ਕੇਂਦਰ ਸਰਕਾਰ ਨੇ ਨਵੇਂ ਸਾਲ ਦੇ ਪਹਿਲੇ ਦਿਨ ਵਸਤੂ ਤੇ ਸੇਵਾ ਕਰ (ਜੀ.ਐੱਸ.ਟੀ.) ਕੁਲੈਕਸ਼ਨ ਦਾ ਜੋ ਅੰਕੜਾ ਪੇਸ਼ ਕੀਤਾ, ਉਸ ਮੁਤਾਬਿਕ ਦਸੰਬਰ 'ਚ ਸਰਕਾਰ ਨੂੰ 1.77 ਲੱਖ ਕਰੋੜ ਰੁਪਏ ਦਾ ਮਾਲੀਆ ਮਿਲਿਆ। ਇਹ ਇਕ ਮਹੀਨੇ ਪਹਿਲਾਂ ਭਾਵ ਨਵੰਬਰ ਦੇ ਮੁਕਾਬਲੇ ਪੰਜ ਹਜ਼ਾਰ ਕਰੋੜ ਰੁਪਏ ਘੱਟ ਹੈ। ਨਵੰਬਰ ਵਿਚ ਸਰਕਾਰ ਨੂੰ 1.82 ਲੱਖ ਕਰੋੜ ਰੁਪਏ ਦਾ ਮਾਲੀਆ ਮਿਲਿਆ ਸੀ। ਨਵੰਬਰ ਦਾ ਅੰਕੜਾ ਵੀ ਉਸ ਤੋਂ ਪਹਿਲਾਂ ਦੇ ਤਿੰਨ ਸਭ ਤੋਂ ਜ਼ਿਆਦਾ ਮਾਲੀਆ ਇਕੱਤਰ ਹੋਣ ਦੇ ਅੰਕੜਿਆਂ ਤੋਂ ਘੱਟ ਸੀ, ਜਦੋਂ ਕਿ ਉਹ ਅਕਤੂਬਰ ਦੇ ਤਿਉਹਾਰ ਵਾਲੇ ਮਹੀਨੇ ਦਾ ਸੰਗ੍ਰਹਿ ਸੀ। ਉਸ ਤੋਂ ਪਹਿਲਾਂ ਜੁਲਾਈ ਤੋਂ ਸਤੰਬਰ ਦੌਰਾਨ ਜੀ.ਐੱਸ.ਟੀ. ਦਾ ਔਸਤ ਕੁਲੈਕਸ਼ਨ 1.77 ਲੱਖ ਕਰੋੜ ਰੁਪਏ ਰਿਹਾ ਸੀ।
ਸਰਕਾਰ ਨੇ ਦੱਸਿਆ ਸੀ ਕਿ ਵਿੱਤੀ ਸਾਲ 2023-24 ਦੀ ਦੂਜੀ ਤਿਮਾਹੀ ਭਾਵ ਜੁਲਾਈ ਤੋਂ ਸਤੰਬਰ 'ਚ ਵਿਕਾਸ ਦਰ ਸਿਰਫ਼ 5.4 ਫ਼ੀਸਦੀ ਰਹੀ। ਇੰਨਾ ਹੀ ਨਹੀਂ ਸਾਲ ਦੇ ਪਹਿਲੇ ਦਿਨ ਇਹ ਅੰਕੜਾ ਵੀ ਆਇਆ ਹੈ ਕਿ ਕਾਰਾਂ ਦੀ ਵਿਕਰੀ ਚਾਰ ਸਾਲ 'ਚ ਸਭ ਤੋਂ ਘੱਟ ਰਹੀ ਹੈ। ਕਾਰਾਂ ਦੀ ਵਿਕਰੀ 'ਚ ਵੀ ਇਕ ਅੰਕੜਾ ਇਹ ਹੈ ਕਿ ਐੱਸ.ਯੂ.ਵੀ. ਦਾ ਹਿੱਸਾ ਵਧ ਕੇ 53 ਫ਼ੀਸਦੀ ਤੋਂ ਜ਼ਿਆਦਾ ਹੋ ਗਿਆ ਹੈ, ਭਾਵ ਵੱਡੀਆਂ ਗੱਡੀਆਂ ਜ਼ਿਆਦਾ ਵਿਕੀਆਂ ਹਨ। ਕੁਝ ਸਮਾਂ ਪਹਿਲਾਂ ਹੀ ਖ਼ਬਰ ਆਈ ਸੀ ਕਿ ਛੋਟੀਆਂ ਗੱਡੀਆਂ ਦੀ ਵਿਕਰੀ ਲਗਾਤਾਰ ਘੱਟ ਹੋ ਰਹੀ ਹੈ। ਮਾਰੂਤੀ ਸੁਜ਼ੂਕੀ ਦੇ ਚੇਅਰਮੈਨ ਆਰ.ਸੀ. ਭਾਰਗਵ ਨੇ ਕਿਹਾ ਸੀ ਕਿ ਇਕ ਸਮਾਂ ਸੀ, ਜਦੋਂ ਕਾਰਾਂ ਦੀ ਵਿਕਰੀ 'ਚ 80 ਫ਼ੀਸਦੀ ਹਿੱਸਾ 10 ਲੱਖ ਰੁਪਏ ਤੋਂ ਘੱਟ ਕੀਮਤ ਦੀਆਂ ਗੱਡੀਆਂ ਦਾ ਹੁੰਦਾ ਸੀ। ਹੁਣ ਅਜਿਹੀਆਂ ਕਾਰਾਂ ਦੀ ਵਿਕਰੀ ਘੱਟ ਹੁੰਦੀ ਜਾ ਰਹੀ ਹੈ। ਅਰਥਵਿਵਸਥਾ ਦੀ ਇਹ ਰਫ਼ਤਾਰ ਇਸ ਸਾਲ ਵਿਚ ਚਿੰਤਾ ਦਾ ਵਿਸ਼ਾ ਰਹੇਗੀ।