਂ-ਜਿਵੇਂ ਵਿਸ਼ਵ ਦਾ ਤਾਪਮਾਨ ਵਧ ਰਿਹਾ ਹੈ, ਨਾ ਸਿਰਫ਼ ਗਲੇਸ਼ੀਅਰ ਪਿਘਲ ਰਹੇ ਹਨ, ਸਗੋਂ ਜੰਗਲਾਂ ਦੀ ਅੱਗ ਵੀ ਭਾਰੀ ਤਬਾਹੀ ਦਾ ਕਾਰਨ ਬਣ ਰਹੀ ਹੈ। ਗਲੇਸ਼ੀਅਰਾਂ ਦੇ ਪਿਘਲਣ ਨਾਲ ਵਾਤਾਵਰਣ ’ਤੇ ਬੁਰਾ ਪ੍ਰਭਾਵ ਪੈਂਦਾ ਹੈ ਅਤੇ ਇਸ ਦਾ ਮਨੁੱਖੀ ਜੀਵਨ ਅਤੇ ਆਰਥਿਕਤਾ ’ਤੇ ਵੀ ਮਾੜਾ ਅਸਰ ਪੈਂਦਾ ਹੈ। ਸਮੁੰਦਰ ਦੇ ਵਧਦੇ ਪੱਧਰ ਕਾਰਨ ਤੱਟਵਰਤੀ ਖੇਤਰਾਂ ਅਤੇ ਟਾਪੂ ਦੇਸ਼ਾਂ ਵਿੱਚ ਹੜ੍ਹਾਂ ਦਾ ਖ਼ਤਰਾ ਵਧ ਜਾਂਦਾ ਹੈ। ਗਲੇਸ਼ੀਅਰਾਂ ਤੋਂ ਪਿਘਲਦਾ ਪਾਣੀ ਨਦੀਆਂ ਦਾ ਮੁੱਖ ਸਰੋਤ ਹੈ, ਖਾਸ ਕਰਕੇ ਗੰਗਾ, ਬ੍ਰਹਮਪੁੱਤਰ ਅਤੇ ਸਿੰਧ ਵਰਗੀਆਂ ਨਦੀਆਂ ਲਈ। ਇਹ ਤਿੰਨੋਂ ਨਦੀਆਂ ਦੇਸ਼ ਨੂੰ ਲਗਭਗ 63 ਪ੍ਰਤੀਸ਼ਤ ਪਾਣੀ ਪ੍ਰਦਾਨ ਕਰਦੀਆਂ ਹਨ, ਜਿਸ ਵਿੱਚੋਂ ਇਕੱਲੇ ਗੰਗਾ ਦਾ ਹਿੱਸਾ ਲਗਭਗ 25 ਪ੍ਰਤੀਸ਼ਤ ਹੈ। ਇਸ ਲਈ, ਜੇਕਰ ਗਲੇਸ਼ੀਅਰ ਗਾਇਬ ਹੋ ਜਾਂਦੇ ਹਨ, ਤਾਂ ਇਨ੍ਹਾਂ ਨਦੀਆਂ ਵਿੱਚ ਪਾਣੀ ਦੀ ਮਾਤਰਾ ਘੱਟ ਜਾਵੇਗੀ, ਜਿਸ ਨਾਲ ਭਵਿੱਖ ਵਿੱਚ ਭਾਰਤ, ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਵਿੱਚ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ। ਬਹੁਤ ਸਾਰੇ ਜਾਨਵਰ ਅਤੇ ਪੌਦੇ ਠੰਡੇ ਮੌਸਮ ਵਿੱਚ ਜਿਉਂਦੇ ਰਹਿੰਦੇ ਹਨ। ਗਲੇਸ਼ੀਅਰਾਂ ਦੇ ਪਿਘਲਣ ਨਾਲ ਉਨ੍ਹਾਂ ਦਾ ਨਿਵਾਸ ਸਥਾਨ ਤਬਾਹ ਹੋ ਜਾਂਦਾ ਹੈ, ਜਿਸ ਨਾਲ ਕਈ ਪ੍ਰਜਾਤੀਆਂ ਦੇ ਵਿਨਾਸ਼ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਮਨੁੱਖ ਇਸ ਸਭ ਤੋਂ ਬੇਪਰਵਾਹ ਹੈ ਅਤੇ ਹਰ ਦਿਨ ਵਿਕਾਸ ਦੇ ਨਾਂਅ ’ਤੇ ਮਨੁੱਖ ਵੱਲੋਂ ਕੁਦਰਤੀ ਸਰੋਤਾਂ ’ਤੇ ਕੁਹਾੜਾ ਚਲਾਇਆ ਜਾ ਰਿਹਾ ਹੈ। ਦੂਜੇ ਪਾਸੇ ਇਹ ਵੀ ਅਸਲੀਅਤ ਹੈ ਕਿ ਆਧੁਨਿਕ ਯੁੱਗ ਵਿੱਚ ਵਿਕਾਸ ਕੰਮ ਕਰਨੇ/ਕਰਵਾਉਣੇ ਹਰ ਸਰਕਾਰ ਲਈ ਜ਼ਰੂਰੀ ਹਨ। ਹਰ ਦੇਸ਼ ਦੀ ਸਰਕਾਰ ਚਾਹੁੰਦੀ ਹੈ ਕਿ ਉਸ ਦੇ ਨਾਗਰਿਕਾਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਮਿਲਣ। ਦੂਰ ਦੇ ਪਹਾੜੀ ਸਥਾਨਾਂ ਤੱਕ ਆਮ ਲੋਕਾਂ ਦੀ ਪਹੁੰਚ ਆਸਾਨੀ ਨਾਲ ਕਰਨ ਲਈ ਹੀ ਮੈਦਾਨੀ ਖੇਤਰਾਂ ਦੇ ਨਾਲ ਪਹਾੜੀ ਖੇਤਰਾਂ ਵਿੱਚ ਵੀ ਨਵੀਂਆਂ ਸੜਕਾਂ ਦਾ ਜਾਲ ਵਿਛਾਇਆ ਜਾਂਦਾ ਹੈ ਅਤੇ ਪੁਰਾਣੀਆਂ ਸੜਕਾਂ ਨੂੰ ਚੌੜਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਵੱਖ- ਵੱਖ ਪਹਾੜੀ ਖੇਤਰਾਂ ਨੂੰ ਆਪਸ ਵਿੱਚ ਸੜਕ ਮਾਰਗ ਰਾਹੀਂ ਜੋੜਨ ਲਈ ਪਹਾੜਾਂ ਵਿੱਚ ਸੁਰੰਗਾਂ ਬਣਾਉਣੀਆਂ ਵੀ ਜ਼ਰੂਰੀ ਹੁੰਦੀਆਂ ਹਨ। ਇਸ ਕਰਕੇ ਵਿਕਾਸ ਕੰਮ ਕਰਨੇ ਹਰ ਦੇਸ਼ ਦੀ ਸਰਕਾਰ ਲਈ ਮਜਬੂਰੀ ਹੁੰਦੀ ਹੈ। ਚਾਹੀਦਾ ਤਾਂ ਇਹ ਹੈ ਕਿ ਵਿਕਾਸ ਕੰਮ ਕਰਵਾਉਣ ਲਈ ਕੁਦਰਤੀ ਸਰੋਤਾਂ ਦੀ ਬਲੀ ਨਾ ਲਈ ਜਾਵੇ, ਸਗੋਂ ਹਰੇਕ ਕੰਮ ਕੁਦਰਤ ਦੇ ਅਸੂਲਾਂ ਅਨੁਸਾਰ ਕੀਤਾ ਜਾਵੇ। ਨਵੀਂਆਂ ਸੜਕਾਂ ਤੇ ਸੁਰੰਗਾਂ ਬਣਾਉਣ ਲਈ ਉਹ ਤਰੀਕਾ ਅਪਣਾਇਆ ਜਾਵੇ, ਜਿਸ ਨਾਲ ਕੁਦਰਤੀ ਸਰੋਤਾਂ ਦਾ ਘੱਟ ਨੁਕਸਾਨ ਹੋਵੇ। ਇਸ ਤੋਂ ਇਲਾਵਾ ਜਲਵਾਯੂ ਪਰਿਵਰਤਨ ਰੋਕਣ ਲਈ ਏਅਰ ਕੰਡੀਸ਼ਨਰ, ਵਾਹਨ, ਧੂੰਆਂ ਪੈਦਾ ਕਰਨ ਵਾਲੇ ਕਾਰਕਾਂ ਦੀ ਘੱਟ ਵਰਤੋ ਕੀਤੀ ਜਾਵੇ। ਇਸ ਦੇ ਨਾਲ ਹੀ ਧਰਤੀ ਵਿਚੋਂ ਪਾਣੀ ਕੱਢਣ ’ਤੇ ਮੁਕੰਮਲ ਪਾਬੰਦੀ ਲਗਾਈ ਜਾਵੇ, ਕਿਉਂਕਿ ਧਰਤੀ ਹੇਠਲਾ ਪਾਣੀ ਧਰਤੀ ਨੂੰ ਗਰਮ ਹੋਣ ਤੋਂ ਬਚਾਉਂਦਾ ਹੈ। ਅਸਲ ਵਿੱਚ ਵਾਤਾਵਰਣ ਦੀ ਸੰਭਾਲ ਸਾਰਿਆਂ ਦੇ ਸਮੂਹਿਕ ਯਤਨਾਂ ਨਾਲ ਹੀ ਸੰਭਵ ਹੈ, ਇਸ ਲਈ ਵਾਤਾਵਰਣ ਦੀ ਸੰਭਾਲ ਲਈ ਸਾਰਿਆਂ ਨੂੰ ਰਲ ਮਿਲ ਕੇ ਯਤਨ ਕਰਨੇ ਚਾਹੀਦੇ ਹਨ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਵਾਤਾਵਰਣ ਦੀ ਸੰਭਾਲ ਅਤੇ ਜਲਵਾਯੂ ਪਰਿਵਰਤਨ ਸਬੰਧੀ ਸਿਰਫ਼ ਸੈਮੀਨਾਰ ਕਰਵਾਉਣ ਤੱਕ ਹੀ ਸੀਮਿਤ ਨਾ ਰਹੇ ਸਗੋਂ ਇਸ ਸਬੰਧੀ ਠੋਸ ਉਪਰਾਲੇ ਵੀ ਕਰੇ।

Loading